ਭਾਜਪਾ ਕਹਿੰਦੀ ਹੈ ''ਮਹਾਰਾਸ਼ਟਰ ''ਚ ਹਰਿਆਣਾ ਵਾਂਗ ਹੋਵੇਗਾ'', ਪਰ ਹੋਵੇਗਾ ਨਹੀਂ

Friday, Oct 11, 2024 - 09:22 PM (IST)

ਹਰਿਆਣਾ ਵਿਧਾਨ ਸਭਾ ਚੋਣਾਂ ’ਚ ਜਿੱਤ ਨਾਲ ਭਾਜਪਾ ’ਚ ਮੋਦੀ ਦੀ ਜੈ ਜੈਕਾਰ ਸ਼ੁਰੂ ਹੋ ਗਈ ਹੈ ਪਰ ਜੰਮੂ-ਕਸ਼ਮੀਰ ਵਰਗੇ ਸੂਬੇ ’ਚ ਪ੍ਰਧਾਨ ਮੰਤਰੀ ਮੋਦੀ ਭਾਜਪਾ ਨੂੰ ਜਿੱਤ ਨਹੀਂ ਦਿਵਾ ਸਕੇ। ਅਜਿਹੇ ’ਚ ਭਾਜਪਾ ਦਾ ਪਖੰਡ ਉਜਾਗਰ ਹੋ ਗਿਆ ਹੈ। ਹਰਿਆਣਾ ’ਚ ਜਿੱਤ ਦੀਆਂ ਜਲੇਬੀਆਂ ਖਾਂਦੇ-ਖਾਂਦੇ ਹੁਣ ਜੰਮੂ-ਕਸ਼ਮੀਰ ’ਚ ਮਿੱਟੀ ਖਾਣ ਦੀ ਨੌਬਤ ਕਿਉਂ ਆਈ? ਇਸ ਦਾ ਵਿਸ਼ਲੇਸ਼ਣ ਭਾਜਪਾ ਦੇ ਅੰਧ ਪੰਡਿਤਾਂ ਨੂੰ ਕਰਨ ਦੀ ਲੋੜ ਹੈ। ਹਰਿਆਣਾ ਦੇ ਨਤੀਜਿਆਂ ਦਾ ਅਸਰ ਮਹਾਰਾਸ਼ਟਰ ’ਤੇ ਪਵੇਗਾ।

ਭਾਜਪਾ ਅਤੇ ਉਸ ਦਾ ਸ਼ਿੰਦੇ ਧੜਾ ਦਾਅਵਾ ਕਰਨ ਲੱਗਾ ਹੈ ਕਿ ਹਰਿਆਣਾ ਜਿੱਤ ਗਏ, ਹੁਣ ਮਹਾਰਾਸ਼ਟਰ ਵੀ ਜਿੱਤਾਂਗੇ ਹੀ। ਹਰਿਆਣਾ ਅਤੇ ਮਹਾਰਾਸ਼ਟਰ ਦੀ ਸਿਆਸੀ ਸਥਿਤੀ ਦੀ ਤੁਲਨਾ ਕਰਨੀ ਪੂਰੀ ਤਰ੍ਹਾਂ ਗਲਤ ਹੈ। ਮਹਾਰਾਸ਼ਟਰ ਵਰਗੇ ਵੱਡੇ ਸੂਬੇ ਦਾ ਗਣਿਤ ਹਰਿਆਣਾ ਦੇ ਗਣਿਤ ਤੋਂ ਵੱਖਰਾ ਹੈ।

