ਬੰਗਾਲ ਜ਼ਿਮਨੀ ਚੋਣਾਂ ’ ਚ ਹਾਰ ਤੋਂ ਭਾਜਪਾ ਨੂੰ ਸਬਕ
Thursday, Jul 18, 2024 - 08:22 PM (IST)
ਪੱਛਮੀ ਬੰਗਾਲ ਵਿਧਾਨ ਸਭਾ ਦੀਆਂ 4 ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਨੇ ਭਾਜਪਾ ਨੂੰ ਵੱਡਾ ਝਟਕਾ ਦਿੱਤਾ ਕਿਉਂਕਿ ਉਹ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੇ ਗੜ੍ਹ ’ਚ ਸੰਨ੍ਹ ਲਾਉਣ ਦੇ ਆਪਣੇ ਟੀਚੇ ਦਾ ਪਿੱਛਾ ਕਰ ਰਹੀ ਹੈ। ਟੀ. ਐੱਮ. ਸੀ. ਨੇ ਸਾਰੀਆਂ ਸੀਟਾਂ ਜਿੱਤੀਆਂ।
ਆਮ ਤੌਰ ’ਤੇ, ਨਤੀਜਿਆਂ ਨੂੰ ਗੰਭੀਰ ਝਟਕਾ ਨਹੀਂ ਮੰਨਿਆ ਜਾਵੇਗਾ ਕਿਉਂਕਿ ਰਵਾਇਤੀ ਗਿਆਨ ਹੈ ਕਿ ਵਿਧਾਨ ਸਭਾ ਜ਼ਿਮਨੀ ਚੋਣ ਸੱਤਾਧਾਰੀ ਪਾਰਟੀ ਦੇ ਪੱਖ ’ਚ ਹੁੰਦੀਆਂ ਹਨ। ਸਮੱਸਿਆ ਇਹ ਹੈ ਕਿ ਇਹ ਘਰੇਲੂ ਗਿਆਨ ਬਾਰੀਕੀਆਂ ਨੂੰ ਧਿਆਨ ’ਚ ਨਹੀਂ ਰੱਖਦਾ ਹੈ।
ਸਭ ਤੋਂ ਪਹਿਲਾਂ ਇਹ ਧਿਆਨ ਦਿੱਤਾ ਜਾਣਾ ਚਾਹੀਦਾ ਕਿ ਭਾਜਪਾ ਨੇ 2021 ਦੀਆਂ ਵਿਧਾਨ ਸਭਾ ਚੋਣਾਂ ’ਚ 4 ’ਚੋਂ 3 ਚੋਣ ਹਲਕੇ ’ਚ ਜਿੱਤ ਹਾਸਲ ਕੀਤੀ ਸੀ। ਇਹ ਹਲਕੇ ਰਾਜਗੰਜ, ਇਸੇ ਨਾਂ ਦੇ ਲੋਕ ਸਭਾ ਹਲਕੇ ਦਾ ਹਿੱਸਾ ਬਗਦਾਹ, ਬੋਨਗਾਂਵ ਚੋਣ ਹਲਕੇ ਦਾ ਹਿੱਸਾ ਅਤੇ ਰਾਣਾਘਾਟ ਦੱਖਣੀ, ਰਾਣਾਘਾਟ ਚੋਣ ਹਲਕੇ ਦਾ ਹਿੱਸਾ ਹਨ। 2021 ’ਚ ਸਿਰਫ ਮਾਨਿਕਤਲਾ ਹੀ ਟੀ. ਐੱਮ. ਸੀ. ਦੇ ਪਾਲੇ ’ਚ ਗਈ ਸੀ। 3 ਸੀਟਾਂ ਦੇ ਨੁਕਸਾਨ ਨੂੰ ਸ਼ਾਇਦ ਹੀ ਕਿਸੇ ਅਖੌਤੀ ਸੱਤਾਧਾਰੀ ਕਾਰਕ ਨਾਲ ਸਮਝਾਇਆ ਜਾ ਸਕਦਾ ਹੈ।
