ਏ. ਡੀ. ਪੀ. ਨੇ ਖੇਤਰੀ ਨਬਰਾਬਰੀ ਨੂੰ ਕਿਵੇਂ ਦੂਰ ਕੀਤਾ

09/25/2021 11:19:43 AM

ਅਮਿਤਾਭ ਕਾਂਤ ਮੁੱਖ ਕਾਰਜਕਾਰੀ ਅਧਿਕਾਰੀ , ਨੀਤੀ ਆਯੋਗ 
ਨਵੀਂ ਦਿੱਲੀ- ਬਿਖੜੇ ਪਹਾੜੀ ਇਲਾਕੇ ’ਚ ਸਥਿਤ ਨਾਗਾਲੈਂਡ ਦਾ ਕਿਫ਼ਿਰ ਭਾਰਤ ਦੇ ਸਭ ਤੋਂ ਦੂਰ–ਦੁਰਾਡੇ ਦੇ ਜ਼ਿਲਿਆਂ ’ਚੋਂ ਇਕ ਹੈ। ਜ਼ਿਲੇ ਦੇ ਜ਼ਿਆਦਾਤਰ ਲੋਕ ਖੇਤੀਬਾੜੀ ਤੇ ਇਸ ਨਾਲ ਜੁੜੇ ਕੰਮ ਹੀ ਕਰਦੇ ਹਨ। ਉਨ੍ਹਾਂ ਨੂੰ ਖੋਲਰ ਜਾਂ ਰਾਜਮਾਂਹ ਦੀ ਖੇਤੀ ਕਰਨਾ ਵਧੇਰੇ ਪਸੰਦ ਹੈ। ਸਥਾਨਕ ਲੋਕਾਂ ਦੀ ਆਜੀਵਿਕਾ ਵਧਾਉਣ ਲਈ ਖੋਲਰ ਦੀ ਖੇਤੀ ਦੀ ਸੰਭਾਵਨਾ ਨੂੰ ਦੇਖਦੇ ਹੋਏ 2019 ’ਚ ਖ਼ਾਹਿਸ਼ੀ ਜ਼ਿਲਾ ਪ੍ਰੋਗਰਾਮ (Aspirational Districts Programme) ਰਾਹੀਂ ਇਸ ਦੀ ਪੈਕੇਜਿੰਗ ਸੁਵਿਧਾ ਸਥਾਪਿਤ ਕੀਤੀ ਗਈ ਸੀ। ਇਹ ਸੁਵਿਧਾ ਕਿਸਾਨਾਂ ’ਚ ਬਹੁਤ ਤੇਜ਼ੀ ਨਾਲ ਮਕਬੂਲ ਹੋਈ ਸੀ। ਤਦ ਤੋਂ ਵੱਡੇ ਪੱਧਰ ’ਤੇ ਖੋਲਰ ਦੀ ਖੇਤੀ ਸ਼ੁਰੂ ਹੋ ਗਈ ਹੈ ਤੇ ਕਿਫ਼ਿਰ ਦੇ ਰਾਜਮਾਂਹ ਹੁਣ ਸਮੁੱਚੇ ਦੇਸ਼ ’ਚ ਕਬਾਇਲੀ ਮਾਮਲੇ ਮੰਤਰਾਲੇ ਦੇ ਪੋਰਟਲ TribesIndia.com ’ਤੇ ਵੇਚੇ ਜਾ ਰਹੇ ਹਨ। ਇਸੇ ਤਰ੍ਹਾਂ ਦੀ ਸਫ਼ਲਤਾ ਦੀ ਦਾਸਤਾਨ 112 ਜ਼ਿਲਿਆਂ ’ਚ ਵੀ ਹੈ, ਜੋ 2018 ’ਚ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੇ ਗਏ ਖ਼ਾਹਿਸ਼ੀ ਜ਼ਿਲਾ ਪ੍ਰੋਗਰਾਮ (ਏ. ਡੀ. ਪੀ.) ਦਾ ਹਿੱਸਾ ਹਨ। ਸ਼ੁਰੂਆਤ ਤੋਂ ਹੀ ਏ. ਡੀ. ਪੀ. ਨੇ ਭਾਰਤ ਦੇ ਕੁਝ ਸਭ ਤੋਂ ਪੱਛੜੇ ਤੇ ਦੂਰ–ਦੁਰਾਡੇ ਦੇ ਜ਼ਿਲਿਆਂ ’ਚ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ’ਚ ਲਗਾਤਾਰ ਕੰਮ ਕੀਤਾ ਹੈ। ਇਸ ਸਾਲ ਦੇ ਸ਼ੁਰੂ ’ਚ ਯੂ. ਐੱਨ. ਡੀ. ਪੀ. ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਸਥਾਨਕ ਖੇਤਰ ਦੇ ਵਿਕਾਸ ਦਾ ਬੇਹੱਦ ਸਫ਼ਲ ਮਾਡਲ ਦੱਸਿਆ ਤੇ ਕਿਹਾ ਕਿ ‘ਇਸ ਨੂੰ ਅਜਿਹੇ ਹੋਰ ਦੇਸ਼ਾਂ ਵਿਚ ਵੀ ਅਪਣਾਇਆ ਜਾਣਾ ਚਾਹੀਦਾ ਹੈ, ਜਿੱਥੇ ਅਨੇਕ ਕਾਰਨਾਂ ਕਰ ਕੇ ਵਿਕਾਸ ’ਚ ਖੇਤਰੀ ਅਸਮਾਨਤਾਵਾਂ ਰਹਿੰਦੀਆਂ ਹਨ।

ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਹਾਂ–ਪੱਖੀ ਸਮਾਜਿਕ ਤੇ ਆਰਥਿਕ ਪ੍ਰਭਾਵ ਦੇ ਨਾਲ ਹੀ ਸਿਹਤ, ਪੋਸ਼ਣ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਖੇਤਰ ’ਚ ਅਹਿਮ ਸੁਧਾਰ ਦੇਖਿਆ ਗਿਆ ਹੈ। ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਦੇ 5ਵੇਂ ਗੇੜ ਦੇ ਪਹਿਲੇ ਪੜਾਅ ਅਨੁਸਾਰ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ, ਸੰਸਥਾਗਤ ਜਣੇਪਾ, ਬਾਲ ਟੀਕਾਕਰਨ, ਪਰਿਵਾਰ ਨਿਯੋਜਨ ਦੀਆਂ ਵਿਧੀਆਂ ਦਾ ਉਪਯੋਗ ਜਿਵੇਂ ਅਹਿਮ ਸਿਹਤ ਦੇਖਭਾਲ ਖੇਤਰਾਂ ’ਚ ਖ਼ਾਹਿਸ਼ੀ ਜ਼ਿਲਿਆਂ ਵਿਚ ਮੁਕਾਬਲਤਨ ਤੇਜ਼ੀ ਨਾਲ ਸੁਧਾਰ ਹੋਇਆ ਹੈ। ਇਸੇ ਤਰ੍ਹਾਂ ਇਨ੍ਹਾਂ ਜ਼ਿਲਿਆਂ ’ਚ ਬੁਨਿਆਦੀ ਢਾਂਚਾਗਤ ਸੁਵਿਧਾਵਾਂ, ਬਿਜਲੀ, ਸਵੱਛ ਈਂਧਣ ਤੇ ਸਵੱਛਤਾ ਦੇ ਟੀਚੇ ਵੀ ਮੁਕਾਬਲਤਨ ਤੇਜ਼ੀ ਨਾਲ ਹਾਸਲ ਕੀਤੇ ਗਏ ਹਨ।

