ਜੰਮੂ-ਕਸ਼ਮੀਰ ਦਾ ਘਟਨਾਕ੍ਰਮ ਡਰ ਪੈਦਾ ਕਰਦਾ ਹੈ

Wednesday, Jul 10, 2024 - 04:56 PM (IST)

ਜੰਮੂ ਅਤੇ ਕਸ਼ਮੀਰ ਤੋਂ ਲਗਾਤਾਰ ਜੋ ਖਬਰਾਂ ਆਉਣ ਲੱਗੀਆਂ ਹਨ, ਉਹ ਚਿੰਤਾ ਨਾਲੋਂ ਵੀ ਜ਼ਿਆਦਾ ਡਰ ਪੈਦਾ ਕਰਦੀਆਂ ਹਨ। ਡਰ ਇਸ ਗੱਲ ਦਾ ਨਹੀਂ ਹੈ ਕਿ ਸਾਡੀ ਫੌਜ ਦੇ ਜਵਾਨਾਂ ਦਾ ਹੌਸਲਾ ਕਮਜ਼ੋਰ ਹੋਵੇਗਾ ਜਾਂ ਸਾਡੀ ਸਰਕਾਰ ਹੀ ਕਮਜ਼ੋਰ ਪੈ ਜਾਵੇਗੀ ਅਤੇ ਅੱਤਵਾਦੀਆਂ ਅਤੇ ਉਨ੍ਹਾਂ ਦੇ ਪਿੱਛੇ ਬੈਠੇ ਉਨ੍ਹਾਂ ਦੇ ਪਾਕਿਸਤਾਨੀ ਆਕਿਆਂ ਦਾ ਹੌਸਲਾ ਇੰਨਾ ਵਧ ਜਾਵੇਗਾ ਕਿ ਉਹ ਸਾਨੂੰ ਲੰਬੇ ਸਮੇਂ ਤੱਕ ਭਾਰੀ ਪ੍ਰੇਸ਼ਾਨ ਕਰ ਦੇਣਗੇ ਸਗੋਂ ਜੋ ਕੁਝ ਹੋ ਰਿਹਾ ਹੈ, ਉਹ ਇੰਨਾ ਤਾਂ ਦੱਸਦਾ ਹੀ ਹੈ ਕਿ ਅੱਤਵਾਦੀਆਂ ਨੇ ਹਥਿਆਰ ਨਹੀਂ ਸੁੱਟੇ ਹਨ, ਪਾਕਿਸਤਾਨ ਤੋਂ ਘੁਸਪੈਠ ਹੋ ਰਹੀ ਹੈ, ਪਾਕਿਸਤਾਨ ਤੋਂ ਮਦਦ ਜਾਰੀ ਹੈ ਅਤੇ ਸਾਡੇ ਆਪਣੇ ਕਸ਼ਮੀਰੀ ਸਮਾਜ ਤੋਂ ਅੱਤਵਾਦੀਆਂ ਨੂੰ ਮਦਦ ਮਿਲੇ ਨਾ ਮਿਲੇ ਪਰ ਸਾਡੀ ਖੁਫੀਆ ਪ੍ਰਣਾਲੀ ਨੂੰ ਉਨ੍ਹਾਂ ਤੋਂ ਜ਼ਰੂਰੀ ਸੂਚਨਾਵਾਂ ਨਹੀਂ ਮਿਲ ਰਹੀਆਂ ਹਨ।

