ਤਪੋਭੂਮੀ ਭਾਰਤ ‘ਉੱਡਤਾ ਭਾਰਤ’ ਕਿਵੇਂ ਬਣਿਆ

Monday, Nov 25, 2024 - 03:15 PM (IST)

ਤਪੋਭੂਮੀ ਭਾਰਤ ‘ਉੱਡਤਾ ਭਾਰਤ’ ਕਿਵੇਂ ਬਣਿਆ

ਕੁਝ ਸਾਲ ਪਹਿਲਾਂ ਇਕ ਫਿਲਮ ਆਈ ਸੀ ‘ਉੜਤਾ ਪੰਜਾਬ’ ਜਿਸ ’ਚ ਦਿਖਾਇਆ ਗਿਆ ਸੀ ਕਿ ਸੂਬਾ ਸਰਕਾਰ ਦੀ ਲਾਪਰਵਾਹੀ ਨਾਲ ਪੰਜਾਬ ਦੇ ਘਰ-ਘਰ ’ਚ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਫੈਲ ਗਈ ਹੈ, ਜਿਸ ਕਾਰਨ ਪੰਜਾਬ ਦੀ ਪੂਰੀ ਨੌਜਵਾਨ ਪੀੜ੍ਹੀ ਤਬਾਹ ਹੋ ਰਹੀ ਹੈ, ਜਿਸ ’ਚ ਹਰ ਵਰਗ ਦੇ ਨੌਜਵਾਨ ਸ਼ਾਮਲ ਹਨ। ਗਰੀਬ-ਅਮੀਰ ਦਾ ਕੋਈ ਭੇਤ ਨਹੀਂ। ਉਸ ਸਮੇਂ ਪੰਜਾਬ ’ਚ ਅਕਾਲੀ ਦਲ ਦੀ ਸਰਕਾਰ ਸੀ ਤਾਂ ਆਮ ਆਦਮੀ ਪਾਰਟੀ ਨੇ ਸਰਕਾਰ ਨੂੰ ਇਸ ਤਬਾਹੀ ਲਈ ਜ਼ਿੰਮੇਵਾਰ ਠਹਿਰਾਅ ਕੇ ਆਪਣੀ ਚੋਣ ਮੁਹਿੰਮ ਚਲਾਈ। ਇੱਧਰ ਪਿਛਲੇ 10 ਸਾਲਾਂ ਤੋਂ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਕੀ ਇਹ ਸਰਕਾਰ ਦਾਅਵੇ ਨਾਲ ਕਹਿ ਸਕਦੀ ਹੈ ਕਿ ਦਿੱਲੀ ’ਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਸ਼ਰੇਆਮ ਨਹੀਂ ਹੋ ਰਹੀ?

ਕੁਝ ਮਹੀਨੇ ਪਹਿਲਾਂ ਹਰਿਆਣਾ ਦੇ ਸੋਨੀਪਤ ’ਚ ਇਕ ਸੀਨੀਅਰ ਪੁਲਸ ਅਧਿਕਾਰੀ ਸਥਾਨਕ ਡਿਗਰੀ ਕਾਲਜ ਦੇ ਵਿਦਿਆਰਥੀਆਂ ਨੂੰ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਵਿਰੁੱਧ ਭਾਸ਼ਣ ਦੇ ਰਹੇ ਸਨ। ਤਦ ਇਕ ਵਿਦਿਆਰਥੀ ਨੇ ਉਨ੍ਹਾਂ ਕੋਲੋਂ ਪੁੱਛਿਆ ਕਿ ਸਾਡੇ ਕਾਲਜ ਦੇ ਬਾਹਰ ਪਾਨ ਦੀ ਦੁਕਾਨ ’ਤੇ ਨਸ਼ੀਲੀਆਂ ਦਵਾਈਆਂ ਰਾਤ-ਦਿਨ ਵਿਕਦੀਆਂ ਹਨ ਤਾਂ ਤੁਹਾਡੀ ਪੁਲਸ ਕੀ ਕਰ ਰਹੀ ਹੈ? ਜਦੋਂ ਹਰ ਨੌਜਵਾਨ ਨੂੰ ਪਤਾ ਹੈ ਕਿ ਉਨ੍ਹਾਂ ਦੇ ਸ਼ਹਿਰ ’ਚ ਕਿੱਥੇ-ਕਿੱਥੇ ਨਸ਼ੀਲੀਆਂ ਦਵਾਈਆਂ ਵਿਕਦੀਆਂ ਹਨ ਤਾਂ ਤੁਹਾਡਾ ਪੁਲਸ ਵਿਭਾਗ ਇੰਨਾ ਨਕਾਰਾ ਕਿਵੇਂ ਹੈ ਕਿ ਉਹ ਉਨ੍ਹਾਂ ਵੇਚਣ ਵਾਲਿਆਂ ਨੂੰ ਫੜ ਨਹੀਂ ਸਕਦਾ। ਪੁਲਸ ਅਧਿਕਾਰੀ ਨਿਰਉੱਤਰ ਹੋ ਗਏ।