ਹਰਿਆਣਾ ’ਚ 90 ਮੈਂਬਰੀ ਵਿਧਾਨ ਸਭਾ ਹੈ। ਮਹਾਰਾਸ਼ਟਰ 288 ਵਿਧਾਇਕਾਂ ਅਤੇ 48 ਸੰਸਦ ਮੈਂਬਰਾਂ ਦਾ ਸੂਬਾ ਹੈ। ਮਹਾਰਾਸ਼ਟਰ ਦਾ ਆਪਣਾ ਮਨ ਅਤੇ ਮੱਤ ਹੈ। ਇਹ ਸੱਚ ਹੈ ਕਿ ਭਾਜਪਾ ਨੇ ਹਰਿਆਣਾ ’ਚ ਚੋਣਾਂ ਜਿੱਤੀਆਂ ਪਰ ਕੀ ਉਨ੍ਹਾਂ ਨੇ ਇਹ ਜਿੱਤ ਸੱਚ ਦੇ ਰਾਹ ’ਤੇ ਚੱਲ ਕੇ ਹਾਸਲ ਕੀਤੀ? ਇਹ ਹੁਣ ਇਕ ਚਰਚਾ ਦਾ ਵਿਸ਼ਾ ਹੈ। ਜੰਮੂ-ਕਸ਼ਮੀਰ ਦੀ ਹਾਰ ’ਤੇ ਚਰਚਾ ਨਹੀਂ ਹੋ ਰਹੀ ਪਰ ਹਰਿਆਣਾ ਦੀ ਜਿੱਤ ਦੇ ਢੋਲ ਵਜਾਏ ਜਾ ਰਹੇ ਹਨ। ਹੁਣ ਫੜਨਵੀਸ ਆਦਿ ‘ਰਾਗ’ ਅਲਾਪ ਰਹੇ ਹਨ ਕਿ ਮਹਾਰਾਸ਼ਟਰ ਦਾ ਹਾਲ ਵੀ ਹਰਿਆਣਾ ਵਰਗਾ ਹੋਵੇਗਾ। ਤਾਂ ਕੀ ਗੱਲ ਹੈ ਫੜਨਵੀਸ, ਆਪਣੀ ਉਸ ਹਰਿਆਣਾ ਦੀ ਜਿੱਤ ਨੂੰ ਹਾਲ ਦੀ ਘੜੀ ਪਾਸੇ ਰੱਖ ਦਿਓ।

ਤੁਸੀਂ ਅਤੇ ਅਸੀਂ ਅਜਿਹਾ ਕਿਉਂ ਨਾ ਕਹੀਏ ਕਿ ਮਹਾਰਾਸ਼ਟਰ ’ਚ ਵੀ ਜੰਮੂ-ਕਸ਼ਮੀਰ ਵਰਗਾ ਹੀ ਨਤੀਜਾ ਆਵੇਗਾ? ਜੰਮੂ-ਕਸ਼ਮੀਰ ’ਚ ‘ਇੰਡੀਆ’ ਗੱਠਜੋੜ ਦੀ ਜਿੱਤ ਹੋਈ। ਉਸੇ ਤਰ੍ਹਾਂ ਮਹਾਰਾਸ਼ਟਰ ’ਚ ਮਹਾ ਵਿਕਾਸ ਆਘਾੜੀ ਦੀ ਹੀ ਜਿੱਤ ਹੋਵੇਗੀ। ਹਰਿਆਣਾ ’ਚ ਜਾਟ ਬਨਾਮ ਗੈਰ-ਜਾਟ ਮੁਕਾਬਲਾ ਹੋਇਆ। ਮਹਾਰਾਸ਼ਟਰ ’ਚ ਭਾਜਪਾ ਇਸੇ ਜਾਤੀ ਗਣਿਤ ਨੂੰ ਪੇਸ਼ ਕਰ ਕੇ ਚੋਣ ਲੜਨਾ ਚਾਹੁੰਦੀ ਹੈ।

