ਫਰਾਂਸੀਸੀ ਚੋਣਾਂ : ‘ਲੈਫਟ’-‘ਲਿਬਰਲ’ ਦਾ ਸੱਚ

Friday, Jul 12, 2024 - 12:42 AM (IST)

ਫਰਾਂਸੀਸੀ ਚੋਣਾਂ : ‘ਲੈਫਟ’-‘ਲਿਬਰਲ’ ਦਾ ਸੱਚ

‘ਲੈਫਟ-ਲਿਬਰਲ’ ਕਿੰਨਾ ਵਿਰੋਧਾਭਾਸੀ ਹੈ, ਉਸ ਦੀ ਤਾਜ਼ਾ ਉਦਾਹਰਣ ਫਰਾਂਸ ਦੀਆਂ ਹਾਲੀਆ ਸੰਸਦੀ ਚੋਣਾਂ ’ਚ ਦੇਖਣ ਨੂੰ ਮਿਲ ਜਾਂਦੀ ਹੈ। ਜਦੋਂ ਪਹਿਲੇ ਪੜਾਅ ਦੀਆਂ ਚੋਣਾਂ ’ਚ ਦੱਖਣਪੰਥੀ ‘ਨੈਸ਼ਨਲ ਰੈਲੀ’ ਗੱਠਜੋੜ ਨੇ ਖੱਬੇਪੱਖੀ ਪਾਰਟੀਆਂ ਉਪਰ ਫੈਸਲਾਕੁੰਨ ਬੜ੍ਹਤ ਬਣਾਈ ਅਤੇ ਉਸ ਦੀ ਪ੍ਰਚੰਡ ਜਿੱਤ ਦੀ ਸੰਭਾਵਨਾ ਬਣਨ ਲੱਗੀ, ਤਦ ਇਸੇ ‘ਲੈਫਟ-ਲਿਬਰਲ’ ਗਿਰੋਹ ਦੇ ਚਿਹਰੇ ਤੋਂ ‘ਲਿਬਰਲ’ ਮੁਖੌਟਾ ਇਕ ਦਮ ਉਤਰ ਗਿਆ।

ਅਸਲ ’ਚ ‘ਲੈਫਟ-ਲਿਬਰਲ’ ਨਾਂ ਕਿਸੇ ਫਰੇਬ ਤੋਂ ਘੱਟ ਨਹੀਂ। ਇਹ 2 ਅਲੱਗ ਸ਼ਬਦਾਂ ਨੂੰ ਮਿਲਾ ਕੇ ਬਣਿਆ ਹੈ, ਜਿਨ੍ਹਾਂ ਦਾ ਰਿਸ਼ਤਾ ਪਾਣੀ-ਤੇਲ ਦੇ ਮਿਲਣ ਵਰਗਾ ਹੈ। ਅਜਿਹਾ ਇਸ ਲਈ ਕਿਉਂਕਿ ਜਿੱਥੇ ਖੱਬੇਪੱਖੀ ਹੁੰਦੇ ਹਨ, ਉੱਥੇ ਉਸ ਦੇ ਵਿਚਾਰਕ ਚਰਿੱਤਰ ਦੇ ਅਨੁਸਾਰ ਹਿੰਸਾ, ਅਸਹਿਮਤੀ ਦਾ ਘਾਣ, ਮਨੁੱਖੀ ਅਧਿਕਾਰਾਂ ਦਾ ਘਾਣ ਅਤੇ ਅਰਾਜਕ ਵਿਵਸਥਾ ਦੀ ਭਰਮਾਰ ਹੁੰਦੀ ਹੈ।

ਠੀਕ ਇਸੇ ਤਰ੍ਹਾਂ ਖੱਬੇਪੱਖੀ ਅਤੇ ਏਕੇਸ਼ਵਰਵਾਦੀ ਦਰਸ਼ਨ ਦਾ ਗੱਠਜੋੜ ਵੀ ਭਰਮ ਹੈ। ਅਜਿਹੇ ’ਚ ਇਕ ‘ਲੈਫਟ’ ਦਾ ‘ਲਿਬਰਲ’ ਹੋਣਾ ਅਸੰਭਵ ਹੈ। ਇਸ ਪਿਛੋਕੜ ’ਚ ਫਰਾਂਸ ਦਾ ਘਟਨਾਕ੍ਰਮ ਮਹੱਤਵਪੂਰਨ ਹੋ ਜਾਂਦਾ ਹੈ।

