ਖੁਦ ਨੂੰ ਮਸੀਹਾ ਸਮਝਦੇ ਹਨ ਅਪਰਾਧੀ

Tuesday, Oct 22, 2024 - 07:00 PM (IST)

ਖੁਦ ਨੂੰ ਮਸੀਹਾ ਸਮਝਦੇ ਹਨ ਅਪਰਾਧੀ

ਇਹ ਦੇਸ਼ ਦੀ ਬਦਕਿਸਮਤੀ ਹੈ ਕਿ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈਣ ਵਾਲੇ ਅਤੇ ਅਪਰਾਧਾਂ ਦੇ ਡਰ ਨਾਲ ਸਰਕਾਰ ਦੇ ਸਮਾਨਾਂਤਰ ਸੱਤਾ ਸਥਾਪਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਚਲਾਕ ਅਪਰਾਧੀਆਂ ਨੂੰ ਨਾਇਕਾਂ ਵਜੋਂ ਵਡਿਆਉਣ ਦੇ ਯਤਨ ਕੀਤੇ ਜਾਂਦੇ ਹਨ। ਸੋਸ਼ਲ ਮੀਡੀਆ ਇਸ ਮਾਮਲੇ ’ਚ ਅੱਗ ’ਚ ਘਿਓ ਪਾਉਣ ਦਾ ਕੰਮ ਕਰਦਾ ਹੈ।

ਦੇਸ਼ ਵਿਚ ਸੰਗਠਿਤ ਅਪਰਾਧ ਗਿਰੋਹ ਚਲਾਉਣ ਵਾਲੇ ਅੱਤਵਾਦੀਆਂ ਤੋਂ ਲੈ ਕੇ ਅਪਰਾਧੀਆਂ ਤੱਕ ਇਹ ਰੁਝਾਨ ਜਾਰੀ ਹੈ। ਇਸ ਵਿਚ ਚਾਹੇ ਉਹ ਅੱਤਵਾਦੀ ਬੁਰਹਾਨ ਵਾਨੀ ਹੋਵੇ ਜਾਂ ਗੈਂਗਸਟਰ ਲਾਰੈਂਸ ਬਿਸ਼ਨੋਈ, ਕਾਨੂੰਨ ਦੀ ਨਜ਼ਰ ਵਿਚ ਅਪਰਾਧੀ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਮਸੀਹਾ ਸਾਬਤ ਕਰਨ ਦੀ ਕੋਸ਼ਿਸ਼ ਵਿਚ ਆਪਣੇ ਦਾਗ ਛੁਪਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਮੰਦਭਾਗੀ ਗੱਲ ਇਹ ਹੈ ਕਿ ਨੌਕਰਸ਼ਾਹਾਂ ਅਤੇ ਸਿਆਸਤਦਾਨਾਂ ਨੇ ਅੱਤਵਾਦੀਆਂ, ਮਾਫੀਆ ਜਾਂ ਗੈਂਗਸਟਰਾਂ ਦੇ ਕਾਲੇ ਕਾਰਨਾਮਿਆਂ ਦੀ ਸਿੱਧੇ ਅਤੇ ਅਸਿੱਧੇ ਤੌਰ ’ਤੇ ਪੁਸ਼ਤਪਨਾਹੀ ਕੀਤੀ ਹੋਈ ਹੈ।

ਮੁੰਬਈ ਵਿਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਬਾਬਾ ਸਿੱਦੀਕੀ ਦਾ ਕਤਲ ਸੁਰਖੀਆਂ ਵਿਚ ਹੈ। ਇਸ ਮਾਮਲੇ ’ਚ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਹੱਥ ਦੱਸਿਆ ਜਾ ਰਿਹਾ ਹੈ। ਸਿੱਦੀਕੀ ਫਿਲਮ ਅਦਾਕਾਰ ਸਲਮਾਨ ਖਾਨ ਦੇ ਕਰੀਬੀ ਸਨ। ਇਹ ਹੀ ਕਤਲ ਦਾ ਕਾਰਨ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬਿਸ਼ਨੋਈ ਦੀ ਸਲਮਾਨ ਖਾਨ ਨਾਲ ਪੁਰਾਣੀ ਇਕਤਰਫਾ ਦੁਸ਼ਮਣੀ ਹੈ।

