ਬਦਹਾਲ ਅਰਥਵਿਵਸਥਾ ਦਰਮਿਆਨ ਖੁਸ਼ੀ-ਖੁਸ਼ੀ ਨੌਕਰੀ ਛੱਡਦੇ ਚੀਨੀ ਨੌਜਵਾਨ

Sunday, Oct 15, 2023 - 04:09 PM (IST)

ਬਦਹਾਲ ਅਰਥਵਿਵਸਥਾ ਦਰਮਿਆਨ ਖੁਸ਼ੀ-ਖੁਸ਼ੀ ਨੌਕਰੀ ਛੱਡਦੇ ਚੀਨੀ ਨੌਜਵਾਨ

ਚੀਨ ’ਚ ਇਨ੍ਹੀਂ ਦਿਨੀਂ ਜਿੱਥੇ ਇਕ ਪਾਸੇ ਨੌਕਰੀਆਂ ਨਹੀਂ ਮਿਲ ਰਹੀਆਂ ਹਨ ਅਤੇ ਜਿਨ੍ਹਾਂ ਕੋਲ ਹਨ ਜਾਂ ਤਾਂ ਉਨ੍ਹਾਂ ਦੀ ਤਨਖਾਹ ਘੱਟ ਕੀਤੀ ਜਾ ਰਹੀ ਹੈ ਜਾਂ ਫਿਰ ਉਨ੍ਹਾਂ ਦੀਆਂ ਨੌਕਰੀਆਂ ਖਤਰੇ ’ਚ ਹਨ। ਅਜਿਹੇ ’ਚ ਚੀਨ ਦੇ ਨੌਜਵਾਨਾਂ ’ਤੇ ਕੰਮ ਦਾ ਬਹੁਤ ਜ਼ਿਆਦਾ ਦਬਾਅ ਬਣਿਆ ਹੋਇਆ ਹੈ। ਨਾ ਤਾਂ ਉਨ੍ਹਾਂ ਦੀ ਤਨਖਾਹ ਵਧਾਈ ਜਾ ਰਹੀ ਹੈ ਅਤੇ ਨਾ ਹੀ ਉਨ੍ਹਾਂ ਦੀ ਤਰੱਕੀ ਹੋ ਰਹੀ ਹੈ। ਅਜਿਹੇ ’ਚ ਚੀਨੀ ਨੌਜਵਾਨ ਉਨ੍ਹਾਂ ਨੌਕਰੀਆਂ ’ਚ ਨਹੀਂ ਰਹਿਣਾ ਚਾਹੁੰਦੇ ਜਿੱਥੇ ਉਨ੍ਹਾਂ ਨੂੰ ਘੁਟਣ ਮਹਿਸੂਸ ਹੋ ਰਹੀ ਹੈ।