ਫਰਾਂਸੀਸੀ ਸੰਸਦੀ ਚੋਣਾਂ ਦੇ ਪਹਿਲੇ ਪੜਾਅ ’ਚ ਖੱਬੇਪੱਖੀ ਪਾਰਟੀਆਂ ਦੇ ‘ਨਿਊ ਪਾਪੁਲਰ ਫਰੰਟ’ ਦੇ ਪੱਛੜਣ ਦੇ ਬਾਅਦ ਲੈਫਟ ਨੇ ‘ਐਂਟੀਫਾ’ (ਖੱਬੇਪੱਖੀ ਸਮੂਹ) ਅਤੇ ਜਿਹਾਦੀਅਾਂ ਨਾਲ ਰਲ ਕੇ ਹਿੰਸਕ ਰੋਸ ਵਿਖਾਵਾ ਸ਼ੁਰੂ ਕਰ ਦਿੱਤਾ। ਉਹ ਆਪਣੇ ਵਿਰੁੱਧ ਆਏ ਇਸ ਲੋਕ ਫਤਵੇ ਨੂੰ ਮੰਨਣ ਲਈ ਤਿਆਰ ਨਹੀਂ ਹੋਏ।

ਉਨ੍ਹਾਂ ਨੇ ਸੜਕਾਂ ’ਤੇ ਕਬਜ਼ਾ ਕਰ ਕੇ ਕਈ ਨਿੱਜੀ-ਜਨਤਕ ਜਾਇਦਾਦਾਂ ਨੂੰ ਪੈਟ੍ਰੋਲ-ਬੰਬ ਦੀ ਵਰਤੋਂ ਨਾਲ ਸਵਾਹ ਕਰ ਦਿੱਤਾ, ਤਾਂ ਸੁਰੱਖਿਆ ’ਚ ਤਾਇਨਾਤ ਸੈਂਕੜੇ ਪੁਲਸ ਮੁਲਾਜ਼ਮਾਂ ’ਤੇ ਟੁੱਟ ਪਏ। ਇਸ ਦੌਰਾਨ ਦੰਗਾਕਾਰੀਆਂ ਨੇ ਕਈ ਦੁਕਾਨਾਂ ਨੂੰ ਵੀ ਲੱੁਟ ਲਿਆ, ਉਨ੍ਹਾਂ ਦੀ ਭੰਨ-ਤੋੜ ਕੀਤੀ ਅਤੇ ਸਥਾਨਕ ਇਮਾਰਤਾਂ ਨੂੰ ਬਦਰੰਗ ਕਰ ਦਿੱਤਾ।

ਵਧੇਰੇ ਫਰਾਂਸੀਸੀ ਸਿਆਸੀ ਵਿਸ਼ਲੇਸ਼ਕ ਇਸ ਨਤੀਜੇ ’ਤੇ ਪਹੁੰਚ ਚੁੱਕੇ ਸਨ ਕਿ ਰਾਸ਼ਟਰਵਾਦੀ ਪਾਰਟੀ ਦੀ ਨੇਤਾ ਮਰੀਨ ਲੇ ਪੇਨ ਦੀ ਅਗਵਾਈ ’ਚ ‘ਨੈਸ਼ਨਲ ਰੈਲੀ’ ਅਤੇ ਉਸ ਦੇ ਸਹਿਯੋਗੀ 250-300 ਸੀਟਾਂ ਜਿੱਤ ਸਕਦੇ ਹਨ। ਉਨ੍ਹਾਂ ਦਾ ਇਹ ਅੰਦਾਜ਼ਾ ਇਸ ਲਈ ਵੀ ਠੀਕ ਲੱਗ ਰਿਹਾ ਸੀ ਕਿਉਂਕਿ ਇਸ ਸਾਲ ਹੋਈਆਂ ਯੂਰਪੀ ਚੋਣਾਂ ’ਚ ਵੀ ਮਰੀਨ ਲੀਡਰਸ਼ਿਪ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।

