ਕਿਤਾਬਾਂ, ਸਾਡੀਆਂ ਸੱਚੀਆਂ ਦੋਸਤ

Thursday, Apr 23, 2026 - 04:36 PM (IST)

ਕਿਤਾਬਾਂ, ਸਾਡੀਆਂ ਸੱਚੀਆਂ ਦੋਸਤ

ਚੰਗੀਆਂ ਪੁਸਤਕਾਂ ਤੋਂ ਵਧੀਆ ਮਿੱਤਰ ਸ਼ਾਇਦ ਹੀ ਕੋਈ ਹੋਵੇ! ਸੰਸਕਾਰਿਤ ਕਰਨ, ਕੌਸ਼ਲ ਨਿਖਾਰਨ ਤੋਂ ਲੈ ਕੇ ਭਾਵਨਾਤਮਕ ਬੁੱਧੀਮਤਾ ਦੀ ਨੀਂਹ ਰੱਖਣ ਤੱਕ ਕਿਤਾਬਾਂ ਦੀ ਭੂਮਿਕਾ ਲਾਜ਼ਮੀ ਹੈ। ਪੁਸਤਕਾਂ ਪੜ੍ਹਨ ਨਾਲ ਨਾ ਸਿਰਫ ਆਤਮ-ਜਾਗਰੂਕਤਾ ਵਧਦੀ ਹੈ, ਸਗੋਂ ਸਾਡੀ ਸੋਚ ਨੂੰ ਵੀ ਸਹੀ ਆਕਾਰ ਮਿਲਦਾ ਹੈ। ਗਿਆਨ ’ਚ ਅਣਕਿਆਸਾ ਵਾਧਾ ਹੋਣ ਦੇ ਨਾਲ-ਨਾਲ, ਆਪਣੇ ਆਲੇ-ਦੁਆਲੇ ਦੀ ਦੁਨੀਆ ਨੂੰ ਇਕ ਨਵੇਂ ਦ੍ਰਿਸ਼ਟੀਕੋਣ ਤੋਂ ਦੇਖਣ-ਸਮਝਣ ਦੀ ਸੋਚ ਵੀ ਵਿਕਸਿਤ ਹੁੰਦੀ ਹੈ। ਬਰਨਾਰਡ ਸ਼ਾਅ ਅਨੁਸਾਰ, ‘ਵਿਚਾਰਾਂ ਦੇ ਯੁੱਧ ’ਚ ਕਿਤਾਬਾਂ ਹੀ ਹਥਿਆਰ ਹੁੰਦੀਆਂ ਹਨ।’

ਗੁਣਵੱਤਾਪੂਰਨ ਸਾਹਿਤ ਪੜ੍ਹਨ ਨਾਲ ਜਿੱਥੇ ਮਾਨਸਿਕ ਤਣਾਅ ਘਟਦਾ ਹੈ, ਉੱਥੇ ਹੀ ਗਿਆਨ ਦਾ ਪ੍ਰਕਾਸ਼ ਸਮੁੱਚੇ ਤੌਰ ’ਤੇ ਸ਼ਖਸੀਅਤ ਦਾ ਕਾਇਆਕਲਪ ਵੀ ਕਰ ਸਕਦਾ ਹੈ। ਪੁਸਤਕਾਂ ਦੀ ਇਸੇ ਵਿਸ਼ੇਸ਼ਤਾ ਦੇ ਮੱਦੇਨਜ਼ਰ, ਬ੍ਰਾਜ਼ੀਲ ’ਚ ਕੈਦੀਆਂ ਲਈ ਇਕ ਅਨੋਖਾ ਰੀਡਿੰਗ ਪ੍ਰੋਗਰਾਮ ਚਲਾਇਆ ਗਿਆ ਹੈ, ਜਿਸ ਨੂੰ ‘ਪੜ੍ਹਨ ਦੇ ਮਾਧਿਅਮ ਰਾਹੀਂ ਮੁਕਤੀ’ ਕਿਹਾ ਜਾਂਦਾ ਹੈ। ਇਸ ਅਧੀਨ, ਕਿਸੇ ਕਿਤਾਬ ਨੂੰ ਪੜ੍ਹ ਕੇ, ਸਮੀਖਿਆ ਕਰਨ ਨਾਲ ਸਜ਼ਾ ਘੱਟ ਹੋਵੇਗੀ। ਆਮ ਤੌਰ ’ਤੇ ਇਕ ਕਿਤਾਬ ਦੀ ਸਮੀਖਿਆ ’ਤੇ 4 ਦਿਨ ਦੀ ਰਾਹਤ ਮਿਲਦੀ ਹੈ, ਇਕ ਸਾਲ ’ਚ ਵੱਧ ਤੋਂ ਵੱਧ 48 ਦਿਨ ਦੀ ਸਜ਼ਾ ਘਟ ਸਕਦੀ ਹੈ। ਇਸ ਮੁਹਿੰਮ ਦਾ ਉਦੇਸ਼ ਜਿੱਥੇ ਬੰਦੀਆਂ ਦੀ ਸਜ਼ਾ ’ਚ ਕਟੌਤੀ ਕਰਨਾ ਜਾਂ ਉਨ੍ਹਾਂ ਨੂੰ ਤਣਾਅ ਮੁਕਤ ਬਣਾਉਣਾ ਹੈ, ਉਸ ਤੋਂ ਵੀ ਕਿਤੇ ਵੱਧ ਵਧੀਆ ਪੁਸਤਕਾਂ ਦੁਆਰਾ ਸਿੱਖਿਅਤ ਕਰ ਕੇ ਉਨ੍ਹਾਂ ਦਾ ਵਿਵਹਾਰ ਸੁਧਾਰਨਾ ਹੈ, ਤਾਂ ਜੋ ਆਉਣ ਵਾਲੇ ਸਮੇਂ ’ਚ ਇਕ ਜ਼ਿੰਮੇਵਾਰ ਨਾਗਰਿਕ ਦੇ ਤੌਰ ’ਤੇ ਉਨ੍ਹਾਂ ਨੂੰ ਮੁੱਖ ਧਾਰਾ ’ਚ ਵਾਪਸ ਲਿਆਉਣਾ ਆਸਾਨ ਹੋਵੇ।

