ਟਕਰਾਅ ਦਾ ਸੁਰਾਗ : ਗਾਜ਼ਾ ’ਚ ਖਰਬਾਂ ਡਾਲਰ ਦੀ ਗੈਸ ਹੈ
Sunday, Feb 16, 2025 - 03:33 PM (IST)

ਮੈਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਗਾਜ਼ਾ ਨੂੰ ਫਿਲਸਤੀਨੀਆਂ ਤੋਂ ਮੁਕਤ ਕਰਨ ਅਤੇ ਸਮੁੰਦਰ ਤੱਟ ਨੂੰ ਰਿਵੇਰਾ ਵਜੋਂ ਵਿਕਸਤ ਕਰਨ ਲਈ ਹਜ਼ਾਰਾਂ ਮੀਲ ਦੀ ਯਾਤਰਾ ਕਰਨ ਲਈ ਤਿਆਰ ਹਨ। ‘ਸੁੰਦਰ, ਸੁੰਦਰ।’ ਉਸ ਨੇ ਆਪਣੇ ਬੁੱਲ੍ਹਾਂ ਨੂੰ ਚਟਕਾਉਂਦਿਆ ਕਿਹਾ। ਉਹ ਬਾਈਬਲ ’ਚ ਯਹੂਦੀਆਂ ਨੂੰ ਵਿਸ਼ੇਸ਼ ਤੌਰ ’ਤੇ ਵਾਅਦਾ ਕੀਤੀ ਗਈ ਜ਼ਮੀਨ ’ਤੇ ਨਾਜਾਇਜ਼ ਸ਼ਿਕਾਰ ਕਰਨਗੇ। ਖੈਰ, ਯਹੂਦੀ ਪਰਉਪਕਾਰੀ ਮਿਰੀਅਮ ਐਡਲਸਨ, ਲਾਸ ਵੇਗਾਸ ਸੈਂਡਜ਼ ਦੇ ਅਰਬਪਤੀ ਮਾਲਕ, ਜਿਸ ਨੇ ਟਰੰਪ ਦੀ ਮੁਹਿੰਮ ਲਈ 100 ਮਿਲੀਅਨ ਡਾਲਰ ਦਾਨ ਕੀਤੇ ਸਨ, ਨੂੰ ਰਿਵੇਰਾ ਪ੍ਰਾਜੈਕਟ ਲਈ ਇਕ ਭਾਈਵਾਲ ਵਜੋਂ ਸੂਚੀਬੱਧ ਕੀਤਾ ਜਾ ਸਕਦਾ ਹੈ। ਫਿਰ ਬਾਈਬਲ ਦੀ ਲਾਲ ਲਕੀਰ ਪਾਰ ਨਹੀਂ ਕੀਤੀ ਜਾਵੇਗੀ।
ਮੈਂ ਇਸ ਵਿਸ਼ੇ ’ਤੇ ਉਲਝਣ ਵਿਚ ਸੀ ਜਦੋਂ ਯੂ. ਐੱਨ. ਸੀ. ਟੀ. ਡੀ. ਵਲੋਂ ਕੀਤਾ ਗਿਆ ਇਕ ਅਧਿਐਨ ਮੇਰੇ ਧਿਆਨ ਵਿਚ ਆਇਆ ਜੋ ਫਿਲਸਤੀਨੀ ਤੇਲ ਅਤੇ ਗੈਸ ਭੰਡਾਰਾਂ ਦੀ ਅਸਾਧਾਰਨ ਸੰਭਾਵਨਾ ਨੂੰ ਦਰਸਾਉਂਦਾ ਹੈ। ਭੂ-ਵਿਗਿਆਨੀਆਂ ਅਤੇ ਸਰੋਤ ਅਰਥਸ਼ਾਸਤਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਗਾਜ਼ਾ ਪੱਟੀ ਦੇ ਭੂਮੱਧ ਸਾਗਰ ਵਿਚ 122 ਟ੍ਰਿਲੀਅਨ ਘਣ ਫੁੱਟ ਕੁਦਰਤੀ ਗੈਸ ਹੈ।
ਅਧਿਐਨ ਦਾ ਸਿੱਟਾ ਹੈ : ‘‘ਜੋ ਧਨ ਅਤੇ ਮੌਕਿਆਂ ਦਾ ਸਰੋਤ ਹੋ ਸਕਦਾ ਹੈ ਉਹ ਵਿਨਾਸ਼ਕਾਰੀ ਵੀ ਸਾਬਤ ਹੋ ਸਕਦਾ ਹੈ, ਜੇਕਰ ਇਨ੍ਹਾਂ ਸਾਂਝੇ ਸਰੋਤਾਂ ਦੀ ਵਰਤੋਂ ਵਿਅਕਤੀਗਤ ਤੌਰ ’ਤੇ ਕੀਤੀ ਜਾਂਦੀ ਹੈ ਅਤੇ ਖਾਸ ਕਰ ਕੇ ਅੰਤਰਰਾਸ਼ਟਰੀ ਕਾਨੂੰਨ ਅਤੇ ਨਿਯਮਾਂ ਦੀ ਪਰਵਾਹ ਕੀਤੇ ਬਿਨਾਂ।’’ ਜੂਨ 2024 ਵਿਚ, ਇਜ਼ਰਾਈਲ ਨੇ ਗਾਜ਼ਾ ਪੱਟੀ ਦੇ ਨੇੜੇ ਇਕ ਗੈਸ ਖੇਤਰ ਦੇ ਵਿਕਾਸ ਲਈ ਮੁੱਢਲੀ ਪ੍ਰਵਾਨਗੀ ਦੇ ਦਿੱਤੀ। ਬੈਂਜਾਮਿਨ ਨੇਤਨਯਾਹੂ ਨੇ ਰਾਈਟਰਜ਼ ਨੂੰ ਦੱਸਿਆ ਕਿ ‘ਗਾਜ਼ਾ ਮੈਰੀਟਾਈਮ ਪ੍ਰਾਜੈਕਟ’ ਲਈ ਫਿਲਸਤੀਨੀ ਅਥਾਰਿਟੀ ਅਤੇ ਮਿਸਰ ਨਾਲ ਸੁਰੱਖਿਆ ਤਾਲਮੇਲ ਦੀ ਲੋੜ ਹੋਵੇਗੀ। ਕੀ ਨੇਤਨਯਾਹੂ ਵੱਲੋਂ ਫਿਲਸਤੀਨੀਆਂ ਨੂੰ ਉਨ੍ਹਾਂ ਦੇ ਕੁਦਰਤੀ ਸਰੋਤਾਂ ਤੋਂ ਵੱਖ ਕਰਨ ਵਾਲੇ ਪ੍ਰਾਜੈਕਟ ਨੂੰ ਮਨਜ਼ੂਰੀ ਦੇਣਾ ਇਕ ਭੜਕਾਹਟ ਦੀ ਗੱਲ ਸੀ ਜਿਸ ਕਾਰਨ ਹਮਾਸ ਨੇ 7 ਅਕਤੂਬਰ ਨੂੰ ਹਮਲਾ ਕੀਤਾ, ਜਿਸ ਦੀ ਯੋਜਨਾ ਕਈ ਸਾਲਾਂ ਤੋਂ ਚੱਲ ਰਹੀ ਸੀ?
ਦਿਲਚਸਪ ਗੱਲ ਇਹ ਹੈ ਕਿ ਗਾਜ਼ਾ ਦੀ ਕਹਾਣੀ ਵਿਚ ਗੈਸ ਅਤੇ ਤੇਲ ਦੇ ਇਸ ਪਹਿਲੂ ਦਾ ਕਿਤੇ ਵੀ ਧਿਆਨ ਨਹੀਂ ਹੈ, ਭਾਵੇਂ ਇਜ਼ਰਾਈਲ-ਹਮਾਸ ਯੁੱਧ ਅਤੇ ਗਾਜ਼ਾ ’ਤੇ ਲਗਾਤਾਰ ਇਜ਼ਰਾਈਲੀ ਬੰਬਾਰੀ ਨੇ ਮੀਡੀਆ ਦਾ ਬੇਮਿਸਾਲ ਧਿਆਨ ਆਪਣੇ ਵੱਲ ਖਿੱਚਿਆ ਹੋਵੇ। ਰਾਈਟਰਜ਼ ਅਨੁਸਾਰ, ਜਦੋਂ ਇਸ ਦੇ ਰਿਪੋਰਟਰ ਨੇ ਫਿਲਸਤੀਨੀ ਅਥਾਰਿਟੀ ਤੋਂ ਟਿੱਪਣੀ ਮੰਗੀ ਤਾਂ ਕੋਈ ਜਵਾਬ ਨਹੀਂ ਮਿਲਿਆ, ‘‘ਅਸੀਂ ਮੀਡੀਆ ਨੂੰ ਦਿੱਤੇ ਗਏ ਬਿਆਨ ਦੇ ਆਧਾਰ ’ਤੇ ਕੋਈ ਰੁਖ ਨਹੀਂ ਲੈ ਸਕਦੇ।’’ ਹਮਾਸ ਦੇ ਅਧਿਕਾਰੀ ਇਸਮਾਈਲ ਰੁਦਵਾ ਨੇ ਸਪੱਸ਼ਟ ਤੌਰ ’ਤੇ ਕਿਹਾ, ‘‘ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਗਾਜ਼ਾ ਵਿਚ ਸਾਡੇ ਲੋਕਾਂ ਨੂੰ ਆਪਣੇ ਕੁਦਰਤੀ ਸਰੋਤਾਂ ’ਤੇ ਅਧਿਕਾਰ ਹੈ।’’
ਇਹ 7 ਅਕਤੂਬਰ ਤੋਂ ਸਿਰਫ਼ 3 ਮਹੀਨੇ ਪਹਿਲਾਂ ਵਾਪਰਿਆ ਸੀ। ਜੇਕਰ ਸਾਰੀਆਂ ਗੈਸ ਖੋਜਾਂ ਦੀ ਮਾਂ ਇਸ ਸੌਦੇ ਵਿਚ ਹੈ, ਤਾਂ ਇਜ਼ਰਾਈਲ ਇਸ ਨੂੰ ਉਨ੍ਹਾਂ ਲੋਕਾਂ ਨੂੰ ਕਿਉਂ ਭੇਟ ਕਰੇਗਾ ਜਿਨ੍ਹਾਂ ਨੂੰ ਨੇਤਨਯਾਹੂ, ਬੇਨ ਗਵੀਰ ਅਤੇ ਸਮੋਟ੍ਰਿਚ ‘ਜਾਨਵਰ’ ਜਾਂ ‘ਵਹਿਸ਼ੀ’ ਸਮਝਦੇ ਹਨ? ਪਵਿੱਤਰ ਗ੍ਰੰਥਾਂ ਵਿਚ ਇਹ ਖੇਤਰ ਸਿਰਫ਼ ਯਹੂਦੀ ਲੋਕਾਂ ਲਈ ਰਾਖਵਾਂ ਹੈ। ਦੋ ਰਾਜਾਂ ਦਾ ਹੱਲ ਫਿਲਸਤੀਨੀਆਂ ਨੂੰ ਗੈਸ ਤੱਕ ਵਿਸ਼ੇਸ਼ ਪਹੁੰਚ ਦੇਵੇਗਾ। ਗਾਜ਼ਾ ਵਿਚ ਮੱਧ ਪੂਰਬ ਦੇ ਰਿਵੇਰਾ ਲਈ ਟਰੰਪ ਦੀ ਨਿਰਾਦਰ ਭਰੀ ਯੋਜਨਾ ਨੂੰ ਉਨ੍ਹਾਂ ਦੀ 1987 ਦੀ ਦਿਲਚਸਪ ਕਿਤਾਬ, ‘ਦਿ ਆਰਟ ਆਫ਼ ਦਿ ਡੀਲ’ ਨਾਲ ਦੇਖਿਆ ਜਾਣਾ ਚਾਹੀਦਾ ਹੈ।
‘‘ਮੈਂ ਬਹੁਤ ਉੱਚਾ ਟੀਚਾ ਰੱਖਦਾ ਹਾਂ ਅਤੇ ਫਿਰ ਜੋ ਮੈਂ ਚਾਹੁੰਦਾ ਹਾਂ ਉਸ ਨੂੰ ਹਾਸਲ ਕਰਨ ਲਈ ਯਤਨ ਕਰਦਾ ਰਹਿੰਦਾ ਹਾਂ।’’ ਕੌਣ ਜਾਣਦਾ ਹੈ, ਹੋ ਸਕਦਾ ਹੈ ਕਿ ਉਸਨੇ ਇਹ ਦੇਖਣ ਲਈ ਤਲਾਅ ਵਿਚ ਇਕ ਪੱਥਰ ਸੁੱਟਿਆ ਹੋਵੇ ਕਿ ਲਹਿਰਾਂ ਕਿੰਨੀ ਦੂਰ ਜਾਂਦੀਆਂ ਹਨ। ਨੇਤਨਯਾਹੂ ਅਤੇ ਉਨ੍ਹਾਂ ਦੇ ਸੱਜੇ-ਪੱਖੀ ਕੈਬਨਿਟ ਸਾਥੀਆਂ ਨੂੰ ਸ਼ਾਂਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਹਮਾਸ ਨੇ ਸ਼ਨੀਵਾਰ ਤੱਕ ਸਾਰੇ ਬੰਧਕਾਂ ਨੂੰ ਰਿਹਾਅ ਨਹੀਂ ਕੀਤਾ ਤਾਂ ‘‘ਸਭ ਕੁਝ ਵਿਗੜ ਜਾਵੇਗਾ’’। ਆਪਣੀ ਕਿਤਾਬ ਵਿਚ ਟਰੰਪ ਇਕ ਰਣਨੀਤੀ ਵਜੋਂ ਅਤਿਕਥਨੀ ਦੀ ਵਰਤੋਂ ਕਰਦੇ ਹਨ। ਇਸ ਖ਼ਤਰੇ ਦਾ ਸਾਹਮਣਾ ਕਰਦਿਆਂ, ਹਮਾਸ ਨੇ ਬਿਲਕੁਲ ਵੀ ਹਿੰਮਤ ਨਹੀਂ ਹਾਰੀ।
ਉਨ੍ਹਾਂ ਨੇ ਟਰੰਪ ਦੇ ‘ਆਦੇਸ਼’ ਅਨੁਸਾਰ ਸਾਰੇ ਬੰਧਕਾਂ ਨੂੰ ਰਿਹਾਅ ਕਰਨ ਦਾ ਐਲਾਨ ਨਹੀਂ ਕੀਤਾ ਹੈ, ਸਗੋਂ ਸਮਝੌਤੇ ਅਨੁਸਾਰ ਸਿਰਫ਼ 3 ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਹੈ। ਕੀ ਟਰੰਪ ਇਸ ਤੋਂ ਖੁਸ਼ ਹੋਣਗੇ, ਜਾਂ ਕੀ ਉਹ ਕਿਤਾਬ ਵਿਚ ਦੱਸੀ ਗਈ ਆਪਣੀ ਰਣਨੀਤੀ ਅਨੁਸਾਰ ‘ਦਬਾਅ’ ਪਾਉਣਗੇ? ਕੀ ਉਹ ਰਣਨੀਤੀ ਅਨੁਸਾਰ ਆਪਣਾ ਗੁੱਸਾ ਗੁਆ ਦੇਣਗੇ ਜੇਕਰ ਸਾਰੇ ਬੰਧਕਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਰਿਹਾਅ ਨਹੀਂ ਕੀਤਾ ਜਾਂਦਾ? ਸਾਊਦੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਹ ਗਾਜ਼ਾ ਲਈ ਜੰਗ ਤੋਂ ਬਾਅਦ ਦੀ ਕਿਸੇ ਵੀ ਯੋਜਨਾ ਵਿਚ ਹਿੱਸਾ ਨਹੀਂ ਲੈਣਗੇ ਜੋ ਫਿਲਸਤੀਨੀ ਆਬਾਦੀ ਨੂੰ ਹਟਾਵੇ। ਕੀ ਇਹ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ (ਐੱਮ. ਬੀ. ਐੱਸ.) ਦੀ ਆਖਰੀ ਸਥਿਤੀ ਹੈ? ਜਾਂ ਕੀ ਉਹ ਮਨਾਉਣ ਲਈ ਤਿਆਰ ਹਨ?
