‘ਗਿਗ ਵਰਕਰਜ਼’ : ਆਪਣੇ ਬੌਸ ਖੁਦ ਬਣੋ

Friday, May 10, 2024 - 02:29 PM (IST)

ਇਕ ਸਮਾਂ ਸੀ ਜਦੋਂ ਹਰ ਨੌਜਵਾਨ ਨੂੰ ਆਪਣੀ ਪੜ੍ਹਾਈ ਪੂਰੀ ਕਰਕੇ ਨੌਕਰੀ ਜਾਂ ਕਾਰੋਬਾਰ ਵਿਚ ਦਾਖਲ ਹੋਣਾ ਹੀ ਪੈਂਦਾ ਸੀ। ਫਿਰ ਉਸ ਦੀ ਜ਼ਿੰਦਗੀ ਵਿਚ 9 ਤੋਂ 5 ਦੀ ਰੁਟੀਨ ਸ਼ੁਰੂ ਹੁੰਦੀ ਸੀ। ਜਿਵੇਂ-ਜਿਵੇਂ ਸਮਾਂ ਬਦਲਿਆ, ਨੌਕਰੀ ਅਤੇ ਕਾਰੋਬਾਰ ਦਾ ਮਾਹੌਲ ਵੀ ਬਦਲ ਗਿਆ।

ਪਰ ਜਦੋਂ ਤੋਂ ਕੋਵਿਡ ਮਹਾਮਾਰੀ ਆਈ ਹੈ, ਇਸਨੇ ਦੁਨੀਆ ਭਰ ਵਿਚ ‘ਘਰ ਤੋਂ ਕੰਮ’ ਦਾ ਰੁਝਾਨ ਸ਼ੁਰੂ ਕੀਤਾ ਹੈ। ਦੁਨੀਆ ਭਰ ਵਿਚ ਸੂਚਨਾ ਤਕਨਾਲੋਜੀ ਦੀ ਕ੍ਰਾਂਤੀ ਤੋਂ ਬਾਅਦ, ਅੱਜ ਹਰ ਕਿਸੇ ਦੇ ਹੱਥ ਵਿਚ ਇਕ ਸਮਾਰਟਫੋਨ ਅਤੇ ਮੇਜ਼ ਉੱਤੇ ਇਕ ਕੰਪਿਊਟਰ ਦੇਖਿਆ ਜਾ ਸਕਦਾ ਹੈ। ਇਸ ਕ੍ਰਾਂਤੀ ਨੇ ਦੁਨੀਆ ਦੇ ਹਰ ਕੋਨੇ ਵਿਚ ਲੋਕਾਂ ਨੂੰ ਇਕ-ਦੂਜੇ ਨਾਲ ਜੋੜਿਆ ਹੈ। ਅੱਜ ਜ਼ਿਆਦਾਤਰ ਨੌਜਵਾਨ ਅਤੇ ਪੇਸ਼ੇਵਰ ਕਿਸੇ ਦੀ ਨੌਕਰੀ ਕਰਨਾ ਪਸੰਦ ਨਹੀਂ ਕਰਦੇ। ਉਹ ਖੁਦ ਆਪਣਾ ਬੌਸ ਬਣਨ ਵਿਚ ਵਿਸ਼ਵਾਸ ਰੱਖਦੇ ਹਨ। ਅਜਿਹਾ ਕੰਮ ਕਰਨ ਵਾਲਿਆਂ ਨੂੰ ‘ਗਿਗ ਵਰਕਰਜ਼’ ਕਿਹਾ ਜਾਂਦਾ ਹੈ।