ਉੱਧਰ ਪਿਛਲੇ ਕੁਝ ਸਾਲਾਂ ਤੋਂ ਗੁਜਰਾਤ ਦੇ ਇਕ ਪੋਰਟ ਤੋਂ ਵਾਰ-ਵਾਰ ਭਾਰੀ ਮਾਤਰਾ ’ਚ ਨਸ਼ੀਲੀਆਂ ਦਵਾਈਆਂ ਫੜੀਆਂ ਜਾ ਰਹੀਆਂ ਹਨ ਪਰ ਇਸਦੇ ਪਿੱਛੇ ਕੌਣ ਹੈ, ਉਹ ਸਾਹਮਣੇ ਨਹੀਂ ਆ ਰਿਹਾ। ਆਏ ਦਿਨ ਦੇਸ਼ ’ਚ ਅਜਿਹੀਆਂ ਕਈ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਕਰੋੜਾਂ ਦੇ ਮੁੱਲ ਦੇ ਨਸ਼ੀਲੇ ਪਦਾਰਥ ਫੜੇ ਜਾਂਦੇ ਹਨ। ਇਸ ਫੜੀ ਗਈ ਡਰੱਗਜ਼ ਦੀ ਮਾਤਰਾ ਇੰਨੀ ਵੱਧ ਹੁੰਦੀ ਹੈ ਕਿ ਇਸ ਗੱਲ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ ਕਿ ਇਹ ਡਰੱਗਜ਼ ਦੇਸ਼ ’ਚ ਵੰਡਣ ਲਈ ਹੀ ਆਈ ਹੈ ਪਰ ਇਹ ਕਾਰੋਬਾਰ ਬਿਨਾਂ ਰੋਕ-ਟੋਕ ’ਤੇ ਜਾਰੀ ਹੈ, ਜਦ ਕਿ ਸਿੰਗਾਪੁਰ ’ਚ ਡਰੱਗਜ਼ ਵਿਰੁੱਧ ਇੰਨਾ ਸਖਤ ਕਾਨੂੰਨ ਹੈ ਕਿ ਡਰੱਗਜ਼ ਨੂੰ ਛੂਹਣ ਤੋਂ ਵੀ ਇਹ ਲੋਕ ਡਰਦੇ ਹਨ ਕਿਉਂਕਿ ਫੜੇ ਜਾਣ ’ਤੇ ਸਜ਼ਾ-ਏ-ਮੌਤ ਮਿਲਦੀ ਹੈ। ਬਚਣ ਦਾ ਕੋਈ ਰਸਤਾ ਨਹੀਂ।

ਗ੍ਰਹਿ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਦਿੱਲੀ-ਐੱਨ. ਸੀ. ਆਰ., ਮੁੰਬਈ, ਭੋਪਾਲ, ਅੰਿਮ੍ਰਤਸਰ ਅਤੇ ਚੇਨਈ, ਯੂ. ਪੀ. ਦੇ ਹਾਪੁੜ ਅਤੇ ਗੁਜਰਾਤ ਦੇ ਅੰਕਲੇਸ਼ਵਰ ਤੱਕ ਡਰੱਗਜ਼ ਸਮੱਗਲਰਾਂ ਦੇ ਨੈੱਟਵਰਕ ਦਾ ਪਰਦਾਫਾਸ਼ ਹੋਇਆ ਹੈ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ 13 ਦਿਨਾਂ ’ਚ 13,000 ਕਰੋੜ ਰੁਪਏ ਕੀਮਤ ਦੀ ਕੋਕੀਨ ਅਤੇ 40 ਕਿਲੋ ਹਾਈਡ੍ਰੋਪੋਨਿਕ ਥਾਈਲੈਂਡ ਮਾਰਿਜੁਆਨਾ ਜ਼ਬਤ ਕੀਤੀ । ਇੰਨਾ ਹੀ ਨਹੀਂ 2004 ਤੋਂ 2014 ਦਰਮਿਆਨ ਜ਼ਬਤ ਕੀਤੀ ਗਈ ਡਰੱਗਜ਼ ਦੀ ਕੀਮਤ 5,900 ਕਰੋੜ ਰੁਪਏ ਸੀ, ਜਦ ਕਿ 2014 ਤੋਂ 2024 ਦਰਮਿਆਨ ਜ਼ਬਤ ਕੀਤੀ ਡਰੱਗਜ਼ ਦੀ ਕੀਮਤ 22,000 ਕਰੋੜ ਰੁਪਏ ਹੈ।

ਦੂਜੇ ਪਾਸੇ ਦੁਨੀਆ ਭਰ ’ਚ ਦਾਦਾਗਿਰੀ ਦਿਖਾਉਣ ਵਾਲਾ ਅਮਰੀਕਾ ਜੋ ਖੁਦ ਨੂੰ ਬੜਾ ਤਾਕਤਵਰ ਮੰਨਦਾ ਹੈ, ਉਥੇ ਡਰੱਗਜ਼ ਦੀ ਖੂਬ ਵਰਤੋਂ ਹੁੰਦੀ ਹੈ। ਜ਼ਾਹਿਰ ਹੈ ਕਿ ਡਰੱਗਜ਼ ਮਾਫੀਆ ਦੀ ਪਕੜ ਬੜੀ ਉੱਚੀ ਹੈ। ਇਹੀ ਹਾਲ ਦੁਨੀਆ ਦੇ ਸਾਰੇ ਦੂਜੇ ਦੇਸ਼ਾਂ ਦਾ ਹੈ ਜਿੱਥੇ ਇਸ ਕਾਰਟੇਲ ਵਿਰੱੁਧ ਆਵਾਜ਼ ਉਠਾਉਣ ਵਾਲਿਆਂ ਨੂੰ ਦਬਾਅ ਦਿੱਤਾ ਜਾਂਦਾ ਹੈ ਜਾਂ ਖਤਮ ਕਰ ਦਿੱਤਾ ਜਾਂਦਾ ਹੈ। ਭਾਵੇਂ ਉਹ ਵਿਅਕਤੀ ਨਿਆਂਪਾਲਿਕਾ ਜਾਂ ਸਰਕਾਰ ਦੇ ਵੱਡੇ ਅਹੁਦੇ ’ਤੇ ਹੀ ਕਿਉਂ ਨਾ ਹੋਵੇ।

ਸਾਰੇ ਜਾਣਦੇ ਹਨ ਕਿ ਇਨ੍ਹਾਂ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਨਾਲ ਲੱਖਾਂ ਘਰ ਤਬਾਹ ਹੋ ਜਾਂਦੇ ਹਨ ਅਤੇ ਔਰਤਾਂ ਵਿਧਵਾ ਅਤੇ ਬੱਚੇ ਯਤੀਮ ਹੋ ਜਾਂਦੇ ਹਨ। ਵੱਡੇ-ਵੱਡੇ ਘਰਾਂ ਦੇ ਦੀਵੇ ਬੁਝ ਜਾਂਦੇ ਹਨ ਪਰ ਕੋਈ ਸਰਕਾਰ ਭਾਵੇਂ ਕੇਂਦਰ ਦੀ ਹੋਵੇ ਜਾਂ ਸੂਬਿਆਂ ਦੀ, ਇਸ ਦੇ ਵਿਰੁੱਧ ਕੋਈ ਠੋਸ ਅਤੇ ਅਸਰਦਾਇਕ ਕਦਮ ਨਹੀਂ ਚੁੱਕਦੀ।

