ਕਦੇ-ਕਦੇ ਹਾਰ ਨਾ ਮੰਨਣਾ ਹੀ ਉਪਦੇਸ਼ ਬਣ ਜਾਂਦਾ ਹੈ

Monday, Oct 20, 2025 - 03:11 PM (IST)

ਕਦੇ-ਕਦੇ ਹਾਰ ਨਾ ਮੰਨਣਾ ਹੀ ਉਪਦੇਸ਼ ਬਣ ਜਾਂਦਾ ਹੈ

ਕੁਝ ਸਾਲ ਪਹਿਲਾਂ, ਮੇਰਾ ਇਕ ਕਰੀਬੀ ਦੋਸਤ ਸ਼ਰਾਬ ਦੀ ਲਤ ਵਿਚ ਬੁਰੀ ਤਰ੍ਹਾਂ ਫਸ ਗਿਆ। ਇਕ ਹੋਣਹਾਰ ਤੇ ਕਾਬਲ ਨੌਜਵਾਨ ਨੂੰ ਸ਼ਰਾਬ ਦੀ ਲਤ ਵਿਚ ਫਸਦੇ ਦੇਖਣਾ ਦਿਲ ਦਹਿਲਾ ਦੇਣ ਵਾਲਾ ਸੀ। ਇਕ ਰਾਤ, ਉਹ ਆਪਣੀ ਕਾਰ ਲੈ ਕੇ ਪੂਰੀ ਤਰ੍ਹਾਂ ਨਸ਼ੇ ’ਚ ਲੋਨਾਵਾਲਾ (ਮੁੰਬਈ) ਤੱਕ ਚਲਿਆ ਗਿਆ। ਮੈਂ ਉਸ ਨੂੰ ਵਾਰ-ਵਾਰ ਫ਼ੋਨ ਕਰਦਾ ਰਿਹਾ, ਉਸ ਨੂੰ ਰੁਕਣ, ਵਾਪਸ ਮੁੜਨ ਅਤੇ ਕਿਸੇ ਸੁਰੱਖਿਅਤ ਥਾਂ ’ਤੇ ਗੱਡੀ ਰੋਕਣ ਲਈ ਬੇਨਤੀ ਕਰਦਾ ਰਿਹਾ। ਉਸ ਨੇ ਮੇਰੀਆਂ ਜ਼ਿਆਦਾਤਰ ਕਾਲਾਂ ਦਾ ਜਵਾਬ ਨਹੀਂ ਦਿੱਤਾ। ਆਖਿਰਕਾਰ ਉਸ ਨੇ ਜਦੋਂ ਫ਼ੋਨ ਚੁੱਕਿਆ, ਤਾਂ ਉਸ ਦੀ ਆਵਾਜ਼ ਲੜਖੜਾ ਰਹੀ ਸੀ ਅਤੇ ਉਹ ਗੁੱਸੇ ਵਿਚ ਸੀ। ਮੈਨੂੰ ਲੱਗਾ ਕਿ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰ ਰਿਹਾ ਹੈ।

