‘ਸਾਈਬਰ ਧੋਖਾਦੇਹੀ ਜ਼ੋਰਾਂ ’ਤੇ’ ਲੁੱਟੇ ਜਾ ਰਹੇ ਵੱਡੀ ਗਿਣਤੀ ’ਚ ਲੋਕ!
Sunday, Nov 29, 2026 - 03:57 AM (IST)
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਦੀ ਰਿਪੋਰਟ ਅਨੁਸਾਰ ਸਾਲ 2022 ’ਚ ਦੇਸ਼ ’ਚ ਸਾਈਬਰ ਕ੍ਰਾਈਮ ਦੇ 65,893 ਮਾਮਲੇ ਦਰਜ ਕੀਤੇ ਗਏ ਸਨ। ਸਾਲ 2023 ’ਚ ਇਨ੍ਹਾਂ ’ਚ 31.2 ਫੀਸਦੀ ਦੀ ਤੇਜ਼ੀ ਆਈ ਅਤੇ ਇਹ ਗਿਣਤੀ ਵਧ ਕੇ 86,420 ਹੋ ਗਈ। ਸਾਲ 2026 ’ਚ ਵੀ ਇਹ ਸਿਲਸਿਲਾ ਜਾਰੀ ਰਿਹਾ ਅਤੇ ਇਸੇ ਮਹੀਨੇ ਸਾਹਮਣੇ ਆਏ ਸਾਈਬਰ ਧੋਖਾਦੇਹੀ ਦੇ ਕੁਝ ਮਾਮਲੇ ਹੇਠਾਂ ਦਰਜ ਹਨ :
* 3 ਨਵੰਬਰ ਨੂੰ ‘ਅਮਰੇਲੀ’ (ਗੁਜਰਾਤ) ’ਚ ‘ਐੱਸ. ਡੀ. ਪੇ’ ਨਾਂ ਦੇ ਐਪ ਰਾਹੀਂ ਦੇਸ਼ ਭਰ ਦੇ 6.52 ਲੱਖ ਤੋਂ ਵੱਧ ਲੋਕਾਂ ਨਾਲ 1211 ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ। ਇਸ ਸਿਲਸਿਲੇ ’ਚ 12 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ।
* 10 ਨਵੰਬਰ ਨੂੰ ਤਾਮਿਲਨਾਡੂ ਦੇ ਪੇਂਡੂ ਵਿਕਾਸ ਵਿਭਾਗ ਦੇ ਸਰਕਾਰੀ ਬੈਂਕ ਖਾਤਿਆਂ ’ਚੋਂ ਸਾਈਬਰ ਅਪਰਾਧੀਆਂ ਨੇ 22.10 ਕਰੋੜ ਰੁਪਏ ਦੀ ਧੋਖਾਦੇਹੀ ਕੀਤੀ।
* 11 ਨਵੰਬਰ ਨੂੰ ‘ਬੈਂਗਲੁਰੂ’ (ਕਰਨਾਟਕ) ਦੇ ‘ਵ੍ਹਾਈਟਫੀਲਡ’ ਸਥਿਤ ਇਕ ਡਿਜੀਟਲ ਵਿੱਤੀ ਸੇਵਾ ਕੰਪਨੀ ਦੇ ਖਾਤੇ ’ਚੋਂ 301 ਅਣਅਧਿਕਾਰਤ ਟਰਾਂਜ਼ੈਕਸ਼ਨਾਂ ਰਾਹੀਂ 31.43 ਕਰੋੜ ਰੁਪਏ ਕੱਢ ਲਏ ਗਏ।
* 18 ਨਵੰਬਰ ਨੂੰ ਹੈਕਰਾਂ ਨੇ ਦਿੱਲੀ ਸਥਿਤ ਇਕ ਫਾਈਨਾਂਸ ਫਰਮ ਦੇ ਸਿਸਟਮ ’ਚ ਸੰਨ੍ਹ ਲਾ ਕੇ ਸਿਰਫ਼ ਡੇਢ ਘੰਟੇ ਦੇ ਅੰਦਰ ਉਸ ਦੇ ਖਾਤਿਆਂ ’ਚੋਂ 41 ਕਰੋੜ ਰੁਪਏ ਉਡਾ ਲਏ। ਜਾਂਚ ’ਚ ਇਸ ਧੋਖਾਦੇਹੀ ਦੀਆਂ ਤਾਰਾਂ ਹਾਂਗਕਾਂਗ ਨਾਲ ਜੁੜੀਆਂ ਮਿਲੀਆਂ।
