ਕਾਂਗਰਸ ਨੂੰ ਝਟਕਾ ਮਹਿਲਾ ਕਾਂਗਰਸ ਮੁਖੀ ਸੁਸ਼ਮਿਤਾ ਨੇ ਛੱਡੀ ਪਾਰਟੀ

08/18/2021 3:37:15 AM

ਪਿਛਲੇ ਕੁਝ ਸਮੇਂ ਦੌਰਾਨ ਦੇਸ਼ ਦੀ ‘ਗ੍ਰੈਂਡ ਓਲਡ ਪਾਰਟੀ ਕਾਂਗਰਸ’ ਨੂੰ ਜੋਤਿਰਾਦਿੱਤਿਆ ਸਿੰਧੀਆ, ਜਿਤਿਨ ਪ੍ਰਸਾਦ, ਹਿਮੰਤਾ ਬਿਸਵਾ ਸਰਮਾ ਵਰਗੇ ਪ੍ਰਭਾਵਸ਼ਾਲੀ ਨੇਤਾ ਛੱਡ ਗਏ ਹਨ।

ਨਵੇਂ ਘਟਨਾਚੱਕਰ ’ਚ 16 ਅਗਸਤ ਨੂੰ ਅਸਾਮ ਤੋਂ ਕਾਂਗਰਸ ਦੀ ਸਾਬਕਾ ਸੰਸਦ ਮੈਂਬਰ, ਰਾਸ਼ਟਰੀ ਬੁਲਾਰਨ ਅਤੇ ਮਹਿਲਾ ਸ਼ਾਖਾ ਦੀ ਮੁਖੀ ਸੁਸ਼ਮਿਤਾ ਦੇਵ ਨੇ ਪਾਰਟੀ ਤੋਂ ਅਸਤੀਫਾ ਦੇ ਕੇ ਤ੍ਰਿਣਮੂਲ ਕਾਂਗਰਸ ਦਾ ਪੱਲਾ ਫੜ ਲਿਆ ਹੈ।

ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ, ਜਿਨ੍ਹਾਂ ਨੇ ਬੀਤੇ ਹਫਤੇ ਗੈਰ-ਭਾਜਪਾ ਨੇਤਾਵਾਂ ਨੂੰ ਭੋਜ ’ਤੇ ਸੱਦਿਆ ਸੀ, ਨੇ ਸੁਸ਼ਮਿਤਾ ਦੇਵ ਵੱਲੋਂ ਪਾਰਟੀ ਛੱਡਣ ’ਤੇ ਕਿਹਾ ਕਿ :

‘‘ਪਾਰਟੀ ਸਭ ਕੁਝ ਜਾਣ ਕੇ ਵੀ ਅਣਜਾਣ ਬਣਦੀ ਹੈ। ਨੌਜਵਾਨ ਨੇਤਾ ਪਾਰਟੀ ਛੱਡ ਕੇ ਜਾ ਰਹੇ ਹਨ ਜਦਕਿ ਅਸੀਂ ‘ਬਜ਼ੁਰਗ’ (ਪੁਰਾਣੇ ਨੇਤਾ) ਜਦੋਂ ਪਾਰਟੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਸ ਦੇ ਲਈ ਵੀ ਸਾਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ। ਅੱਖਾਂ ਪੂਰੀ ਤਰ੍ਹਾਂ ਬੰਦ ਹਨ।’’

ਸੰਸਦ ਮੈਂਬਰ ਕਾਰਤੀ ਚਿਦਾਂਬਰਮ ਨੇ ਵੀ ਕਿਹਾ ਹੈ ਕਿ ‘‘ਸਾਨੂੰ ਡੂੰਘਾ ਚਿੰਤਨ ਕਰਨ ਦੀ ਲੋੜ ਹੈ ਕਿ ਸੁਸ਼ਮਿਤਾ ਦੇਵ ਵਰਗੇ ਲੋਕ ਪਾਰਟੀ ਛੱਡ ਕੇ ਕਿਉਂ ਜਾ ਰਹੇ ਹਨ!’’

ਕਰਨਾਟਕ ਤੋਂ ਕਾਂਗਰਸ ਵਿਧਾਇਕ ਪ੍ਰਿਯਾਂਕ ਖੜਗੇ ਨੇ ਸੁਸ਼ਮਿਤਾ ਦੇਵ ਦੇ ਪਾਰਟੀ ਤੋਂ ਅਸਤੀਫਾ ਦੇਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ।