ਮਹੀਨਿਆਂ ਬਾਅਦ, ਜਦੋਂ ਉਹ ਕਿਸੇ ਤਰ੍ਹਾਂ ਸ਼ਰਾਬ ਪੀਣਾ ਛੱਡ ਸਕਿਆ ਤਾਂ ਉਹ ਮੈਨੂੰ ਕਾਫੀ ਹਾਊਸ ’ਤੇ ਮਿਲਿਆ ਅਤੇ ਕੁਝ ਅਜਿਹਾ ਕਿਹਾ ਜੋ ਮੈਂ ਕਦੇ ਨਹੀਂ ਭੁੱਲਾਂਗਾ। ਉਸਨੇ ਕਿਹਾ, ‘‘ਬੌਬ, ਕੀ ਤੁਹਾਨੂੰ ਉਹ ਰਾਤ ਯਾਦ ਹੈ ਜਦੋਂ ਮੈਂ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ ਅਤੇ ਤੂੰ ਮੈਨੂੰ ਵਾਰ-ਵਾਰ ਫ਼ੋਨ ਕਰ ਰਿਹਾ ਸੀ ? ਤੈਨੂੰ ਲੱਗਾ ਸੀ ਮੈਂ ਤੈਨੂੰ ਸੁਣ ਨਹੀਂ ਪਾ ਰਿਹਾ ਹਾਂ ਪਰ ਮੈਂ ਸੁਣ ਰਿਹਾ ਸੀ, ਅਤੇ ਉਸ ਧੁੰਦ ਵਿਚ ਇਕ ਹੀ ਗੱਲ ਮੇਰੇ ਦਿਮਾਗ ਵਿਚੋਂ ਨਿਕਲ ਰਹੀ ਸੀ, ਕੀ ਮੈਂ ਇੰਨਾ ਕਾਬਿਲ ਹਾਂ ਕਿ ਬੌਬ ਮੈਨੂੰ ਫੋਨ ਕਰਦਾ ਰਿਹਾ? ’’ ਕਿਉਂਕਿ ਇਹੀ ਉਹ ਸਮਾਂ ਸੀ ਜਦੋਂ ਮੈਂ ਖੁਦ ਨੂੰ ਸਭ ਤੋਂ ਵੱਧ ਨਾਕਾਬਿਲ ਮਹਿਸੂਸ ਕਰ ਰਿਹਾ ਸੀ। ਮੈਂ ਪੀਣਾ ਬੰਦ ਨਹੀਂ ਕਰ ਪਾ ਰਿਹਾ ਸੀ। ਮੈਂ ਸਭ ਨੂੰ ਨਿਰਾਸ਼ ਕੀਤਾ ਸੀ, ਆਪਣੇ ਆਪ ਨੂੰ ਵੀ। ਪਰ ਤੇਰੇ ਫੋਨ ਮੈਨੂੰ ਕੁਝ ਹੋਰ ਦੱਸ ਰਹੇ ਸਨ, ਕਿ ਕੋਈ ਹੁਣ ਵੀ ਮੈਨੂੰ ਲਾਇਕ ਮੰਨਦਾ ਹੈ। ’’

ਮੈਂ ਕਾਫੀ ਦੇਰ ਤੱਕ ਚੁੱਪ ਰਿਹਾ। ਉਸ ਦੇ ਸ਼ਬਦਾਂ ਨੇ ਮੈਨੂੰ ਸਾਲਾਂ ’ਚ ਸੁਣੀ ਕਿਸੇ ਵੀ ਗੱਲ ਨਾਲੋਂ ਜ਼ਿਆਦਾ ਡੂੰਘਾ ਧੱਕਾ ਪਹੁੰਚਾਇਆ। ਅਸੀਂ ਅਕਸਰ ਸੋਚਦੇ ਹਾਂ ਕਿ ਲੋਕਾਂ ਨੂੰ ਉਪਦੇਸ਼ ਦੇਣ, ਉਨ੍ਹਾਂ ਨੂੰ ਝਿੜਕਣ ਜਾਂ ਉਨ੍ਹਾਂ ਨੂੰ ਲੰਮਾ-ਚੌੜਾ ਉਪਦੇਸ਼ ਦੇਣ ਨਾਲ ਉਹ ਵਾਪਸ ਆ ਜਾਣਗੇ। ਪਰ ਕਦੇ-ਕਦੇ ਬਸ ਹਾਰ ਨਾ ਮੰਨਣ ਦਾ ਕੰਮ ਹੀ ਉਪਦੇਸ਼ ਬਣ ਜਾਂਦਾ ਹੈ। ਅਸੀਂ ਇਕ ਅਜਿਹੀ ਦੁਨੀਆ ਵਿਚ ਰਹਿੰਦੇ ਹਾਂ, ਜਿੱਥੇ ਲੋਕਾਂ ਨੂੰ ਆਸਾਨੀ ਨਾਲ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਇਕ ਵਾਰ ਅਸਫਲ ਹੋ ਜਾਓ ਅਤੇ ਤੁਹਾਨੂੰ ਨਕਾਰ ਦਿੱਤਾ ਜਾਂਦਾ ਹੈ। ਇਕ ਕਮਜ਼ੋਰੀ ਨਾਲ ਜੂਝੋ ਅਤੇ ਤੁਹਾਨੂੰ ਨਿਰਾਸ਼ਾਜਨਕ ਕਰਾਰ ਦੇ ਦਿੱਤਾ ਜਾਂਦਾ ਹੈ। ਆਪਣਾ ਰਸਤਾ ਭਟਕ ਜਾਓ ਅਤੇ ਅਚਾਨਕ ਹਰ ਕੋਈ ਇਹ ਦਿਖਾਵਾ ਕਰਨ ਲੱਗਦਾ ਹੈ ਕਿ ਉਹ ਤੁਹਾਨੂੰ ਜਾਣਦੇ ਹੀ ਨਹੀਂ ਸਨ। ਅਸੀਂ ਇਸ ਨੂੰ ਵਿਹਾਰਿਕ ਹੋਣਾ ਕਹਿੰਦੇ ਹਾਂ। ਪਰ ਅਸਲੀਅਤ ਵਿਚ ਇਹ ਦਰਸਾਉਂਦਾ ਹੈ ਕਿ ਅਸੀਂ ਭੁੱਲ ਗਏ ਹਾਂ ਕਿ ਕ੍ਰਿਪਾ ਕਿਵੇਂ ਕੰਮ ਕਰਦੀ ਹੈ।