ਫਰਕ ਵੀ ਕਾਫੀ ਵੱਡਾ ਹੈ ਜਿਸ ਨਾਲ ਭਾਜਪਾ ਨੂੰ ਆਮ ਨੁਸਖਿਆਂ ਤੋਂ ਆਰਾਮ ਲੈਣ ਤੋਂ ਬਚਣਾ ਚਾਹੀਦਾ ਹੈ। ਰਾਏਗੰਜ ’ਚ ਟੀ. ਐੱਮ. ਸੀ. ਦੇ ਕ੍ਰਿਸ਼ਨ ਕਲਿਆਣੀ ਨੇ 56000 ਤੋਂ ਵੱਧ ਵੋਟਾਂ ਦੇ ਫਰਕ ਨਾਲ ਆਪਣੀ ਸੀਟ ਜਿੱਤੀ। ਉਨ੍ਹਾਂ ਨੇ 2021 ’ਚ ਭਾਜਪਾ ਦੀ ਟਿਕਟ ’ਤੇ ਲਗਭਗ 20,000 ਵੋਟਾਂ ਨਾਲ ਉਸੇ ਸੀਟ ’ਤੇ ਜਿੱਤ ਹਾਸਲ ਕੀਤੀ ਸੀ। ਇਸ ਤੋਂ ਪਹਿਲਾਂ ਕਿ ਉਹ ਟੀ. ਐੱਮ. ਸੀ. ’ਚ ਸ਼ਾਮਲ ਹੋ ਗਏ, ਆਪਣੀ ਸੀਟ ਤੋਂ ਅਸਤੀਫਾ ਦੇ ਦਿੱਤਾ ਅਤੇ ਇਸ ਸਾਲ ਦੀ ਸ਼ੁਰੂਆਤ ’ਚ ਰਾਏਗੰਜ ਸੰਸਦੀ ਸੀਟ ਤੋਂ ਚੋਣ ਲੜੇ। ਉਹ ਭਾਜਪਾ ਦੇ ਕਾਰਤਿਕ ਪਾਲ ਤੋਂ ਲਗਭਗ 68000 ਵੋਟਾਂ ਨਾਲ ਹਾਰ ਗਏ।
ਬਗਦਾਹ ’ਚ, ਮੈਦਾਨ ’ਚ ਸਭ ਤੋਂ ਘੱਟ ਉਮਰ ਦੀ ਉਮੀਦਵਾਰ,ਟੀ. ਐੱਮ. ਸੀ. ਦੀ ਮਧੁਪਰਣਾ ਠਾਕੁਰ ਨੇ 33 000 ਤੋਂ ਵੱਧ ਵੋਟਾਂ ਨਾਲ ਚੋਣ ਜਿੱਤੀ। 2021 ’ਚ ਭਾਜਪਾ ਦੇ ਵਿਸ਼ਵਜੀਤ ਦਾਸ ਨੇ ਲਗਭਗ 10,000 ਵੋਟਾਂ ਨਾਲ ਸੀਟ ਜਿੱਤੀ ਸੀ। ਇਸ ਸਾਲ ਦੀ ਸ਼ੁਰੂਆਤ ’ਚ ਹੋਈਆਂ ਆਮ ਚੋਣਾਂ ’ਚ ਰਾਜ ਮੰਤਰੀ ਸ਼ਾਂਤਨੂੰ ਠਾਕੁਰ ਨੇ ਬੋਂਗਾਂਵ ਸੀਟ ’ਤੇ ਲਗਭਗ 75000 ਵੋਟਾਂ ਨਾਲ ਜਿੱਤ ਹਾਸਲ ਕੀਤੀ।
ਰਾਣਾਘਾਟ ਦੱਖਣ ’ਚ ਟੀ. ਐੱਮ. ਸੀ. ਦੇ ਮੁਕੁਟਮਣੀ ਅਧਿਕਾਰੀ ਨੇ 39,000 ਤੋਂ ਵੱਧ ਵੋਟਾਂ ਨਾਲ ਚੋਣ ਜਿੱਤੀ। ਉਨ੍ਹਾਂ ਨੇ 2021 ’ਚ ਭਾਜਪਾ ਦੀ ਟਿਕਟ ’ਤੇ ਲਗਭਗ 17000 ਵੋਟਾਂ ਨਾਲ ਸੀਟ ਜਿੱਤੀ ਸੀ।
