ਦੁਬਈ ਤਾਂ ਛੋਟਾ-ਮੋਟਾ ਭਾਰਤ ਹੀ ਹੈ

Wednesday, Nov 17, 2021 - 03:42 AM (IST)

ਦੁਬਈ ਤਾਂ ਛੋਟਾ-ਮੋਟਾ ਭਾਰਤ ਹੀ ਹੈ

ਡਾ. ਵੇਦਪ੍ਰਤਾਪ ਵੈਦਿਕ 
ਪਰਸੋਂ ਸ਼ਾਮ ਜਦੋਂ ਅਸੀਂ ਲੋਕ ਦੁਬਈ ਪਹੁੰਚੇ ਤਾਂ ਅਸੀਂ ਇਸ ਵਾਰ ਉਹ ਦੁਬਈ ਦੇਖਿਆ, ਜੋ ਪਹਿਲਾਂ ਕਦੀ ਨਹੀਂ ਦੇਖਿਆ। ਇਹ ਕੋਰੋਨਾ ਮਹਾਮਾਰੀ ਦਾ ਕਮਾਲ ਸੀ। ਉਂਝ ਤਾਂ ਮੈਂ ਦਰਜਨਾਂ ਵਾਰ ਦੁਬਈ-ਅਾਬੂਧਾਬੀ ਆ ਚੁੱਕਾ ਹਾਂ ਪਰ ਕੋਰੋਨਾ ਦਾ ਪ੍ਰਕੋਪ ਦੁਬਈ ਵਰਗੇ ਰਾਜ ਦਾ ਅਜਿਹਾ ਨਵਾਂ ਰੂਪ ਢਾਲ ਦੇਵੇਗਾ, ਅਜਿਹੀ ਆਸ ਨਹੀਂ ਸੀ। ਹੁਣ ਤੋਂ ਲਗਭਗ 40 ਸਾਲ ਪਹਿਲਾਂ ਮੈਂ ਈਰਾਨ ਤੋਂ ਭਾਰਤ ਆਉਂਦਿਆਂ ਕੁਝ ਘੰਟਿਆਂ ਲਈ ਦੁਬਈ ’ਚ ਰੁਕਿਆ ਸੀ। ਜਿਸ ਹੋਟਲ ’ਚ ਰੁਕਿਆ ਸੀ, ਉਸ ’ਚੋਂ ਬਾਹਰ ਨਿਕਲਦੇ ਹੀ ਮੈਨੂੰ ਦੌੜ ਕੇ ਜਾਣਾ ਪਿਆ ਕਿਉਂਕਿ ਭਿਆਨਕ ਗਰਮੀ ਅਤੇ ਧੁੱਪ ਸੀ। ਇਸ ਦੇ ਇਲਾਵਾ ਉਸ ਹੋਟਲ ਦੇ ਨੇੜੇ-ਤੇੜੇ ਖੁੱਲ੍ਹਾ ਮਾਰੂਥਲ ਸੀ ਅਤੇ ਥੋੜ੍ਹੀ ਜਿਹੀ ਦੂਰੀ ’ਤੇ ਸਮੁੰਦਰ ਲਹਿਰਾ ਰਿਹਾ ਸੀ।