ਸਲਮਾਨ ’ਤੇ ਕਰੀਬ ਡੇਢ ਦਹਾਕਾ ਪਹਿਲਾਂ ਜੋਧਪੁਰ ’ਚ ਸ਼ੂਟਿੰਗ ਦੌਰਾਨ ਕਾਲੇ ਹਿਰਨ ਦਾ ਸ਼ਿਕਾਰ ਕਰਨ ਦਾ ਦੋਸ਼ ਹੈ। ਇਸ ਇਲਜ਼ਾਮ ਤੋਂ ਬਾਅਦ ਬਿਸ਼ਨੋਈ ਗੈਂਗ ਸਲਮਾਨ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਪਿੱਛੇ ਪਿਆ ਹੋਇਆ ਹੈ। ਦਰਅਸਲ, ਰਾਜਸਥਾਨ ਦੇ ਬਿਸ਼ਨੋਈ ਭਾਈਚਾਰੇ ਨੂੰ ਪਸ਼ੂ ਪ੍ਰੇਮੀ ਮੰਨਿਆ ਜਾਂਦਾ ਹੈ। ਕਾਲੇ ਹਿਰਨ ਨਾਲ ਵਿਸ਼ੇਸ਼ ਲਗਾਅ ਇਸ ਸਮਾਜ ਦੀ ਆਸਥਾ ਦਾ ਪ੍ਰਤੀਕ ਹੈ। ਲਾਰੈਂਸ ਵੀ ਬਿਸ਼ਨੋਈ ਭਾਈਚਾਰੇ ਨਾਲ ਸਬੰਧ ਰੱਖਦੇ ਹਨ, ਇਸੇ ਲਈ ਅਦਾਕਾਰ ਸਲਮਾਨ ਖਾਨ ਤੋਂ ਬਦਲਾ ਲੈਣ ਦੀ ਤਾਕ ’ਚ ਹਨ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਗੈਂਗਸਟਰ ਜਾਂ ਅੱਤਵਾਦੀ ਨੇ ਆਪਣੇ ਅਪਰਾਧਾਂ ’ਤੇ ਪਰਦਾ ਪਾਉਣ ਲਈ ਭਾਵਨਾਤਮਕ ਚਾਲ ਚੱਲੀ ਹੋਵੇ, ਅੱਤਵਾਦੀ ਬੁਰਹਾਨ ਵਾਨੀ ਹਿਜ਼ਬੁਲ ਮੁਜਾਹਿਦੀਨ ਨਾਮਕ ਇਸਲਾਮਿਕ ਅੱਤਵਾਦੀ ਸੰਗਠਨ ਦਾ ਆਗੂ ਸੀ। ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਜੰਮੂ-ਕਸ਼ਮੀਰ ’ਚ 51 ਲੋਕ ਮਾਰੇ ਗਏ ਸਨ ਅਤੇ 400 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ।

ਬੁਰਹਾਨ ਵਾਨੀ ਦੀ ਬਰਸੀ ’ਤੇ ਲਸ਼ਕਰ-ਏ-ਤੋਇਬਾ ਨੇ ਅਮਰਨਾਥ ਯਾਤਰਾ ’ਤੇ ਹਮਲਾ ਕੀਤਾ ਸੀ। ਇਸ ਹਮਲੇ ਵਿਚ ਸੱਤ ਸ਼ਰਧਾਲੂ ਮਾਰੇ ਗਏ ਸਨ। ਇਸੇ ਤਰ੍ਹਾਂ ਖਾਲਿਸਤਾਨ ਸਮਰਥਕ ਅਤੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਆਪਣੇ ਕਰੀਬੀ ਦੋਸਤ ਨੂੰ ਛੁਡਾਉਣ ਲਈ ਹਜ਼ਾਰਾਂ ਸਮਰਥਕਾਂ ਸਮੇਤ ਅਜਨਾਲਾ ਥਾਣੇ ’ਤੇ ਹਮਲਾ ਕੀਤਾ ਸੀ। ਇਸ ਹਮਲੇ ’ਚ 6 ਪੁਲਸ ਕਰਮਚਾਰੀ ਜ਼ਖਮੀ ਹੋ ਗਏ ਸਨ। ਅੰਮ੍ਰਿਤਪਾਲ 2024 ਵਿਚ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਹਨ।

ਮਾਫੀਆ ਤੋਂ ਸਿਆਸਤਦਾਨ ਬਣੇ ਲੋਕਾਂ ਨੇ ਵੀ ਵੋਟਾਂ ਦੀ ਸਿਆਸਤ ਰਾਹੀਂ ਆਪਣੇ ਅਪਰਾਧਾਂ ਨੂੰ ਭਲਾਈ ਦਾ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਹੈ। ਅਤੀਕ ਅਹਿਮਦ ਦੇ ਨਾਂ ’ਤੇ ਉੱਤਰ ਪ੍ਰਦੇਸ਼ ’ਚ 1985 ਤੋਂ ਲੈ ਕੇ ਉਸ ਦੇ ਕਤਲ ਤੱਕ 100 ਤੋਂ ਵੱਧ ਮਾਮਲੇ ਦਰਜ ਹੋਏ। ਅਤੀਕ ਦੇ ਭਰਾ ਅਸ਼ਰਫ ਦੇ ਨਾਂ ’ਤੇ 53 ਮਾਮਲੇ ਦਰਜ ਹਨ।