ਇਸ ਤੋਂ ਪਹਿਲਾਂ ਉਹ ਟੀ. ਐੱਮ. ਸੀ. ’ਚ ਸ਼ਾਮਲ ਹੋ ਜਾਂਦੇ, ਉਨ੍ਹਾਂ ਨੇ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਰਾਣਾਘਾਟ ਚੋਣ ਹਲਕੇ ਤੋਂ ਲੋਕ ਸਭਾ ਚੋਣ ਲੜੀ, ਜਿਸ ’ਚ ਉਹ ਭਾਜਪਾ ਉਮੀਦਵਾਰ ਤੋਂ 1,80,000 ਤੋਂ ਵੱਧ ਵੋਟਾਂ ਨਾਲ ਹਾਰ ਗਏ।
ਮਾਨਿਕਤਲਾ ’ਚ ਸੁਪਤੀ ਪਾਂਡੇ ਨੇ ਆਪਣੇ ਭਾਜਪਾ ਵਿਰੋਧੀ ਕਲਿਆਣ ਚੌਬੇ ਨੂੰ 62000 ਤੋਂ ਵੱਧ ਵੋਟਾਂ ਨਾਲ ਹਰਾਇਆ। ਉਨ੍ਹਾਂ ਦੇ ਪਤੀ ਸਾਧਨ ਪਾਂਡੇ ਨੇ 2021 ’ਚ ਲਗਭਗ 20,000 ਵੋਟਾਂ ਨਾਲ ਸੀਟ ਜਿੱਤੀ ਸੀ। ਹਾਲਾਂਕਿ ਟੀ. ਐੱਮ. ਸੀ. ਦੇ ਸੁਦੀਪ ਬੰਧੋਪਾਧਿਆਏ ਨੇ ਆਮ ਚੋਣਾਂ ’ਚ ਕੋਲਕਾਤਾ ਉੱਤਰ ਸੀਟ 90,000 ਤੋਂ ਵੱਧ ਵੋਟਾਂ ਨਾਲ ਜਿੱਤੀ ਸੀ ਪਰ ਮਾਨਿਕਤਲਾ ਵਿਧਾਨ ਸਭਾ ਖੇਤਰ ’ਚ ਫਰਕ ਕਾਫੀ ਘੱਟ ਹੋ ਗਿਆ ਸੀ।
ਜੋ ਗੱਲ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਹੈ, ਉਹ ਹੈ ਭਾਜਪਾ ਦੇ ਕਬਜ਼ੇ ਵਾਲੇ ਚੋਣ ਹਲਕਿਆਂ ’ਚ ਭਾਰੀ ਬਦਲਾਅ। ਰਾਏਗੰਜ ’ਚ 70,000 ਦੇ ਲਗਭਗ ਅਤੇ ਰਾਣਾਘਾਟ ਦੱਖਣ ’ਚ 55,000 ਦੇ ਲਗਭਗ ਵੋਟਾਂ ਦਾ ਫਰਕ ਰਿਹਾ। ਇਸ ਦਰਮਿਆਨ ਭਾਜਪਾ ਨੇ ਆਮ ਚੋਣਾਂ ’ਚ ਅਾਰਾਮਦਾਇਕ ਜਿੱਤ ਦਰਜ ਕੀਤੀ ਸੀ।