ਏ. ਡੀ. ਪੀ. ਤਿਆਰ ਕਰਨ ’ਚ ਦੋ ਅਹਿਮ ਹਕੀਕਤਾਂ ਨੂੰ ਧਿਆਨ ’ਚ ਰੱਖਿਆ ਗਿਆ ਹੈ। ਪਹਿਲਾ, ਫੰਡ ਦੀ ਘਾਟ ਹੀ ਪੱਛੜੇਪਨ ਦਾ ਇਕੋ–ਇਕ ਜਾਂ ਪ੍ਰਮੁੱਖ ਕਾਰਨ ਨਹੀਂ ਹੈ ਕਿਉਂਕਿ ਖ਼ਰਾਬ ਸ਼ਾਸਨ ਕਾਰਨ ਮੌਜੂਦਾ ਯੋਜਨਾਵਾਂ (ਕੇਂਦਰ ਤੇ ਰਾਜ ਦੋਹਾਂ ਦੀਆਂ) ਦੇ ਤਹਿਤ ਉਪਲੱਬਧ ਫੰਡਾਂ ਦਾ ਬਿਹਤਰ ਤਰੀਕੇ ਨਾਲ ਉਪਯੋਗ ਨਹੀਂ ਕੀਤਾ ਜਾਂਦਾ ਹੈ। ਦੂਸਰਾ, ਲੰਬੇ ਸਮੇਂ ਤੋਂ ਇਨ੍ਹਾਂ ਜ਼ਿਲਿਆਂ ਨੂੰ ਨਜ਼ਰ ਕੀਤੇ ਜਾਣ ਕਾਰਨ ਜ਼ਿਲਾ ਅਧਿਕਾਰੀਆਂ ’ਚ ਉਤਸ਼ਾਹ ਘੱਟ ਹੋ ਗਿਆ ਹੈ। ਅਸਲ ’ਚ ਇਨ੍ਹਾਂ ਜ਼ਿਲਿਆਂ ਦੀ ਸਮਰੱਥਾ ਨੂੰ ਉਜਾਗਰ ਕਰਨ ’ਚ ਅੰਕੜਿਆਂ ’ਤੇ ਅਾਧਾਰਿਤ ਸ਼ਾਸਨ ਨਾਲ ਇਸ ਮਾਨਸਿਕਤਾ ਨੂੰ ਖ਼ਤਮ ਕਰਨਾ ਅਹਿਮ ਹੈ। ਲਾਗੂ ਕਰਨ ਦੇ ਤਿੰਨ ਸਾਲਾਂ ’ਚ ਹੀ ਪ੍ਰੋਗਰਾਮ ਰਾਹੀਂ ਕੇਂਦਰਮੁਖਤਾ (ਕੇਂਦਰ ਤੇ ਰਾਜ ਦੀਆਂ ਯੋਜਨਾਵਾਂ ਵਿਚਾਲੇ), ਸਹਿਯੋਗ (ਕੇਂਦਰ, ਰਾਜ, ਜ਼ਿਲਾ ਤੇ ਵਿਕਾਸ ਭਾਈਵਾਲਾਂ ਵਿਚਾਲੇ) ਅਤੇ ਮੁਕਾਬਲਾ (ਜ਼ਿਲਿਆਂ ਵਿਚਾਲੇ) ਦੇ ਆਪਣੇ ਮੂਲ ਸਿਧਾਂਤਾਂ ਰਾਹੀਂ ਕਈ ਖੇਤਰਾਂ ’ਚ ਲੋੜੀਂਦਾ ਸੁਧਾਰ ਲਿਆਉਣ ਲਈ ਉਚਿਤ ਸੰਸਥਾਗਤ ਢਾਂਚਾ ਉਪਲੱਬਧ ਕਰਵਾਇਆ ਗਿਆ ਹੈ। ਨੀਤੀ ਆਯੋਗ ਵੱਲੋਂ ਵਿਕਸਿਤ ਏ. ਡੀ. ਪੀ. ਦਾ ‘ਚੈਂਪੀਅਨਸ ਆਫ ਚੇਂਜ’ ਪਲੇਟਫਾਰਮ ਦਾ ਸਵੈ–ਸੇਵਾ ਵਿਸ਼ਲੇਸ਼ਣ ਉਪਕਰਣ ਜ਼ਿਲਾ ਪ੍ਰਸ਼ਾਸਨ ਲਈ ਮਦਦਗਾਰ ਹੈ। ਇਸ ਨਾਲ ਉਨ੍ਹਾਂ ਨੂੰ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਤੇ ਸਥਾਨਕ ਖੇਤਰ ਦੀਆਂ ਟੀਚਾਗਤ ਯੋਜਨਾਵਾਂ ਤਿਆਰ ਕਰਨ ’ਚ ਮਦਦ ਮਿਲਦੀ ਹੈ। ਇਸ ਪਲੇਟਫਾਰਮ ਤੋਂ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਪ੍ਰੋਗਰਾਮ ਦੀ ਡੈਲਟਾ ਰੈਂਕਿੰਗ ਵਿਚ ਆਪਣੀ ਸਥਿਤੀ ਸੁਧਾਰਨ ਲਈ ਜ਼ਿਲੇ ਲਗਾਤਾਰ ਇਕ–ਦੂਜੇ ਨਾਲ ਮੁਕਾਬਲਾ ਕਰਨ। ਮੁਕਾਬਲੇ ਨਾਲ ਬਿਹਤਰ ਸੇਵਾ ਮੁਹੱਈਆ ਕਰਨ ਲਈ ਲਗਾਤਾਰ ਨਵੇਂ ਵਿਚਾਰਾਂ ਦੀ ਭਾਲ ਕੀਤੀ ਜਾਂਦੀ ਹੈ।