ਅੰਗਰੇਜ਼ੀ ਲੇਖਕ ਜੋਸਫ ਐਡੀਸਨ ਇਕ ਜਗ੍ਹਾ ਲਿਖਦੇ ਹਨ, ‘ਪੜ੍ਹਨਾ ਮਨ ਅਤੇ ਸਰੀਰ ਦੋਵਾਂ ਲਈ ਇਕ ਕਸਰਤ ਹੈ।’ ਨਿਸ਼ਚੇ ਹੀ, ਇਸ ਕਥਨ ’ਚ ਕੋਈ ਅਤਿਕਥਨੀ ਨਹੀਂ। ਕਿਤਾਬਾਂ, ਅਖ਼ਬਾਰ ਆਦਿ ਪੜ੍ਹਨ ਦੀ ਆਦਤ ਨਾਲ ਜਿੱਥੇ ਭਾਸ਼ਾ ਅਮੀਰ ਹੁੰਦੀ ਹੈ, ਉੱਥੇ ਹੀ ਉਚਾਰਨ ਵੀ ਸ਼ੁੱਧ ਹੁੰਦਾ ਹੈ। ਕਲਪਨਾਸ਼ੀਲਤਾ ਨੂੰ ਅਸੀਮ ਆਸਮਾਨ ਮਿਲਦਾ ਹੈ, ਇਕਾਗਰਤਾ ਅਤੇ ਯਾਦ ਸ਼ਕਤੀ ’ਚ ਹੈਰਾਨੀਜਨਕ ਵਾਧਾ ਹੁੰਦਾ ਹੈ। ਇੱਥੋਂ ਤੱਕ ਕਿ ‘ਡਿਜੀਟਲ ਸਿੱਖਿਆ ਮਾਡਲ’ ਨੂੰ ਦੁਨੀਆ ਦਾ ਭਵਿੱਖ ਮੰਨ ਚੁੱਕੇ ਵਿਦਵਾਨਾਂ ਨੂੰ ਵੀ ਕਿਤਾਬਾਂ ਦੇ ਸਬੰਧ ’ਚ ਆਪਣੀ ਸੋਚ ਦਾ ਮੁੜ ਮੁਲਾਂਕਣ ਕਰਨਾ ਪਿਆ। ਦਰਅਸਲ, ਪਿਛਲੇ ਕੁਝ ਸਾਲਾਂ ’ਚ ਹੋਈਆਂ ਖੋਜਾਂ, ਤਜਰਬਿਆਂ ਅਤੇ ਸਿੱਖਣ ਦੇ ਨਤੀਜਿਆਂ ਦੌਰਾਨ ਸਿੱਖਿਆ ਨੀਤੀ ਨਿਰਮਾਤਾਵਾਂ, ਅਧਿਆਪਕਾਂ ਅਤੇ ਮਾਪਿਆਂ ਨੇ ਪਾਇਆ ਕਿ ਤਕਨੀਕੀ ਉਪਯੋਗ ਨਾਲ ਪੜ੍ਹਾਈ ਭਾਵੇਂ ਸੌਖੀ ਹੋ ਗਈ ਹੋਵੇ ਪਰ ਗਿਆਨ ਦੀ ਸਹਿਜ ਉਪਲਬਧਤਾ ਨੇ ਬੱਚਿਆਂ ਦੇ ਬੁਨਿਆਦੀ ਕੌਸ਼ਲ ਵੀ ਕਮਜ਼ੋਰ ਕਰ ਦਿੱਤੇ। ਸਵੀਡਨ ’ਚ ਹੋਈ ਇਕ ਖੋਜ ਸਕ੍ਰੀਨ ’ਤੇ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਇਕਾਗਰਤਾ ਅਤੇ ਡੂੰਘਾਈ ਨਾਲ ਸਮਝਣ ਦੀ ਸਮਰੱਥਾ ਘੱਟ ਹੋਣ ਦਾ ਤੱਥ ਉਜਾਗਰ ਕਰਦੀ ਹੈ। ਇਹੀ ਕਾਰਨ ਹੈ ਕਿ ਵਿਸ਼ਵ ਦੀਆਂ ਸਭ ਤੋਂ ਵੱਧ ਡਿਜੀਟਲ ਸਿੱਖਿਆ ਪ੍ਰਣਾਲੀਆਂ ’ਚ ਗਿਣੇ ਜਾਣ ਵਾਲੇ ਫਿਨਲੈਂਡ, ਸਵੀਡਨ ਵਰਗੇ ਦੇਸ਼ ਇਕ ਵਾਰ ਫਿਰ ਕਿਤਾਬ, ਕਾਗਜ਼ ਅਤੇ ਪੈੱਨ ਵੱਲ ਪਰਤ ਰਹੇ ਹਨ। ਕਈ ਦੇਸ਼ਾਂ ’ਚ ਮੋਬਾਈਲ ਫ਼ੋਨ, ਟੈਬਲੇਟ ਆਦਿ ਦੀ ਵਰਤੋਂ ਨੂੰ ਸੀਮਤ ਜਾਂ ਪ੍ਰਤੀਬੰਧਿਤ ਕੀਤਾ ਜਾ ਰਿਹਾ ਹੈ।

ਪੜ੍ਹਨ-ਲਿਖਣ ਨਾਲ ਦਿਮਾਗ ਦੀ ਸਰਗਰਮੀ ਬਣੀ ਰਹਿੰਦੀ ਹੈ, ਜੋ ਕਿ ਵੱਖ-ਵੱਖ ਰੋਗਾਂ ਦੀ ਰੋਕਥਾਮ ’ਚ ਮਦਦਗਾਰ ਸਿੱਧ ਹੁੰਦੀ ਹੈ। ਲਗਾਤਾਰ ਅਧਿਐਨ ਦਾ ਸ਼ੌਕ ਭੁੱਲਣ ਦੀ ਬਿਮਾਰੀ ਤੋਂ 40 ਫੀਸਦੀ ਤੱਕ ਬਚਾਅ ਕਰ ਸਕਦਾ ਹੈ। ਅਕਸਰ ਬੁਢਾਪੇ ’ਚ ਯਾਦਦਾਸ਼ਤ ਖੋਹਣ ਅਤੇ ਮਾਨਸਿਕ ਕਮਜ਼ੋਰੀ (ਡਿਮੈਂਸ਼ੀਆ) ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ, ਪਰ ਇਸ ਸੰਦਰਭ ’ਚ ਹੋਈ ਇਕ ਖੋਜ ਜੀਵਨ ਭਰ ਪੜ੍ਹਨ, ਲਿਖਣ ਅਤੇ ਨਵੀਆਂ ਭਾਸ਼ਾਵਾਂ ਸਿੱਖਣ ਵਰਗੀਆਂ ਬੌਧਿਕ ਗਤੀਵਿਧੀਆਂ ’ਚ ਸਰਗਰਮ ਰਹਿਣ ਵਾਲੇ ਲੋਕਾਂ ’ਚ ਡਿਮੈਂਸ਼ੀਆ ਦਾ ਖ਼ਤਰਾ ਘੱਟ ਹੋਣ ਦਾ ਖ਼ੁਲਾਸਾ ਕਰਦੀ ਹੈ। ਖੋਜ ਅਨੁਸਾਰ, ਦਿਮਾਗ ਨੂੰ ਜਿੰਨਾ ਰੁਝਾਈ ਰੱਖੋਗੇ, ਅਲਜ਼ਾਈਮਰ ਵਰਗੀਆਂ ਬੀਮਾਰੀਆਂ ਨੂੰ ਓਨਾ ਹੀ ਪਿੱਛੇ ਧੱਕ ਸਕੋਗੇ। ਸ਼ਿਕਾਗੋ ਦੀ ਰਸ਼ ਯੂਨੀਵਰਸਿਟੀ ਮੈਡੀਕਲ ਸੈਂਟਰ ਦੀ ਖੋਜਕਰਤਾ ਐਂਡਰੀਆ ਜਮਿਟ ਦੀ ਅਗਵਾਈ ’ਚ ਹੋਏ ਇਸ ਅਧਿਐਨ ’ਚ ਪਾਇਆ ਗਿਆ ਕਿ ਮਾਨਸਿਕ ਸਿਹਤ ਸਿਰਫ ਬੁਢਾਪੇ ਦੀਆਂ ਆਦਤਾਂ ’ਤੇ ਨਿਰਭਰ ਨਹੀਂ ਕਰਦੀ, ਸਗੋਂ ਇਹ ਜੀਵਨ ਭਰ ਦੇ ਬੌਧਿਕ ਪਰਿਵੇਸ਼ ਤੋਂ ਪ੍ਰਭਾਵਿਤ ਹੁੰਦੀ ਹੈ।       