ਅਜਿਹਾ ਜਾਣਬੁੱਝ ਕੇ ਹੋ ਰਿਹਾ ਹੈ ਜਾਂ ਫੌਜੀ ਮੌਜੂਦਗੀ ਦਾ ਦਬਦਬਾ ਤੇ ਖੌਫ ਅਜਿਹਾ ਕਰਾ ਰਿਹਾ ਹੈ, ਇਹ ਪਤਾ ਨਹੀਂ ਹੈ ਪਰ ਖੁਫੀਆ ਸੂਚਨਾਵਾਂ ’ਚ ਫੌਜ ਤੰਤਰ ਨੂੰ ਲੋੜੀਂਦੀ ਫੀਡ ਨਹੀਂ ਹੈ, ਤਾਂ ਹੀ ਹਮਲੇ ਹੋ ਰਹੇ ਹਨ। ਕਠੂਆ ਦੇ ਬਨਡੋਟਾ ਪਿੰਡ ਕੋਲ ਅੱਤਵਾਦੀਆਂ ਨੇ ਜਿਸ ਤਰ੍ਹਾਂ ਘਾਤ ਲਗਾ ਕੇ ਫੌਜੀ ਵਾਹਨ ’ਤੇ ਹਮਲਾ ਕੀਤਾ ਤੇ 5 ਜਵਾਨਾਂ ਨੂੰ ਮਾਰਨ ਦੇ ਨਾਲ ਹੀ ਕਈਆਂ ਨੂੰ ਜ਼ਖਮੀ ਕਰ ਦਿੱਤਾ, ਉਸ ’ਚ ਉਨ੍ਹਾਂ ਨੂੰ ਇਕ ਸਥਾਨਕ ਅੱਤਵਾਦੀ ਦਾ ਪੂਰਾ ਸਹਿਯੋਗ ਮਿਲਣ ਦੀ ਗੱਲ ਸਾਹਮਣੇ ਆ ਰਹੀ ਹੈ।

ਪਰ ਉਸ ਨਾਲੋਂ ਵੀ ਜ਼ਿਆਦਾ ਚਿੰਤਾ ਦੀ ਗੱਲ ਇਹ ਹੈ ਕਿ ਇਸ ਵਾਰ ਵਾਦੀ ਨਾਲੋਂ ਵੀ ਜ਼ਿਆਦਾ ਵਾਰਦਾਤਾਂ ਜੰਮੂ ਇਲਾਕੇ ’ਚ ਹੋ ਰਹੀਆਂ ਹਨ। ਇਕੱਲੇ ਜੂਨ ’ਚ ਹੀ ਚਾਰ ਵੱਡੀਆਂ ਵਾਰਦਾਤਾਂ ਜੰਮੂ ਇਲਾਕੇ ’ਚ ਹੋ ਚੁੱਕੀਆਂ ਹਨ, ਸਗੋਂ ਮਈ ’ਚ ਤਾਂ ਏਅਰਫੋਰਸ ਦੇ 2 ਹੈਲੀਕਾਪਟਰਾਂ ਤੱਕ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ’ਚ ਇਕ ਜਵਾਨ ਦੀ ਮੌਤ ਵੀ ਹੋਈ। ਕਠੂਆ ਦੇ ਹੀਰਨ ਨਗਰ ’ਚ ਸੈਦਾ ਸੋਹਲ ਪਿੰਡ ’ਚ ਜਦ ਫੌਜ ਅਤੇ ਅੱਤਵਾਦੀਆਂ ’ਚ ਮੁਕਾਬਲਾ ਹੋਇਆ ਤਾਂ ਕੇਂਦਰੀ ਰਿਜ਼ਰਵ ਪੁਲਸ ਦਾ ਇਕ ਜਵਾਨ ਤੇ 2 ਅੱਤਵਾਦੀ ਮਾਰੇ ਗਏ ਸਨ। ਬਨਡੋਟਾ ’ਚ ਕਈ ਜਵਾਨ ਜ਼ਖਮੀ ਹਨ ਤੇ ਲੇਖ ਲਿਖੇ ਜਾਣ ਤੱਕ ਵੀ ਅੱਤਵਾਦੀਆਂ ਵਿਰੁੱਧ ਕਾਰਵਾਈ ਜਾਰੀ ਸੀ। ਦੋ ਜਵਾਨ ਗੰਭੀਰ ਜ਼ਖਮੀ ਸਨ ਅਤੇ ਉਨ੍ਹਾਂ ਨੂੰ ਬਿਲਾਵਰ ਦੇ ਹਸਪਤਾਲ ’ਚ ਭੇਜਿਆ ਗਿਆ ਸੀ।