ਸੂਬੇ ’ਚ ਮਰਾਠਾ, ਧਨਗਰ, ਓ. ਬੀ. ਸੀ. ਰਾਖਵੇਂਕਰਨ ਦੀ ਤ੍ਰਿਕੋਣੀ ਲੜਾਈ ਚੱਲ ਰਹੀ ਹੈ ਅਤੇ ਉਹ ਆਪਣੇ-ਆਪਣੇ ਤਰੀਕੇ ਨਾਲ ਇਸ ਅੰਦੋਲਨ ਦੀ ਧਾਰ ਨੂੰ ਅੱਗੇ ਵਧਾ ਰਹੇ ਹਨ। ਫਿਰ ਚੋਣਾਂ ਦੇ ਮੱਦੇਨਜ਼ਰ ਸਰਕਾਰ ਦੀ ਤਿਜੌਰੀ (ਭਾਵੇਂ ਹੀ ਉਹ ਖਾਲੀ ਹੋਵੇ) ਕਿਸ ਲਈ ਖਾਲੀ ਹੋ ਜਾਵੇਗੀ, ਇਸ ਦੀ ਕੋਈ ਥਾਹ ਨਹੀਂ ਹੈ ਪਰ ਇੰਨੀ ਜੱਦੋ-ਜਹਿਦ ਦੇ ਬਾਵਜੂਦ ਇਹ ਤੈਅ ਹੈ ਕਿ ਮਹਾਰਾਸ਼ਟਰ ਦੀ ਜਨਤਾ ਮੌਜੂਦਾ ਸ਼ਾਸਕਾਂ ਨੂੰ ਉਨ੍ਹਾਂ ਦੀ ਥਾਂ ਦਿਖਾ ਦੇਵੇਗੀ ਕਿਉਂਕਿ ਮਹਾਰਾਸ਼ਟਰ ਦੀ ਜਨਤਾ ’ਚ ਮੋਦੀ-ਸ਼ਾਹ ਦੇ ਖਿਲਾਫ ਬੇਹੱਦ ਗੁੱਸਾ ਹੈ।

ਖੁਦ ਫੜਨਵੀਸ ਦੀ ਸਾਖ ਬਹੁਤ ਡਿੱਗ ਗਈ ਹੈ। ਮੁੱਖ ਮੰਤਰੀ ਸ਼ਿੰਦੇ ਦਿੱਲੀ ’ਚ ਆਪਣੇ ਪਾਤਸ਼ਾਹਾਂ ਨੂੰ ਸਿੱਧੇ ਥੈਲੀਆਂ ਪਹੁੰਚਾਉਂਦੇ ਹਨ ਅਤੇ ਇਹ ਥੈਲੀਆਂ ਫੜਨਵੀਸ ਅਤੇ ਹੋਰ ਲੋਕਾਂ ਦੀ ਤੁਲਨਾ ’ਚ ਵੱਧ ਹਨ। ਮੁੰਬਈ-ਮਹਾਰਾਸ਼ਟਰ ਨੂੰ ਲੁੱਟ ਕੇ ਦਿੱਲੀ ਦੇ ਪਾਤਸ਼ਾਹਾਂ ’ਤੇ ਵਸੂਲੀਆਂ ਵਾਰੀਆਂ ਜਾ ਰਹੀਆਂ ਹਨ, ਜਿਸ ਨਾਲ ਮਰਾਠੀ ਜਨਤਾ ਦਾ ਨੁਕਸਾਨ ਹੋ ਰਿਹਾ ਹੈ। ਇਹ ਸਭ ਮਰਾਠੀ ਜਨਤਾ ਦੇਖ ਰਹੀ ਹੈ।

ਮਹਾਰਾਸ਼ਟਰ ’ਚ ਗੱਦਾਰਾਂ ਦਾ ਸ਼ਾਸਨ ਹੈ ਅਤੇ ਮੋਦੀ-ਸ਼ਾਹ ਨੇ ਮਹਾਰਾਸ਼ਟਰ ਦੀ ਛਾਤੀ ’ਤੇ ਇਸ ਨਾਜਾਇਜ਼, ਬੇਈਮਾਨ ਸਰਕਾਰ ਨੂੰ ਬਿਠਾਇਆ ਹੈ। ਇਹ ਸੂਬੇ ਦੀ ਜਨਤਾ ਨੂੰ ਸਵੀਕਾਰ ਨਹੀਂ ਹੈ। ਇਸ ਗੁੱਸੇ ਦਾ ਅਸਰ ਲੋਕ ਸਭਾ ਚੋਣਾਂ ’ਚ ਦਿਖਾਈ ਦਿੱਤਾ।