ਖੋਜਕਰਤਾਵਾਂ ਨੇ ਲੱਗਭਗ 1,939 ਬਜ਼ੁਰਗਾਂ ’ਤੇ ਅੱਠ ਸਾਲ ਤੱਕ ਨਜ਼ਰ ਰੱਖੀ। ਇਨ੍ਹਾਂ ਦੀ ਔਸਤ ਉਮਰ 80 ਸਾਲ ਦੇ ਕਰੀਬ ਸੀ। ਸਿੱਟਿਆਂ ’ਚ ਸਾਹਮਣੇ ਆਇਆ ਕਿ ਜੋ ਲੋਕ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਕਿਤਾਬਾਂ, ਅਖਬਾਰਾਂ, ਲਾਇਬ੍ਰੇਰੀਆਂ ਅਤੇ ਭਾਸ਼ਾ ਸਿੱਖਣ ਜਿਹੇ ਕਾਰਜਾਂ ਨਾਲ ਜੁੜੇ ਰਹੇ, ਉਨ੍ਹਾਂ ’ਚ ਅਲਜ਼ਾਈਮਰ ਦਾ ਖ਼ਤਰਾ ਉਨ੍ਹਾਂ ਲੋਕਾਂ ਦੇ ਮੁਕਾਬਲੇ 38 ਫੀਸਦੀ ਘੱਟ ਸੀ, ਜੋ ਇਨ੍ਹਾਂ ਗਤੀਵਿਧੀਆਂ ’ਚ ਘੱਟ ਸਰਗਰਮ ਸਨ। ਮਾਨਸਿਕ ਤੌਰ ’ਤੇ ਸਰਗਰਮ ਲੋਕ ਔਸਤਨ 94 ਸਾਲ ਦੀ ਉਮਰ ’ਚ ਅਲਜ਼ਾਈਮਰ ਦੇ ਸ਼ਿਕਾਰ ਹੋਏ, ਜਦੋਂ ਕਿ ਸਰਗਰਮ ਨਾ ਰਹਿਣ ਵਾਲਿਆਂ ’ਚ ਇਹ ਲੱਛਣ 88 ਸਾਲ ’ਚ ਹੀ ਦਿਸਣ ਲੱਗੇ। ਡਾ. ਜਮਿਟ ਦੀ ਮੰਨੀਏ ਤਾਂ ਸਿੱਖਣ ਦੀ ਲਲਕ ਪੈਦਾ ਕਰਨ ਵਾਲੇ ਪ੍ਰੋਗਰਾਮ, ਜਿਵੇਂ-ਲਾਇਬ੍ਰੇਰੀ ਤੱਕ ਪਹੁੰਚ ਅਤੇ ਸ਼ੁਰੂਆਤੀ ਸਿੱਖਿਆ ਵਿਵਸਥਾ ਡਿਮੈਂਸ਼ੀਆ ਦੇ ਮਾਮਲਿਆਂ ਨੂੰ ਘੱਟ ਕਰਨ ’ਚ ਵੱਡੀ ਭੂਮਿਕਾ ਨਿਭਾਅ ਸਕਦੇ ਹਨ। ਵਿਗਿਆਨੀਆਂ ਨੇ ਕਿਹਾ, ਹਾਲਾਂਕਿ, ਇਹ ਅਧਿਐਨ ਪੂਰੀ ਤਰ੍ਹਾਂ ਨਾਲ ਕਾਰਨ-ਪ੍ਰਭਾਵ ਸਾਬਤ ਨਹੀਂ ਕਰਦਾ, ਪਰ ਇਸ ਨੂੰ ਇਕ ਵੱਡੀ ਉਮੀਦ ਮੰਨਿਆ ਜਾ ਰਿਹਾ ਹੈ।