ਜ਼ਿਕਰਯੋਗ ਹੈ ਕਿ ਜੰਮੂ ਇਲਾਕੇ ਨੂੰ ਮੁਕਾਬਲਤਨ ਸ਼ਾਂਤ ਮੰਨ ਕੇ ਉੱਥੇ ਫੌਜ ਦੀ ਗਿਣਤੀ ਘੱਟ ਕੀਤੀ ਗਈ ਸੀ ਅਤੇ ਇਹ ਰਿਪੋਰਟ ਵੀ ਹੈ ਕਿ ਪਾਕਿਸਤਾਨ ਤੋਂ ਜਿਨ੍ਹਾਂ 70 ਤੋਂ 80 ਅੱਤਵਾਦੀਆਂ ਦੀ ਘੁਸਪੈਠ ਦਾ ਅੰਦਾਜ਼ਾ ਹੈ, ਉਨ੍ਹਾਂ ’ਚੋਂ ਜ਼ਿਆਦਾਤਰ ਅਜੇ ਇਸੇ ਇਲਾਕੇ ’ਚ ਹਨ। ਉਹ 4-4, 5-5 ਦੀਆਂ ਟੋਲੀਆਂ ਬਣਾ ਕੇ ਆਪਣੀਆਂ ਸਰਗਰਮੀਆਂ ਚਲਾ ਰਹੇ ਹਨ ਅਤੇ ਇਹ ਦੱਸਣ ਦਾ ਮਤਲਬ ਨਹੀਂ ਹੈ ਕਿ ਉਹ ਵਾਦੀ ਨੂੰ ਛੱਡ ਗਏ ਹਨ ਅਤੇ ਜਦ ਬਰਫ ਪਵੇਗੀ ਤਾਂ ਵਾਦੀ ਵਾਲੀ ਸਰਹੱਦ ਹੀ ਉਨ੍ਹਾਂ ਲਈ ਘੁਸਪੈਠ ਦਾ ਰਾਹ ਬਣਦੀ ਹੈ।

ਜੰਮੂ-ਕਸ਼ਮੀਰ ਅਤੇ ਖਾਸ ਤੌਰ ’ਤੇ ਜੰਮੂ ਖੇਤਰ ਨੂੰ ਅੱਤਵਾਦੀ ਕਿਉਂ ਵਾਰਦਾਤਾਂ ਲਈ ਚੁਣ ਰਹੇ ਹਨ। ਇਸ ਨੂੰ ਸਮਝਣਾ ਮੁਸ਼ਕਲ ਨਹੀਂ ਹੈ। ਧਾਰਾ 370 ਹਟੇ ਅਤੇ ਸੂੂਬੇ ਦੀ ਵੰਡ ਹੋਏ ਨੂੰ 5 ਸਾਲ ਹੋਣ ਨੂੰ ਆਏ ਹਨ ਅਤੇ ਸੁਪਰੀਮ ਕੋਰਟ ਦਾ ਫੈਸਲਾ ਹੈ ਕਿ ਸਤੰਬਰ ਤੋਂ ਪਹਿਲਾਂ ਜੰਮੂ ਅਤੇ ਕਸ਼ਮੀਰ ’ਚ ਚੋਣਾਂ ਹੋ ਜਾਣੀਆਂ ਚਾਹੀਦੀਆਂ। ਸੂਬੇ ’ਚ ਵਿਧਾਨ ਸਭਾ ਦੀਆਂ ਸੀਟਾਂ ਦੇ ਮੁੜ ਗਠਨ ਦਾ ਕੰਮ ਵੀ ਪੂਰਾ ਹੋ ਚੁੱਕਾ ਹੈ ਅਤੇ ਇਸ ਨੂੰ ਲੈ ਕੇ ਵੀ ਹਲਕੀ ਨਾਰਾਜ਼ਗੀ ਹੈ।