15 ਅਪ੍ਰੈਲ, 2023 ਨੂੰ, ਜਦੋਂ ਹਸਪਤਾਲ ਚੈੱਕਅਪ ਲਈ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੀ ਅਤੇ ਉਸ ਦੇ ਭਰਾ ਅਸ਼ਰਫ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉੱਤਰ ਪ੍ਰਦੇਸ਼ ਦੇ ਕੁਝ ਬਦਨਾਮ ਮਾਫੀਆ ਅਤੇ ਗੈਂਗਸਟਰਾਂ ਵਿਚ ਮੁਖਤਾਰ ਅੰਸਾਰੀ, ਬ੍ਰਿਜੇਸ਼ ਸਿੰਘ, ਤ੍ਰਿਭਵਨ ਸਿੰਘ, ਖਾਨ ਮੁਬਾਰਕ, ਸਲੀਮ, ਸੋਹਰਾਬ, ਰੁਸਤਮ, ਬਬਲੂ ਸ਼੍ਰੀਵਾਸਤਵ, ਲਉਮੇਸ਼ ਰਾਏ ਅਤੇ ਕੁੰਟੂ ਸਿੰਘ ਸ਼ਾਮਲ ਹਨ।

ਬਿਹਾਰ ਵਿਚ ਵੀ ਮਾਫੀਆ ਅਤੇ ਗੈਂਗਸਟਰ ਸਿਆਸਤ ਦੀ ਆੜ ਵਿਚ ਲੰਮੇ ਸਮੇਂ ਤੱਕ ਅਪਰਾਧ ਕਰਦੇ ਰਹੇ। ਨਿਤੀਸ਼ ਸਰਕਾਰ ਨੇ ਜ਼ਿਲਾ ਕੁਲੈਕਟਰ ਜੀ. ਕ੍ਰਿਸ਼ਨਾ ਦੀ ਹੱਤਿਆ ਦੇ ਦੋਸ਼ੀ ਬਾਹੂਬਲੀ ਆਨੰਦ ਮੋਹਨ ਲਈ ਜੇਲ ਦੇ ਨਿਯਮਾਂ ਨੂੰ ਹੀ ਬਦਲ ਦਿੱਤਾ। ਬਾਹੂਬਲੀ ਮੁਹੰਮਦ ਸ਼ਹਾਬੂਦੀਨ ਤੇਜ਼ਾਬ ਕਾਂਡ ਤੋਂ ਲੈ ਕੇ ਕਈ ਅਜਿਹੀਆਂ ਘਟਨਾਵਾਂ ਦਾ ਦੋਸ਼ੀ ਸੀ, ਜਿਨ੍ਹਾਂ ਨੂੰ ਪੜ੍ਹ ਕੇ ਅੱਜ ਵੀ ਲੋਕ ਕੰਬ ਜਾਂਦੇ ਹਨ। ਕੁਝ ਸਮੇਂ ਲਈ, ਰੇਲਵੇ ਠੇਕਿਆਂ ਦੇ ਬੇਤਾਜ ਬਾਦਸ਼ਾਹ ਸੂਰਜ ਭਾਨ ਸਿੰਘ ਦਾ ਕਦੀ ਪਟਨਾ ਤੋਂ ਗੋਰਖਪੁਰ ਤੱਕ ਦੇ ਰੇਲਵੇ ਟੈਂਡਰਾਂ ’ਤੇ ਪੂਰਾ ਰਾਜ ਸੀ। 90 ਦੇ ਦਹਾਕੇ ਤੋਂ, ਸਿੰਘ ਆਪਣੇ ਪ੍ਰਭਾਵ ਨਾਲ ਪਹਿਲਾਂ ਵਿਧਾਇਕ ਅਤੇ ਫਿਰ ਸੰਸਦ ਮੈਂਬਰ ਬਣੇ।

