ਸਾਬਕਾ ਟਰਾਂਸਪੋਰਟ ਮੰਤਰੀ ਪੰਜਾਬ

Thursday, Jul 02, 2020 - 03:30 AM (IST)

ਮਾ. ਮੋਹਨ ਲਾਲ

ਚੀਨ ਨੇ ਭਾਰਤ ਨੂੰ ਧੋਖਾ ਦਿੱਤਾ, ਕੋਈ ਚਿੰਤਾ ਨਹੀਂ। ਚੀਨ ਨੇ ਵਿਸ਼ਵਾਸਘਾਤ ਕੀਤਾ, ਕੋਈ ਨਵੀਂ ਗੱਲ ਨਹੀਂ, ‘ਹਿੰਦੀ-ਚੀਨੀ ਭਾਈ-ਭਾਈ’ ਦੇ ਨਾਅਰੇ ਨੂੰ ਚੀਨ ਨੇ ਪੈਰਾਂ ਹੇਠ ਦਰੜ ਦਿੱਤਾ, ਕੋਈ ਪ੍ਰਵਾਹ ਨਹੀਂ। ਗਲਵਾਨ ਘਾਟੀ ’ਚ ਚੀਨ ਨੇ ਸਾਡੇ 20 ਫੌਜੀਅਾਂ ਨੂੰ ਸ਼ਹੀਦ ਕਰ ਦਿੱਤਾ, ਇਸ ’ਤੇ ਦੇਸ਼ਵਾਸੀ ਚਿੰਤਤ ਨਾ ਹੋਣ। ਚੀਨ ਤਾਂ ਅਜਿਹਾ ਕਰਦਾ ਹੀ ਰਹੇਗਾ। 1950 ’ਚ ਜਦੋਂ ਚੀਨ ਨੇ ਤਿੱਬਤ ਵਰਗੇ ਦੇਸ਼ ਦੀ ਹੋਂਦ ਮਿਟਾ ਦਿੱਤੀ ਉਸੇ ਦਿਨ ਤੋਂ ਭਾਰਤ ਦੀਅਾਂ ਸਰਹੱਦਾਂ ਅਸੁਰੱਖਿਅਤ ਹੋ ਗਈਅਾਂ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਤੋਂ ਲੈ ਕੇ ਨਰਿੰਦਰ ਮੋਦੀ ਤਕ ਜਿੰਨੇ ਵੀ ਪ੍ਰਧਾਨ ਮੰਤਰੀ ਹੋਏ ਉਨ੍ਹਾਂ ਨੇ ਚੀਨ ਦੇ ਪ੍ਰਤੀ ਸਹਿਯੋਗੀ ਵਾਲੀ ਨੀਤੀ ਅਪਣਾਈ ਪਰ ਚੀਨ ਸਾਡਾ ਨਾ ਹੋਇਆ, ਨਾ ਅੱਗੇ ਕਦੇ ਭਾਰਤ ਦਾ ਹੋਵੇਗਾ। ਭਾਰਤ ਨੇ ਇਸੇ ਤੁਸ਼ਟੀਕਰਨ ਦੀ ਨੀਤੀ ਅਧੀਨ ਵਿਸ਼ਵ ’ਚ ਚੀਨ ਦੇ ਹੱਕ ’ਚ ਵਿਸ਼ਵ ਰਾਏਸ਼ੁਮਾਰੀ ਤਿਆਰ ਕਰ ਕੇ ਉਸ ਨੂੰ ਸੰਯੁਕਤ ਰਾਸ਼ਟਰ ਸੰਘ ਦਾ ਸਥਾਈ ਮੈਂਬਰ ਬਣਾਇਆ ਪਰ ਉਸੇ ਸੰਯੁਕਤ ਰਾਸ਼ਟਰ ਸੰਘ ’ਚ ਚੀਨ ਨੇ ਕਦੇ ਭਾਰਤ ਦਾ ਸਮਰਥਨ ਨਹੀਂ ਕੀਤਾ। ‘ਪੰਚਸ਼ੀਲ ਸਿਧਾਂਤ’ ਨੂੰ ਭਾਰਤ ਨੇ ਤਾਂ ਮੰਨਿਆ ਪਰ ਚੀਨ ਨੇ ਉਸ ਸਿਧਾਂਤ ਨੂੰ ਕਦੇ ਨਹੀਂ ਮੰਨਿਆ।