ਮਾਨਿਕਤਲਾ ’ਚ ਟੀ. ਐੱਮ. ਸੀ. ਦਾ ਫਰਕ 3 ਗੁਣਾ ਹੋ ਗਿਆ ਜਿਸ ਨੇ ਆਮ ਚੋਣਾਂ ’ਚ ਘਟੀਆ ਪ੍ਰਦਰਸ਼ਨ ਨੂੰ ਦਰਜ ਕੀਤਾ। ਭਾਜਪਾ ਲਈ ਵਿਸ਼ੇਸ਼ ਚਿੰਤਾ ਦਾ ਵਿਸ਼ਾ ਇਹ ਹੋਣਾ ਚਾਹੀਦਾ ਕਿ ਛੱਡੀਆਂ ਗਈਆਂ ਤਿੰਨੇ ਸੀਟਾਂ ਉਨ੍ਹਾਂ ਹਲਕਿਆਂ ’ਚ ਹਨ ਜਿਨ੍ਹਾਂ ਨੂੰ ਉਹ ਆਪਣਾ ਗੜ੍ਹ ਮੰਨਦੀ ਹੈ। ਰਾਏਗੰਜ ਉੱਤਰ ਬੰਗਾਲ ’ਚ ਹੈ ਜੋ 2019 ਦੀਆਂ ਆਮ ਚੋਣਾਂ ਤੋਂ ਬਾਅਦ ਭਾਜਪਾ ਦੇ ਪ੍ਰਭਾਵ ’ਚ ਹੈ ਅਤੇ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਬਗਦਾਹ ਅਤੇ ਰਾਣਾਘਾਟ ਦੱਖਣ ਮਤੂਆ ਖੇਤਰ ਦੇ ਕੇਂਦਰ ’ਚ ਹਨ।
ਭਾਜਪਾ ਨੇ ਮਤੂਆ ਭਾਈਚਾਰੇ ਦੀ ਵੋਟ ਨੂੰ ਕਾਇਮ ਰੱਖਣ ਲਈ ਕੋਈ ਕਸਰ ਨਹੀਂ ਛੱਡੀ, ਖਾਸ ਕਰ ਕੇ ਨਾਗਰਿਕਤਾ (ਸੋਧ) ਕਾਨੂੰਨ, 2019 ਦੇ ਰਾਹੀਂ। ਇਸ ਕਿਲੇ ’ਚ ਦਰਾਰ ਭਾਜਪਾ ਲਈ ਬੁਰੀ ਖਬਰ ਹੋਵੇਗੀ ਕਿਉਂਕਿ ਮਤੂਆ ਵੋਟ 30 ਤੋਂ ਵੱਧ ਵਿਧਾਨ ਸਭਾ ਸੀਟਾਂ ’ਤੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਦੀ ਹੈ।
ਉੱਤਰ ਬੰਗਾਲ ’ਚ ਵੋਟਾਂ ਦੀ ਵੰਡ ਵੀ ਬੁਰੀ ਖਬਰ ਹੋਵੇਗੀ ਕਿਉਂਕਿ 2021 ’ਚ ਭਾਜਪਾ ਨੇ ਇਸ ਹਲਕੇ ਦੀਆਂ 42 ਵਿਧਾਨ ਸਭਾ ਸੀਟਾਂ ’ਚੋਂ 25 ’ਤੇ ਜਿੱਤ ਹਾਸਲ ਕੀਤੀ ਸੀ। ਹਾਲਾਂਕਿ, ਅੱਗੇ ਵੱਲ ਦੇਖੀਏ ਤਾਂ ਇਨ੍ਹਾਂ ਨਤੀਜਿਆਂ ਦਾ ਭਾਜਪਾ ’ਤੇ ਗੰਭੀਰ ਤੌਰ ’ਤੇ ਮਨੋਬਲ ਡੇਗਣ ਵਾਲਾ ਅਸਰ ਹੋ ਸਕਦਾ ਹੈ।
ਸੁਹਿਤ ਕੇ ਸੇਨ