ਨਹੀਂ ਰੁਕਣ ਵਾਲੀ ਸਾਡੇ ਨੇਤਾਵਾਂ ਦੀ ਬੇਹੂਦਾ ਬਿਆਨਬਾਜ਼ੀ

Friday, Oct 22, 2021 - 03:29 AM (IST)

ਨਹੀਂ ਰੁਕਣ ਵਾਲੀ ਸਾਡੇ ਨੇਤਾਵਾਂ ਦੀ ਬੇਹੂਦਾ ਬਿਆਨਬਾਜ਼ੀ

ਸਮੇਂ-ਸਮੇਂ ’ਤੇ ਅਸੀਂ ਆਪਣੇ ਦੇਸ਼ ਦੇ ਸਿਆਸਤਦਾਨਾਂ ਦੇ ਵਿਵਾਦਿਤ ਅਤੇ ਇਤਰਾਜ਼ਯੋਗ ਬਿਆਨਾਂ ਦਾ ਵਰਨਣ ਇਸ ਆਸ ਦੇ ਨਾਲ ਕਰਦੇ ਹਾਂ ਕਿ ਉਹ ਆਪਣੇ ਵਤੀਰੇ ’ਚ ਤਬਦੀਲੀ ਲਿਆ ਕੇ ਇਸ ਤਰ੍ਹਾਂ ਦੇ ਬਿਆਨਾਂ ਨਾਲ ਦੇਸ਼ ’ਚ ਕੁੜੱਤਣ ਪੈਦਾ ਕਰਨ ਤੋਂ ਸੰਕੋਚ ਕਰਨਗੇ ਪਰ ਉਨ੍ਹਾਂ ’ਚ ਕੋਈ ਸੁਧਾਰ ਨਹੀਂ ਹੋਇਆ ਅਤੇ ਉਨ੍ਹਾਂ ਵੱਲੋਂ ਬੇਹੂਦਾ ਅਤੇ ਊਲ-ਜਲੂਲ ਬਿਆਨ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

* 5 ਅਕਤੂਬਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (ਭਾਜਪਾ) ਬੋਲੀ, ‘‘ਕਾਂਗਰਸ ਦੇ ਡੀ. ਐੱਨ. ਏ. ’ਚ ਲੁੱਟ ਹੈ। ਇਸ ਲਈ ਉਨ੍ਹਾਂ ਨੂੰ ਕੇਂਦਰ (ਭਾਜਪਾ) ਸਰਕਾਰ ਦੇ ਹਰ ਕੰਮ ’ਚ ਲੁੱਟ ਨਜ਼ਰ ਆਉਂਦੀ ਹੈ।’’

* 12 ਅਕਤੂਬਰ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ (ਕਾਂਗਰਸ) ਨੇ ਕਿਹਾ, ‘‘ਭਾਜਪਾ ਦੇ ਅਜਿਹੇ ਮੂਰਖ ਅਹੁਦੇਦਾਰ ਬਣ ਗਏ ਹਨ ਜਿਨ੍ਹਾਂ ਨੂੰ ਇੰਨੀ ਵੀ ਜਾਣਕਾਰੀ ਨਹੀਂ ਹੈ ਕਿ ਕਿਸ ਘਟਨਾ ’ਤੇ ਕੀ ਕੀਤਾ ਜਾਂਦਾ ਹੈ।’’

* 17 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਬੇਸਿਕ ਸਿੱਖਿਆ ਰਾਜ ਮੰਤਰੀ ਡਾ. ਸਤੀਸ਼ ਦਿਵੇਦੀ (ਭਾਜਪਾ) ਨੇ ਲਖੀਮਪੁਰ ਕਾਂਡ, ਜਿਸ ’ਚ 4 ਕਿਸਾਨਾਂ ਸਮੇਤ 9 ਵਿਅਕਤੀ ਮਾਰੇ ਗਏ ਸਨ, ’ਤੇ ਕਿਹਾ, ‘‘ਅਜਿਹੀਆਂ ਘਟਨਾਵਾਂ ਕਦੀ-ਕਦੀ ਹੋ ਜਾਇਆ ਕਰਦੀਆਂ ਹਨ...।’’

* 17 ਅਕਤੂਬਰ ਨੂੰ ਹੀ ਗੋਆ ਫਾਰਵਰਡ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਕਿਰਨ ਕਾਂਡੋਲਕਰ ਬੋਲੇ, ‘‘ਮਾਂ ਦੁਰਗਾ ਰੂਪੀ ਮਮਤਾ ਬੈਨਰਜੀ ਗੋਆ ’ਚ ਭਾਜਪਾ ਦੀ ਭਸਮਾਸੁਰ ਸਰਕਾਰ ਦਾ ਨਾਸ਼ ਕਰੇਗੀ।’’

* 18 ਅਕਤੂਬਰ ਨੂੰ ਸ਼੍ਰੋਅਦ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ, ‘‘ਨਵਜੋਤ ਸਿੰਘ ਸਿੱਧੂ ਆਪਣੀ ਦੂਸਰੀ ਮਿਜ਼ਾਈਲ ਤਿਆਰ ਕਰ ਰਹੇ ਹਨ। ਕਾਂਗਰਸ ਨੂੰ ਸਮਝ ਨਹੀਂ ਆ ਰਿਹਾ। ਜਦੋਂ ਦੂਸਰੀ ਮਿਜ਼ਾਈਲ ਫਟੇਗੀ ਤਾਂ ਉਸ ਨੂੰ ਸਭ ਯਾਦ ਆ ਜਾਵੇਗਾ।’’