ਪੰ. ਜਵਾਹਰ ਲਾਲ ਨਹਿਰੂ ਦੀ ਤਾਂ ਚੀਨ ਨਾਲ ਬੜੀ ਮਿੱਤਰਤਾ ਸੀ ਪਰ 1962 ’ਚ ਚੀਨ ਦੇ ਹਮਲੇ ਨੇ ਨਹਿਰੂ ਜੀ ਨੂੰ ਉਹ ਸਦਮਾ ਦਿੱਤਾ ਕਿ ਵਿਚਾਰੇ ਪੰ. ਨਹਿਰੂ 1964 ’ਚ ਇਸ ਸਦਮੇ ਦੀ ਤਾਬ ਨਾ ਝੱਲਦੇ ਹੋਏ ਚੱਲ ਵਸੇ। ਚੇਨਈ ’ਚ ਮੋਦੀ ਸਾਹਿਬ ਨੇ ਚੀਨ ਦੇ ਰਾਸ਼ਟਰਪਤੀ ਦਾ ਅਜਿਹਾ ਸ਼ਾਨਦਾਰ ਸਵਾਗਤ ਕੀਤਾ ਕਿ ਦੁਨੀਆ ਹੈਰਾਨ ਰਹਿ ਗਈ। ਵਿਰੋਧੀਅਾਂ ਨੇ ਤਾਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਨਰਿੰਦਰ ਮੋਦੀ ਦੇ ਝੂਲੇ-ਝੂਲਦੇ ਚਿੱਤਰ ਨੂੰ ਖੂਬ ਪ੍ਰਚਾਰਿਆ ਪਰ ਨਤੀਜਾ ਚੀਨ ਵਲੋਂ ਗਲਵਾਨ ਘਾਟੀ, ਗਿਆਸਤੋ ਝੀਲ ਅਤੇ ਦੌਲਤਬੇਗ ਓਲਡੀ ਹਵਾਈ ਪੱਟੀ ’ਤੇ ਆਪਣਾ ਹੱਕ ਜਿੱਤਲਾ ਦਿੱਤਾ। ਭਾਰਤ ਦੇ 20 ਫੌਜੀਅਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਕੁਝ ਨੂੰ ਜ਼ਖਮੀ ਕਰ ਦਿੱਤਾ।