ਅਜਿਹੇ ’ਚ ਬਹੁਤ ਸਾਰੇ ਨੌਜਵਾਨ ਨੌਕਰੀਆਂ ਛੱਡ ਰਹੇ ਹਨ। ਅਜਿਹਾ ਨਹੀਂ ਹੈ ਕਿ ਉਹ ਨੌਕਰੀ ਛੱਡ ਕੇ ਕੋਈ ਹੋਰ ਨੌਕਰੀ ਕਰਨ ਜਾ ਰਹੇ ਹਨ ਸਗੋਂ ਉਹ ਆਪਣਾ ਕੋਈ ਵੀ ਛੋਟਾ-ਮੋਟਾ ਕੰਮ ਸ਼ੁਰੂ ਕਰ ਰਹੇ ਹਨ ਪਰ ਅਜਿਹੀ ਨੌਕਰੀ ’ਚ ਨਹੀਂ ਰਹਿਣਾ ਚਾਹੁੰਦੇ ਜਿੱਥੇ ਕੰਮ ਦਾ ਦਬਾਅ ਜ਼ਿਆਦਾ ਹੈ, ਚੰਗੀ ਤਨਖਾਹ ਨਹੀਂ ਮਿਲ ਰਹੀ ਅਤੇ ਕੋਈ ਤਰੱਕੀ ਵੀ ਨਹੀਂ ਹੈ।ਜੋ ਲੋਕ ਨੌਕਰੀਆਂ ਛੱਡ ਕੇ ਜਾ ਰਹੇ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਸਾਥੀ ਮੁਲਾਜ਼ਮ ਬਹੁਤ ਸ਼ਾਨਦਾਰ ਵਿਦਾਈ ਦਿੰਦੇ ਹਨ। ਕੁਝ ਵਿਦਾਈ ਸਮਾਰੋਹਾਂ ਦੀ ਸਜਾਵਟ ਵਿਆਹ ਸਮਾਗਮ ਵਰਗੀ ਹੁੰਦੀ ਹੈ। ਉੱਥੇ ਬੈਨਰ ਲਾਏ ਜਾਂਦੇ ਹਨ ਜਿਨ੍ਹਾਂ ’ਤੇ ਲਿਖਿਆ ਹੁੰਦਾ ਹੈ, ‘‘ਹੁਣ ਇਹ ਬਕਵਾਸ ਨੌਕਰੀ ਹੋਰ ਨਹੀਂ।’’

ਕੁਝ ਨੌਜਵਾਨ ਆਪਣੀ ਨੌਕਰੀ ਛੱਡ ਕੇ ਆਨਲਾਈਨ ਕੰਟੈਂਟ ਕ੍ਰੀਏਟਰ ਬਣ ਰਹੇ ਹਨ। ਨਾਲ ਹੀ ਉਹ ਆਪਣਾ ਛੋਟਾ ਜਿਹਾ ਕੈਫੇ ਵੀ ਚਲਾ ਰਹੇ ਹਨ। ਇਸ ਦੇ ਇਲਾਵਾ ਉਹ ਆਨਲਾਈਨ ਨੌਕਰੀ ਕਰਨ ਦੌਰਾਨ ਆਪਣੀ ਵਿਥਿਆ ਸੁਣਾਉਂਦੇ ਹੋਏ ਇਹ ਦੱਸਦੇ ਹਨ ਕਿ ਹੁਣ ਉਹ ਪਹਿਲਾਂ ਦੀ ਤੁਲਨਾ ’ਚ ਹਜ਼ਾਰ ਗੁਣਾ ਜ਼ਿਆਦਾ ਖੁਸ਼ ਹਨ ਅਤੇ ਉਨ੍ਹਾਂ ਨੂੰ ਦਿਮਾਗੀ ਸਕੂਨ ਬਹੁਤ ਜ਼ਿਆਦਾ ਹੈ।

ਅਜਿਹੇ ਹੀ ਕੁਝ ਹੋਰ ਨੌਜਵਾਨ ਇੰਟਰਨੈੱਟ ’ਤੇ ਮਿਲ ਕੇ ਆਪਣਾ ਇਕ ਸਮੂਹ ਬਣਾ ਕੇ ਆਪਣੇ ਅਜਿਹੇ ਹੀ ਅਨੁਭਵ ਇਕ-ਦੂਜੇ ਨਾਲ ਸਾਂਝੇ ਕਰਦੇ ਹਨ ਅਤੇ ਦੱਸਦੇ ਹਨ ਕਿ ਮਾਨਸਿਕ ਦਬਾਅ ਭਰੀ ਜ਼ਿੰਦਗੀ ਜਿਊਣ ਦੌਰਾਨ ਉਨ੍ਹਾਂ ਦੇ ਅੰਦਰ ਰਚਨਾਤਮਕ ਵਿਚਾਰ ਖਤਮ ਹੋ ਜਾਂਦੇ ਹਨ ਅਤੇ ਉਹ ਸਿਰਫ ਇਕ ਹੀ ਸ਼ੈਲੀ ਵਾਲਾ ਜੀਵਨ ਜਿਊਂਦੇ ਹਨ, ਜਿਸ ’ਚੋਂ ਉਹ ਬਾਹਰ ਨਿਕਲਣਾ ਚਾਹੁੰਦੇ ਹਨ।