* 19 ਨਵੰਬਰ ਨੂੰ ਸਾਈਬਰ ਠੱਗਾਂ ਨੇ ਇਕ ਸੇਵਾਮੁਕਤ ਰੱਖਿਆ ਅਧਿਕਾਰੀ (66) ਨੂੰ ਡਿਜੀਟਲ ਅਰੈਸਟ ਦਾ ਡਰ ਦਿਖਾ ਕੇ ਉਸ ਤੋਂ 2.02 ਕਰੋੜ ਰੁਪਏ ਠੱਗ ਲਏ। ਇਸ ਮਾਮਲੇ ’ਚ ਦਿੱਲੀ ਪੁਲਸ ਦੀ ਆਈ. ਐੱਫ. ਐੱਸ. ਓ. ਯੂਨਿਟ ਨੇ ਲਖਨਊ ਤੋਂ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।
* 22 ਨਵੰਬਰ ਨੂੰ ਦਿੱਲੀ ਪੁਲਸ ਨੇ ਲੋਕਾਂ ਨੂੰ ਖ਼ਤਰਨਾਕ ‘ਏ. ਪੀ. ਕੇ.’ ਫਾਈਲ ਭੇਜ ਕੇ ਉਨ੍ਹਾਂ ਦੇ ਫੋਨ ਹੈਕ ਕਰ ਕੇ ਉਨ੍ਹਾਂ ਨਾਲ 20 ਕਰੋੜ ਰੁਪਏ ਦੀ ਠੱਗੀ ਕਰ ਚੁੱਕੇ 22 ਸਾਈਬਰ ਠੱਗਾਂ ਨੂੰ ਗ੍ਰਿਫ਼ਤਾਰ ਕੀਤਾ।
* 24 ਨਵੰਬਰ ਨੂੰ ‘ਦਿੱਲੀ’ ਦੇ ‘ਕਰਾਵਲ ਨਗਰ’ ਨਿਵਾਸੀ ਇਕ ਵਿਅਕਤੀ ਨੂੰ ਸੋਸ਼ਲ ਮੀਡੀਆ ਐਪ ਰਾਹੀਂ ਨਿਵੇਸ਼ ’ਤੇ ਮੋਟੇ ਮੁਨਾਫ਼ੇ ਦਾ ਲਾਲਚ ਦੇ ਕੇ ਉਸ ਨਾਲ ਲੱਗਭਗ 24 ਲੱਖ ਰੁਪਏ ਦੀ ਠੱਗੀ ਕਰ ਲਈ ਗਈ। ਦਿੱਲੀ ਸਾਈਬਰ ਪੁਲਸ ਨੇ ਇਸ ਮਾਮਲੇ ’ਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
* 26 ਨਵੰਬਰ ਨੂੰ ‘ਸੀਕਰ’ (ਰਾਜਸਥਾਨ) ’ਚ ਸਾਈਬਰ ਠੱਗਾਂ ਨੇ ਇਕ ਵਿਅਕਤੀ ਦੇ ਬੈਂਕ ਖਾਤੇ ’ਚੋਂ 2.32 ਲੱਖ ਰੁਪਏ ਕੱਢ ਲਏ ਅਤੇ ਉਸ ਕੋਲ ਕੋਈ ਵੀ ਓ. ਟੀ. ਪੀ. ਜਾਂ ਫੋਨ ਵੀ ਨਹੀਂ ਆਇਆ।
* 27 ਨਵੰਬਰ ਨੂੰ ਹੀ ‘ਦਿੱਲੀ ਪੁਲਸ’ ਨੇ ਸਾਈਬਰ ਠੱਗਾਂ ਨੂੰ ਫ਼ਰਜ਼ੀ ਬੈਂਕ ਖਾਤੇ ਮੁਹੱਈਆ ਕਰਵਾਉਣ ਵਾਲੇ ਇਕ ਨੈੱਟਵਰਕ ਦਾ ਪਰਦਾਫਾਸ਼ ਕਰ ਕੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਖਾਤਿਆਂ ’ਚ 2 ਕਰੋੜ ਰੁਪਏ ਦੇ ਸ਼ੱਕੀ ਲੈਣ-ਦੇਣ ਫੜੇ ਗਏ।