ਉਪਰੋਕਤ ਸਾਰੀਅਾਂ ਚੀਜ਼ਾਂ ਨੂੰ ਮੈਂ ਬੁਰਾ ਨਹੀਂ ਮੰਨਦਾ ਕਿਉਂਕਿ ਚੀਨ ਇਕ ਕਮਿਊਨਿਸਟ ਅਤੇ ਵਿਸਤਾਰਵਾਦੀ ਦੇਸ਼ ਹੈ। ਚੀਨ ਸੰਵੇਦਨਹੀਣ ਅਤੇ ਯਾਂਤਰਿਕ ਦੇਸ਼ ਹੈ। ਉਸ ਨੂੰ ਨਾ ਤਾਂ ਮੈਕਮੋਹਨ ਲਾਈਨ ਦੀ ਚਿੰਤਾ ਹੈ ਨਾ ਐਕਚੁਅਲ ਲਾਈਨ ਆਫ ਕੰਟਰੋਲ ਦੀ ਪ੍ਰਵਾਹ ਹੈ। ਚੀਨ ਦੀਅਾਂ ਫੌਜਾਂ ਜਿਥੇ ਪਹੁੰਚ ਗਈਅਾਂ ਉਥੇ ਉਸ ਦੀ ਸਰਹੱਦੀ ਰੇਖਾ ਬਣ ਗਈ। ਮੇਰੀ ਚਿੰਤਾ ਭਾਰਤ ਦੀ ਵਿਦੇਸ਼ ਨੀਤੀ ਦੀ ਅਸਫਲਤਾ ਦੀ ਚਿੰਤਾ ਹੈ। ਚੀਨ ਦੀ ‘ਵਿਦੇਸ਼ ਨੀਤੀ’ ਤਾਂ ਦੇਖੋ ਉਹ ਨੇਪਾਲ, ਪਾਕਿਸਤਾਨ ਅਤੇ ਪਿਆਰੇ ਜਿਹੇ ਦੇਸ਼ ਭੂਟਾਨ ਨੂੰ ਆਪਣੇ ਹੱਕ ਅਤੇ ਭਾਰਤ ਦੇ ਵਿਰੁੱਧ ਵਰਤ ਗਿਆ। ਨੇਪਾਲ ਜਿਸ ਦੇ ਨਾਲ ਭਾਰਤ ਦੇ ‘ਰੋਟੀ-ਬੇਟੀ’ ਦੇ ਸੰਬੰਧ ਹਨ। ਨੇਪਾਲ ਦੀ ਜਿਸ ਗੋਰਖਾ ਰੈਜੀਮੈਂਟ ਨੇ ਹਮੇਸ਼ਾ ਭਾਰਤ ਨਾਲ ਵਫਾਦਾਰੀ ਨਿਭਾਈ ਹੈ, ਉਹ ਨੇਪਾਲ ਸਾਡੇ ਵਿਰੁੱਧ ਹੋ ਗਿਆ। ਭੂਟਾਨ ਜਿਸ ਦੇਸ਼ ਦੀ ਹੋਂਦ ਹੀ ਭਾਰਤ ਨਾਲ ਜੁੜੀ ਹੋਈ ਹੈ, ਉਹ ਸਾਡੇ ਪਾਣੀ ਨੂੰ ਰੋਕਣ ਦੀ ਧਮਕੀ ਦੇਣ ਲੱਗਾ ਹੈ। ਨੇਪਾਲ ਨਰੇਸ਼ ਮਹਾਰਾਜਾਧਿਰਾਜ ਸਵ. ਮਹਾਰਾਜ ਵਰਿੰਦਰ ਸਿੰਘ ਭਾਰਤ ਦੀ ਕਸਮ ਨਹੀਂ ਖਾਂਦੇ ਸਨ। ਉਨ੍ਹਾਂ ਦੇ ਉੱਤਰਾਧਿਕਾਰੀ ਮਹਾਰਾਜਾ ਗਿਆਨਇੰਦਰ ਭਾਰਤ ਦੇ ਨਾਲ ਵਪਾਰਕ ਸਬੰਧ ਬਣਾਏ ਹੋਏ ਹਨ। ਸਦੀਅਾਂ ਪੁਰਾਣੇ ਸਾਡੇ ਸੱਭਿਆਚਾਰਕ, ਸਿਆਸੀ, ਪਰਿਵਾਰਕ, ਧਾਰਮਿਕ ਅਤੇ ਸਮਾਜਿਕ ਸਬੰਧ ਹਨ ਉਹ ਨੇਪਾਲ ਸੰਸਦ ’ਚ ਭਾਰਤ ਵਿਰੁੱਧ ਸਾਡੇ ਖੇਤਰ ਨੂੰ ਆਪਣਾ ਦਿਸ਼ਾ-ਨਕਸ਼ਾ ਪਾਸ ਕਰਵਾ ਗਿਆ ਤਾਂ ਸੋਚਣਾ ਪਵੇਗਾ ਕਿ ਭਾਰਤ ‘ਵਿਦੇਸ਼ ਨੀਤੀ’ ’ਚ ਕਿਥੇ ਮਾਤ ਖਾ ਗਿਆ। ਮੈਂ ਪਾਕਿਸਤਾਨ, ਅਫਗਾਨਿਸਤਾਨ ਮਿਆਂਮਾਰ, ਬੰਗਲਾਦੇਸ਼, ਸ਼੍ਰੀਲੰਕਾ, ਮਾਲਦੀਵ ਜਾਂ ਰੂਸ ਦੀ ਗੱਲ ਅੱਜ ਨਹੀਂ ਕਰਾਂਗਾ। ਮੇਰੀ ਚਿੰਤਾ ਨੇਪਾਲ ਨੂੰ ਲੈ ਕੇ ਹੈ। ਉਥੇ ਭਾਰਤ ਦੀ ਕੂਟਨੀਤੀ ਕਿਉਂ ਫੇਲ ਹੋ ਗਈ?

‘ਵਿਦੇਸ਼ ਨੀਤੀ’ ਹੈ ਕੀ?