ਸਾਊਦੀ ਅਰਬ ਦੇ ਇਸ ਵਿਚ ਆਸਾਨੀ ਨਾਲ ਸ਼ਾਮਲ ਨਾ ਹੋਣ ਦੇ ਕਈ ਕਾਰਨ ਹਨ। ਗਾਜ਼ਾ ਵਿਚ ਹੋਏ ਕਤਲੇਆਮ ਦੀਆਂ ਭਿਆਨਕ ਤਸਵੀਰਾਂ ਨੇ ਅਰਬ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਾਊਦੀ ਅਰਬ ਇਸ ਬੋਧ ਤੋਂ ਮੁਕਤ ਨਹੀਂ ਹੈ ਕਿ ਸਾਰੇ ਅਰਬ ਲੋਕ 17 (ਸਤਾਰਾਂ) ਮਹੀਨਿਆਂ ਤੋਂ ਗਾਜ਼ਾ ਵਿਚ ਫਿਲਸਤੀਨੀਆਂ ਉੱਤੇ ਹੋ ਰਹੇ ਅੱਤਿਆਚਾਰਾਂ ਨੂੰ ਚੁੱਪਚਾਪ ਦੇਖਦੇ ਰਹੇ। ਅਰਬ ਸ਼ਾਸਨ ਹੁਣ ਗਾਜ਼ਾ ਵਾਸੀਆਂ ਦੀ ਮਦਦ ਕਰਨ ਵਾਲੀਆਂ ਵਿਰੋਧ ਲਹਿਰਾਂ ਦੇ ਖਿਲਾਫ ਖੜ੍ਹੇ ਹੋ ਰਹੇ ਹਨ।
ਇਸ ਤੋਂ ਇਲਾਵਾ, ਸਾਊਦੀ ਅਰਬ ਲਈ ਈਰਾਨ ਨਾਲ ਹੋਏ ਸਮਝੌਤੇ ਨੂੰ ਛੱਡਣਾ ਆਸਾਨ ਨਹੀਂ ਹੈ, ਜਿਸ ਦੀ ਨਿਗਰਾਨੀ ਚੀਨ ਵਲੋਂ ਕੀਤੀ ਜਾ ਰਹੀ ਹੈ। ਬੀਮਾਰ ਕਿੰਗ ਸਲਮਾਨ ਤੋਂ ਬਾਅਦ ਜਦੋਂ ਸਾਊਦੀ ਗੱਦੀ ਲਈ ਬੋਲੀ ਲਗਾਉਣ ਦਾ ਸਮਾਂ ਆਵੇਗਾ ਤਾਂ ਐੱਮ. ਬੀ. ਐੱਸ. ਨੂੰ ਹੋਰ ਅਮਰੀਕੀ ਦਬਾਅ ਦਾ ਸਾਹਮਣਾ ਕਰਨਾ ਪਵੇਗਾ। ਕ੍ਰਾਊਨ ਪ੍ਰਿੰਸ ਦਾ ਆਪਣਾ ਤਜਰਬਾ ਦਰਸਾਉਂਦਾ ਹੈ ਕਿ ਕ੍ਰਾਊਨ ਪ੍ਰਿੰਸ ਆਪਣੇ ਆਪ ਰਾਜਾ ਨਹੀਂ ਬਣ ਜਾਂਦਾ। ਜਦੋਂ ਲੇਖਾ-ਜੋਖਾ ਕਰਨ ਦਾ ਸਮਾਂ ਆਵੇਗਾ, ਤਾਂ ਐੱਮ. ਬੀ. ਐੱਸ. ਨੂੰ ਹਰ ਤਰ੍ਹਾਂ ਦੀ ਹਮਾਇਤ ਦੀ ਲੋੜ ਪਵੇਗੀ। ਅਮਰੀਕਾ ਜੋ ਕਿ ਸਾਊਦੀ ਸਿਸਟਮ ਦਾ ਇਕ ਅਨਿੱਖੜਵਾਂ ਅੰਗ ਹੈ, ਕੋਲ ਫਿਰ ਟਰੰਪ ਕਾਰਡ ਹੋਵੇਗਾ।