ਆਮ ਤੌਰ ’ਤੇ ਜਿਹੜੇ ਲੋਕ ‘ਉਬਰ’ ਜਾਂ ‘ਓਲਾ’ ਟੈਕਸੀ ਚਲਾਉਂਦੇ ਹਨ ਜਾਂ ਭੋਜਨ ਅਤੇ ਹੋਰ ਸਾਮਾਨ ਪਹੁੰਚਾਉਂਦੇ ਹਨ, ਉਨ੍ਹਾਂ ਨੂੰ ‘ਗਿਗ ਵਰਕਰ’ ਮੰਨਿਆ ਜਾਂਦਾ ਹੈ ਪਰ ਇਸ ਤਰ੍ਹਾਂ ਸੋਚਣਾ ਠੀਕ ਨਹੀਂ ਹੈ। ਅੱਜ ਦੇ ਯੁੱਗ ਵਿਚ, ਹਰ ਉਹ ਵਿਅਕਤੀ ਜਾਂ ਪੇਸ਼ੇਵਰ ਜੋ ਕਿਸੇ ਕੰਪਨੀ ਦੀ ਮਹੀਨਾਵਾਰ ਤਨਖਾਹ ਸੂਚੀ ਵਿਚ ਨਹੀਂ ਹੈ ਪਰ ਕਿਸੇ ਨਾ ਕਿਸੇ ਕੰਪਨੀ ਲਈ ਕੋਈ ਕੰਮ ਕਰ ਰਿਹਾ ਹੈ, ਉਹ ‘ਗਿਗ ਵਰਕਰ’ ਦੀ ਸ਼੍ਰੇਣੀ ਵਿਚ ਆਉਂਦਾ ਹੈ। ਚਾਹੇ ਉਹ ਪੱਤਰਕਾਰ, ਵਕੀਲ, ਆਰਕੀਟੈਕਟ, ਲੇਖਕ, ਫੋਟੋਗ੍ਰਾਫਰ, ਵੈੱਬ ਡਿਜ਼ਾਈਨਰ ਜਾਂ ਕੋਈ ਹੋਰ ਹੋਵੇ, ਜੋ ਵੀ ਕਿਸੇ ਵੱਡੀ ਜਾਂ ਛੋਟੀ ਕੰਪਨੀ ਜਾਂ ਸੰਸਥਾ ਲਈ ਵਿਸ਼ੇਸ਼ ਪ੍ਰਾਜੈਕਟ ’ਤੇ ਕੰਮ ਕਰ ਰਿਹਾ ਹੈ, ਉਹ ਗਿਗ ਵਰਕਰ, ਫ੍ਰੀਲਾਂਸਰ ਜਾਂ ਸਲਾਹਕਾਰ ਦੀ ਸ਼੍ਰੇਣੀ ਵਿਚ ਆਉਂਦਾ ਹੈ। ਅਜਿਹਾ ਕਰਨ ਨਾਲ ਉਸ ਕੰਪਨੀ ਨੂੰ ਆਪਣੇ ਤਨਖਾਹ ਵਾਲੇ ਕਰਮਚਾਰੀਆਂ ਦੀ ਗਿਣਤੀ ਨਹੀਂ ਵਧਾਉਣੀ ਪੈਂਦੀ।

ਅਜਿਹੀ ਸਥਿਤੀ ਵਿਚ, ‘ਗਿਗ ਵਰਕਰ’ ਨਾ ਸਿਰਫ਼ ਉਸ ਕੰਪਨੀ ਦੇ ਓਵਰਹੈੱਡ ਖਰਚੇ ਨੂੰ ਘਟਾਉਂਦੇ ਹਨ ਬਲਕਿ ਉਸ ਪ੍ਰਾਜੈਕਟ ਜਾਂ ਅਸਾਈਨਮੈਂਟ ਨੂੰ ਕੁਸ਼ਲਤਾ ਨਾਲ ਪੂਰਾ ਵੀ ਕਰਦੇ ਹਨ।

‘ਗਿਗ ਵਰਕਰ’ ਹੋਣ ਦੇ ਬਹੁਤ ਸਾਰੇ ਫਾਇਦੇ ਹਨ। ਅਜਿਹਾ ਕੰਮ ਕਰਨ ਵਾਲਾ ਹਰ ਵਿਅਕਤੀ ਆਪਣੀ ਮਰਜ਼ੀ ਦਾ ਮਾਲਕ ਹੈ। ਜਦੋਂ ਵੀ ਉਸ ਦਾ ਮਨ ਹੋਵੇ ਉਹ ਕੰਮ ’ਤੇ ਹੋ ਸਕਦਾ ਹੈ ਅਤੇ ਜਦੋਂ ਵੀ ਉਸ ਦਾ ਮਨ ਕਰੇ ਤਾਂ ਉਹ ਛੁੱਟੀ ’ਤੇ ਹੋ ਸਕਦਾ ਹੈ। ਉਸ ਨੂੰ ਕਿਸੇ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੁੰਦੀ।