ਪਰ ‘ਨੈਸ਼ਨਲ ਰੈਲੀ’ ਨੂੰ ਕਿਸੇ ਵੀ ਸੂਰਤ ’ਚ ਰੋਕਣ ਲਈ ਪਹਿਲੇ ਪੜਾਅ ’ਤੇ ਵੱਖ-ਵੱਖ ਚੋਣ ਲੜਨ ਵਾਲੇ ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕ੍ਰੋਂ ਵਾਲੇ ਮੱਧਮਾਰਗੀ ‘ਇਨਸੈਂਬਲ’ ਅਤੇ ਖੱਬੇਪੱਖੀ ‘ਨਿਊ ਪਾਪੁਲਰ ਫਰੰਟ’ ਨੇ ਦੂਜੇ ਪੜਾਅ ਦੇ ਆਖਰੀ ਸਮੇਂ ਗੱਠਜੋੜ (ਰਿਪਬਲਿਕਨ ਫਰੰਟ) ਕਰ ਲਿਆ।

ਇਸ ਦੇ ਤਹਿਤ ਦੋਵਾਂ ਨੇ ਰਲ ਕੇ ਅੰਤਿਮ ਸਮੇਂ ’ਚ ਆਪਣੇ ਕੁਲ 217 ਉਮੀਦਵਾਰਾਂ ਨੂੰ ਮੈਦਾਨ ’ਚੋਂ ਹਟਾ ਲਿਆ ਤਾਂ ਕਿ ਦੱਖਣਪੰਥ ਵਿਰੋਧੀ ਵੋਟਾਂ ਇਕਜੁੱਟ ਰਹਿਣ। ਨਤੀਜੇ ਵਜੋਂ, ਨਾਟਕੀ ਮੋੜ ਦੇ ਨਾਲ ‘ਨੈਸ਼ਨਲ ਰੈਲੀ’ ਅਜਿਹੀ ਪੱਛੜੀ ਕਿ ਉਹ ਪਹਿਲਾਂ ਨਾਲੋਂ ਸਿੱਧੀ ਤੀਜੇ ਸਥਾਨ ’ਤੇ ਖਿਸਕ ਗਈ।

ਬੇਸ਼ੱਕ ਦੱਖਣਪੰਥੀ ‘ਨੈਸ਼ਨਲ ਰੈਲੀ’ ਚੋਣ ਹਾਰ ਗਈ ਪਰ ਉਸ ਨੂੰ ਸਭ ਤੋਂ ਵੱਧ 37.1 ਫੀਸਦੀ ਵੋਟਾਂ ਹਾਸਲ ਹੋੋਈਆਂ, ਤਾਂ ਉਸ ਦੇ ਵਿਰੋਧੀ ਲੈਫਟ ਗੱਠਜੋੜ ਤੇ ਮੈਕ੍ਰੋਂ ਵਾਲੀ ‘ਇਨਸੈਂਬਲ’ ਦਾ ਵੋਟ ਫੀਸਦੀ ਕ੍ਰਮਵਾਰ 26.3 ਫੀਸਦੀ ਅਤੇ 24.7 ਫੀਸਦੀ ਹੀ ਰਿਹਾ। ਫਰਾਂਸ ਦੀ 577 ਮੈਂਬਰੀ ਨੈਸ਼ਨਲ ਅਸੈਂਬਲੀ (ਸੰਸਦ) ’ਚ ਤਿੰਨਾਂ ਪ੍ਰਮੁੱਖ ਗੱਠਜੋੜਾਂ ’ਚੋਂ ਕਿਸੇ ਨੂੰ ਵੀ ਸਪੱਸ਼ਟ ਬਹੁਮਤ ਨਹੀਂ ਮਿਲਿਆ।

ਫਰਾਂਸੀਸੀ ਗ੍ਰਹਿ ਮੰਤਰਾਲਾ ਵੱਲੋਂ ਜਾਰੀ ਨਤੀਜਿਆਂ ਦੇ ਅਨੁਸਾਰ, ਖੱਬੇਪੱਖੀ ‘ਨਿਊ ਪਾਪੁਲਰ ਫਰੰਟ’ ਸਭ ਤੋਂ ਵੱਧ 188 ਸੀਟਾਂ, ਤਾਂ ਮੱਧਮਾਰਗੀ ‘ਇਨਸੈਂਬਲ’ 161 ਸੀਟਾਂ ਅਤੇ ਦੱਖਣਪੰਥੀ ‘ਨੈਸ਼ਨਲ ਰੈਲੀ’ 142 ਸੀਟਾਂ ਜਿੱਤਣ ’ਚ ਸਫਲ ਰਹੀ ।