ਹਰਿਆਣਾ ਦੇ ਨਤੀਜਿਆਂ ਦੀ ਤੁਲਨਾ ਮਹਾਰਾਸ਼ਟਰ ਨਾਲ ਕਰਨ ਵਾਲਿਆਂ ਨੂੰ ਇਹ ਗੱਲ ਧਿਆਨ ’ਚ ਰੱਖਣੀ ਚਾਹੀਦੀ ਹੈ। ਫਿਰ ਮਹਾਰਾਸ਼ਟਰ ’ਚ ਊਧਵ ਠਾਕਰੇ ਅਤੇ ਪਵਾਰ ਵਰਗੇ ਲੋਕ-ਪੱਖੀ ਆਗੂ ਅਤੇ ਉਨ੍ਹਾਂ ਦੀਆਂ ਫੌਜਾਂ ਜਾਗਰੂਕ ਹਨ।

ਹਰਿਆਣਾ ਦੀਆਂ ਚੋਣਾਂ ’ਚ ਕਾਂਗਰਸ ਦੇ ਸਾਰੇ ਸੂਤਰ ਇਕ ਵਿਅਕਤੀ ਦੇ ਹੱਥ ’ਚ ਸਨ। ਅੱਜ ਮਹਾਰਾਸ਼ਟਰ ’ਚ ਅਜਿਹੀ ਤਸਵੀਰ ਦੇਖਣ ਨੂੰ ਨਹੀਂ ਮਿਲੀ। ਇਸ ਲਈ ਇਹ ਕਿਹਾ ਜਾਣਾ ਚਾਹੀਦਾ ਹੈ ਕਿ ਹਰਿਆਣਾ ਵਾਂਗ ਮਹਾਰਾਸ਼ਟਰ ’ਚ ਵੀ ਅਜਿਹਾ ਹੋਵੇਗਾ, ਇਹ ਭਾਜਪਾ ਅਤੇ ਉਸ ਛਿੰਦੇ ਦਾ ਸੁਫਨਾ ਹੈ। ਮਹਾਰਾਸ਼ਟਰ ’ਚ ਆਘਾੜੀ ਦੀ ਸਿਆਸਤ ਹੈ ਅਤੇ ਭਾਜਪਾ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਕਾਂਗਰਸ ਵਲੋਂ ਸ਼ਿਕਾਇਤ ਕੀਤੀ ਗਈ ਕਿ ਹਰਿਆਣਾ ’ਚ ਈ. ਵੀ. ਐੱਮ. ਘਪਲਾ ਹੋਇਆ ਹੈ।

ਸਾਨੂੰ ਕਿੰਨੀ ਵਾਰ ਕਹਿਣਾ ਪਵੇਗਾ ਕਿ ਚੋਣ ਕਮਿਸ਼ਨ ਨਿਰਪੱਖ ਨਹੀਂ ਰਿਹਾ ਹੈ? ਹਰਿਆਣਾ ’ਚ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਕਾਂਗਰਸ 72 ਸੀਟਾਂ ’ਤੇ ਅੱਗੇ ਚੱਲ ਰਹੀ ਸੀ। ਭਾਵ ਇਹ ਜਨਤਾ ਦੀ ਰਾਇ ਦਾ ਫਤਵਾ ਸੀ। ਪਰ ਬਾਅਦ ’ਚ ਇਹ ਫਤਵਾ ਬਦਲ ਗਿਆ। ਰਾਜਸਥਾਨ ਅਤੇ ਮੱਧ ਪ੍ਰਦੇਸ਼ ਚੋਣਾਂ ’ਚ ਵੀ ਸ਼ੁਰੂ ’ਚ ਜਨਤਾ ਦੀ ਰਾਇ ਭਾਜਪਾ ਵਿਰੋਧੀ ਸੀ। ਕਾਂਗਰਸ ਦੇ ਰੇਸ ’ਚ ਆਉਂਦਿਆਂ ਹੀ ਨਤੀਜੇ ਪਲਟ ਗਏ।

ਫਤਵਾ ਇੰਨੀ ਜਲਦੀ ਕਿਵੇਂ ਬਦਲ ਸਕਦਾ ਹੈ? ਮਹਾਰਾਸ਼ਟਰ ਵਿਚ ਭਾਜਪਾ ਅਤੇ ਇਸ ਦੇ ਸ਼ਿੰਦੇ ਦਾ ਫਾਰਮੂਲਾ ਵੱਧ ਤੋਂ ਵੱਧ ‘ਆਜ਼ਾਦ’ ਉਮੀਦਵਾਰ ਖੜ੍ਹੇ ਕਰਕੇ ਜਾਤੀ ਵੋਟਾਂ ਨੂੰ ਵੰਡਣ ਦਾ ਜਾਪਦਾ ਹੈ। ਭਾਜਪਾ ਨੇ ਹਰਿਆਣਾ ਵਿਚ ਆਜ਼ਾਦ ਉਮੀਦਵਾਰਾਂ ਦੀ ਇਹ ਚਾਲ ਜ਼ਰੂਰ ਖੇਡੀ ਹੈ।

ਮਹਾਰਾਸ਼ਟਰ ਵਿਚ ਵੀ ਵੋਟਾਂ ਦੀ ਵੰਡ ਦੀ ‘ਖੇਡ’ ਖੇਡ ਕੇ ਅਤੇ ਤੋੜ-ਭੰਨ ਕਰ ਕੇ ਅਤੇ ਫੁੱਟ ਪਾ ਕੇ ਚੋਣਾਂ ਜਿੱਤਣ ਦੀ ਸਾਜ਼ਿਸ਼ ਹੈ। ਇਸੇ ਲਈ ਫੜਨਵੀਸ ਵਰਗੇ ਲੋਕ ਕਹਿੰਦੇ ਹਨ ਕਿ ਮਹਾਰਾਸ਼ਟਰ ਵੀ ਹਰਿਆਣਾ ਵਾਂਗ ਹੀ ਹੋਵੇਗਾ ਪਰ ਮਰਾਠੀ ਆਦਮੀ ਦਿਲ ਦਾ ਕਮਜ਼ੋਰ ਨਹੀਂ ਹੈ। ਉਹ ਵਿਚਾਰਾਂ ਦਾ ਪੱਕਾ ਹੈ।

ਜਿਹੜੇ ਲੋਕ ਹਰਿਆਣਾ ਦੇ ਨਤੀਜਿਆਂ ਤੋਂ ਨਿਰਾਸ਼ ਹਨ, ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੀ ਜਿੱਤ ਵੱਲ ਆਸ ਭਰੀਆਂ ਨਜ਼ਰਾਂ ਨਾਲ ਦੇਖਣਾ ਚਾਹੀਦਾ ਹੈ। ਜਿਹੜੇ ਲੋਕ ਦਾਅਵਾ ਕਰਦੇ ਹਨ ਕਿ ਅਸੀਂ ਹਰਿਆਣਾ ਵਾਂਗ ਹੀ ਜਿੱਤਾਂਗੇ, ਉਨ੍ਹਾਂ ਨੂੰ ਜੰਮੂ-ਕਸ਼ਮੀਰ ’ਚ ਮੋਦੀ-ਸ਼ਾਹ ਦੀ ਹਾਰ ਨੂੰ ਵੀ ਉਸੇ ਸਕਾਰਾਤਮਕ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈ। ਚਿੰਤਾ ਦੀ ਕੋਈ ਵਜ੍ਹਾ ਨਹੀਂ ਹੈ।

ਸੰਜੇ ਰਾਊਤ


Rakesh

Content Editor

Related News