ਜੇਕਰ ਤੁਸੀਂ ਇਸ ਸ਼੍ਰੇਣੀ ਵਿਚ ਆਉਣ ਵਾਲੀ ਇਕ ਔਰਤ ਹੋ ਅਤੇ ਤੁਹਾਡੇ ਘਰ ਵਿਚ ਇਕ ਛੋਟਾ ਬੱਚਾ ਹੈ ਜਿਸਨੂੰ ਤੁਹਾਡੀ ਦੇਖਭਾਲ ਦੀ ਲੋੜ ਹੈ, ਤਾਂ ਤੁਸੀਂ ਆਪਣੇ ਬੱਚੇ ਦੀ ਰੋਜ਼ਾਨਾ ਰੁਟੀਨ ਨੂੰ ਪੂਰਾ ਕਰਨ ਅਤੇ ਉਸ ਨੂੰ ਸੁਆਉਣ ਤੋਂ ਬਾਅਦ ਆਪਣੇ ਕੰਪਿਊਟਰ ਦੀ ਮਦਦ ਨਾਲ ‘ਆਨਲਾਈਨ’ ਆ ਸਕਦੇ ਹੋ। ਹਾਂ, ਅਜਿਹੀ ਸਥਿਤੀ ਵਿਚ, ਸਿਰਫ ਉਹ ਕੰਪਨੀਆਂ ਤੁਹਾਡੀ ਸੇਵਾ ਲੈਣਗੀਆਂ ਜਿਨ੍ਹਾਂ ਕੋਲ ਉਸ ਸਮੇਂ ਕੰਮ ਕਰਨ ਦੇ ਘੰਟੇ ਹਨ। ਅਜਿਹੀ ਸਥਿਤੀ ਵਿਚ ‘ਇਕ ਪੰਥ, ਦੋ ਕਾਜ’ ਬਹੁਤ ਆਸਾਨੀ ਨਾਲ ਹੋ ਸਕਦੇ ਹਨ ਅਤੇ ਤੁਸੀਂ ਘਰ ਬੈਠੇ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਆਪਣੀ ਸਮਰੱਥਾ ਅਨੁਸਾਰ ਕਿਸੇ ਵੀ ਕੰਪਨੀ ਦੀ ਸੇਵਾ ਕਰ ਸਕਦੇ ਹੋ।

ਮੈਨੂੰ ਯਾਦ ਹੈ ਜਦੋਂ ਮੈਂ 2013 ਵਿਚ ਦੁਬਈ ਗਿਆ ਸੀ ਤਾਂ ਮੈਂ ਇਕ ਦੱਖਣੀ ਭਾਰਤੀ ਟੈਕਸੀ ਡਰਾਈਵਰ ਨੂੰ ਪੁੱਛਿਆ ਕਿ ਜ਼ਿਆਦਾਤਰ ਲੋਕ ਭਾਰਤ ਜਾਂ ਦੂਜੇ ਦੇਸ਼ਾਂ ਤੋਂ ਦੁਬਈ ਵਿਚ ਕੰਮ ਕਰਨ ਲਈ ਆਉਂਦੇ ਹਨ। ਦੁਬਈ ਵਿਚ ਕੰਮ ਕਰਦਿਆਂ ਉਨ੍ਹਾਂ ਨੂੰ ਕਿਹੋ ਜਿਹਾ ਮਾਹੌਲ ਮਿਲਦਾ ਹੈ ਤਾਂ ਉਸ ਨੇ ਬੜੀ ਤਸੱਲੀ ਨਾਲ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ। ਇੱਥੋਂ ਦੀ ਸਰਕਾਰ ਸਾਡਾ ਬਹੁਤ ਖਿਆਲ ਰੱਖਦੀ ਹੈ। ਅਸੀਂ ਚੰਗੇ ਪੈਸੇ ਕਮਾਉਂਦੇ ਹਾਂ। ਜਦੋਂ ਮੈਂ ਉਸ ਨੂੰ ਉਸ ਦੀ ਔਸਤ ਕਮਾਈ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਇਕ ਲੱਖ ਰੁਪਏ ਦੇ ਕਰੀਬ ਕਮਾਉਂਦਾ ਹੈ। ਜਿਵੇਂ ਹੀ ਮੈਂ ਉਸ ਦੀ ਤਨਖਾਹ ਪੁੱਛੀ ਤਾਂ ਉਸਨੇ ਕਿਹਾ ਕਿ ਸਾਨੂੰ ਪ੍ਰਤੀ ਕਿਲੋਮੀਟਰ ਕਮੀਸ਼ਨ ਮਿਲਦਾ ਹੈ। ਅਸੀਂ ਜਿੰਨਾ ਸੰਭਵ ਹੋ ਸਕੇ, ਗੱਡੀ ਚਲਾਉਣਾ ਪਸੰਦ ਕਰਦੇ ਹਾਂ। ਜਦੋਂ ਵੀ ਮਨ ਕਰੇ ਡਿਊਟੀ ਆਫ ਕਰ ਲੈਂਦੇ ਹਾਂ। ਕੁਝ ਸਾਲਾਂ ਬਾਅਦ, ਜਦੋਂ ਭਾਰਤ ਵਿਚ ਉਬੇਰ ਅਤੇ ਓਲਾ ਟੈਕਸੀਆਂ ਦੀ ਵਰਤੋਂ ਵਧਣੀ ਸ਼ੁਰੂ ਹੋਈ, ਤਾਂ ਉਨ੍ਹਾਂ ਦੇ ਡਰਾਈਵਰਾਂ ਵੱਲੋਂ ਵੀ ਅਜਿਹਾ ਹੀ ਪ੍ਰਤੀਕਰਮ ਮਿਲਿਆ।