ਚੀਨ ਦੇ ਕੋਵਿਡ ਮਹਾਮਾਰੀ ਤੋਂ ਬਾਹਰ ਨਿਕਲਣ ਪਿੱਛੋਂ ਉੱਥੇ ਢੇਰ ਸਾਰੇ ਆਰਥਿਕ ਅਤੇ ਸਮਾਜਿਕ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਅਜਿਹੇ ’ਚ ਨੌਜਵਾਨਾਂ ਲਈ ਨੌਕਰੀਆਂ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ ਪਰ ਅਜਿਹੇ ਔਖੇ ਸਮੇਂ ’ਚ ਵੀ ਕਈ ਲੋਕਾਂ ਦੇ ਨੌਕਰੀ ਛੱਡਣ ਦੇ ਸੰਦੇਸ਼ ਚੀਨ ਦੇ ਸੋਸ਼ਲ ਮੀਡੀਆ ਮੰਚਾਂ ’ਤੇ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਨੌਕਰੀਆਂ ਛੱਡਣ ਵਾਲੇ ਲੋਕਾਂ ’ਚ ਜ਼ਿਆਦਾਤਰ ਲੋਕ 20 ਸਾਲ ਦੀ ਉਮਰ ਦੇ ਆਸ-ਪਾਸ ਹੁੰਦੇ ਹਨ। ਇਨ੍ਹਾਂ ਉਪਰ ਪਰਿਵਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ। ਇਹ ਿਵਆਹੁਤਾ ਨਹੀਂ ਹੁੰਦੇ ਅਤੇ ਇਨ੍ਹਾਂ ਦੇ ਅਸਤੀਫਾ ਦੇਣ ਦੇ ਕਾਰਨ ਘੱਟ ਤਨਖਾਹ ਅਤੇ ਜ਼ਿਆਦਾ ਕੰਮ, ਇਨ੍ਹਾਂ ਦੇ ਰਚਨਾਤਮਕ ਵਿਚਾਰਾਂ ’ਤੇ ਕੰਪਨੀਆਂ ਵੱਲੋਂ ਧਿਆਨ ਨਾ ਦੇਣਾ ਹੁੰਦਾ ਹੈ।

ਚਾਈਨਾ ਸਰਵ ਅਤੇ ਲਿੰਕਡਇਨ ਵੱਲੋਂ ਆਯੋਜਿਤ ਇਕ ਸਰਵੇ ਰਿਪੋਰਟ ਤੋਂ ਮਿਲੇ ਅੰਕੜਿਆਂ ਦੇ ਆਧਾਰ ’ਤੇ ਸਾਲ 2022 ’ਚ ਜਨਵਰੀ ਤੋਂ ਅਕਤੂਬਰ ਦਰਮਿਆਨ ਵੱਖ-ਵੱਖ ਉਦਯੋਗਾਂ ’ਚ ਕੰਮ ਕਰਨ ਵਾਲੇ 1554 ਮੁਲਾਜ਼ਮਾਂ ਕੋਲੋਂ ਇਕੱਠੀ ਕੀਤੀ ਗਈ ਜਾਣਕਾਰੀ ਤੋਂ ਪਤਾ ਲੱਗਾ ਕਿ 28 ਫੀਸਦੀ ਲੋਕਾਂ ਨੇ ਨੌਕਰੀ ਛੱਡ ਦਿੱਤੀ, ਜੇ ਇਸ ’ਚ ਉਨ੍ਹਾਂ ਲੋਕਾਂ ਨੂੰ ਵੀ ਜੋੜਿਆ ਜਾਵੇ ਜੋ ਨੌਕਰੀ ਛੱਡਣਾ ਚਾਹੁੰਦੇ ਹਨ ਪਰ ਅਜੇ ਤੱਕ ਛੱਡੀ ਨਹੀਂ ਤਾਂ ਇਹ ਗਿਣਤੀ ਦੁੱਗਣੀ ਹੋ ਜਾਵੇਗੀ।