ਅੱਤਵਾਦੀਆਂ ਦੀਆਂ ਗਤੀਵਿਧੀਆਂ ਨਾਲ ਇਨ੍ਹਾਂ ਚੋਣਾਂ ਦਾ ਸਾਫ ਰਿਸ਼ਤਾ ਹੈ। ਅਸੀਂ ਇਹ ਵੀ ਦੇਖਿਆ ਹੈ ਕਿ ਲੰਬੀਆਂ ਚੱਲੀਆਂ ਲੋਕ ਸਭਾ ਚੋਣਾਂ ’ਚ ਵੀ ਅੱਤਵਾਦੀ ਘਟਨਾਵਾਂ ਵਧਣ ਲੱਗੀਆਂ ਸਨ। ਇੱਥੇ ਅਸੀਂ ਲੱਦਾਖ ਖੇਤਰ ਦੀਆਂ ਚੋਣਾਂ ਅਤੇ ਸੂਬੇ ਦੀ ਵੰਡ ਕਰਨ ਵਾਲੀ ਪਾਰਟੀ ਦੇ ਪ੍ਰਦਰਸ਼ਨ ਦੀ ਚਰਚਾ ਨਹੀਂ ਕਰਾਂਗੇ। ਜੰਮੂ ਅਤੇ ਕਸ਼ਮੀਰ ਵਾਦੀ ’ਚ ਸੂਬੇ ਦਾ ਬਟਵਾਰਾ ਮੁੱਦਾ ਸੀ ਅਤੇ ਉਸ ਨਾਲੋਂ ਵੀ ਜ਼ਿਕਰਯੋਗ ਖੁਦ ਚੋਣਾਂ ਸਨ, ਜਿਸ ’ਚ ਲੋਕਾਂ ਦੀ ਹਿੱਸੇਦਾਰੀ ਤਾਂ ਠੀਕ-ਠਾਕ ਹੋਈ ਪਰ ਸਥਾਪਿਤ ਦਲਾਂ ਦੀ ਹਾਲਤ ਖਰਾਬ ਰਹੀ।

ਵੱਡੇ-ਵੱਡੇ ਨੇਤਾ ਹਾਰ ਗਏ। ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ਤੇ ਪੀ. ਡੀ. ਪੀ. ਦੇ ਨੇਤਾ ਤਾਂ ਚੋਣ ਲੜੇ ਅਤੇ ਹਾਰੇ ਪਰ ਭਾਜਪਾ ਅਤੇ ਉਸ ਦੇ ਦੁਲਾਰੇ ਗੁਲਾਮ ਨਬੀ ਆਜ਼ਾਦ ਦੀ ਪਾਰਟੀ ਤਾਂ ਵਾਦੀ ਦੇ ਚੋਣ ਮੈਦਾਨ ’ਚ ਉਤਰਨ ਤੋਂ ਡਰ ਗਈ ਅਤੇ ਮੈਦਾਨ ਹੀ ਛੱਡ ਦਿੱਤਾ। ਲੋਕਾਂ ਨੇ ਵੋਟਾਂ ’ਚ ਹਿੱਸਾ ਲੈ ਕੇ ਜਿਨ੍ਹਾਂ ਨੂੰ ਜਿਤਾਇਆ ਅਤੇ ਜਿਨ੍ਹਾਂ ਨੂੰ ਹਰਾਇਆ, ਉਨ੍ਹਾਂ ਸਾਰਿਆਂ ਰਾਹੀਂ ਆਪਣਾ ਸਾਫ ਲੋਕ ਫਤਵਾ ਦਿੱਤਾ।

ਪਰ ਕੇਂਦਰ ’ਚ ਬੈਠੇ ਨੇਤਾਵਾਂ ਨੇ ਇਸ ਲੋਕ ਫਤਵੇ ਨੂੰ ਠੀਕ ਸਮਝਿਆ ਹੋਵੇ, ਅਜਿਹਾ ਨਹੀਂ ਲੱਗਦਾ। ਹਾਰ ਜਾਂ ਜਿੱਤ ਨੂੰ ਸਿੱਧਾ ਫੇਸ ਕਰਨ ਤੇ ਚੋਣਾਂ ’ਚ ਹਿੱਸਾ ਲੈ ਕੇ ਜੋ ਸੰਦੇਸ਼ ਦਿੱਤਾ ਜਾ ਸਕਦਾ ਸੀ (ਰਾਜੀਵ-ਫਾਰੂਖ ਸਮਝੌਤੇ ਤੋਂ ਬਾਅਦ ਹੋਈਆਂ ਚੋਣਾਂ ’ਚ ਆਪਣੀ ਹਾਰ ਤੋਂ ਬਾਅਦ ਰਾਜੀਵ ਗਾਂਧੀ ਨੇ ਬੜੀ ਨਿਮਰਤਾ ਨਾਲ ਲੋਕ ਫਤਵੇ ਨੂੰ ਸਵੀਕਾਰ ਕੀਤਾ ਸੀ।) ਉਹ ਤਾਂ ਦੂਰ, ਪਤਾ ਨਹੀਂ ਕੀ-ਕੀ ਦਾਅਵੇ ਕੀਤੇ ਜਾਂਦੇ ਰਹੇ। ਰੱਖਿਆ ਮੰਤਰੀ ਅਤੇ ਗ੍ਰਹਿ ਮੰਤਰੀ ਤਾਂ ਇਹ ਬਿਆਨ ਵੀ ਦਿੰਦੇ ਰਹੇ ਕਿ ਪਾਕਿ ਦੇ ਕਬਜ਼ੇ ਵਾਲਾ ਕਸ਼ਮੀਰ ਖੁਦ-ਬ-ਖੁਦ ਸਾਡੇ ਵੱਲ ਆਉਣ ਵਾਲਾ ਹੈ ਕਿਉਂਕਿ ਅਸੀਂ ਜੋ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਅਤੇ ਪਾਕਿਸਤਾਨ ਜੋ ਕਟੋਰਾ ਲੈ ਕੇ ਘੁੰਮ ਰਿਹਾ ਹੈ, ਉਸ ਨੂੰ ਦੇਖ ਕੇ ਹੀ ਕਸ਼ਮੀਰੀ ਲੋਕ ਲੱਟੂ ਹੋ ਗਏ ਹਨ।

