ਤਿਕੋਣੀ ਜੰਗ ਨਾਲ ਦਿਲਚਸਪ ਹੋਈਆਂ ਦਿੱਲੀ ਚੋਣਾਂ
Thursday, Jan 23, 2025 - 05:21 PM (IST)
ਇਕ ਦਹਾਕੇ ਬਾਅਦ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਦਿਲਚਸਪ ਬਣਾਉਣ ਦਾ ਸਿਹਰਾ ਉਸ ਪਾਰਟੀ ਨੂੰ ਹੈ, ਜਿਸ ਦਾ ਪਿਛਲੀਆਂ 2 ਚੋਣਾਂ ’ਚ ਖਾਤਾ ਨਹੀਂ ਖੁੱਲ੍ਹ ਸਕਿਆ। ਪਿਛਲੀਆਂ 2 ਚੋਣਾਂ ’ਚ ਇਕਪਾਸੜ ਜਿੱਤੀ ਆਮ ਆਦਮੀ ਪਾਰਟੀ (ਆਪ) ਨੂੰ ਇਸ ਵਾਰ ਬਹੁਮਤ ਦਾ ਅੰਕੜਾ ਹਾਸਲ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਇਸ ਲਈ ਵੀ ਲਾਉਣਾ ਪੈ ਰਿਹਾ ਹੈ ਕਿ ਲਗਭਗ 6 ਮਹੀਨੇ ਪਹਿਲਾਂ ਲੋਕ ਸਭਾ ਚੋਣਾਂ ਰਲ ਕੇ ਲੜੀ ਕਾਂਗਰਸ ਨੇ ਵੀ ਉਸ ਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ।
ਇਹ ਵੱਖਰੀ ਗੱਲ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਸਾਢੇ 4 ਫੀਸਦੀ ਤੋਂ ਵੀ ਘੱਟ ਵੋਟਾਂ ਮਿਲੀਆਂ ਸਨ। ਦੋਸਤੀ ਦੇ ਅਚਾਨਕ ਫਿਰ ਤੋਂ ਦੁਸ਼ਮਣੀ ’ਚ ਬਦਲ ਜਾਣ ਦੇ ਪਿੱਛੇ ਦੀ ਅਸਲੀ ਕਹਾਣੀ ਤਾਂ ਕਾਂਗਰਸ ਅਤੇ ‘ਆਪ’ ਦੀ ਹਾਈਕਮਾਨ ਹੀ ਚੰਗੀ ਤਰ੍ਹਾਂ ਜਾਣਦੀ ਹੋਵੇਗੀ ਪਰ ਦੋਵੇਂ ਇਕ-ਦੂਜੇ ਦੇ ਵਿਰੁੱਧ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਸਥਾਨਕ ਨੇਤਾ ਤਾਂ ਲੋਕ ਸਭਾ ਚੋਣਾਂ ਦੇ ਬਾਅਦ ਤੋਂ ਹੀ ਇਕ-ਦੂਜੇ ’ਤੇ ਨਿਸ਼ਾਨਾ ਲਾਉਣ ਲੱਗ ਪਏ ਸਨ, ਹੁਣ ਇਸ ’ਚ ਹਾਈਕਮਾਨ ਦੀ ਵੀ ‘ਐਂਟਰੀ’ ਹੋ ਗਈ ਹੈ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਘੱਟਗਿਣਤੀ ਵਸੋਂ ਵਾਲੇ ਸੀਲਮਪੁਰ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਦੇ ਹੋਏ ਸਿੱਧਾ ਦੋਸ਼ ਲਾਇਆ ਕਿ ‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਝੂਠੇ ਵਾਅਦੇ ਕਰਦੇ ਹਨ। ਕੇਜਰੀਵਾਲ ਨੇ ਵੀ ਜਵਾਬ ਦੇਣ ’ਚ ਦੇਰ ਨਹੀਂ ਲਗਾਈ। ਕੇਜਰੀਵਾਲ ਦੀ ਟਿੱਪਣੀ ਸੀ : ਉਹ ਕਾਂਗਰਸ ਬਚਾਉਣ ਦੀ ਲੜਾਈ ਲੜ ਰਹੇ ਹਨ, ਜਦਕਿ ਮੈਂ ਦੇਸ਼ ਬਚਾਉਣ ਦੀ।
ਕੇਜਰੀਵਾਲ ਨੂੰ ਮੋਦੀ ਦੀ ਤਰ੍ਹਾਂ ਹੀ ਝੂਠੇ ਵਾਅਦਿਆਂ ਲਈ ਕਟਹਿਰੇ ’ਚ ਖੜ੍ਹਾ ਕਰਨ ਨਾਲ ਅਜਿਹਾ ਲੱਗ ਸਕਦਾ ਹੈ ਕਿ ਕਾਂਗਰਸ ਆਪਣੇ ਦੋਵੇਂ ਸਿਆਸੀ ਵਿਰੋਧੀਆਂ ’ਤੇ ਇਕੀ-ਜਿਹੀ ਹਮਲਾਵਰ ਹੈ ਪਰ ਅਸਲ ’ਚ ਉਸ ਦੇ ਨਿਸ਼ਾਨੇ ’ਤੇ ‘ਆਪ’ ਵੱਧ ਹੈ।
ਜਿਸ ਸ਼ਰਾਬ ਨੀਤੀ ਘਪਲੇ ’ਚ ਕੇਜਰੀਵਾਲ ਸਮੇਤ ਪ੍ਰਮੁੱਖ ‘ਆਪ’ ਨੇਤਾ ਜੇਲ ਗਏ, ਉਸ ਦੀ ਸ਼ਿਕਾਇਤ ਕਦੇ ਕਾਂਗਰਸ ਨੇ ਹੀ ਕੀਤੀ ਸੀ। ਹਾਲ ਹੀ ’ਚ ‘ਆਪ’ ਦੀ ਮਹਿਲਾ ਸਨਮਾਨ ਯੋਜਨਾ ਦੀ ਸ਼ਿਕਾਇਤ ਵੀ ਕਾਂਗਰਸ ਨੇ ਹੀ ਉਪ-ਰਾਜਪਾਲ ਕੋਲ ਕੀਤੀ।
ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਕੇਜਰੀਵਾਲ ਦੇ ਵਿਰੁੱਧ ਚੋਣ ਲੜ ਰਹੇ ਸਾਬਕਾ ਸੰਸਦ ਮੈਂਬਰ ਸੰਦੀਪ ਦੀਕਸ਼ਿਤ ਨੇ ਪੰਜਾਬ ਪੁਲਸ ਵਲੋਂ ਕਾਂਗਰਸ ਉਮੀਦਵਾਰਾਂ ਦੀ ਜਾਸੂਸੀ ਅਤੇ ਚੋਣਾਂ ਲਈ ਪੰਜਾਬ ਤੋਂ ਦਿੱਲੀ ਕੈਸ਼ ਲਿਆਉਣ ਦੀ ਸ਼ਿਕਾਇਤ ਵੀ ਉਪ-ਰਾਜਪਾਲ ਕੋਲ ਕੀਤੀ। ਜ਼ਾਹਿਰ ਹੈ ਜਾਂਚ ਸ਼ੁਰੂ ਹੋ ਚੁੱਕੀ ਹੈ। ਕਥਿਤ ਸ਼ੀਸ਼ ਮਹਿਲ ਦੇ ਮੁੱਦੇ ’ਤੇ ਵੀ ਕਾਂਗਰਸ ਭਾਜਪਾ ਤੋਂ ਘੱਟ ਹਮਲਾਵਰ ਨਹੀਂ ਹੈ।