ਅੱਜ ਭਾਰਤ ਵਿਚ ਬਹੁਤ ਸਾਰੀਆਂ ਐਪ-ਆਧਾਰਿਤ ਟੈਕਸੀ ਸੇਵਾਵਾਂ ਹਨ ਜੋ ਤੁਹਾਨੂੰ ਕਿਸੇ ਵੀ ਸਮੇਂ ਅਤੇ ਕਿਤੇ ਵੀ ਲਿਜਾ ਸਕਦੀਆਂ ਹਨ। ਅਜਿਹੇ ’ਚ ਜੇਕਰ ਤੁਸੀਂ ਖੁਦ ਕਾਰ ਖਰੀਦਦੇ ਹੋ ਤਾਂ ਤੁਸੀਂ ਇਸ ਦੇ ਰੱਖ-ਰਖਾਅ ਆਦਿ ਦੇ ਖਰਚੇ ਤੋਂ ਬਚ ਜਾਂਦੇ ਹੋ। ਇੰਨਾ ਹੀ ਨਹੀਂ, ਤੁਸੀਂ ਪ੍ਰਦੂਸ਼ਣ ਨੂੰ ਰੋਕਣ ਵਿਚ ਵੀ ਭਾਈਵਾਲ ਬਣਦੇ ਹੋ। ਇਸ ਦੇ ਨਾਲ ਹੀ ਇਕ ਬੇਰੋਜ਼ਗਾਰ ਨੂੰ ਵੀ ਰੋਜ਼ਗਾਰ ਮਿਲਦਾ ਹੈ।

ਜਿਸ ਤਰ੍ਹਾਂ ਜੇਕਰ ਤੁਸੀਂ ਕਿਸੇ ਵੀ ਸਮੇਂ ਅਤੇ ਕਿਤੇ ਵੀ ਘਰ ਬੈਠੇ ਕਿਸੇ ਵੀ ਵਸਤੂ ਦਾ ਆਰਡਰ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਸਮਾਰਟਫੋਨ ਦੀ ਮਦਦ ਨਾਲ ਇਸ ਨੂੰ ਤੁਰੰਤ ਪ੍ਰਾਪਤ ਕਰ ਸਕਦੇ ਹੋ। ਇਹ ਸਿਰਫ ਇਸ ਲਈ ਸੰਭਵ ਹੈ ਕਿਉਂਕਿ ਇਸ ਨੂੰ ਸਫਲ ਬਣਾਉਣ ਲਈ ਦੁਨੀਆ ਭਰ ਵਿਚ ਅਜਿਹੇ ਲੱਖਾਂ ‘ਗਿਗ ਵਰਕਰਜ਼’ ਦੀ ਫੌਜ ਤਾਇਨਾਤ ਹੈ ਅਤੇ ਇਹ ਹਰ ਰੋਜ਼ ਵਧ ਰਹੀ ਹੈ। ਬਹੁਤੇ ਲੋਕ ‘ਗਿਗ ਵਰਕਰ’ ਨੂੰ ਟੈਕਸੀ ਡਰਾਈਵਰ ਅਤੇ ਡਲਿਵਰੀ ਵਾਲਾ ਸਮਝਦੇ ਹਨ ਪਰ ਅਜਿਹਾ ਨਹੀਂ ਹੈ। ਅੰਕੜਿਆਂ ਅਨੁਸਾਰ ਅਮਰੀਕਾ ਵਰਗੇ ਦੇਸ਼ ਵਿਚ 5.73 ਕਰੋੜ ਗਿਗ ਵਰਕਰ ਹਨ। ਇਕ ਅੰਦਾਜ਼ੇ ਮੁਤਾਬਕ 2027 ਤੱਕ ਅਮਰੀਕਾ ਵਿਚ 50 ਫੀਸਦੀ ਕਰਮਚਾਰੀ ‘ਗਿਗ ਵਰਕਰ’ ਹੋਣਗੇ। ਜੇਕਰ ਅਸੀਂ ਸਿਰਫ ਭਾਰਤ ਦੀ ਗੱਲ ਕਰੀਏ ਤਾਂ 2021 ਵਿਚ ਹੀ ‘ਗਿੱਗ ਵਰਕਰਜ਼’ ਦੀ ਗਿਣਤੀ ਲਗਭਗ 1.5 ਕਰੋੜ ਸੀ ਜੋ ਹਰ ਰੋਜ਼ ਵਧ ਰਹੀ ਹੈ। ਇਕ ਖੋਜ ਅਨੁਸਾਰ, 2023 ਦੇ ਅੰਤ ਤੱਕ, ਲਗਭਗ 45.5 ਕਰੋੜ ਡਾਲਰ ਦਾ ਯੋਗਦਾਨ ‘ਗਿਗ ਵਰਕਰਜ਼’ ਵਲੋਂ ਵਿਸ਼ਵ ਅਰਥਵਿਵਸਥਾ ਵਿਚ ਪਾਇਆ ਗਿਆ।

ਦੁਨੀਆ ਭਰ ਵਿਚ ਬਹੁਤ ਸਾਰੇ ਪਲੇਟਫਾਰਮ ਹਨ ਜੋ ‘ਗਿਗ ਵਰਕਰਜ਼’ ਨੂੰ ਬਹੁਤ ਸਾਰੀਆਂ ਕੰਪਨੀਆਂ ਜਾਂ ਵਿਅਕਤੀਆਂ ਨਾਲ ਜੋੜਦੇ ਹਨ ਜੋ ਮਹੀਨਾਵਾਰ ਤਨਖਾਹ ਵਾਲੇ ਕਰਮਚਾਰੀਆਂ ਨੂੰ ਨਿਯੁਕਤ ਨਹੀਂ ਕਰਨਾ ਚਾਹੁੰਦੇ। ਇਸ ਲਈ ਜੇਕਰ ਤੁਸੀਂ ਘਰ ਬੈਠੇ ਹੀ ਆਪਣੇ ਲਈ ਕੋਈ ਨੌਕਰੀ ਲੱਭ ਰਹੇ ਹੋ ਤਾਂ ਤੁਹਾਨੂੰ ਇਸ ਗੱਲ ਬਾਰੇ ਵੀ ਸੋਚਣਾ ਚਾਹੀਦਾ ਹੈ ਕਿ ਗਿਗ ਵਰਕਰ ਬਣ ਕੇ ਤੁਸੀਂ ਨਾ ਸਿਰਫ਼ ਆਪਣਾ ਬੌਸ ਬਣ ਸਕਦੇ ਹੋ, ਸਗੋਂ ਆਪਣੇ ਹਿਸਾਬ ਨਾਲ ਕੰਮ ’ਤੇ ਵੀ ਆ-ਜਾ ਸਕਦੇ ਹੋ। ਅੱਜ ਦੇ ਤਣਾਅਪੂਰਨ ਮਾਹੌਲ ਵਿਚ, ਜੇਕਰ ਤੁਸੀਂ ਆਪਣੇ ਲਈ ਅਤੇ ਆਪਣੇ ਪਿਆਰਿਆਂ ਲਈ ਸਮਾਂ ਕੱਢਣਾ ਚਾਹੁੰਦੇ ਹੋ, ਤਾਂ ‘ਗਿਗ ਵਰਕਰ’ ਇਕ ਵਧੀਆ ਬਦਲ ਸਾਬਤ ਹੋ ਸਕਦਾ ਹੈ।

ਰਜਨੀਸ਼ ਕਪੂਰ


Rakesh

Content Editor

Related News