ਅਜੇ ਤੱਕ ਸੂਬੇ ’ਚ ਲੱਖਾਂ ਦੀ ਗਿਣਤੀ ’ਚ ਜਵਾਨ ਤਾਇਨਾਤ ਹਨ। ਯਕੀਨੀ ਤੌਰ ’ਤੇ ਇਸ ਕਾਰਨ ਪਹਿਲਾਂ ਦੇ ਮੁਕਾਬਲੇ ਹਾਲ ਤੱਕ ਜ਼ਿਆਦਾ ਸ਼ਾਂਤੀ ਰਹੀ। ਉਨ੍ਹਾਂ ਦੇ ਖਰਚੇ ਦੀ ਗੱਲ ਛੱਡ ਵੀ ਦੇਈਏ ਤਾਂ ਨਿਵੇਸ਼ ਤੋਂ ਲੈ ਕੇ ਬਾਕੀ ਦੇਸ਼ ਦੇ ਜੁੜਾਵ ਦੇ ਜੋ ਸੁਪਨੇ ਦਿਖਾਏ ਗਏ ਸਨ, ਉਹ ਕਿੱਥੇ ਹਨ, ਇਹ ਕੋਈ ਵੀ ਪੁੱਛ ਸਕਦਾ ਹੈ। ਚੋਣਾਂ ’ਚ ਇਸ ਤਰ੍ਹਾਂ ਦੇ ਹਾਰੇ ਹੋਏ ਮੋਹਰਿਆਂ ਅਤੇ ਭਗੌੜੇ ਦਸਤਿਆਂ ’ਤੇ ਲੋਕ ਕਿੰਨਾ ਭਰੋਸਾ ਕਰਨਗੇ, ਕਹਿਣਾ ਮੁਸ਼ਕਲ ਹੈ। ਚੋਣਾਂ ਕਰਾਉਣ ਦੇ ਕ੍ਰਮ ’ਚ ਅਜਿਹੀ ਸਖਤੀ ਨਹੀਂ ਰੱਖੀ ਜਾ ਸਕਦੀ। ਅੱਤਵਾਦੀ ਇਸ ਤਾਕ ’ਚ ਸਨ ਅਤੇ ਹਥਿਆਰ, ਗੋਲਾ, ਬਾਰੂਦ ਤੇ ਟ੍ਰੇਨਿੰਗ ਲੈ ਰਹੇ ਸਨ। ਵਾਰਦਾਤਾਂ ਵਧਣੀਆਂ ਉਸੇ ਦਾ ਸਬੂਤ ਹੈ ਅਤੇ ਯਾਦ ਰੱਖੋ ਕਿ ਹੁਣ ਆਮ ਗੈਰ-ਮੁਸਲਮਾਨ ਲੋਕ ਜਾਂ ਪ੍ਰਵਾਸੀ ਨਿਸ਼ਾਨੇ ’ਤੇ ਨਹੀਂ ਹਨ। ਰਿਆਸੀ ’ਚ ਤੀਰਥ ਯਾਤਰੀਆਂ ਵਾਲੀ ਬੱਸ ਨੂੰ ਨਿਸ਼ਾਨਾ ਬਣਾਉਣ ਤੱਕ ਅਜਿਹੀ ਰਣਨੀਤੀ ਦਿਸਦੀ ਸੀ। ਹੁਣ ਤਾਂ ਸਿੱਧਾ ਫੌਜ ਦੇ ਲੋਕ ਨਿਸ਼ਾਨੇ ’ਤੇ ਹਨ।