ਇਸ ਪ੍ਰੋਗਰਾਮ ਨੇ ਸਮਾਨ ਕੋਸ਼ਿਸ਼ ਕਰਨ ਜਾਂ ਸਾਇਲੋ ’ਚ ਕੰਮ ਕਰਨ ਦੇ ਉਲਟ ਗ਼ੈਰ–ਸਰਕਾਰੀ ਸੰਗਠਨਾਂ/ਸ਼ਹਿਰੀ ਸਮਾਜ ਸੰਗਠਨਾਂ ਤੇ ਜ਼ਿਲਾ ਪ੍ਰਸ਼ਾਸਨ ਨੂੰ ਇਕ–ਦੂਜੇ ਦੇ ਸਹਿਯੋਗ ਨਾਲ ਕੰਮ ਕਰਨ ਲਈ ਇਕਜੁੱਟ ਕੀਤਾ ਹੈ। ਇਸ ਨੇ ਇਹ ਯਕੀਨੀ ਬਣਾਇਆ ਹੈ ਕਿ ਸਰਕਾਰ, ਸਮਾਜ ਤੇ ਬਾਜ਼ਾਰ ਸਾਰੇ ਆਪੋ–ਆਪਣੀ ਸੰਪਤੀ ਦਾ ਲਾਭ ਲੈ ਕੇ ਸਮਾਨ ਉਦੇਸ਼ਾਂ ਨੂੰ ਹਾਸਲ ਕਰਨ ਦੀ ਦਿਸ਼ਾ ’ਚ ਕੰਮ ਕਰ ਸਕਦੇ ਹਨ। ਪਿਛਲੇ ਕੁਝ ਸਾਲਾਂ ਤੋਂ ਜ਼ਿਲਿਆਂ ਵੱਲੋਂ ਆਪੋ–ਆਪਣੇ ਬਿਹਤਰ ਤਰੀਕਿਆਂ ਨੂੰ ਇਕ–ਦੂਜੇ ਨਾਲ ਸਾਂਝਾ ਕਰਨ ਨਾਲ ਸਭ ਨੂੰ ਫ਼ਾਇਦਾ ਹੋਇਆ ਹੈ। ਇਕ ਜ਼ਿਲੇ ਵੱਲੋਂ ਨਵੀਨ ਕਿਸਮ ਦੇ ਅਤੇ ਅਪਣਾਏ ਗਏ ਤਰੀਕਿਆਂ ਦੀ ਹੋਰ ਜ਼ਿਲੇ ਵੱਲੋਂ ਰੀਸ ਕੀਤੀ ਗਈ ਹੈ। ਪ੍ਰੋਗਰਾਮ ’ਚ ਸਥਾਨਕ ਜ਼ਰੂਰਤਾਂ ਅਨੁਸਾਰ ਤਰੀਕਿਆਂ ਨੂੰ ਬਦਲਣ ਲਈ ਜ਼ਰੂਰੀ ਲਚਕਤਾ ਅਪਣਾਉਣ ਦੇ ਨਾਲ ਹੀ ਜ਼ਿਲਿਆਂ ’ਚ ਅਜਿਹੀ ਪ੍ਰੇਰਕ ਭਾਵਨਾ ਭਰੀ ਜਾ ਸਕਦੀ ਹੈ।