ਭਾਰਤ ’ਚ ਵੀ ‘ਲੈਫਟ-ਲਿਬਰਲ’ ਦਾ ਪਾਖੰਡ ਫਰਾਂਸ ਤੋਂ ਵੱਖ ਨਹੀਂ ਹੈ। ਇੱਥੇ ਕਾਂਗਰਸ ਦੇ ਚੋਟੀ ਦੇ ਨੇਤਾ ਤੇ ਲੋਕ ਸਭਾ ’ਚ ਨੇਤਾ-ਪ੍ਰਤੀਪੱਖ ਰਾਹੁਲ ਗਾਂਧੀ ਨੂੰ ਇਸੇ ਸ਼੍ਰੇਣੀ ’ਚ ਰੱਖਣਾ ਗਲਤ ਨਹੀਂ ਹੋਵੇਗਾ। ਉਹ ਸ਼ੁੱਧ ਖੱਬੇਪੱਖੀ ਵਾਂਗ ‘ਜਿੰਨੀ ਆਬਾਦੀ, ਓਨਾ ਹੱਕ’ ਨਾਅਰਾ ਲਾਉਂਦੇ ਹੋਏ ‘ਹਿੰਦੁਸਤਾਨ ਦੇ ਧਨ’ ਨੂੰ ਮੁੜ ਵੰਡਣ ਦੀ ਗੱਲ ਕਰ ਚੁੱਕੇ ਹਨ।

ਇਸ ਸਬੰਧ ’ਚ 31 ਮਾਰਚ 2024 ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਵਿਰੋਧੀ ਪਾਰਟੀਆਂ ਦੀ ‘ਲੋਕਤੰਤਰ-ਸੰਵਿਧਾਨ ਬਚਾਓ’ ਰੈਲੀ ’ਚ ਰਾਹੁਲ ਦੇ ਉਸ ਬਿਆਨ ਨੂੰ ਯਾਦ ਕਰਨਾ ਸੁਭਾਵਿਕ ਹੋ ਜਾਂਦਾ ਹੈ, ਜਿਸ ’ਚ ਉਨ੍ਹਾਂ ਨੇ ਦੇਸ਼ ਨੂੰ ਹਿੰਸਾ ਦੀ ਅੱਗ ’ਚ ਝੋਕਣ ਦਾ ਐਲਾਨ ਕੀਤਾ ਸੀ।

ਉਦੋਂ ਉਨ੍ਹਾਂ ਕਿਹਾ ਸੀ, ‘‘ਮੇਰੀ ਗੱਲ ਤੁਸੀਂ ਚੰਗੀ ਤਰ੍ਹਾਂ ਸੁਣ ਲਓ...ਜੇਕਰ ਹਿੰਦੁਸਤਾਨ ’ਚ ਮੈਚ ਫਿਕਸਿੰਗ ਕਰ ਕੇ ਚੋਣਾਂ ਭਾਜਪਾ ਜਿੱਤੀ ਅਤੇ ਉਸ ਦੇ ਬਾਅਦ ਸੰਵਿਧਾਨ ਨੂੰ ਉਨ੍ਹਾਂ ਨੇ ਬਦਲਿਆ ਤਾਂ ਇਸ ਪੂਰੇ ਦੇਸ਼ ’ਚ ਅੱਗ ਲੱਗਣ ਜਾ ਰਹੀ ਹੈ। ਜੋ ਮੈਂ ਕਿਹਾ, ਯਾਦ ਰੱਖੋ...ਇਹ ਦੇਸ਼ ਨਹੀਂ ਬਚੇਗਾ।’’