ਕਾਂਗਰਸ ਇਸ ਵਾਰ ‘ਆਪ’ ਦੇ ਪ੍ਰਮੁੱਖ ਨੇਤਾਵਾਂ ਦੀ ਚੋਣ ਘੇਰਾਬੰਦੀ ਵੀ ਕਰ ਰਹੀ ਹੈ। ਸੰਦੀਪ ਦੀਕਸ਼ਿਤ ਤਾਂ 3 ਵਾਰ ਕਾਂਗਰਸੀ ਮੁੱਖ ਮੰਤਰੀ ਰਹੀ ਸ਼ੀਲਾ ਦੀਕਸ਼ਿਤ ਦੇ ਪੁੱਤਰ ਹਨ ਹੀ, ਮੁੱਖ ਮੰਤਰੀ ਆਤਿਸ਼ੀ ਦੇ ਵਿਰੁੱਧ ਮਹਿਲਾ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਦਕਿ ਉਪ-ਮੁੱਖ ਮੰਤਰੀ ਰਹੇ ਮਨੀਸ਼ ਸਿਸੋਦੀਆ ਵਿਰੁੱਧ ਸਾਬਕਾ ਮੇਅਰ ਫਰਹਾਦ ਸੂਰੀ ਨੂੰ।
ਖਾਸ ਗੱਲ ਇਹ ਵੀ ਕਿ ਕਾਂਗਰਸ ਦਾ ਫੋਕਸ ਉਨ੍ਹਾਂ 2 ਦਰਜਨ ਸੀਟਾਂ ’ਤੇ ਵੱਧ ਹੈ, ਜੋ ਝੁੱਗੀ-ਝੌਂਪੜੀ ਅਤੇ ਘੱਟਗਿਣਤੀ ਬਹੁ-ਵਸੋਂ ਵਾਲੀਆਂ ਹਨ। ਗਰੀਬ, ਦਲਿਤ ਅਤੇ ਘੱਟਗਿਣਤੀ ਦਿੱਲੀ ’ਚ ਕਾਂਗਰਸ ਦਾ ਰਵਾਇਤੀ ਵੋਟ ਬੈਂਕ ਰਹੇ ਪਰ 2013 ’ਚ ਬਣੀ ‘ਆਪ’ ਹੌਲੀ-ਹੌਲੀ ਉਨ੍ਹਾਂ ਨੂੰ ਆਪਣੇ ਵੱਲ ਕਰ ਗਈ।
ਬੇਸ਼ੱਕ ਇਸ ਦੇ ਲਈ ਕਾਂਗਰਸ ਵੀ ਘੱਟ ਜ਼ਿੰਮੇਵਾਰ ਨਹੀਂ। ਇਹ ਦੇਖਦੇ ਹੋਏ ਵੀ ਕਿ ਉਸੇ ਦੀ ਸਰਕਾਰ ’ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਮੱਦੇਨਜ਼ਰ ਜਨ ਲੋਕਪਾਲ ਅੰਦੋਲਨ ਕਰਨ ਵਾਲੇ ਅੰਨਾ ਹਜ਼ਾਰੇ ਦੇ ਕੁਝ ਚੇਲਿਆਂ ਵਲੋਂ ਬਣਾਈ ਗਈ ‘ਆਪ’ ਨੇ ਪਹਿਲੀ ਹੀ ਚੋਣ ’ਚ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ, ਕਾਂਗਰਸ ਨੇ 2013 ਦੀਆਂ ਵਿਧਾਨ ਸਭਾ ਚੋਣਾਂ ’ਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਭਾਜਪਾ ਨੂੰ ਸੱਤਾ ਤੋਂ ਰੋਕਣ ਲਈ ਅਰਵਿੰਦ ਕੇਜਰੀਵਾਲ ਦੀ ਸਰਕਾਰ ਦਿੱਲੀ ’ਚ ਬਣਵਾ ਦਿੱਤੀ।
ਜਦੋਂ ‘ਆਪ’ ਹੀ ਦਿੱਲੀ ਦੀ ਸਿਆਸਤ ’ਚ ਭਾਜਪਾ ਨੂੰ ਚੁਣੌਤੀ ਦਿੰਦੀ ਦਿਸੀ ਤਾਂ ਕਾਂਗਰਸ ਦੇ ਵੋਟ ਬੈਂਕ ਦਾ ਇਕ ਹੋਰ ਵੱਡਾ ਹਿੱਸਾ ਉਸ ਦੇ ਪਾਲੇ ’ਚ ਚਲਾ ਗਿਆ। ਬੇਸ਼ੱਕ ਉਸ ’ਚ ਕੇਜਰੀਵਾਲ ਦੇ ਲੋਕ-ਭਰਮਾਉਣੇ ਐਲਾਨਾਂ ਦੀ ਵੱਡੀ ਭੂਮਿਕਾ ਰਹੀ ਪਰ ਨਤੀਜਾ ਇਹ ਨਿਕਲਿਆ ਕਿ ਲਗਾਤਾਰ ਤਿੰਨ ਵਾਰ ਸਰਕਾਰ ਬਣਾਉਣ ਵਾਲੀ ਕਾਂਗਰਸ ਜੋ 2013 ’ਚ ਅੱਠ ਸੀਟਾਂ ’ਤੇ ਸੁੰਗੜ ਗਈ ਸੀ, 2015 ਅਤੇ 2020 ’ਚ ਖਾਤਾ ਤਕ ਨਾ ਖੋਲ੍ਹ ਸਕੀ। ਇਹ ਸਮਝਣਾ ਔਖਾ ਨਹੀਂ ਕਿ ‘ਆਪ’ ਮੂਲ ਤੌਰ ’ਤੇ ਕਾਂਗਰਸ ਕੋਲੋਂ ਖੋਹੇ ਗਏ ਲੋਕ ਆਧਾਰ ’ਤੇ ਹੀ ਖੜ੍ਹੀ ਹੈ।
ਡਿੱਗਦੇ ਵੋਟ ਫੀਸਦੀ ਦੇ ਕਾਰਨ ਕਾਂਗਰਸ ਦੇ ਕੁਝ ਨੇਤਾ ਵੀ ਦੂਜੀਆਂ ਪਾਰਟੀਆਂ ’ਚ ਚਲੇ ਗਏ। ਲੋਕ ਸਭਾ ਚੋਣਾਂ ਰਲ ਕੇ ਲੜਨ ਦੇ 6 ਮਹੀਨੇ ਬਾਅਦ ਹੀ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਹਮਲਾਵਰ ਤੇਵਰਾਂ ਦੇ ਮੂਲ ’ਚ ਹਾਈਕਮਾਨ ’ਤੇ ਵਧਦਾ ਇਹ ਦਬਾਅ ਵੀ ਹੈ ਕਿ ਦੇਸ਼ ਦੀ ਰਾਜਧਾਨੀ ’ਚ ਹੀ ਪਾਰਟੀ ਹੋਂਦ ਦੇ ਸੰਕਟ ਦੇ ਰੂ-ਬ-ਰੂ ਹੈ। ਅਗਲੀਆਂ ਲੋਕ ਸਭਾ ਚੋਣਾ ਬੜੀਆਂ ਦੂਰ ਹਨ, ਉਦੋਂ ਦੀ ਰਣਨੀਤੀ ਉਦੋਂ ਦੇਖੀ ਜਾਵੇਗੀ।