ਖ਼ਾਹਿਸ਼ੀ ਜ਼ਿਲਾ ਪ੍ਰੋਗਰਾਮ ਰਾਜਾਂ ਤੇ ਇੱਥੋਂ ਤੱਕ ਕਿ ਜ਼ਿਲਿਆਂ ਦੇ ਮਤਭੇਦਾਂ ਪ੍ਰਤੀ ਹੱਦੋਂ ਵੱਧ ਜਾਗਰੂਕ ਹੈ ਤੇ ਇਹ ਉਨ੍ਹਾਂ ਮਤਭੇਦਾਂ ਨੂੰ ਦੂਰ ਕਰਨ ਲਈ ਇਕ ਵਾਜਿਬ ਪ੍ਰਣਾਲੀ ਉਪਲੱਬਧ ਕਰਵਾਉਂਦਾ ਹੈ। ਅਸਲ ’ਚ, ਪ੍ਰੋਗਰਾਮ ਦਾ ਉਦੇਸ਼ ਬਲਾਕ ਪੱਧਰ ’ਤੇ ਇਸ ਮਾਡਲ ਨੂੰ ਦੁਹਰਾਉਣ ਲਈ ਜ਼ਿਲਿਆਂ ਨੂੰ ਉਤਸ਼ਾਹਿਤ ਕਰਕੇ ਇਸ ਵਿਚਾਰ ਨੂੰ ਹੁਲਾਰਾ ਦੇਣਾ ਹੈ। ਸਾਨੂੰ ਆਸ ਹੈ ਕਿ ਇਸ ਮਾਡਲ ਨੂੰ ਉਤਸ਼ਾਹਿਤ ਕਰਨ ਨਾਲ ਜ਼ਿਲੇ ਨੂੰ ਦਰਪੇਸ਼ ਚੁਣੌਤੀਆਂ ਤੇ ਉਨ੍ਹਾਂ ਨਾਲ ਨਿਪਟਣ ਦੇ ਤਰੀਕੇ ਬਾਰੇ ਅਹਿਮ ਜਾਣਕਾਰੀ ਉਪਲੱਬਧ ਹੋਵੇਗੀ। ਏ. ਡੀ. ਪੀ. ਸਹਿਕਾਰੀ–ਪ੍ਰਤੀਯੋਗੀ ਸੰਘਵਾਦ ਦੀ ਇਕ ਸ਼ਾਨਦਾਰ ਉਦਾਹਰਣ ਹੈ। ਏ. ਡੀ. ਪੀ. ਦੇ ਖ਼ਾਕੇ ਅਤੇ ਸਫ਼ਲਤਾਵਾਂ ਬਾਰੇ ਅੰਤਰਰਾਸ਼ਟਰੀ ਸੰਗਠਨਾਂ ਦੀ ਸ਼ਲਾਘਾ ਤੇ ਸਿਫ਼ਾਰਸ਼ਾਂ ਸਾਡੀਆਂ ਕੋਸ਼ਿਸ਼ਾਂ ਨੂੰ ਬਹੁਤ ਸਾਰਥਕ ਬਣਾਉਂਦੀਆਂ ਹਨ।


DIsha

Content Editor

Related News