ਕਾਂਗਰਸ ਦੇ ਇਕ ਹੋਰ ਨੇਤਾ ਦੇ ਅਨੁਸਾਰ, ‘‘ਸੁਸ਼ਮਿਤਾ ਦੇਵ ਦੇ ਕਾਂਗਰਸ ਛੱਡਣ ਨਾਲ ਇਸ ਦੇ ਉਨ੍ਹਾਂ ਨਿਰਾਸ਼ ਮੈਂਬਰਾਂ ਦਾ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋਣ ਦਾ ਰਾਹ ਵੀ ਖੁੱਲ੍ਹ ਸਕਦਾ ਹੈ ਜੋ ਭਾਜਪਾ ਨਾਲ ਲੜਨਾ ਤਾਂ ਚਾਹੁੰਦੇ ਹਨ ਪਰ ਜਿਨ੍ਹਾਂ ਦਾ ਮੰਨਣਾ ਹੈ ਕਿ ਕਾਂਗਰਸ ਇਸ ਦੇ ਲਈ ਉਚਿਤ ਮੰਚ ਨਹੀਂ ਹੈ। ਸੁਸ਼ਮਿਤਾ ਦੇਵ ਨੇ ਤ੍ਰਿਣਮੂਲ ਕਾਂਗਰਸ ਨੂੰ ਸੂਬੇ ’ਚ ਕਾਂਗਰਸ ਤੋਂ ਵੱਧ ਮਜ਼ਬੂਤ ਮੰਨ ਕੇ ਹੀ ਇਸ ਦਾ ਪੱਲਾ ਫੜਿਆ ਹੈ।’’

ਹਾਲ ਹੀ ’ਚ ਆਪਣੇ ਸਾਥੀਆਂ ਦੇ ਨਾਲ ਕਾਂਗਰਸ ਛੱਡ ਕੇ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋਣ ਵਾਲੇ ਤ੍ਰਿਪੁਰਾ ਦੇ ਸੁਬਲ ਭੌਮਿਕ ਦਾ ਕਹਿਣਾ ਹੈ ਕਿ ‘‘ਸੁਸ਼ਮਿਤਾ ਦੇਵ ਤ੍ਰਿਪੁਰਾ ’ਚ ਤ੍ਰਿਣਮੂਲ ਕਾਂਗਰਸ ਦਾ ਆਧਾਰ ਮਜ਼ਬੂਤ ਕਰਨ ’ਚ ਸਹਾਇਕ ਸਿੱਧ ਹੋਵੇਗੀ ਜਿੱਥੇ ਉਨ੍ਹਾਂ ਦੇ ਪਿਤਾ ਅਤੇ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਮੋਹਨ ਦੇਵ ਨੇ 1988 ’ਚ ਕਾਂਗਰਸ ਸਰਕਾਰ ਕਾਇਮ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।’’

ਸੁਸ਼ਮਿਤਾ ਦੇਵ ਦਾ ਤ੍ਰਿਣਮੂਲ ਕਾਂਗਰਸ ਨਾਲ ਜੁਡ਼ਨਾ ਇਸ ਦੇ ਲਈ ਕਿੰਨਾ ਲਾਭਦਾਇਕ ਹੋਵੇਗਾ ਇਹ ਤਾਂ ਭਵਿੱਖ ਹੀ ਦੱਸੇਗਾ ਪਰ ਪਾਰਟੀ ’ਚ ਮਹੱਤਵਪੂਰਨ ਅਹੁਦਿਆਂ ਦੇ ਇਲਾਵਾ ਰਾਹੁਲ ਗਾਂਧੀ ਦੀ ਯੂਥ ਬ੍ਰਿਗੇਡ ਦੀ ਮੈਂਬਰ ਵੀ ਰਹੀ ਸੁਸ਼ਮਿਤਾ ਦਾ ਕਾਂਗਰਸ ਨੂੰ ਛੱਡਣਾ ਕਾਂਗਰਸ ਦੇ ਲਈ ਧੱਕਾ ਹੈ। ਇਸ ਲਈ ਪਾਰਟੀ ਦੀ ਲੀਡਰਸ਼ਿਪ ਨੂੰ ਸੋਚਣ ਦੀ ਲੋੜ ਹੈ ਕਿ ਸੁਸ਼ਮਿਤਾ ਅਜਿਹਾ ਫੈਸਲਾ ਲੈਣ ’ਤੇ ਕਿਉਂ ਮਜਬੂਰ ਹੋਈ ਅਤੇ ਕਾਂਗਰਸ ਦੇ ਪੁਰਾਣੇ ਨੇਤਾਵਾਂ ਨੇ ਉਨ੍ਹਾਂ ਦੇ ਅਸਤੀਫੇ ’ਤੇ ਦੁੱਖ ਪ੍ਰਗਟ ਕਰਦੇ ਹੋਏ ਜੋ ਕੁਝ ਕਿਹਾ ਉਹ ਅਜਿਹਾ ਕਹਿਣ ਲਈ ਕਿਉਂ ਮਜਬੂਰ ਹੋਏ ਹਨ। ਪਾਰਟੀ ਲੀਡਰਸ਼ਿਪ ਨੂੰ ਉਨ੍ਹਾਂ ਕਾਰਨਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਦੂਰ ਕਰਨਾ ਚਾਹੀਦਾ ਹੈ ਤਾਂ ਕਿ ਪਾਰਟੀ ’ਚ ਪੈਦਾ ਅਸੰਤੋਸ਼ ਨਾਲ ਇਸ ਨੂੰ ਨੁਕਸਾਨ ਨਾ ਹੋਵੇ।

-ਵਿਜੇ ਕੁਮਾਰ


Bharat Thapa

Content Editor

Related News