ਸਨਾਤਨ ਧਰਮ ਦਾ ਵੱਡਾ ਤੀਰਥ ਅਸਥਾਨ ਜਗਨਨਾਥਪੁਰੀ ਹੋਵੇ ਜਾਂ ਪੱਛਮੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ, ਗੋਆ, ਹਿਮਾਚਲ ਪ੍ਰਦੇਸ਼ ਦੇ ਸੈਰ-ਸਪਾਟੇ ਦੇ ਸਥਾਨ ਕੁੱਲੂ, ਮਨਾਲੀ ਹੋਣ ਜਾਂ ਧਰਮਸ਼ਾਲਾ, ਭੋਲੇਨਾਥ ਦੀ ਨਗਰੀ ਕਾਸ਼ੀ ਹੋਵੇ ਜਾਂ ਕੇਰਲ ਦਾ ਪ੍ਰਸਿੱਧ ਸਮੁੰਦਰੀ ਕੰਢੇ ਦਾ ਸ਼ਹਿਰ ਤ੍ਰਿਵੇਂਦਰਮ, ਰਾਜਧਾਨੀ ਦਿੱਲੀ ਦਾ ਪਹਾੜਗੰਜ ਇਲਾਕਾ ਹੋਵੇ ਜਾਂ ਮੁੰਬਈ ਦੇ ਫਾਰਮ ਹਾਊਸਾਂ ’ਚ ਹੋਣ ਵਾਲੀਆਂ ਰੇਵ ਪਾਰਟੀਆਂ, ਹਰ ਪਾਸੇ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਸ਼ਰੇਆਮ ਹੋ ਰਹੀ ਹੈ। ਅੱਜ ਤੋਂ ਨਹੀਂ ਦਹਾਕਿਆਂ ਤੋਂ ਹਰ ਆਮ ਅਤੇ ਖਾਸ ਨੂੰ ਪਤਾ ਹੈ ਕਿ ਇਹ ਦਵਾਈਆਂ ਕਿੱਥੇ ਵਿਕਦੀਆਂ ਹਨ ਤਾਂ ਕੀ ਸਥਾਨਕ ਪੁਲਸ ਅਤੇ ਨੇਤਾਵਾਂ ਨੂੰ ਨਹੀਂ ਪਤਾ ਹੋਵੇਗਾ। ਫਿਰ ਇਹ ਸਾਰਾ ਕਾਰੋਬਾਰ ਕਿਵੇਂ ਚੱਲ ਰਿਹਾ ਹੈ? ਜਿਸ ’ਚ ਕਰੋੜਾਂ ਰੁਪਏ ਦੇ ਵਾਰੇ-ਨਿਆਰੇ ਹੁੰਦੇ ਹਨ।