‘ਵਿਦੇਸ਼ ਨੀਤੀ’ ਉਹ ਮੰਤਰ ਹੈ ਜਿਸ ਨਾਲ ਗੁਆਂਢੀ ਦੇਸ਼ਾਂ ਨੂੰ ਆਪਣੇ ਹੱਕ ਨਾਲ ਸਾਧਿਆ ਜਾਂਦਾ ਹੈ। ਮਿੱਤਰ ਦੁਸ਼ਮਣ ਨਾ ਬਣਨ ਅਤੇ ਦੁਸ਼ਮਣ ਭੈਅਭੀਤ ਰਹੇ। ‘ਵਿਦੇਸ਼ ਨੀਤੀ’ ਦਾ ਪਹਿਲਾ ਮੂਲ ਮੰਤਰ ਹੈ ਕਿ ਹੋਰਨਾਂ ਦੇਸ਼ਾਂ ਦੇ ਕਾਰ-ਵਿਹਾਰ ਆਪਣੇ ਲਈ ਹਿਤਕਾਰੀ ਹੋਣ। ਭਾਰਤ ਇਕ ਵਿਸ਼ਾਲ ਦੇਸ਼ ਹੈ। ਇਸ ’ਚ ਰਾਜਨੀਤੀ, ਆਰਥਿਕ, ਭਾਸ਼ਾਈ, ਖੇਤਰੀ, ਸੂਬਾਈ, ਧਾਰਮਿਕ ਅਤੇ ਸੱਭਿਆਚਾਰਕ ਵੰਨ-ਸੁਵੰਨਤਾਵਾਂ ਹਨ। ਇਸ ’ਚ ਕਮਿਊਨਿਜ਼ਮ ਵਾਲੇ ਵੀ ਹਨ ਅਤੇ ਦੱਖਣ ਪੰਥੀ ਵੀ ਕੰਮ ਕਰਦੇ ਹਨ। ਅੰਦਰੂਨੀ ਤੌਰ ’ਤੇ ਇਨ੍ਹਾਂ ਸਾਰਿਅਾਂ ’ਚ ਸੰਤੁਲਨ ਬਣਾਈ ਰੱਖਣਾ ਅਤੇ ਦੂਸਰੇ ਦੇਸ਼ਾਂ ਨੂੰ ਆਪਣੇ ਹਿਤ ’ਚ ਕਰਨਾ ਇਹੀ ‘ਦੇਸੀ’, ‘ਵਿਦੇਸ਼ ਨੀਤੀ’। ਇਕ ਸਮਾਂ ਸੀ ਅਸੀਂ ਨਵੇਂ-ਨਵੇਂ ਆਜ਼ਾਦ ਦੇਸ਼ ਦੇ ਰੂਪ ’ਚ ਉਭਰੇ ਸੀ, ਉਦੋਂ ਪੰ. ਨਹਿਰੂ ਨੇ ਗੁਟਨਿਰਪੱਖਤਾ ਨੂੰ ਆਪਣੀ ‘ਵਿਦੇਸ਼ ਨੀਤੀ’ ਬਣਾਇਆ। ਉਸ ਸਮੇਂ ਵਿਸ਼ਵ ’ਚ ਦੋ ਸ਼ਕਤੀ ਕੇਂਦਰ ਸਨ ‘ਸੋਵੀਅਤ ਬਲਾਕ’ ਅਤੇ ‘ਐਂਗਲੋ ਅਮੇਰਿਕਨ ਬਲਾਕ’। ਦੋਵਾਂ ’ਚ ਠੰਡੀ ਜੰਗ ਜ਼ੋਰਾਂ ’ਤੇ ਸੀ। ਇਸ ਠੰਡੀ ਜੰਗ ’ਚ ਵਿਚਾਰਕ ਅਤੇ ਸਿਆਸੀ ਆਗੂ ਤੀਸਰੀ ਸੰਸਾਰ ਜੰਗ ਦਾ ਸ਼ੱਕ ਕਰਦੇ ਸਨ ਪਰ ਪੰ. ਨਹਿਰੂ ਦੀ ਗੁਟਨਿਰਪੱਖਤਾ ਨੀਤੀ ਨੂੰ 1971 ਦੀ ਹਿੰਦ-ਪਾਕਿ ਜੰਗ ’ਚ ਬੜਾ ਧੱਕਾ ਲੱਗਾ। ਜਦੋਂ ਅਮਰੀਕਾ ਨੇ ਪਾਕਿਸਤਾਨ ਦੇ ਹੱਕ ’ਚ ਆਪਣਾ ਸੱਤਵਾਂ ਜੰਗੀ ਬੇੜਾ ਬੰਗਾਲ ਦੀ ਖਾੜੀ ’ਚ ਉਤਾਰ ਦਿੱਤਾ। ਮਜਬੂਰਨ ਭਾਰਤ ਨੂੰ ਸੋਵੀਅਤ ਸੰਘ ਨਾਲ ਦੋਸਤੀ ਸੰਦੀ ਕਰਨੀ ਪਈ। ਭਾਰਤ-ਪਾਕਿ ਜੰਗ ’ਚ ਨਹਿਰੂ ਦੀ ਗੁਟਨਿਰਪੱਖ ਵਿਦੇਸ਼ ਨੀਤੀ ਨੂੰ ਧੱਕਾ ਲੱਗਾ। ਗੁਟਨਿਰਪੱਖਤਾ ਦਾ ਅਰਥ ਹੈ ਕਿ ਇਸ ਨੀਤੀ ’ਤੇ ਚੱਲਣ ਵਾਲਾ ਦੇਸ਼ ਆਪਣੇ ਆਪ ਨੂੰ ਫੌਜੀ ਸਮਝੌਤਿਅਾਂ ਤੋਂ ਦੂਰ ਰੱਖੇਗਾ। ਨਹਿਰੂ ਨਹੀਂ ਰੱਖ ਸਕੇ।

