ਕੋਰੋਨਾ ਕਰਵਾਏਗਾ ਤੀਸਰਾ ਵਿਸ਼ਵ ਯੁੱਧ
Wednesday, Jul 08, 2020 - 03:41 AM (IST)
ਨਿਰੰਕਾਰ ਸਿੰਘ
ਕੋਰੋਨਾ ਵਾਇਰਸ ਫੈਲਾਉਣ ਨੂੰ ਲੈ ਕੇ ਦੁਨੀਆ ਦੇ ਸਾਰੇ ਦੇਸ਼ਾਂ ਦਾ ਚੀਨ ਦੇ ਵਿਰੁੱਧ ਗੁੱਸਾ ਵਧਦਾ ਜਾ ਰਿਹਾ ਹੈ। ਅਮਰੀਕਾ ਤਾਂ ਚੀਨ ਤੋਂ ਬੇਹੱਦ ਨਾਰਾਜ਼ ਹੈ। ਉਹ ਆਪਣੇ ਇਥੇ ਹੋਈਅਾਂ ਲੱਖਾਂ ਮੌਤਾਂ ਲਈ ਚੀਨ ਨੂੰ ਜ਼ਿੰਮੇਵਾਰ ਮੰਨਦਾ ਹੈ। ਇਸ ਦਾ ਬਦਲਾ ਲੈਣ ਲਈ ਉਹ ਕੁਝ ਵੀ ਕਰ ਸਕਦਾ ਹੈ। ਉਧਰ ਤਾਈਵਾਨ, ਹਾਂਗਕਾਂਗ ਅਤੇ ਦੱਖਣੀ ਚੀਨ ਸਾਗਰ ਨੂੰ ਲੈ ਕੇ ਅਮਰੀਕਾ ਅਤੇ ਚੀਨ ਵਿਚਾਲੇ ਜਿਸ ਤਰ੍ਹਾਂ ਤਣਾਅ ਵਧ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਦੁਨੀਆ ਤੀਸਰੇ ਵਿਸ਼ਵ ਯੁੱਧ ਦੇ ਕਿਨਾਰੇ ’ਤੇ ਪਹੁੰਚ ਗਈ ਹੈ। ਦੁਨੀਆ ਦੇ ਸਾਰੇ ਅਮੀਰ-ਗਰੀਬ ਮੁਲਕ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਣ ਜਿਸ ਭਿਆਨਕ ਤ੍ਰਾਸਦੀ ਨੂੰ ਝੱਲ ਰਹੇ ਹਨ, ਉਸ ਦੀ ਜਵਾਬਦੇਹੀ ਤੋਂ ਚੀਨ ਕਿਸੇ ਵੀ ਤਰ੍ਹਾਂ ਮੁਕਤ ਨਹੀਂ ਹੋ ਸਕਦਾ।
ਕੋਵਿਡ-19 ਦੇ ਪ੍ਰਸਾਰ ’ਤੇ ਪਰਦਾ ਪਾਉਣ ਅਤੇ ਸਮੇਂ ’ਤੇ ਦੁਨੀਆ ਨੂੰ ਹਕੀਕਤ ਤੋਂ ਜਾਣੂ ਕਰਵਾਉਣ ’ਚ ਚੀਨ ਨੇ ਜੋ ਅਪਰਾਧਿਕ ਲਾਪਰਵਾਹੀ ਵਰਤੀ, ਵਿਸ਼ਵ ਜਨਮਤ ਤੋਂ ਉਸ ਨੂੰ ਸਬਕ ਸਿਖਾਉਣ ਦਾ ਮਨ ਬਣਾ ਰਿਹਾ ਹੈ। ਲੰਬੇ ਸਮੇਂ ਤੋਂ ਚੀਨ ਵਿਰੁੱਧ ਬੋਲਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਖੁੱਲ੍ਹ ਕੇ ਸਾਹਮਣੇ ਆ ਗਏ ਹਨ ਅਤੇ ਚੀਨ ਨੂੰ ਸਬਕ ਸਿਖਾਉਣ ਲਈ ਕਦਮ ਚੁੱਕ ਰਹੇ ਹਨ। ਉਂਝ ਤਾਂ ਅਮਰੀਕਾ ਅਤੇ ਚੀਨ ਵਿਚਾਲੇ ਕਾਰੋਬਾਰੀ ਅਤੇ ਜੰਗੀ ਚੌਧਰਪੁਣੇ ਨੂੰ ਲੈ ਕੇ ਲੰਬੇ ਸਮੇਂ ਤੋਂ ਟਕਰਾਅ ਚੱਲਿਆ ਆ ਹੀ ਰਿਹਾ ਸੀ ਪਰ ਕੋਵਿਡ-19 ਦੇ ਪ੍ਰਕੋਪ ਤੋਂ ਬਾਅਦ ਇਹ ਸਿਖਰ ’ਤੇ ਜਾ ਪਹੁੰਚਿਆ ਹੈ।
ਬੀਤੇ ਸਾਲ ਦਸੰਬਰ ’ਚ ਚੀਨ ਦੇ ਕਾਰੋਬਾਰੀ ਸ਼ਹਿਰ ਵੁਹਾਨ ਤੋਂ ਨਿਕਲੇ ਵਾਇਰਸ ਦਾ ਸਭ ਤੋਂ ਵੱਡਾ ਸ਼ਿਕਾਰ ਅੱਜ ਅਮਰੀਕਾ ਹੀ ਹੈ। ਜਿਥੇ ਹੁਣ ਤਕ ਸਭ ਤੋਂ ਵੱਧ ਲੋਕ ਜਾਨ ਗੁਆ ਚੁੱਕੇ ਹਨ ਅਤੇ ਲੱਖਾਂ ਲੋਕ ਪੀੜਤ ਹਨ। ਅਮਰੀਕਾ-ਚੀਨ ਵਿਚਾਲੇ ਤਣਾਅ ਦਿਨੋ-ਦਿਨ ਵਧ ਰਿਹਾ ਹੈ। ਉਧਰ ਭਾਰਤ ਅਤੇ ਚੀਨ ਦੇ ਫੌਜੀਅਾਂ ਵਿਚਾਲੇ ਗਲਵਾਨ ਘਾਟੀ ’ਚ 15 ਜੂਨ ਨੂੰ ਹਿੰਸਕ ਝੜਪ ਹੋਈ ਸੀ। ਪਿਛਲੇ ਹਫਤੇ ਚੀਨੀ ਪਣਡੁੱਬੀ ਜਾਪਾਨ ਨਾਲ ਲੱਗਦੀ ਸਮੁੰਦਰੀ ਸਰਹੱਦ ਦੇ ਨੇੜਿਓਂ ਹੋ ਕੇ ਲੰਘੀ ਸੀ। ਇਸ ਤੋਂ ਇਲਾਵਾ ਚੀਨੀ ਲੜਾਕੂ ਜਹਾਜ਼ ਅਤੇ ਘੱਟੋ-ਘੱਟ ਇਕ ਜੰਗੀ ਜਹਾਜ਼ ਤਾਈਵਾਨ ਦੀ ਹਵਾਈ ਸੀਮਾ ’ਚੋਂ ਹੋ ਕੇ ਲੱਗਭਗ ਹਰ ਰੋਜ਼ ਲੰਘ ਰਿਹਾ ਹੈ। ਇਕ ਪਾਸੇ ਦੁਨੀਆ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੀ ਹੈ, ਉਥੇ ਹੀ ਦੂਜੇ ਪਾਸੇ ਚੀਨੀ ਫੌਜ ਆਪਣੇ ਗੁਆਂਢੀ ਦੇਸ਼ਾਂ ਦੀਅਾਂ ਸਰਹੱਦਾਂ ਦੇ ਅੰਦਰ ਦਾਖਲ ਹੋਣ ’ਚ ਲੱਗੀ ਹੋਈ ਹੈ। ਚੀਨ ਦੀਅਾਂ ਇਨ੍ਹਾਂ ਹਰਕਤਾਂ ਤੋਂ ਪੂਰਾ ਏਸ਼ੀਆ ਮਹਾਦੀਪ ਸਾਵਧਾਨ ਹੋ ਗਿਆ ਹੈ, ਨਾਲ ਹੀ ਅਮਰੀਕਾ ਵੀ ਇਸ ਨੂੰ ਲੈ ਕੇ ਅਲਰਟ ਮੋਡ ’ਤੇ ਹੈ। ਚੀਨ ਅਤੇ ਤਾਈਵਾਨ ਵਿਚਾਲੇ ਦੱਖਣੀ ਚੀਨ ਸਾਗਰ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਅਮਰੀਕਾ ਇਸ ਮਸਲੇ ’ਤੇ ਪੂਰੀ ਤਰ੍ਹਾਂ ਨਾਲ ਤਾਈਵਾਨ ਦੇ ਨਾਲ ਖੜ੍ਹਾ ਹੈ। ਅਮਰੀਕਾ ਨੇ ਤਾਈਵਾਨ ਨੂੰ ਸੁਪੋਰਟ ਕਰਨ ਲਈ ਆਪਣੇ ਜੰਗੀ ਬੇੜੇ ਭੇਜੇ ਹਨ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਹਾਲ ਹੀ ’ਚ ਇਕ ਰੇਡੀਓ ਇੰਟਰਵਿਊ ’ਚ ਕਿਹਾ ਕਿ ਤਾਈਵਾਨ ਨੂੰ ਅਮਰੀਕਾ ਐੱਫ-16 ਲੜਾਕੂ ਜਹਾਜ਼ ਵੇਚਣ ਦੀ ਤਿਆਰੀ ਕਰ ਰਿਹਾ ਹੈ। ਇਸ ਦੌਰਾਨ ਏਸ਼ੀਆਈ ਦੇਸ਼ਾਂ ’ਚ ਵਿਸਤਾਰਵਾਦੀ ਚੀਨ ਤੋਂ ਵਧ ਰਹੇ ਖਤਰੇ ਨੂੰ ਦੇਖਦੇ ਹੋਏ ਅਮਰੀਕਾ ਨੇ ਸਖਤ ਰਵੱਈਆ ਅਖਤਿਆਰ ਕਰ ਲਿਆ ਹੈ। ਅਮਰੀਕਾ ਨੇ ਯੂਰਪ ਤੋਂ ਆਪਣੀ ਫੌਜ ਘੱਟ ਕਰ ਕੇ ਏਸ਼ੀਆ ’ਚ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ।
ਅਮਰੀਕੀ ਵਿਦੇਸ਼ ਮੰਤਰੀ ਅਨੁਸਾਰ ਭਾਰਤ ਅਤੇ ਦੱਖਣ-ਪੂਰਬ ਏਸ਼ੀਆ ’ਚ ਚੀਨ ਦੇ ਵਧਦੇ ਖਤਰੇ ਅਤੇ ਦੱਖਣੀ ਚੀਨ ਸਾਗਰ ’ਚ ਚੁਣੌਤੀਅਾਂ ਨੂੰ ਦੇਖਦੇ ਹੋਏ ਅਮਰੀਕਾ ਆਪਣੇ ਫੌਜੀਅਾਂ ਨੂੰ ਸ਼ਿਫਟ ਕਰ ਰਿਹਾ ਹੈ। ਇਸ ਦਿਸ਼ਾ ’ਚ ਅਮਰੀਕਾ ਜਰਮਨੀ ’ਚ ਫੌਜ ਦੇ ਪੱਧਰ ’ਚ ਕਟੌਤੀ ਕਰ ਰਿਹਾ ਹੈ।