ਮੇਰਾ ਦੋਸਤ ਇਸ ਲਈ ਸੰਜਮ ਵਿਚ ਨਹੀਂ ਪਰਤਿਆ ਕਿਉਂਕਿ ਕਿਸੇ ਨੇ ਉਸ ਨੂੰ ਪਾਪ ਬਾਰੇ ਉਪਦੇਸ਼ ਦਿੱਤਾ ਸੀ। ਉਹ ਕਈ ਕਾਰਨਾਂ ਕਰ ਕੇ ਵਾਪਸ ਆਇਆ ਪਰ ਉਨ੍ਹਾਂ ਵਿਚੋਂ ਇਕ ਇਹ ਸੀ ਕਿ ਕਿਸੇ ਨੂੂੰ ਵਿਸ਼ਵਾਸ ਸੀ ਕਿ ਉਹ ਅਜੇ ਵੀ ਯੋਗ ਹੈ। ਉਸ ਵਿਸ਼ਵਾਸ ਨੇ ਉਸ ਦੇ ਅੰਦਰ ਇਕ ਚੰਗਿਆੜੀ ਜਗਾਈ, ਜਦੋਂ ਕਿ ਉਸ ਦੇ ਅੰਦਰ ਖੁਦ ਦੀ ਕੋਈ ਰੌਸ਼ਨੀ ਨਹੀਂ ਬਚੀ ਸੀ। ਇਸ ਸਮੇਂ ਸਾਡੇ ਆਲੇ-ਦੁਆਲੇ ਅਜਿਹੇ ਲੋਕ ਹਨ, ਜੋ ਚੁੱਪਚਾਪ ਆਪਣੇ ਹੀ ਰਾਖਸ਼ਸਾਂ ਨਾਲ ਲੜ ਰਹੇ ਹਨ, ਜਿਵੇਂ ਕਿ ਨਸ਼ੇ ਦੀ ਲਤ, ਉਦਾਸੀ, ਅਸਫਲਤਾ ਅਤੇ ਸ਼ਰਮ। ਤੁਹਾਨੂੰ ਸ਼ਾਇਦ ਪਤਾ ਨਾ ਹੋਵੇ, ਪਰ ਤੁਹਾਡਾ ਧੀਰਜ, ਤੁਹਾਡੀ ਫ਼ੋਨ ਕਾਲ, ਉਨ੍ਹਾਂ ਦਾ ਸਾਥ ਨਾ ਛੱਡਣਾ ਹੀ ਸ਼ਾਇਦ ਉਨ੍ਹਾਂ ਨੂੰ ਬਚਾ ਸਕਦਾ ਹੈ।