ਇਕ ਥਿਊਰੀ ਇਹ ਚੱਲ ਰਹੀ ਹੈ ਕਿ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਉੱਥੋਂ ਦੇ ਇਕ ਰਿਟਾ. ਬ੍ਰਿਗੇਡੀਅਰ ਅਤੇ ਆਈ. ਐੱਸ. ਆਈ. ਦੇ ਆਪ੍ਰੇਟਰ ਆਮੀਰ ਹਮਜਾ ਸਮੇਤ 21 ਕਸ਼ਮੀਰੀ ਅੱਤਵਾਦੀਆਂ ਦੀਆਂ ਰਹੱਸਮਈ ਢੰਗ ਨਾਲ ਹੱਤਿਆਵਾਂ ਦੇ ਬਾਅਦ ਤੋਂ ਹੀ ਇਹ ਵਾਰਦਾਤਾਂ ਤੇ ਘੁਸਪੈਠ ਵਧੀ ਹੈ। ਹਮਜਾ 2018 ’ਚ ਸੁੰਜਵਾਂ ਫੌਜੀ ਕੈਂਪ ’ਤੇ ਹੋਏ ਹਮਲੇ ਨਾਲ ਜੁੜਿਆ ਸੀ। ਉਸ ਦੀ ਤੇ ਇਨ੍ਹਾਂ 21 ਲੋਕਾਂ ਦੀ ਹੱਤਿਆ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਕਰ ਦਿੱਤੀ ਸੀ। ਹੱਤਿਆਰੇ ਕੌਣ ਸਨ, ਇਸ ਦੀ ਤਰ੍ਹਾਂ-ਤਰ੍ਹਾਂ ਦੀ ਵਿਆਖਿਆ ਹੈ ਪਰ ਨਾ ਤਾਂ ਕਿਸੇ ਨੇ ਇਸ ਦਾ ਸਿਹਰਾ ਲੈਣ ਦਾ ਦਾਅਵਾ ਕੀਤਾ ਹੈ, ਨਾ ਕੋਈ ਪੱਕੇ ਸਬੂਤ ਹੀ ਸਾਹਮਣੇ ਆਏ ਹਨ।

ਕਿਹਾ ਜਾਂਦਾ ਹੈ ਕਿ ਇਸ ਦੇ ਬਾਅਦ ਤੋਂ ਹੀ ਆਈ. ਐੱਸ. ਆਈ. ਨੇ ਲਸ਼ਕਰੇ-ਤੋਇਬਾ ਦੇ ਕਮਾਂਡਰ ਸੈਫੁਲਾ ਸੱਜਾਦ ਜੱਟਾ, ਜੋ ਉਸ ਦੇ ਇਕ ਦਸਤੇ ਦੀ ਅਗਵਾਈ ਕਰ ਰਿਹਾ ਹੈ, ਨੂੰ ਇਸ ਦਾ ਬਦਲਾ ਲੈਣ ਦਾ ਜ਼ਿੰਮਾ ਸੌਂਪਿਆ ਹੈ। ਘਟਨਾਵਾਂ ਇਸੇ ਕਾਰਨ ਵਧੀਆਂ ਹਨ। ਹੁਣ ਇਸ ਥਿਊਰੀ ਨੂੰ ਮੰਨਣ ਦਾ ਮਤਲਬ ਪੀ. ਓ. ਕੇ. ’ਚ ਰਾਅ ਦੀਆਂ ਗਤੀਵਿਧੀਆਂ ਦਾ ਵਧਣਾ ਤੇ ਸਹੀ ਮੰਨਣਾ ਹੋਵੇਗਾ ਪਰ ਚੋਣਾਂ ਵਿਚਾਲੇ ਅਜਿਹਾ ਹੋਵੇਗਾ, ਇਹ ਗੈਰ-ਭਰੋਸੇਮੰਦ ਲੱਗਦਾ ਹੈ।

ਅਰਵਿੰਦ ਮੋਹਨ


Tanu

Content Editor

Related News