ਇਕੱਲੇ ਭਾਰਤ ’ਚ ਸਾਲ 2036 ਤੱਕ ਡਿਮੈਂਸ਼ੀਆ ਮਰੀਜ਼ਾਂ ਦੀ ਗਿਣਤੀ 1.7 ਕਰੋੜ ਤੱਕ ਪਹੁੰਚਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ, ਅਜਿਹੇ ’ਚ ਪੜ੍ਹਨਾ-ਲਿਖਣਾ ਇਕ ਸੌਖਾ ਅਤੇ ਪ੍ਰਭਾਵੀ ਬਚਾਅ ਦਾ ਰਾਹ ਹੋ ਸਕਦਾ ਹੈ। ਕੁੱਲ ਮਿਲਾ ਕੇ ਚੰਗਾ ਸਾਹਿਤ ਗੁਣਾਂ ’ਚ ਪਾਰਸ ਪੱਥਰ ਤੋਂ ਕਿਸੇ ਪ੍ਰਕਾਰ ਵੀ ਘੱਟ ਨਹੀਂ, ਜੋ ਲੋਹੇ ਨੂੰ ਵੀ ਸੋਨਾ ਬਣਾਉਣ ਦੀ ਪੂਰੀ ਸਮਰੱਥਾ ਰੱਖਦਾ ਹੈ। ਕਿਤਾਬਾਂ ਦਾ ਮਹੱਤਵ ਪਰਖਦੇ ਹੋਏ ਇਕ ਵਾਰ ਲੋਕਮਾਨਿਆ ਤਿਲਕ ਨੇ ਵੀ ਕਿਹਾ ਸੀ, ‘ਕਿਤਾਬਾਂ ’ਚ ਉਹ ਸ਼ਕਤੀ ਹੁੰਦੀ ਹੈ, ਜੋ ਨਰਕ ਨੂੰ ਸਵਰਗ ਬਣਾ ਦਿੰਦੀ ਹੈ।’ ਅੱਜ ਜਦੋਂ ਸਮਾਜ ’ਚ ਨੈਤਿਕ ਕਦਰਾਂ-ਕੀਮਤਾਂ ਦਾ ਪਤਨ ਸਿਖਰ ’ਤੇ ਹੈ, ਅਜਿਹੇ ’ਚ ਦੇਸ਼ ਦੇ ਭਵਿੱਖ ਨੂੰ ਬਾਲ-ਕਾਲ ਤੋਂ ਹੀ ਚੰਗੀ ਸਮੱਗਰੀ ਦੇ ਪੜ੍ਹਨ-ਲਿਖਣ ਦਾ ਆਦੀ ਬਣਾਉਣਾ ਬਹੁਤ ਜ਼ਰੂਰੀ ਹੈ। ਸਹੀ ਦਿਸ਼ਾ-ਗਿਆਨ ਹੀ ਸਮੁੱਚੇ ਸਮਾਜਿਕ ਵਾਤਾਵਰਣ ਦੇ ਨਿਰਮਾਣ ਦਾ ਰਾਹ ਪੱਧਰਾ ਕਰ ਸਕਦਾ ਹੈ ਅਤੇ ਇਸ ਵਿਸ਼ੇ ’ਚ ਚੰਗੀਆਂ ਕਿਤਾਬਾਂ ਤੋਂ ਵੱਡਾ ਮਾਰਗਦਰਸ਼ਕ ਭਲਾ ਕੌਣ ਹੋਵੇਗਾ?

-ਦੀਪਿਕਾ ਅਰੋੜਾ


author

Harpreet SIngh

Content Editor

Related News