ਹੁਣ ਨਰਿੰਦਰ ਮੋਦੀ ਦੀ ‘ਵਿਦੇਸ਼ ਨੀਤੀ’ ਅਮਰੀਕਾ ’ਤੇ ਅਾਧਾਰਿਤ ਹੈ। ਅਮਰੀਕਨ ਰਾਸ਼ਟਰਪਤੀ ਨੇ ਜਿਵੇਂ ਮੋਦੀ ਦਾ ਸਵਾਗਤ ਕੀਤਾ ਉਸ ਨਾਲੋਂ 100 ਗੁਣਾ ਵਧ ਮੋਦੀ ਨੇ ਟਰੰਪ ਦਾ ਸਵਾਗਤ ਕੀਤਾ ਪਰ ਜਦੋਂ ਚੀਨ ਨੇ ਭਾਰਤ ਦੀਅਾਂ ਸਰਹੱਦਾਂ ’ਤੇ ਆਪਣੀਅਾਂ ਫੌਜਾਂ ਨੂੰ ਇਕੱਠਿਅਾਂ ਕਰਨਾ ਸ਼ੁਰੂ ਕਰ ਦਿੱਤਾ ਤਾਂ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ, ‘‘ਮੈਂ ਵਿਚੋਲਗੀ ਲਈ ਤਿਆਰ ਹਾਂ।’’ ਭਾਵ ਦੋਵਾਂ ਦੀ ਲੜਾਈ ’ਚ ਤੀਸਰੀ ਧਿਰ ਨੂੰ ਲਾਭ। ਮੋਦੀ ਸਾਹਿਬ ਤਾਂ ਸਿਆਸਤ ਰਹਿਬਰ ਹਨ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਕਿਸੇ ਦੀ ਅੱਗ ’ਚ ਨਹੀਂ ਪੈਂਦਾ। ਆਪਣੀਅਾਂ ਹੀ ਬਾਵਾਂ ਦਾ ਜ਼ੋਰ ਜੰਗ ’ਚ ਕੰਮ ਆਉਂਦਾ ਹੈ। ਇਹ ਸੱਚ ਹੈ ਅੱਜ ਵਿਸ਼ਵ ਰਾਏਸ਼ੁਮਾਰੀ ਕੋਰੋਨਾ ਮਹਾਮਾਰੀ ਦੇ ਕਾਰਨ ਚੀਨ ਦੇ ਵਿਰੁੱਧ ਹੈ ਪਰ ਜੇਕਰ ਚੀਨ ਅਤੇ ਭਾਰਤ ਦੇ ਦਰਮਿਆਨ ਜੰਗ ਹੋਈ ਤਾਂ ਕੂਟਨੀਤੀ ਨੂੰ ਭਾਂਪ ਲੈਣ ਕਿ ਕਿਹੜਾ-ਕਿਹੜਾ ਦੇਸ਼ ਸਾਡੇ ਪੱਖ ’ਚ ਖੜ੍ਹਾ ਹੁੰਦਾ ਹੈ। ਜੇਕਰ ਨੇਪਾਲ ਸਾਡੇ ਪੱਖ ’ਚ ਨਹੀਂ, ਭੂਟਾਨ ਤਟਸਥ ਰਿਹਾ। ਪਾਕਿਸਤਾਨ ਚੀਨ ਦਾ ਹਮਾਇਤੀ ਬਣ ਗਿਆ, ਅਫਗਾਨਿਸਤਾਨ ਤਾਂ ਨਿੱਤ ਸਾਡੇ ਸਿੱਖ ਭਰਾਵਾਂ ਨੂੰ ਅਗਵਾ ਕਰ ਰਿਹਾ ਹੈ ਤਾਂ ਮੁਸਲਿਮ ਦੇਸ਼ ਕਿਸ ਪੱਖ ’ਚ ਹੋਣਗੇ? ਇਸ ’ਤੇ ਸਾਡੀ ‘ਵਿਦੇਸ਼ ਨੀਤੀ’ ਨੂੰ ਸੋਚਣਾ ਚਾਹੀਦਾ ਹੈ। ਮੁਸਲਿਮ ਦੇਸ਼ ਤਾਂ ਹਿੰਦੂਅਾਂ ਨੂੰ ਕਾਫਿਰ ਸਮਝਦੇ ਹਨ ਅਤੇ ਕਾਫਿਰਾਂ ਨੂੰ ਮਾਰਨਾ ਉਨ੍ਹਾਂ ਦਾ ਧਰਮ ਹੈ। ਤਾਂ ਫਿਰ ਕਿਹੜੇ-ਕਿਹੜੇ ਦੇਸ਼ ਸਾਡੀ ਸਹਾਇਤਾ ’ਤੇ ਆਉਣਗੇ। ਇਹ ਸਾਡੀ ਵਿਦੇਸ਼ ਨੀਤੀ ਦੀ ਸਫਲਤਾ, ਅਸਫਲਤਾ ਦਾ ਆਧਾਰ ਹੋਵੇਗਾ। ਚੀਨ, ਪਾਕਿਸਤਾਨ ਨਹੀਂ ਕਿ ਅਸੀਂ ‘ਸਰਜੀਕਲ ਸਟ੍ਰਾਈਕ’ ਕਰਕੇ ਡਰਾ ਲਵਾਂਗੇ। ਪਾਕਿਸਤਾਨ ਅਤੇ ਚੀਨ ਦੋ ਦੇਸ਼ ਨਹੀਂ ਇਕ ਹਨ। ਹੁਣ ਇਹ ਤਾਂ ਕੇਂਦਰ ਸਰਕਾਰ ਨੂੰ ਪਤਾ ਹੋਵੇਗਾ ਕਿ ਭਾਰਤ ਕਿੰਨਾ ਸ਼ਕਤੀਸ਼ਾਲੀ ਹੈ। ਹਾਂ ਮੈਨੂੰ ਇੰਨਾ ਜ਼ਰੂਰ ਪਤਾ ਹੈ ਕਿ ਜੰਗ ਦੀ ਸਥਿਤੀ ’ਚ ਸਾਰਾ ਦੇਸ਼ ਮੋਦੀ ਦੇ ਨਾਲ। ਸਾਰੀਅਾਂ ਸਿਆਸੀ ਪਾਰਟੀਅਾਂ ਮੋਦੀ ਦੇ ਨਾਲ ਹਨ। ਚੀਨ ਦੇ ਨਾਲ ਜੰਗ ’ਚ ਅਸੀਂ ਇਕ-ਸੌ-ਪੰਜ ਹਾਂ।’’ ਰਾਹੁਲ ਅਤੇ ਸੋਨੀਆ ਗਾਂਧੀ ਮੋਦੀ ਨਾਲੋਂ ਅਲਗ ਕਦੇ ਨਹੀਂ ਹੋਣਗੇ। ਦੇਖਿਆ ਨਹੀਂ ਸਾਰਿਅਾਂ ਨੇ, 1971 ਦੀ ਭਾਰਤ-ਪਾਕਿ ਜੰਗ ’ਚ ਸਵ. ਅਟਲ ਬਿਹਾਰੀ ਵਾਜਪਾਈ ਨੇ ਵਿਰੋਧੀ ਪਾਰਟੀ ਦੇ ਨੇਤਾ ਹੁੰਦੇ ਹੋਏ ਵੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ‘ਦੁਰਗਾ’ ਕਹਿ ਕੇ ਭਾਰਤ ਦੇ ਲੋਕਾਂ ਦੀ ਇਕਜੁਟਤਾ ਦਾ ਸਬੂਤ ਦਿੱਤਾ ਸੀ ਪਰ ਆਪਣੀਅਾਂ ਕਮੀਅਾਂ ਤਾਂ ਮੋਦੀ ਨੇ ਹੀ ਦੇਖਣੀਅਾਂ ਹਨ। ਆਪਣੀ ਵਿਦੇਸ਼ ਨੀਤੀ ਦਾ ਮੁੱਲਾਂਕਣ ਮੋਦੀ ਸਾਹਿਬ ਹੀ ਕਰ ਸਕਦੇ ਹਨ।


Bharat Thapa

Content Editor

Related News