ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਸਕੂਲ ਨੂੰ ਖ਼ਪਤਕਾਰ ਕਮਿਸ਼ਨ ਨੇ ਜਾਰੀ ਕੀਤੇ 64 ਹਜ਼ਾਰ ਦੇਣ ਦੇ ਹੁਕਮ
Thursday, Jun 15, 2023 - 03:13 PM (IST)

ਗੋਨਿਆਣਾ (ਗੋਰਾ ਲਾਲ) : ਮਾਣਯੋਗ ਜ਼ਿਲ੍ਹਾ ਖ਼ਪਤਕਾਰ ਕਮਿਸ਼ਨ ਬਠਿੰਡਾ ਨੇ ਮੈਡੀਕਲ ਕਲੇਮ ਅਦਾਇਗੀ ਕਰਨ ’ਚ ਹੋਈ 7 ਸਾਲਾ ਦੀ ਦੇਰੀ ਦੇ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੋਨਿਆਣਾ ਮੰਡੀ ਨੂੰ 39000/ ਦੇ ਲਗਭਗ ਵਿਆਜ, 20,000 ਹਰਜਾਨਾ ਅਤੇ 5,000 ਮੁਕੱਦਮੇਬਾਜ਼ੀ ਖ਼ਰਚ ਦੇਣ ਦਾ ਕੀਤਾ ਹੁਕਮ ਦਿੱਤਾ ਹੈ। ਵਕੀਲ ਰਾਮ ਮਨੋਹਰ ਨੇ ਦੱਸਿਆ ਕਿ ਹੇਮ ਰਾਜ ਗੁਪਤਾ ਸਰਕਾਰੀ ਅਧਿਆਪਕ ਦਾ ਹਾਰਟ ਦੀ ਬੀਮਾਰੀ ਦੇ ਇਲਾਜ ’ਤੇ 57,694 ਰੁਪਏ ਖ਼ਰਚਾ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਮੈਡੀਕਲ ਕਲੇਮ ਲੈਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਗੋਨਿਆਣਾ ਮੰਡੀ ਵਿਖੇ ਮਿਤੀ 26 ਅਕਤੂਬਰ, 2012 ਨੂੰ ਸਾਰੇ ਜ਼ਰੂਰੀ ਦਸਤਾਵੇਜ ਜਮ੍ਹਾ ਕਰਵਾਏ ਗਏ ਸਨ ਅਤੇ ਡਾਇਰੈਕਟਰ ਸਿਹਤ ਅਤੇ ਪਰਿਵਾਰ ਵਿਭਾਗ, ਪੰਜਾਬ, ਚੰਡੀਗੜ੍ਹ ਵੱਲੋਂ 34,659 ਰੁਪਏ ਮਨਜੂਰ ਕੀਤੇ ਗਏ ਸਨ ਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਗੋਨਿਆਣਾ ਮੰਡੀ ਵੱਲੋਂ ਉਨ੍ਹਾਂ ਦੇ ਜਾਇਜ਼ ਕਲੇਮ ਨੂੰ ਲਗਭਗ 7 ਸਾਲ ਠੰਡੇ ਬਸਤੇ ’ਚ ਪਾਈ ਰੱਖਿਆ।
ਇਹ ਵੀ ਪੜ੍ਹੋੋ- ਵਿਜੀਲੈਂਸ ਅੱਗੇ ਪੇਸ਼ ਹੋਏ ਸਾਬਕਾ CM ਕੈਪਟਨ ਦੇ ਸਲਾਹਕਾਰ ਭਰਤਇੰਦਰ ਚਾਹਲ, ਪੁੱਛਗਿੱਛ ਜਾਰੀ
ਹੇਮ ਰਾਜ ਗੁਪਤਾ ਦੀ ਮੌਤ ਹੋ ਜਾਣ ਤੋਂ ਬਾਅਦ ਉਨ੍ਹਾਂ ਦੀ ਬਜ਼ੁਰਗ ਪਤਨੀ ਸਿਓ ਦੇਵੀ ਵੱਲੋਂ ਕਲੇਮ ਲੈਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਗੋਨਿਆਣਾ ਮੰਡੀ ਦੇ ਪ੍ਰਿੰਸੀਪਲ ਨੂੰ ਵਾਰ-ਵਾਰ ਅਪੀਲ ਕੀਤੀ ਗਈ ਪਰ ਉਹ ਲਗਭਗ 7 ਸਾਲ ਤਕ ਸਿਓ ਦੇਵੀ ਨੂੰ ਬਹਾਨੇ ਲਗਾਉਂਦੇ ਰਹੇ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਗੋਨਿਆਣਾ ਮੰਡੀ ਦੇ ਪ੍ਰਿੰਸੀਪਲ ਨੂੰ ਵਕੀਲ ਦੀ ਮਦਦ ਨਾਲ ਮਿਤੀ 17-09-2019 ਨੂੰ ਆਰ. ਟੀ. ਆਈ. ਭੇਜੀ ਗਈ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਗੋਨਿਆਣਾ ਮੰਡੀ ਵੱਲੋਂ 16 ਅਕਤੂਰ, 2019 ਨੂੰ ਖਪਤਕਾਰ ਸਿਓ ਦੇਵੀ ਨੂੰ ਜਵਾਬ ਭੇਜ ਕੇ ਦੱਸਿਆ ਗਿਆ ਕਿ ਬਿੱਲ ਜ਼ਿਲਾ ਖਜ਼ਾਨਾ ਦਫ਼ਤਰ ਨੂੰ ਭੇਜਿਆ ਗਿਆ ਹੈ।
ਵਕੀਲ ਨੇ ਦੱਸਿਆ ਕਿ ਲਗਭਗ 7 ਸਾਲ ਬਾਅਦ ਆਰ. ਟੀ. ਆਈ. ਅਰਜ਼ੀ ਤੋਂ ਬਾਅਦ ਹੀ ਮਿਤੀ 22 ਨਵੰਬਰ, 2019 ਨੂੰ 36,459 ਰੁਪਏ ਖ਼ਪਤਕਾਰ ਸਿਓ ਦੇਵੀ ਦੇ ਖ਼ਾਤੇ ’ਚ ਪਾਏ ਗਏ। ਜਿਸ ਤੋਂ ਬਾਅਦ ਖ਼ਪਤਕਾਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਬਠਿੰਡਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੋਨਿਆਣਾ ਮੰਡੀ ਨੂੰ ਆਪਣੇ ਵਕੀਲ ਰਾਹੀਂ ਇਨ੍ਹਾਂ ਸੱਤ ਸਾਲਾ ਦੇ ਵਿਆਜ ਅਤੇ ਖ਼ਪਤਕਾਰ ਸਿਓ ਦੇਵੀ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਆਦਿ ਦੇ ਮੁਆਵਜ਼ੇ ਨੂੰ ਲੈਣ ਲਈ ਮਿਤੀ 3 ਦਸੰਬਰ, 2019 ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਪਰ ਉਨ੍ਹਾਂ ਵੱਲੋਂ ਵਕੀਲ ਰਾਹੀਂ ਭੇਜੇ ਗਏ ਨੋਟਿਸ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ।
ਇਹ ਵੀ ਪੜ੍ਹੋ- ਤਪਾ ਦੀ ਪੀਹੂ ਗਰਗ ਦੀ ਮਿਹਨਤ ਲਿਆਈ ਰੰਗ, ਮਾਂ-ਪਿਓ ਨੂੰ ਮਿਲਣ ਲੱਗੀਆਂ ਵਧਾਈਆਂ
ਸਿਓ ਦੇਵੀ ਵੱਲੋਂ ਆਪਣੇ ਵਕੀਲ ਰਾਮ ਮਨੋਹਰ ਰਾਹੀ 36,459 ਰੁਪਏ ਤੇ ਬਣਦੇ ਸੱਤ ਸਾਲਾ ਦੇ ਵਿਆਜ ਅਤੇ ਮਾਨਸਿਕ ਪ੍ਰੇਸ਼ਾਨੀ ਆਦਿ ਦੇ ਮੁਆਵਜ਼ੇ ਨੂੰ ਲੈਣ ਲਈ ਮਾਣਯੋਗ ਜ਼ਿਲ੍ਹਾ ਖ਼ਪਤਕਾਰ ਕਮਿਸ਼ਨ ਬਠਿੰਡਾ ਵਿਖੇ ਕੇਸ ਦਾਇਰ ਕੀਤਾ ਗਿਆ। ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਾਣਯੋਗ ਜ਼ਿਲ੍ਹਾ ਖ਼ਪਤਕਾਰ ਝਗੜਾ ਨਿਵਾਰਨ ਕਮਿਸ਼ਨ ਬਠਿੰਡਾ ਦੇ ਪ੍ਰਧਾਨ ਲਲਿਤ ਮੋਹਨ ਡੋਗਰਾ ਅਤੇ ਮੈਂਬਰ ਸ਼ਿਵਦੇਵ ਸਿੰਘ ਨੇ ਉਕਤ ਸ਼ਿਕਾਇਤ ਦਾ ਨਿਪਟਾਰਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਬਠਿੰਡਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੋਨਿਆਣਾ ਮੰਡੀ ਨੂੰ ਹੁਕਮ ਦਿੱਤਾ ਹੈ ਕਿ ਉਹ ਮਿਤੀ 19 ਫਰਵਰੀ, 2013 ਤੋਂ 22 ਨਵੰਬਰ, 2019 ਤਕ 36,459 ਰੁਪਏ ਤੇ 12# ਵਿਆਜ ਅਤੇ 22 ਨਵੰਬਰ 2019 ਤੋਂ ਭੁਗਤਾਨ ਕੀਤੇ ਜਾਣ ਤਕ 9# ਵਿਆਜ ਦੀ ਅਦਾਇਗੀ ਖ਼ਪਤਕਾਰ ਨੂੰ ਕਰਨ।
ਇਹ ਵੀ ਪੜ੍ਹੋ- ਦਿੱਲੀ-ਕਟੜਾ ਐਕਸਪ੍ਰੈਸ ਵੇਅ ਰੂਟ 'ਚੋਂ ਹਟਾਇਆ ਜਾ ਸਕਦੈ ਗੁਰਦਾਸਪੁਰ, ਜਾਣੋ ਵਜ੍ਹਾ
ਇਸ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਬਠਿੰਡਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੋਨਿਆਣਾ ਮੰਡੀ ਨੂੰ ਹੁਕਮ ਦਿੱਤਾ ਹੈ ਕਿ ਉਹ ਖ਼ਪਤਕਾਰ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਆਦਿ ਦੇ ਲਈ 20,000 ਰੁਪਏ ਹਰਜਾਨਾ ਅਤੇ 5,000 ਰੁਪਏ ਮੁਕੱਦਮੇਬਾਜ਼ੀ ਦੇ ਖ਼ਰਚ ਦੇ ਤੌਰ ’ਤੇ 45 ਦਿਨਾ ਦੇ ਅੰਦਰ-ਅੰਦਰ ਅਦਾ ਕਰਨ। ਦੱਸਣਯੋਗ ਹੈ ਕਿ ਉਕਤ ਵਿਆਜ (ਲਗਭਗ 39000 ਰੁਪਏ), ਹਰਜਾਨੇ ਅਤੇ ਮੁਕੱਦਮੇਬਾਜ਼ੀ ਦੇ ਖਰਚ ਨੂੰ ਮਿਲਾ ਕੇ ਕੁੱਲ ਲਗਭਗ 64,000 ਰੁਪਏ ਬਣਦੇ ਹਨ। ਇਸ ਤੋਂ ਇਲਾਵਾ ਮਾਣਯੋਗ ਅਦਾਲਤ ਵੱਲੋਂ ਸੈਕਟਰੀ ਸਿੱਖਿਆ ਪੰਜਾਬ, ਚੰਡੀਗੜ੍ਹ ਨੂੰ ਮਾਮਲੇ ਦੀ ਜਾਂਚ ਕਰਨ ਦਾ ਹੁਕਮ ਦਿੱਤਾ ਗਿਆ ਹੈ ਕਿ ਸ਼ਿਕਾਇਤ ਕਰਤਾ ਨੂੰ ਰਕਮ ਦੀ ਅਦਾਇਗੀ ਕਰਨ ’ਚ 7 ਸਾਲ ਦੀ ਹੋਈ ਦੇਰੀ ਲਈ ਸਿੱਖਿਆ ਵਿਭਾਗ ਦਾ ਕਿਹੜਾ ਕਰਮਚਾਰੀ ਜ਼ਿੰਮੇਵਾਰ ਸੀ ਅਤੇ ਦੇਰੀ ਲਈ ਜ਼ਿੰਮੇਵਾਰ ਕਰਮਚਾਰੀ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।