ਫਿਲਹਾਲ ਸਮੇਂ ਦਾ ਤਕਾਜ਼ਾ ਆਪਣੀ ਜ਼ਮੀਨ ਬਚਾਉਣ ਅਤੇ ਖੁੱਸੀ ਹੋਈ ਜ਼ਮੀਨ ਵਾਪਸ ਹਾਸਲ ਕਰਨ ਦਾ ਹੈ, ਜਿਸ ਦੇ ਲਈ ‘ਇੰਡੀਆ’ ਗੱਠਜੋੜ ’ਚ ਦੋਸਤ, ਛੋਟੀਆਂ ਅਤੇ ਖੇਤਰੀ ਪਾਰਟੀਆਂ ਨਾਲ ਟਕਰਾਅ ਵੀ ਰਹੇਗਾ। ਜ਼ਾਹਿਰ ਹੈ ਕਿ ਦਿੱਲੀ ਅਤੇ ਸਰਕਾਰ ਦੀ ਸੱਤਾ ਕਾਂਗਰਸ ਕੋਲੋਂ ਖੋਹਣ ਵਾਲੀ ‘ਆਪ’ ਨੇ ਗੁਜਰਾਤ ਅਤੇ ਗੋਆ ’ਚ ਵੀ ਕਾਂਗਰਸ ਦੇ ਲੋਕ ਆਧਾਰ ’ਚ ਵੱਡੀ ਸੰਨ੍ਹ ਲਗਾ ਕੇ ਭਾਜਪਾ ਨੂੰ ਅਣਕਿਆਸਾ ਲਾਭ ਪਹੁੰਚਾਇਆ ਹੈ।
ਭਾਜਪਾ ਨੇ ਵੀ ਕੇਜਰੀਵਾਲ ਵਿਰੁੱਧ ਆਪਣੇ ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਸਾਬਕਾ ਸੰਸਦ ਮੈਂਬਰ ਪੁੱਤਰ ਪ੍ਰਵੇਸ਼ ਵਰਮਾ ਨੂੰ ਉਮੀਦਵਾਰ ਬਣਾਇਆ ਹੈ ਤਾਂ ਆਤਿਸ਼ੀ ਦੇ ਵਿਰੁੱਧ ਵੀ ਇਕ ਸਾਬਕਾ ਸੰਸਦ ਮੈਂਬਰ ਰਮੇਸ਼ ਬਿਧੂੜੀ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਲੋਕਾਂ ਨੂੰ ਭਰਮਾਉਣ ਵਾਲੇ ਵਾਅਦਿਆਂ ’ਚ ਤਾਂ ਹੁਣ ਕੋਈ ਪਾਰਟੀ ਕਿਸੇ ਤੋਂ ਪਿੱਛੇ ਰਹਿੰਦੀ ਹੀ ਨਹੀਂ। ਤਿੰਨਾਂ ਪਾਰਟੀਆਂ ਦੇ ਵੱਖ-ਵੱਖ ਨਾਮਕਰਨ ਨਾਲ ਜਾਰੀ ਚੋਣ ਐਲਾਨ ਪੱਤਰਾਂ ’ਚ ਮੁਫਤ ਦੀਆਂ ਰਿਓੜੀਆਂ ਦੀ ਭਰਮਾਰ ਵੀ ਇਸ ਦੀ ਪੁਸ਼ਟੀ ਕਰਦੀ ਹੈ।
ਅਜਿਹੇ ’ਚ ਹੁਣ ਚੋਣ ਸਾਖ ਅਤੇ ਪ੍ਰਬੰਧਾਂ ’ਤੇ ਵੱਧ ਨਿਰਭਰ ਹੈ। ਕਾਂਗਰਸ ਦੀ ਕੋਸ਼ਿਸ਼ ਆਪਣਾ ਵੋਟ ਬੈਂਕ ਵਾਪਸ ਖੋਹਣ ਦੀ ਹੈ ਤਾਂ ਭਾਜਪਾ ਦੀ ਕਵਾਇਦ ‘ਆਪ’ ਨੂੰ ਬਹੁਮਤ ਦੇ ਅੰਕੜੇ (36 ਸੀਟਾਂ) ਤੋਂ ਹੇਠਾਂ ਰੋਕਣ ਦੀ ਹੈ।
ਰਾਜ ਕੁਮਾਰ ਸਿੰਘ