ਦੁਬਾਰਾ ਫਰਾਂਸੀਸੀ ਚੋਣਾਂ ਵੱਲ ਪਰਤਦੇ ਹਾਂ। ਫਰਾਂਸ ’ਚ ਮਰੀਨ ਲੇ ਪੇਨ ਨੂੰ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਵੱਲੋਂ ਯਹੂਦੀ ਵਿਰੋਧੀ ਅਤੇ ਮੁਸਲਿਮ ਵਿਰੋਧੀ ਦੇ ਰੂਪ ’ਚ ਪੇਸ਼ ਕੀਤਾ ਜਾਂਦਾ ਹੈ। ਮਰੀਨ ਫਰਾਂਸੀਸੀ ਸੈਕੁਲਰ ਕਦਰਾਂ-ਕੀਮਤਾਂ ਅਤੇ ਰਾਸ਼ਟਰੀ ਪਛਾਣ ਦੀ ਰੱਖਿਆ ਲਈ ਗੈਰ-ਪ੍ਰਵਾਸੀਆਂ ਵੱਲੋਂ ਵਧਦੇ ਅਪਰਾਧ ਵਿਰੁੱਧ ਹਮਲਾਵਰ ਰਹੀ ਹੈ। ਇਸ ’ਚ ਅਕਤੂਬਰ 2020 ’ਚ ਪ੍ਰਵਾਸੀ ਮੁਸਲਿਮ ਵੱਲੋਂ ਫਰਾਂਸੀਸੀ ਅਧਿਆਪਕ ਦਾ ‘ਸਿਰ ਧੜ ਨਾਲੋਂ ਵੱਖ’ ਕਰਨ ਦੀ ਘਟਨਾ ਵੀ ਸ਼ਾਮਲ ਹੈ। ਹੁਣ ਜੋ ਖੱਬੇਪੱਖੀ-ਜਿਹਾਦੀ ਸਮੂਹ ਪਹਿਲੇ ਪੜਾਅ ਦੀਅਾਂ ਫਰਾਂਸੀਸੀ ਚੋਣਾਂ ਹਾਰਨ ’ਤੇ ਹਿੰਸਕ ਹੋ ਗਿਆ ਸੀ, ਉਹ ਦੂਜੇ ਪੜਾਅ ਦੀਆਂ ਚੋਣਾਂ ’ਚ ਬੜ੍ਹਤ ਵਧਾਉਣ ਦੇ ਬਾਅਦ ਹੱਥਾਂ ’ਚ ਫਿਲਸਤੀਨੀ ਝੰਡਾ ਲੈ ਕੇ ਸੜਕਾਂ ’ਤੇ ਉਤਰਿਆ ਅਤੇ ਅਰਾਜਕਤਾ ਫੈਲਾਉਣ ਲੱਗਿਆ।

ਸਥਾਨਕ ਮੀਡੀਆ ਅਨੁਸਾਰ, ਖੱਬੇਪੱਖੀ ਗੱਠਜੋੜ ਵੱਲੋਂ ਆਯੋਜਿਤ ਕਈ ‘ਜੇਤੂ ਸਮਾਗਮਾਂ’ ’ਚ ਫਰਾਂਸੀਸੀ ਝੰਡਿਆਂ ਦੀ ਤੁਲਨਾ ’ਚ ਫਿਲਸਤੀਨੀ ਝੰਡੇ ਲਹਿਰਾਉਂਦੇ ਅਤੇ ‘ਗਾਜ਼ਾ-ਗਾਜ਼ਾ’ ਨਾਅਰਾ ਲਾਉਂਦੇ ਦੇਖੇ ਗਏ ਸਨ।

ਸਾਲ 1991 ’ਚ ਖੱਬੇਪੱਖੀਆਂ ਵਾਲੇ ਸੋਵੀਅਤ ਸੰਘ ਦੇ ਟੁੱਟਣ ਦੇ ਬਾਅਦ ਵਿਸ਼ਵ ’ਚ ਅਮਰੀਕਾ ਅਤੇ ਯੂਰਪ ਸਮੇਤ ਸੱਤਾ ਦੇ ਕਈ ਕੇਂਦਰ ਬਣ ਚੁੱਕੇ ਹਨ ਜਿਸ ’ਚ ਇਕ ਬੜਾ ਹੀ ਸ਼ਕਤੀਸ਼ਾਲੀ ਰਾਜਹੀਣ ਅਤੇ ਬਿਨਾਂ ਜਵਾਬਦੇਹੀ ਵਾਲਾ ਸਮੂਹ ਵੀ ਸ਼ਾਮਲ ਹੈ। ਕਿਸੇ ਢੁੱਕਵੇਂ ਨਾਂ ਦੀ ਘਾਟ ’ਚ ਇਕ ਵਰਗ ਨੂੰ ‘ਵੋਕ’ (woke) ਕਹਿ ਸਕਦੇ ਹਾਂ।