* 19 ਅਕਤੂਬਰ ਨੂੰ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਭਟਕਿਆ ਹੋਇਆ ਵਿਅਕਤੀ ਦੱਸਿਆ ਅਤੇ ਕਿਹਾ, ‘‘ਕੈਪਟਨ ਦੇ ਨਵੀਂ ਪਾਰਟੀ ਬਣਾਉਣ ਦਾ ਮਤਲਬ ਹੈ ਕਿ ਉਨ੍ਹਾਂ ਨੇ ਤਿੱਤਰ ਦੱਸ ਕੇ ਕਾਂ ਖਾਣਾ ਹੈ।’’

* 19 ਅਕਤੂਬਰ ਨੂੰ ਹੀ ਕਰਨਾਟਕ ਭਾਜਪਾ ਦੇ ਪ੍ਰਧਾਨ ਨਲੀਨ ਕੁਮਾਰ ਕਤੀਲ ਨੇ ਕਿਹਾ, ‘‘ਰਾਹੁਲ ਗਾਂਧੀ ਕੌਣ ਹਨ? ਉਹ ਇਹ ਡਰੱਗ ਐਡਿਕਟ ਅਤੇ ਡਰੱਗ ਪੈਡਲਰ ਹਨ।’’

* 19 ਅਕਤੂਬਰ ਨੂੰ ਹੀ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ (ਭਾਜਪਾ) ਬੋਲੇ, ‘‘ਵਿਰੋਧੀ ਧਿਰ ਦੇ ਨੇਤਾਵਾਂ ਦਾ ਦਿਮਾਗ ਸੁੰਗੜ ਗਿਆ ਹੈ।’’

* 20 ਅਕਤੂਬਰ ਨੂੰ ਅਸਾਮ ਭਾਜਪਾ ਦੇ ਮੁਖੀ ਭਾਵੇਸ਼ ਕਲਿਤਾ ਨੇ ਕਿਹਾ, ‘‘ਜਦੋਂ ਸੂਬੇ ’ਚ ਪੈਟਰੋਲ ਦੀ ਕੀਮਤ 200 ਰੁਪਏ ਲਿਟਰ ਤੱਕ ਵੱਧ ਜਾਵੇਗੀ ਉਦੋਂ ਅਸੀਂ ਦੋਪਹੀਆ ਵਾਹਨਾਂ ’ਤੇ 3 ਸਵਾਰੀਆਂ ਦੇ ਬੈਠਣ ਦੀ ਇਜਾਜ਼ਤ ਦੇ ਦੇਵਾਂਗੇ।’’

* 21 ਅਕਤੂਬਰ ਨੂੰ ਕੇਂਦਰੀ ਨਿਆਂ ਅਤੇ ਕਾਨੂੰਨ ਰਾਜਮੰਤਰੀ ਐੱਸ. ਪੀ. ਬਘੇਲ (ਭਾਜਪਾ) ਨੇ ਕਿਹਾ, ‘‘ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਿਰਫ ‘ਐਲਾਨ ਮੁੱਖ ਮੰਤਰੀ’ ਹਨ ਜਿਸ ਦਿਨ 100 ਝੂਠੇ ਮਰੇ ਹੋਣਗੇ ਉਸ ਦਿਨ ਉਨ੍ਹਾਂ ਦਾ ਜਨਮ ਹੋਇਆ ਹੋਵੇਗਾ।’’

* 21 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਯੂਥ ਭਲਾਈ ਮੰਤਰੀ ਉਪਿੰਦਰ ਤਿਵਾੜੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ’ਤੇ ਕਿਹਾ ਕਿ ਕੁਝ ਕੁ ਲੋਕ ਹੀ ਚਾਰ ਪਹੀਆ ਵਾਹਨਾਂ ਦੀ ਵਰਤੋਂ ਕਰਦੇ ਹਨ। ਦੇਸ਼ ’ਚ 95 ਫੀਸਦੀ ਲੋਕਾਂ ਨੂੰ ਪੈਟਰੋਲ ਦੀ ਲੋੜ ਨਹੀਂ ਹੈ ਅਤੇ 2014 ਤੋਂ ਪਹਿਲਾਂ ਦੀ ਤੁਲਨਾ ’ਚ ਲੋਕਾਂ ਦੀ ਆਮਦਨ ਦੁੱਗਣੀ ਤੋਂ ਵੀ ਜ਼ਿਆਦਾ ਵਧ ਗਈ ਹੈ।

ਇਸ ਸਮੇਂ ਜਦੋਂ ਦੇਸ਼ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਫਜ਼ੂਲ ਦੀ ਬਿਆਨਬਾਜ਼ੀ ’ਚ ਸਮਾਂ ਨਸ਼ਟ ਕਰਨ ਦੀ ਬਜਾਏ ਇਸ ਦੀ ਵਰਤੋਂ ਰਚਨਾਤਮਕ ਕੰਮਾਂ ’ਚ ਕਰਨੀ ਚਾਹੀਦੀ ਹੈ। ਤੱਥਾਂ ਤੋਂ ਪਰ੍ਹੇ ਅਤੇ ਭੈੜੇ ਤਰਕਾਂ ਨਾਲ ਭਰੇ ਅਦੂਰਦਰਸ਼ਤਾਪੂਰਨ ਅਤੇ ਤਰਕਹੀਣ ਬਿਆਨਾਂ ’ਤੇ ਲੋਕਾਂ ਦਾ ਹੱਸਣਾ ਕੁਦਰਤੀ ਹੀ ਹੈ।

-ਵਿਜੇ ਕੁਮਾਰ


author

Bharat Thapa

Content Editor

Related News