ਪਰ ਹੁਣ ਜੇਕਰ ਅੱਜ ਤੁਸੀਂ ਦੁਬਈ ਜਾਓ ਤਾਂ ਤੁਹਾਨੂੰ ਸਮਝ ਹੀ ਨਹੀਂ ਆਵੇਗਾ ਕਿ ਤੁਸੀਂ ਲੰਦਨ ’ਚ ਹੋ ਜਾਂ ਨਿਊਯਾਰਕ ’ਚ ਹੋ ਜਾਂ ਸ਼ੰਘਾਈ ’ਚ ਹੋ। ਉਨ੍ਹੀਂ ਦਿਨੀਂ ਵੀ ਬਾਜ਼ਾਰ ਵਗੈਰਾ ਤਾਂ ਇੱਥੇ ਸਨ ਪਰ ਅੱਜਕਲ ਤਾਂ ਇੱਥੇ ਇੰਨੇ ਵੱਡੇ-ਵੱਡੇ ਮਾਲ ਬਣ ਗਏ ਹਨ ਕਿ ਉਨ੍ਹਾਂ ਨੂੰ ਦੇਖਦੇ-ਦੇਖਦੇ ਤੁਸੀਂ ਥੱਕ ਜਾਓ। ਸੜਕਾਂ ਦੇ ਦੋਵੇਂ ਪਾਸੇ ਇੰਨੇ ਉੱਚੇ-ਉੱਚੇ ਭਵਨ ਬਣ ਗਏ ਹਨ ਕਿ ਤੁਸੀਂ ਜੇਕਰ ਉਨ੍ਹਾਂ ਹੇਠਾਂ ਖੜ੍ਹੇ ਹੋ ਕੇ ਉਨ੍ਹਾਂ ਨੂੰ ਉਪਰ ਤੱਕ ਦੇਖੋ ਤਾਂ ਤੁਹਾਡੀ ਟੋਪੀ ਡਿੱਗ ਜਾਵੇ।

ਅੱਜਕਲ ਤਾਂ ਦੁਬਈ ਦੇ ਨੇੜੇ-ਤੇੜੇ ਜੋ ਮਾਰੂਥਲੀ ਇਲਾਕੇ ਸਨ, ਉਨ੍ਹਾਂ ਨੂੰ ਇਕਦਮ ਹਰਿਆ-ਭਰਿਆ ਕਰ ਿਦੱਤਾ ਹੈ ਅਤੇ ਉੱਥੇ ਸੁਤੰਤਰ ਪਲਾਟ ਕੱਟ ਦਿੱਤੇ ਗਏ ਹਨ। ਸਾਡੇ ਕਈ ਮਿੱਤਰਾਂ ਨੇ ਉੱਥੇ ਮਹੱਲਨੁਮਾ ਬੰਗਲੇ ਬਣਾ ਲਏ ਹਨ। ਜੋ ਲੋਕ ਭਾਰਤ ਤੋਂ ਸਿਰਫ ਕੱਪੜਿਆਂ ਦਾ ਸੂਟਕੇਸ ਲੈ ਕੇ ਆਏ ਸਨ, ਉਨ੍ਹਾਂ ਨੇ ਆਪਣੀ ਮਿਹਨਤ ਅਤੇ ਚਲਾਕੀ ਨਾਲ ਹੁਣ ਇੰਨਾ ਪੈਸਾ ਕਮਾ ਲਿਆ ਹੈ ਕਿ ਉਹ ਕੱਪੜਿਆਂ ਦੀ ਥਾਂ ਦਿਰਹਾਮ (ਰੁਪਏ) ਸੂਟਕੇਸਾਂ ’ਚ ਭਰ ਕੇ ਘੁੰਮ ਸਕਦੇ ਹਨ।

ਇੱਥੇ ਭਾਰਤੀ ਵਪਾਰੀਆਂ, ਉਦਯੋਗਪਤੀਆਂ, ਅਫਸਰਾਂ ਦਾ ਬੋਲਬਾਲਾ ਤਾਂ ਹੈ ਹੀ, ਸਾਡੇ ਬਹੁਤ ਸਾਰੇ ਕਰਮਚਾਰੀ ਅਤੇ ਮਜ਼ਦੂਰ ਵੀ ਤਾਇਨਾਤ ਹਨ। ਦੁਨੀਆ ਦੇ ਲਗਭਗ 200 ਦੇਸ਼ਾਂ ਦੇ ਲੋਕ ਇਸ ਸੰਯੁਕਤ ਅਰਬ ਅਮੀਰਾਤ ’ਚ ਕੰਮ ਕਰਦੇ ਹਨ। ਇਨ੍ਹਾਂ ’ਚ ਸਾਰੇ ਮਜ਼੍ਹਬਾਂ, ਜਾਤੀਆਂ, ਰੰਗਾਂ ਅਤੇ ਹੈਸੀਅਤਾਂ ਦੇ ਲੋਕ ਹਨ ਪਰ ਉਨ੍ਹਾਂ ਵਿਚਾਲੇ ਕਦੀ ਹਿੰਸਾ, ਦੰਗਾ, ਤਣਾਅ ਆਦਿ ਦੀ ਖਬਰ ਨਹੀਂ ਆਉਂਦੀ। ਸਾਰੇ ਲੋਕ ਬੜੇ ਪਿਆਰ ਨਾਲ ਜ਼ਿੰਦਗੀ ਜਿਊਂਦੇ ਹਨ। ਇੱਥੋਂ ਦੀ ਲਗਭਗ ਇਕ ਕਰੋੜ ਦੀ ਆਬਾਦੀ ’ਚ 30 ਲੱਖ ਤੋਂ ਵੱਧ ਭਾਰਤੀ ਹਨ। ਸੱਤ ਰਾਜਾਂ ਨਾਲ ਮਿਲ ਕੇ ਬਣੇ ਇਸ ਸੰਘ ਰਾਜ ’ਚ ਤੁਸੀਂ ਜਿੱਥੇ ਵੀ ਜਾਓ, ਤੁਹਾਨੂੰ ਭਾਰਤੀ ਦਿਸਦੇ ਰਹਿਣਗੇ। ਭਾਰਤ ਦੇ ਗੁਆਂਢੀ ਦੇਸ਼ਾਂ ਦੇ ਲੋਕ ਵੀ ਇੱਥੇ ਵੱਡੀ ਗਿਣਤੀ ’ਚ ਹਨ ਪਰ ਉਨ੍ਹਾਂ ਦਰਮਿਆਨ ਵੀ ਕੋਈ ਤਣਾਅ ਨਹੀਂ ਦਿਖਾਈ ਦਿੰਦਾ। ਆਬੂਧਾਬੀ ਇਸ ਸੰਘ ਦੀ ਰਾਜਧਾਨੀ ਹੈ ਪਰ ਸਾਡੇ ਮੁੰਬਈ ਵਾਂਗ ਦੁਬਈ ਹੀ ਵਪਾਰ ਅਤੇ ਸ਼ਾਨੋ-ਸ਼ੌਕਤ ਦਾ ਕੇਂਦਰ ਹੈ।

ਅੱਜਕਲ ਇੱਥੇ ਚੱਲ ਰਹੀ ਵਿਸ਼ਵ ਪ੍ਰਦਰਸ਼ਨੀ ਨੂੰ ਦੇਖਣ ਲਈ ਬਾਹਰੋਂ ਕਾਫੀ ਲੋਕ ਆ ਰਹੇ ਹਨ। ਫਿਰ ਵੀ ਇੰਝ ਲੱਗਦਾ ਹੈ ਕਿ ਦੁਬਈ ਭਾਰਤ ਦਾ ਹੀ ਉੱਨਤ ਰੂਪ ਹੈ। ਇਸ ਨੂੰ ਛੋਟਾ-ਮੋਟਾ ਭਾਰਤ ਵੀ ਕਹਿ ਸਕਦੇ ਹਾਂ ਪਰ ਭਾਰਤ ਦੁਬਈ ਵਰਗਾ ਬਣ ਜਾਵੇ, ਇਸ ਦੇ ਲਈ ਭਾਰਤ ’ਚ ਤੇਲ ਵਰਗੀ ਕੋਈ ਜਾਦੂ ਦੀ ਛੜੀ ਮਿਲਣੀ ਚਾਹੀਦੀ ਹੈͨ।


author

Bharat Thapa

Content Editor

Related News