ਇਹ ਸਮੂਹ ਛੋਟਾ, ਬੜਾ-ਬੜਬੋਲਾ ਅਤੇ ਹਮਲਾਵਰ ਹੈ ਜੋ ਲੋਕਤੰਤਰੀ ਪ੍ਰਕਿਰਿਆ ਨਾਲ ਚੁਣੀਆਂ ਸਰਕਾਰਾਂ ਨੂੰ ਉਸ ਦੇ ਉਨ੍ਹਾਂ ਐਲਾਨੇ ਏਜੰਡਿਆਂ ਨੂੰ ਲਾਗੂ ਕਰਨ ਤੋਂ ਰੋਕਣ ਅਤੇ ਵਿਵਸਥਾ ਨੂੰ ਨਕਾਰਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਅਖੌਤੀ ‘ਲੈਫਟ-ਲਿਬਰਲ’ ਅਤੇ ‘ਵੋਕ’ ਮੰਨ ਕੇ ਚੱਲਦੇ ਹਨ ਕਿ ਬਾਕੀ ਸਮਾਜ ਫੈਸਲੇ ਲੈਣ ’ਚ ਗੈਰ-ਕਾਬਲ ਹੈ, ਇਸ ਲਈ ਉਨ੍ਹਾਂ ਨੂੰ ਹੀ ਉਨ੍ਹਾਂ ਦਾ ਭਲਾ ਕਰਨ ਦਾ ਦੈਵੀ ਅਧਿਕਾਰ ਪ੍ਰਾਪਤ ਹੈ।

ਪੂਰੇ ਵਿਸ਼ਵ ’ਚ ਲੋਕਤੰਤਰ ਅਤੇ ਬਹੁਲਤਾਵਾਦੀ ਸੱਭਿਆਚਾਰ ਨੂੰ ਜੇ ਖਤਰਾ ਹੈ, ਤਾਂ ਉਹ ਦੋਹਰੇ ਚਰਿੱਤਰ ਵਾਲੇ ‘ਲੈਫਟ-ਲਿਬਰਲ’ ਤੋਂ ਹੈ। ਕੋਈ ਹੈਰਾਨੀ ਨਹੀਂ ਹੈ ਕਿ ਦੁਨੀਆ ’ਚ ਜਿੱਥੇ-ਜਿੱਥੇ ‘ਲੈਫਟ’ ਦੀ ਸਰਕਾਰ ਬਣੀ ਉੱਥੋਂ ਦੀ ਉਦਾਰਵਾਦੀ ਵਿਵਸਥਾ ’ਤੇ ਸੱਟ ਵੱਜੀ ਅਤੇ ਆਖਿਰਕਾਰ ਉਹ ਸਮਾਜ ’ਚ ਨਿੱਜੀ ਆਜ਼ਾਦੀ ਅਤੇ ਮਨੁੱਖੀ ਹੱਕਾਂ ਦੇ ਘਾਣ ਦਾ ਪ੍ਰਤੀਕ ਬਣ ਗਿਆ। ਭਾਰਤ ਦੀਆਂ ਸਮੇਂ-ਸਮੇਂ ਦੀਆਂ ਉਦਾਰਵਾਦੀ ਰਵਾਇਤਾਂ ਨੂੰ ਕਿਸੇ ‘ਲੈਫਟ- ਲਿਬਰਲ’ ਅਤੇ ‘ਵੋਕ’ ਤੋਂ ਵੀ ਸਭ ਤੋਂ ਵੱਧ ਖਤਰਾ ਹੈ।

ਬਲਬੀਰ ਪੁੰਜ


author

Rakesh

Content Editor

Related News