ਕੁਝ ਸਮਾਂ ਪਹਿਲਾਂ ਅਮਰੀਕਾ ’ਚ ਵੀ ਲਗਭਗ 5 ਕਰੋੜ ਲੋਕਾਂ ਨੇ ਸਿਰਫ 2 ਸਾਲਾਂ ’ਚ ਆਪਣੀਆਂ ਨੌਕਰੀਆਂ ਛੱਡੀਆਂ ਸਨ, ਜਿਸ ਦਾ ਅਸਰ ਅਮਰੀਕਾ ਦੀ ਅਰਥਵਿਵਸਥਾ ’ਤੇ ਦੇਖਿਆ ਜਾਣ ਲੱਗਾ ਸੀ। ਹੌਲੀ-ਹੌਲੀ ਜਦ ਪੱਛਮੀ ਦੁਨੀਆ ’ਚ ਹੁਣ ਕੋਈ ਅਜਿਹਾ ਨਹੀਂ ਕਰਦਾ ਪਰ ਚੀਨ ’ਚ ਇਸ ਟ੍ਰੈਂਡ ਨੇ ਜ਼ੋਰ ਫੜਿਆ ਹੈ। ਹੁਣ ਤੱਕ ਚੀਨ ਦਾ ਨੌਜਵਾਨ ਸਾਲਾਂ ਤੱਕ ਔਖੀ ਪੜ੍ਹਾਈ ਕਰਨ ਪਿੱਛੋਂ ਗੁੰਝਲਦਾਰ ਮੁਕਾਬਲੇ ਦੇ ਇਮਤਿਹਾਨਾਂ ’ਚੋਂ ਲੰਘਦੇ ਹੋਏ ਨੌਕਰੀ ਪ੍ਰਾਪਤ ਕਰ ਲੈਂਦਾ ਸੀ ਪਰ ਨੌਕਰੀ ਪ੍ਰਾਪਤ ਕਰਨ ਪਿੱਛੋਂ ਉਸ ਦਾ ਭਰਮ ਟੁੱਟਣ ਲੱਗਾ ਸੀ, ਜਿੱਥੇ ਉਸ ਦੀ ਪ੍ਰਤਿਭਾ ਦੀ ਕੋਈ ਕੀਮਤ ਨਹੀਂ ਹੁੰਦੀ ਸੀ ਅਤੇ ਘੱਟ ਪੈਸਿਆਂ ’ਚ ਉਹ ਥਕਾ ਦੇਣ ਵਾਲੀ ਨੌਕਰੀ ਸਾਲਾਂ ਤੋਂ ਕਰਦਾ ਆ ਰਿਹਾ ਸੀ ਪਰ ਹੁਣ ਚੀਨ ’ਚ ਹਾਲਾਤ ਬਦਲਣ ਲੱਗੇ ਹਨ। ਇਸ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ’ਚ ਇਸ ਨਵੇਂ ਟ੍ਰੈਂਡ ਕਾਰਨ ਪਹਿਲਾਂ ਤੋਂ ਹੀ ਚੁਣੌਤੀਆਂ ’ਚ ਘਿਰੀ ਚੀਨੀ ਅਰਥਵਿਵਸਥਾ ਹੋਰ ਖਰਾਬ ਹੋ ਸਕਦੀ ਹੈ। ਪਹਿਲਾਂ ਹੀ ਚੀਨ ਦੀ ਘਟਦੀ ਜਨਮ ਦਰ ਅਤੇ ਘਟਦੀ ਕਿਰਤ ਸ਼ਕਤੀ ਨੇ ਚੀਨ ਦੀ ਆਰਥਿਕ ਤਰੱਕੀ ਦੇ ਭਵਿੱਖ ’ਤੇ ਪਹਿਲਾਂ ਹੀ ਵੱਡਾ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ।


author

Shivani Bassan

Content Editor

Related News