ਬਾਹੂਬਲੀ ਅਨੰਤ ਸਿੰਘ ਨੂੰ ਏ.ਕੇ. 47 ਕਾਂਡ ’ਚ ਸਜ਼ਾ ਹੋਈ ਜਿਸ ਤੋਂ ਬਾਅਦ ਉਹ ਆਪਣੀ ਵਿਧਾਇਕੀ ਗੁਆ ਬੈਠੇ ਸਨ ਪਰ ਉਨ੍ਹਾਂ ਦੀ ਪਤਨੀ ਨੇ ਮੋਕਾਮਾ ਸੀਟ ’ਤੇ ਉਪ ਚੋਣ ਵਿਚ ਵਿਧਾਇਕ ਦੀ ਕੁਰਸੀ ਬਰਕਰਾਰ ਰੱਖੀ। ਸੁਨੀਲ ਪਾਂਡੇ ਆਪਣੇ ਪਿਤਾ ਦੇ ਕਤਲ ਤੋਂ ਦੁਖੀ ਹੋ ਕੇ ਬਾਹੂਬਲ ਦੇ ਮੈਦਾਨ ਵਿਚ ਕੁੱਦ ਪਿਆ। ਉਨ੍ਹਾਂ ਦੀ ਧਮਕ ਅਜਿਹੀ ਸੀ ਕਿ ਸਾਲ 2000 ’ਚ ਉਹ ਪਹਿਲੀ ਵਾਰ ਭੋਜਪੁਰ ਦੇ ਪੀਰੋ ਤੋਂ ਵਿਧਾਨ ਸਭਾ ਚੋਣ ਲੜੇ ਅਤੇ ਜਿੱਤੇ। ਬਿਹਾਰ ਦੇ ਹੀ ਪੱਪੂ ਯਾਦਵ ’ਤੇ ਵਿਧਾਇਕ ਅਜੀਤ ਸਰਕਾਰ ਦੀ ਹੱਤਿਆ ਦਾ ਦੋਸ਼ ਲੱਗਾ।

ਦੋਸ਼ੀ ਸਾਬਤ ਹੋਣ ਤੋਂ ਬਾਅਦ ਅਦਾਲਤ ਨੇ ਪੱਪੂ ਯਾਦਵ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਪਰ ਉਸ ਨੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਅਤੇ ਬਰੀ ਹੋ ਗਿਆ। ਲਾਲੂ ਯਾਦਵ ਦੀ ਪਾਰਟੀ ਰਾਸ਼ਟਰੀ ਜਨਤਾ ਦਲ ਦੇ ਸਿਰਕੱਢ ਆਗੂ ਪ੍ਰਭੂਨਾਥ ਸਿੰਘ ਸਾਬਕਾ ਵਿਧਾਇਕ ਅਸ਼ੋਕ ਸਿੰਘ ਦੇ ਕਤਲ ਮਾਮਲੇ ’ਚ ਜੇਲ ’ਚ ਰਿਹਾ। 1990 ਦੀਆਂ ਵਿਧਾਨ ਸਭਾ ਚੋਣਾਂ ਵਿਚ ਪ੍ਰਭੂਨਾਥ ਸਿੰਘ ਜਨਤਾ ਦਲ ਦੀ ਟਿਕਟ ’ਤੇ ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ ਸਨ। 80-90 ਦੇ ਦਹਾਕੇ ਵਿਚ ਕਾਲੀ ਪ੍ਰਸਾਦ ਪਾਂਡੇ ਨੂੰ ਬਾਹੂਬਲੀਆਂ ਦਾ ਗੁਰੂ ਕਿਹਾ ਜਾਂਦਾ ਸੀ।

ਜੇਕਰ ਅਜਿਹੇ ਅੱਤਵਾਦੀਆਂ ਅਤੇ ਅਪਰਾਧੀਆਂ ਦੀ ਪੂਰੇ ਦੇਸ਼ ਵਿਚ ਗਿਣਤੀ ਕੀਤੀ ਜਾਵੇ ਤਾਂ ਉਨ੍ਹਾਂ ਦੀ ਸੂਚੀ ਬਹੁਤ ਲੰਬੀ ਹੋ ਜਾਵੇਗੀ। ਜਿਨ੍ਹਾਂ ਨੇ ਅਪਰਾਧਾਂ ਨੂੰ ਕਾਲੇ ਅਧਿਆਏ ਲਿਖ ਕੇ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਤੰਤਰ ਅਜਿਹੇ ਅਪਰਾਧੀਆਂ ਨੂੰ ਸਿਰ ਚੁੱਕਦਿਆਂ ਹੀ ਕੁਚਲਣ ਦੀ ਕੋਸ਼ਿਸ਼ ਨਹੀਂ ਕਰਦਾ। ਜਦੋਂ ਇਨ੍ਹਾਂ ਦੇ ਜੁਰਮਾਂ ਦੀ ਸੂਚੀ ਲੰਬੀ ਹੁੰਦੀ ਜਾਂਦੀ ਹੈ ਤਾਂ ਆਖ਼ਰਕਾਰ ਕਾਰਵਾਈ ਦੀ ਨੌਬਤ ਆਉਂਦੀ ਹੈ।

ਯੋਗੇਂਦਰ ਯੋਗੀ


author

Rakesh

Content Editor

Related News