ਨਸ਼ੀਲੀਆਂ ਦਵਾਈਆਂ ’ਚ ਪ੍ਰਮੁੱਖ ਹਨ ਅਫੀਮ, ਪੋਸਤ ਅਤੇ ਇਸ ਤੋਂ ਬਣਨ ਵਾਲੀ ਮਾਰਫਿਨ, ਕੋਡੀਨ, ਹੈਰੋਇਨ ਜਾਂ ਸਿੰਥੈਟਿਕ ਬਦਲ ਮੇਪਰਿਡੀਨ, ਮੇਥਾਡੋਨ। ਇਨ੍ਹਾਂ ਦੀ ਭਾਰੀ ਲੋਕਪ੍ਰਿਯਤਾ ਦਾ ਕਾਰਨ ਹੈ ਕਿ ਇਨ੍ਹਾਂ ਦੀ ਵਰਤੋਂ ਨਾਲ ਡਰ, ਤਣਾਅ ਅਤੇ ਚਿੰਤਾ ਤੋਂ ਮੁਕਤੀ ਮਿਲਦੀ ਹੈ। ਸਦਾ ਅਸੁਰੱਖਿਆ ਦੀ ਭਾਵਨਾ ਤੋਂ ਗ੍ਰਸਤ ਰਹਿਣ ਵਾਲੇ ਕਲਾਕਾਰ ਅਤੇ ਫਿਲਮੀ ਸਿਤਾਰਿਆਂ ’ਚ ਇਹ ਇਸੇ ਲਈ ਜਲਦੀ ਪੈਠ ਬਣਾ ਲੈਂਦੀਆਂ ਹਨ। ਇਨ੍ਹਾਂ ’ਚ ਕੁਝ ਉਤਪਾਦ ਮੈਡੀਕਲ ਸਾਇੰਸ ’ਚ ਵੀ ਇਲਾਜ ਲਈ ਵਰਤੇ ਜਾਂਦੇ ਹਨ। ਜਿਵੇਂ ਦਰਦ ਰੋਕੂ ਦਵਾਈ ਬਣਾਉਣ ਲਈ ਪਰ ਇਸ ਛੋਟ ਦਾ ਗਲਤ ਫਾਇਦਾ ਉਠਾ ਕੇ ਅਕਸਰ ਦਵਾਈ ਕੰਪਨੀਆਂ ਨਸ਼ੀਲੀਆਂ ਦਵਾਈਆਂ ਦੇ ਨੈੱਟਵਰਕ ਦਾ ਹਿੱਸਾ ਬਣ ਜਾਂਦੀਆਂ ਹਨ ਅਤੇ ਅਰਬਾਂ ਰੁਪਏ ਕਮਾਉਂਦੀਆਂ ਹਨ।

ਅਜਿਹੇ ’ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਵਪਾਰ ਨੂੰ ਕਰਨ ਵਾਲੇ ਨਾ ਸਿਰਫ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ ਸਗੋਂ ਇਕ ਸਮਾਜਿਕ ਅਤੇ ਨੈਤਿਕ ਸੰਕਟ ਨੂੰ ਵੀ ਜਨਮ ਦੇ ਰਹੇ ਹਨ। ਅਜਿਹੇ ’ਚ ਜੇਕਰ ਸਰਕਾਰ ਅਤੇ ਸੰਬੰਧਤ ਏਜੰਸੀਆਂ ਸਖਤੀ ਨਹੀਂ ਦਿਖਾਉਣਗੀਆਂ ਤਾਂ ਅਜਿਹੇ ਅਪਰਾਧ ਅਤੇ ਅਪਰਾਧੀ ਵਧਦੇ ਹੀ ਜਾਣਗੇ। ਜੇਕਰ ਹਰ ਜ਼ਿਲੇ ਦੇ ਪੁਲਸ ਸੁਪਰਡੈਂਟ ਨੂੰ ਇਹ ਹੁਕਮ ਮਿਲੇ ਕਿ ਉਸਦੇ ਜ਼ਿਲੇ ’ਚ ਡਰੱਗਜ਼ ਦੀ ਵਿਕਰੀ ਹੁੰਦੀ ਪਾਈ ਗਈ ਤਾਂ ਉਸਨੂੰ ਸੇਵਾ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ, ਫਿਰ ਦੇਖੋ ਕਿਵੇਂ ਨਸ਼ੀਲੀਆਂ ਦਵਾਈਆਂ ਦਾ ਵਪਾਰ ਬੰਦ ਹੁੰਦਾ ਹੈ ਪਰ ਦੇਸ਼ ਦੀ ਜਨਤਾ ਦੇ ਹਿੱਤ ’ਚ ਅਜਿਹਾ ਸੋਚਣ ਵਾਲੇ ਨੇਤਾ ਹਨ ਹੀ ਕਿੱਥੇ? ਜੇਕਰ ਹੁੰਦੇ ਤਾਂ ਤਪੋਭੂਮੀ ਭਾਰਤ ‘ਉੜਤਾ ਭਾਰਤ’ ਕਿਵੇਂ ਬਣਦੀ?

–ਵਿਨੀਤ ਨਾਰਾਇਣ


author

Tanu

Content Editor

Related News