ਜਦੋਂ ਅਸੀਂ ਕਿਸੇ ਨੂੰ ਉਸ ਦੇ ਸਭ ਬੁਰੇ ਸਮੇਂ ਵਿਚ ਦੇਖਦੇ ਹਾਂ ਅਤੇ ਫਿਰ ਵੀ ਉਸ ਨੂੰ ਪਿਆਰ ਦੇ ਲਾਇਕ ਸਮਝਦੇ ਹਾਂ, ਤਾਂ ਅਸੀਂ ਉਹੀ ਦੁਹਰਾਉਂਦੇ ਹਾਂ ਜੋ ਪਰਮੇਸ਼ਰ ਹਰ ਦਿਨ ਸਾਡੇ ਨਾਲ ਕਰਦਾ ਹੈ। ਉਹ ਸੱਦਣਾ ਕਦੇ ਬੰਦ ਨਹੀਂ ਕਰਦਾ। ਜਦੋਂ ਅਸੀਂ ਪੂਰੀ ਰਫਤਾਰ ਨਾਲ ਗਲਤ ਦਿਸ਼ਾ ’ਚ ਗੱਡੀ ਚਲਾ ਰਹੇ ਹੁੰਦੇ ਹਾਂ, ਤਾਂ ਵੀ ਉਹ ਫ਼ੋਨ ਕਰਦਾ ਰਹਿੰਦਾ ਹੈ, ਕੰਨਾਂ ’ਚ ਕੁਝ ਕਹਿੰਦਾ ਰਹਿੰਦਾ ਹੈ ਅਤੇ ਕਹਿੰਦਾ ਹੈ, ‘‘ਤੁਸੀਂ ਅਜੇ ਵੀ ਮੇਰੇ ਹੋ।’’ ਤਾਂ ਅਗਲੀ ਵਾਰ ਜਦੋਂ ਕੋਈ ਤੁਹਾਨੂੰ ਨਿਰਾਸ਼ ਕਰੇ ਤਾਂ ਜਲਦੀ ਉਥੇ ਨਾ ਜਾਓ। ਇਹ ਨਾ ਸੋਚੋ ਕਿ ਉਨ੍ਹਾਂ ਦੀ ਮਦਦ ਨਹੀਂ ਕੀਤੀ ਜਾ ਸਕਦੀ। ਯਾਦ ਰੱਖੋ ਕਿ ਤੁਹਾਡੀ ਦ੍ਰਿੜ੍ਹਤਾ ਇਕ ਦਿਨ ਉਨ੍ਹਾਂ ਨੂੰ ਇਹ ਕਹਿਣ ’ਤੇ ਮਜਬੂਰ ਕਰ ਸਕਦੀ ਹੈ, ‘‘ਕੀ ਮੈਂ ਸੱਚਮੁੱਚ ਇੰਨਾ ਯੋਗ ਹਾਂ?’’ ਅਤੇ ਹੋ ਸਕਦਾ ਹੈ ਕਿ ਹੰਝੂਆਂ ਅਤੇ ਜਾਗ੍ਰਿਤੀ ਰਾਹੀਂ ਪੁੱਛਿਆ ਗਿਆ ਇਹ ਸਵਾਲ, ਉਨ੍ਹਾਂ ਦੇ ਘਰ ਵਾਪਸੀ ਦੇ ਸਫ਼ਰ ਦੀ ਸ਼ੁਰੂਆਤ ਹੋਵੇ!

-ਰਾਬਰਟ ਕਲੀਮੈਂਟਸ
 


author

cherry

Content Editor

Related News