ਚੀਨ ਦਾ ਵਿਸਤਾਰਵਾਦ ਸਾਡੇ ਲਈ ਸਮੇਂ ਦੀ ਚੁਣੌਤੀ ਹੈ। ਅਸੀਂ ਇਹ ਤੈਅ ਕਰਾਂਗੇ ਕਿ ਸਾਡੇ ਕੋਲ ਉਸ ਨਾਲ ਨਜਿੱਠਣ ਲਈ ਸਾਰੇ ਸਰੋਤ ਲੋੜੀਂਦੀ ਜਗ੍ਹਾ ’ਤੇ ਮੁਹੱਈਆ ਹੋਣ। ਅਮਰੀਕਾ ਨੇ ਕੋਰੋਨਾ ਨੂੰ ਲੈ ਕੇ ਆਪ੍ਰੇਸ਼ਨ ਚੀਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ’ਚ ਟਰੰਪ ਨੇ ਚੀਨ ਨੂੰ ਖੁੱਲ੍ਹੇਆਮ ਚੁਣੌਤੀ ਦਿੱਤੀ ਸੀ ਕਿ ਜੇ ਇਹ ਗਲਤੀ ਸੀ ਤਾਂ ਗਲਤੀ ਤਾਂ ਗਲਤੀ ਹੁੰਦੀ ਹੈ ਪਰ ਜੇ ਇਹ ਜਾਣਬੁੱਝ ਕੇ ਕੀਤਾ ਗਿਆ ਤਾਂ ਯਕੀਨੀ ਤੌਰ ’ਤੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਬਿਆਨ ਤੋਂ ਸਾਫ ਹੈ ਕਿ ਹੁਣ ਅਮਰੀਕਾ ਅਤੇ ਚੀਨ ਵਿਚਾਲੇ ਕੋਰੋਨਾ ਵਾਇਰਸ ਨੂੰ ਲੈ ਕੇ ਆਰ-ਪਾਰ ਦੀ ਲੜਾਈ ਸ਼ੁਰੂ ਹੋ ਸਕਦੀ ਹੈ।
ਟਰੰਪ ਨੇ ਚਿਤਾਵਨੀ ਭਰੇ ਲਹਿਜ਼ੇ ’ਚ ਕਹਿ ਦਿੱਤਾ ਹੈ ਕਿ ਜੇ ਕੋਰੋਨਾ ਵਾਇਰਸ ’ਤੇ ਚੀਨ ਵਿਰੁੱਧ ਜੋ ਵੀ ਖਦਸ਼ੇ ਹਨ, ਉਹ ਸੱਚ ਸਾਬਿਤ ਹੋਏ ਤਾਂ ਚੀਨ ਨੂੰ ਬਹੁਤ ਵੱਡਾ ਖਮਿਆਜ਼ਾ ਭੁਗਤਣਾ ਪਵੇਗਾ। ਜੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਦੇ ਨਾਲ ਸਖਤੀ ਕਰਦੇ ਹਨ ਤਾਂ ਤੀਜੇ ਵਿਸ਼ਵ ਯੁੱਧ ਦਾ ਖਤਰਾ ਹੈ। ਇਸ ਵਿਸ਼ਵ ਯੁੱਧ ’ਚ ਇਕ ਪਾਸੇ ਅਮਰੀਕਾ ਦੇ ਨਾਲ ਨਾਟੋ ਦੇਸ਼ਾਂ ਦੀਅਾਂ ਫੌਜਾਂ ਸਮੇਤ ਸਾਰੇ ਦੇਸ਼ ਹੋਣਗੇ ਤਾਂ ਦੂਜੇ ਪਾਸੇ ਚੀਨ ਹੋਵੇਗਾ ਅਤੇ ਇਸ ਦੇ ਨਾਲ ਉੱਤਰੀ ਕੋਰੀਆ, ਪਾਕਿਸਤਾਨ ਅਤੇ ਈਰਾਨ ਵਰਗੇ ਕੁਝ ਗਿਣੇ-ਚੁਣੇ ਦੇਸ਼ ਹੋਣਗੇ। ਰੂਸ ਦੀ ਸਥਿਤੀ ਅਜੇ ਸਪੱਸ਼ਟ ਨਹੀਂ ਹੈ। ਉਥੇ ਹੀ ਇਜ਼ਰਾਈਲ ਅਤੇ ਸੀਰੀਆ ਵਿਚਾਲੇ ਜੰਗ ਜਾਰੀ ਹੈ। ਉਸ ਨੇ ਸੀਰੀਆ ਦੇ ਕੁਝ ਇਲਾਕਿਅਾਂ ’ਚ ਮਿਜ਼ਾਈਲ ਨਾਲ ਹਮਲੇ ਕੀਤੇ। ਇਸ ਏਅਰ ਸਟ੍ਰਾਈਕ ’ਚ 9 ਲੋਕਾਂ ਦੀ ਮੌਤ ਹੋ ਗਈ ਹੈ। ਇਜ਼ਰਾਈਲ ਦੇ ਨਾਲ ਤੁਰਕੀ ਅਤੇ ਅਮਰੀਕਾ ਹੈ। ਖਾੜੀ ਦੇਸ਼ਾਂ ਦੇ ਨਾਲ ਰੂਸ ਹੈ। ਇਸ ਖੇਤਰ ’ਚ ਵੀ ਹਾਲਾਤ ਤਣਾਅਪੂਰਨ ਹਨ।
ਹੁਣ ਜੇ ਕਿਤੇ ਵੀ ਪ੍ਰਮਾਣੂ ਜੰਗ ਹੋਈ ਤਾਂ ਇਸ ’ਚ ਨਾ ਕੋਈ ਜਿੱਤੇਗਾ ਅਤੇ ਨਾ ਕੋਈ ਹਾਰੇਗਾ। ਪ੍ਰਮਾਣੂ ਬੰਬਾਂ ਦੀ ਵਰਤੋਂ ਕਰਨ ਵਾਲਾ ਦੇਸ਼ ਤਾਂ ਮਿਟ ਹੀ ਜਾਵੇਗਾ ਅਤੇ ਆਸ-ਪਾਸ ਦੇ ਦੇਸ਼ਾਂ ’ਚ ਵੀ ਭਾਰੀ ਤਬਾਹੀ ਹੋਵੇਗੀ। ਇਨ੍ਹਾਂ ਪ੍ਰਮਾਣੂ ਬੰਬਾਂ ਦੀ ਸਮਰੱਥਾ ਨਾਗਾਸਾਕੀ ਅਤੇ ਹੀਰੋਸ਼ਿਮਾ ’ਤੇ ਸੁੱਟੇ ਗਏ ਬੰਬਾਂ ਦੇ ਮੁਕਾਬਲੇ ਕਈ ਹਜ਼ਾਰ ਗੁਣਾ ਜ਼ਿਆਦਾ ਹੋਵੇਗੀ।
ਹੀਰੋਸ਼ਿਮਾ ਸ਼ਹਿਰ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਥੇ ਇਨਸਾਨਾਂ ਦਾ ਕੀ ਹਾਲ ਹੋਇਆ ਹੋਵੇਗਾ? ਹੀਰੋਸ਼ਿਮਾ ’ਤੇ 580 ਮੀਟਰ ਦੀ ਉਚਾਈ ’ਤੇ ਬੰਬ ਧਮਾਕਾ ਕੀਤਾ ਗਿਆ ਸੀ। ਬੰਬ ਧਮਾਕੇ ਨਾਲ ਬਣੇ ਹਾਈਪੋਸੈਂਟਰ ਤੋਂ ਧੂੰਏਂ ਅਤੇ ਅੱਗ ਦਾ ਗੋਲਾ 16 ਹਜ਼ਾਰ ਮੀਟਰ ਉਚਾਈ ਤਕ ਗਿਆ। ਜਿਸ ਅਮਰੀਕੀ ਜਹਾਜ਼ ਤੋਂ ਧਮਾਕੇ ਦੇ ਸਮੇਂ ਫੋਟੋਆਂ ਲਈਆਂ ਗਈਆਂ ਸਨ, ਉਸ ਸਮੇਂ 28480 ਫੁੱਟ ਉਚਾਈ ’ਤੇ ਸੀ ਅਤੇ ਧਮਾਕਾ ਬਿੰਦੂ ਤੋਂ 56 ਹਜ਼ਾਰ ਫੁੱਟ ਦੀ ਦੂਰੀ ’ਤੇ ਸੀ। ਮਾਹਿਰਾਂ ਅਨੁਸਾਰ ਉਦੋਂ ਸ਼ਹਿਰ ਦੇ ਆਲੇ-ਦੁਆਲੇ ਦਾ ਤਾਪਮਾਨ 3 ਹਜ਼ਾਰ ਤੋਂ 4 ਹਜ਼ਾਰ ਡਿਗਰੀ ਸੈਂਟੀਗ੍ਰੇਡ ਹੋ ਗਿਆ ਸੀ, ਜਦਕਿ ਚਾਹ ਜਾਂ ਦੁੱਧ ਸਿਰਫ 100 ਡਿਗਰੀ ’ਤੇ ਉੱਬਲ ਜਾਂਦੇ ਹਨ। ਇਸ ਧਮਾਕੇ ਦੇ ਨਾਲ ਹੀ ਕਾਲੀ ਬਾਰਿਸ਼ ਨੇ ਸ਼ਹਿਰ ’ਤੇ ਮੌਤ ਦਾ ਕਫਨ ਵਿਛਾ ਦਿੱਤਾ, ਜਿਸ ਦਾ ਬੰਬ ਬਣਾਉਣ ਵਾਲਿਅਾਂ ਨੂੰ ਵੀ ਅੰਦਾਜ਼ਾ ਨਹੀਂ ਸੀ। ਰੇਡੀਓ ਐਕਟਿਵ ਕਿਰਨਾਂ ਨੇ ਆਪਣਾ ਕੰਮ ਕੀਤਾ, ਜਿਸ ਦਾ ਭੁਗਤਾਨ ਅੱਜ ਦੀ ਪੀੜ੍ਹੀ ਵੀ ਕਰ ਰਹੀ ਹੈ। ਬੰਬ ਧਮਾਕੇ ਤੋਂ ਬਾਅਦ ਅਲਬਰਟ ਆਈਨਸਟਾਈਨ ਨੇ ਕਿਹਾ ਸੀ, ‘‘ਮੈਂ ਉਸ ਵਕਤ ਆਪਣੀ ਜ਼ਿੰਦਗੀ ਦੀ ਇਕ ਸਭ ਤੋਂ ਵੱਡੀ ਗਲਤੀ ਕੀਤੀ, ਜਦੋਂ ਰਾਸ਼ਟਰਪਤੀ ਰੂਜ਼ਵੈਲਟ ਨੂੰ ਲਿਖੇ ਲੈਟਰ ’ਤੇ ਐਟਮੀ ਬੰਬ ਦਾ ਇਸਤੇਮਾਲ ਕਰਨ ਲਈ ਦਸਤਖਤ ਕੀਤੇ।’’
ਪ੍ਰਮਾਣੂ ਬੰਬਾਂ ਦੀ ਦੌੜ ’ਚ ਰੂਸ ਸਭ ਤੋਂ ਅੱਗੇ ਹੈ। ਉਸ ਨੇ ਪ੍ਰਮਾਣੂ ਬੰਬ ਬਣਾਉਣ ਦੀ ਤਕਨੀਕ 1949 ’ਚ ਤਿਆਰ ਕਰ ਲਈ ਸੀ। ਇਸ ਸਮੇਂ ਉਸ ਕੋਲ 8000 ਪ੍ਰਮਾਣੂ ਬੰਬ ਤਿਆਰ ਹਨ, ਜਿਨ੍ਹਾਂ ਨੂੰ ਉਸ ਨੇ ਵੱਖ-ਵੱਖ ਟਿਕਾਣਿਅਾਂ ’ਤੇ ਸੁਰੱਖਿਅਤ ਰੱਖਿਆ ਹੈ। ਕਿੰਨੀ ਗਿਣਤੀ ’ਚ ਛੋਟੇ ਬੰਬ ਉਸ ਕੋਲ ਮੌਜੂਦ ਹਨ, ਇਹ ਗੱਲ ਕਿਸੇ ਨੂੰ ਨਹੀਂ ਪਤਾ। ਅਮਰੀਕਾ ਨੇ ਪ੍ਰਮਾਣੂ ਬੰਬ ਤਿਆਰ ਕਰਨ ਦੀ ਸਮਰੱਥਾ ਰੂਸ ਤੋਂ 4 ਸਾਲ ਪਹਿਲਾਂ 1945 ’ਚ ਤਿਆਰ ਕਰ ਲਈ ਸੀ। ਉਸ ਕੋਲ 7300 ਪ੍ਰਮਾਣੂ ਬੰਬ ਹਨ। ਚੀਨ ਤੀਜੇ ਨੰਬਰ ’ਤੇ ਹੈ। ਉਸ ਕੋਲ ਸਿਰਫ 250 ਪ੍ਰਮਾਣੂ ਬੰਬ ਹਨ। ਉਸ ਨੇ ਇਹ ਤਕਨੀਕ 1964 ’ਚ ਹਾਸਲ ਕੀਤੀ। ਬ੍ਰਿਟੇਨ ਨੂੰ 1952 ’ਚ ਇਹ ਤਕਨੀਕ ਹਾਸਲ ਹੋਈ ਸੀ। ਉਸ ਨੇ 225 ਬੰਬ ਤਿਆਰ ਕੀਤੇ ਪਰ ਫਿਰ ਉਸ ਨੇ ਹੋਰ ਬੰਬ ਨਹੀਂ ਬਣਾਏ। ਭਾਰਤ ਤੋਂ ਦੌੜ ’ਚ ਅੱਗੇ ਨਿਕਲਣ ਦੀ ਦੌੜ ’ਚ ਪਾਕਿਸਤਾਨ 100 ਪ੍ਰਮਾਣੂ ਬੰਬ ਬਣਾ ਚੁੱਕਾ ਹੈ। ਕੁਝ ਏਜੰਸੀਅਾਂ ਮੰਨਦੀਅਾਂ ਹਨ ਕਿ ਉਸ ਕੋਲ 110 ਜਾਂ 120 ਤਕ ਪ੍ਰਮਾਣੂ ਬੰਬ ਵੀ ਹੋ ਸਕਦੇ ਹਨ। ਭਾਰਤ ਕੋਲ 90 ਤੋਂ 100 ਪ੍ਰਮਾਣੂ ਬੰਬਾਂ ਦੀ ਗੱਲ ਦੁਨੀਆ ਮੰਨਦੀ ਹੈ। ਇਨ੍ਹਾਂ ਦੋਵਾਂ ਦੇਸ਼ਾਂ ਨੇ 1998 ’ਚ ਇਹ ਤਕਨੀਕ ਹਾਸਲ ਕੀਤੀ। ਪਾਕਿਸਤਾਨ ਨੂੰ ਇਹ ਤਕਨੀਕ ਦੂਜੇ ਦੇਸ਼ਾਂ ਤੋਂ ਮਿਲੀ, ਜਦਕਿ ਭਾਰਤ ਨੇ ਖੁਦ ਉਸ ਨੂੰ ਤਿਆਰ ਕੀਤਾ। ਇਜ਼ਰਾਈਲ ਕੋਲ 80 ਬੰਬ ਹਨ। ਉਸ ਨੇ 1973 ’ਚ ਇਹ ਤਕਨੀਕ ਹਾਸਲ ਕੀਤੀ। ਉੱਤਰੀ ਕੋਰੀਆ ਕੋਲ 6 ਬੰਬ ਹਨ ਅਤੇ ਉਸ ਨੇ 2006 ’ਚ ਇਹ ਸਮਰੱਥਾ ਹਾਸਲ ਕੀਤੀ। ਉੱਤਰੀ ਕੋਰੀਆ ਅਜਿਹਾ ਦੇਸ਼ ਹੈ, ਜੋ ਇਸ ਤਰ੍ਹਾਂ ਦੇ ਹਥਿਆਰਾਂ ਨੂੰ ਹੋਰ ਜ਼ਿਆਦਾ ਤਿਆਰ ਕਰਨ ਦੀ ਜ਼ਿੱਦ ’ਤੇ ਅੜਿਆ ਹੋਇਆ ਹੈ। ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਇਕ ਪਾਸੇ ਜਿਥੇ ਦੁਨੀਆ ’ਚ ਇਨ੍ਹਾਂ ਵਿਸ਼ਾਲ ਬੰਬਾਂ ਦਾ ਵੱਡਾ ਭੰਡਾਰ ਮੌਜੂਦ ਸੀ, ਉਥੇ ਹੀ ਛੋਟੇ ਪੱਧਰ ਦੇ ਪ੍ਰਮਾਣੂ ਬੰਬ ਤਿਆਰ ਕਰਨ ਦਾ ਨਵਾਂ ਸਿਲਸਿਲਾ ਰੱਖਿਆ ਵਿਗਿਅਾਨੀਅਾਂ ਦੀ ਪਹਿਲ ’ਤੇ ਸ਼ੁਰੂ ਹੋ ਗਿਆ ਹੈ। ਇਸ ਗੱਲ ਨੂੰ ਦੁਨੀਆ ਦੇ ਵੱਡੇ ਦੇਸ਼ ਹੁਣ ਤਕ ਲੁਕਾਉਂਦੇ ਆਏ ਹਨ ਪਰ ਹੁਣ ਇਹ ਸੱਚਾਈ ਸਾਹਮਣੇ ਆ ਚੁੱਕੀ ਹੈ ਕਿ ਘੱਟ ਖੇਤਰਫਲ ’ਚ ਭਿਆਨਕ ਵਿਨਾਸ਼ ਕਰਨ ਵਾਲੇ ਛੋਟੇ ਪ੍ਰਮਾਣੂ ਬੰਬ ਵੀ ਕਾਫੀ ਗਿਣਤੀ ’ਚ ਕੁਝ ਦੇਸ਼ਾਂ ਕੋਲ ਬਣ ਕੇ ਤਿਆਰ ਹਨ। ਪ੍ਰਮਾਣੂ ਬੰਬਾਂ ਤੋਂ ਇਲਾਵਾ ਰਸਾਇਣਿਕ ਅਤੇ ਬੈਕਟੀਰੀਅਾ ਫੈਲਾਉਣ ਵਾਲੇ ਬੰਬ ਵੀ ਦਬਦਬੇ ਦੀ ਜੰਗ ਦੇ ਕਾਰਣ ਬਣ ਚੁੱਕੇ ਹਨ। ਉੱਤਰੀ ਕੋਰੀਆ ਅਤੇ ਪਾਕਿਸਤਾਨ ਅਜਿਹੇ ਦੇਸ਼ ਬਣ ਚੁੱਕੇ ਹਨ, ਜੋ ਵਿਸ਼ਵ ਸ਼ਾਂਤੀ ਲਈ ਕਦੇ ਵੀ ਖਤਰਾ ਬਣ ਸਕਦੇ ਹਨ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਅਾਈ. ਅਫਗਾਨਿਸਤਾਨ ਅਤੇ ਭਾਰਤ ’ਚ ਅੱਤਵਾਦੀ ਗਤੀਵਿਧੀਅਾਂ ਚਲਾ ਰਹੀ ਹੈ ਅਤੇ ਉਸ ਦੀ ਸ਼ਹਿ ’ਤੇ ਉਸ ਦੇ ਅੱਤਵਾਦੀ ਦੁਨੀਆ ਲਈ ਖਤਰਾ ਬਣ ਗਏ ਹਨ। ਕੁਝ ਸਾਲ ਪਹਿਲਾਂ ਹੀ ਹਾਕਿੰਗ ਨੇ ਚਿਤਾਵਨੀ ਦਿੱਤੀ ਸੀ ਕਿ ਤਕਨੀਕ ਦੇ ਨਾਲ ਤੇਜ਼ੀ ਨਾਲ ਵਧ ਰਿਹਾ ਇਨਸਾਨਾਂ ਦਾ ਹਮਲਾਵਰ ਰਵੱਈਆ ਸਾਨੂੰ ਨਿਊਕਲੀਅਰ ਜਾਂ ਬਾਇਓਲਾਜੀਕਲ ਜੰਗ ਰਾਹੀਂ ਤਬਾਹ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਰਫ ਇਕ ਗਲੋਬਲ ਸਰਕਾਰ ਹੀ ਇਸ ਨਜ਼ਦੀਕੀ ਵਿਨਾਸ਼ ਨੂੰ ਰੋਕ ਸਕਦੀ ਹੈ। ਉਨ੍ਹਾਂ ਖਦਸ਼ਾ ਜਤਾਇਆ ਸੀ ਕਿ ਇਨਸਾਨਾਂ ’ਚ ਇਕ ਪ੍ਰਜਾਤੀ ਦੇ ਰੂਪ ’ਚ ਜਿਊਂਦੇ ਰਹਿਣ ਦੇ ਗੁਣਾਂ ਦੀ ਕਮੀ ਹੋ ਸਕਦੀ ਹੈ।