* 27 ਨਵੰਬਰ ਨੂੰ ਹੀ ‘ਸੂਰਤ’ (ਗੁਜਰਾਤ) ’ਚ ਇਕ ਵਿਅਕਤੀ ਵੱਲੋਂ ਵ੍ਹਟਸਐਪ ’ਤੇ ਭੇਜੇ ਗਏ ਵਿਆਹ ਦੇ ਫ਼ਰਜ਼ੀ ਸੱਦਾ-ਪੱਤਰ ਦੀ ਏ. ਪੀ. ਕੇ. ਫਾਈਲ ਨੂੰ ਡਾਊਨਲੋਡ ਕਰਦੇ ਹੀ ਉਸ ਦਾ ਮੋਬਾਈਲ ਫੋਨ ਹੈਕ ਹੋ ਗਿਆ ਅਤੇ ਉਸ ਦੇ ਬੈਂਕ ਖਾਤੇ ’ਚੋਂ 10.02 ਲੱਖ ਰੁਪਏ ਨਿਕਲ ਗਏ। ਸੂਰਤ ਪੁਲਸ ਨੇ ਇਸ ਸਿਲਸਿਲੇ ’ਚ ‘ਬਿਜਨੌਰ’ (ਉੱਤਰ ਪ੍ਰਦੇਸ਼) ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
* ਅਤੇ ਹੁਣ 28 ਨਵੰਬਰ ਨੂੰ ‘ਸਿਵਾਨ’ (ਬਿਹਾਰ) ਦੇ ‘ਟੜਵਾ’ ਪਿੰਡ ’ਚ ਸਾਈਬਰ ਥਾਣਾ ਪੁਲਸ ਨੇ ਛਾਪੇਮਾਰੀ ਕਰ ਕੇ ਆਨਲਾਈਨ ਗੇਮਿੰਗ ਰਾਹੀਂ ਠੱਗੀ ਕਰਨ ਵਾਲੇ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਕਈ ਬੈਂਕਾਂ ਦੀਆਂ ਪਾਸਬੁੱਕਾਂ, 35 ਮੋਬਾਈਲ ਫੋਨ ਅਤੇ ਏ. ਟੀ. ਐੱਮ. ਕਾਰਡ ਬਰਾਮਦ ਕੀਤੇ।
ਇਸੇ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ 24 ਨਵੰਬਰ ਨੂੰ ਕੇਂਦਰ ਸਰਕਾਰ ਨੇ ਲੋਕਾਂ ਨੂੰ ਸਰਕਾਰੀ ਅਤੇ ਸੰਵੇਦਨਸ਼ੀਲ ਕੰਮਾਂ ਲਈ ਵ੍ਹਟਸਐਪ ਵੈੱਬ ਦੀ ਵਰਤੋਂ ਨਾ ਕਰਨ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ, ਕਿਉਂਕਿ ਹੈਕਰਜ਼ ਇਸ ਰਾਹੀਂ ਅਕਾਊਂਟ ਹੈਕ ਕਰ ਰਹੇ ਹਨ।
ਸਰਕਾਰੀ ਅਤੇ ਨਿੱਜੀ ਬੈਂਕਾਂ ਤੋਂ ਇਲਾਵਾ ਆਰ. ਬੀ. ਆਈ. ਅਤੇ ਟੈਲੀਕਾਮ ਕੰਪਨੀਆਂ ਵੱਲੋਂ ਮਿਲ ਕੇ ‘ਵਨ ਟਾਈਮ ਪਾਸਵਰਡ ਸੁਰੱਖਿਆ’, ‘ਏ. ਆਈ. ਮਾਨੀਟਰਿੰਗ’ ਅਤੇ ‘ਜਾਗਰੂਕਤਾ ਮੁਹਿੰਮ’ ਚਲਾਉਣ ਦੇ ਬਾਵਜੂਦ ਦੇਸ਼ ’ਚ ਇਹ ਅਪਰਾਧ ਵਧ ਰਹੇ ਹਨ। ਇਸ ਲਈ ਇਸ ਬਾਰੇ ਲੋਕਾਂ ’ਚ ਜਾਗਰੂਕਤਾ ਵਧਾਉਣ ਤੋਂ ਇਲਾਵਾ ਪੀੜਤਾਂ ਨੂੰ ਤੁਰੰਤ ਇਨਸਾਫ਼ ਦਿਵਾਉਣ ਅਤੇ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।
-ਵਿਜੇ ਕੁਮਾਰ
