ਮਨੁੱਖੀ ਅਧਿਕਾਰ ਪ੍ਰਤੀਨਿਧੀ ਰਵੀ ਰੰਜਨ ਸਿੰਘ ਦਾ ਖ਼ਾਲਿਸਤਾਨੀ ਪੰਨੂ ਨੂੰ ਸਹੀ ਜਵਾਬ

Tuesday, Nov 21, 2023 - 04:44 AM (IST)

ਮਨੁੱਖੀ ਅਧਿਕਾਰ ਪ੍ਰਤੀਨਿਧੀ ਰਵੀ ਰੰਜਨ ਸਿੰਘ ਦਾ ਖ਼ਾਲਿਸਤਾਨੀ ਪੰਨੂ ਨੂੰ ਸਹੀ ਜਵਾਬ

ਖ਼ਾਲਿਸਤਾਨ ਹਮਾਇਤੀ ‘ਸਿੱਖਸ ਫਾਰ ਜਸਟਿਸ’ (ਐੱਸ.ਐੱਫ.ਜੇ.) ਦੇ ਆਗੂ ਅਤੇ ਲੋੜੀਂਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਖਾਲਿਸਤਾਨੀ ਅੰਦੋਲਨ ਨੂੰ ਲੈ ਕੇ ਪੰਜਾਬ ਤੋਂ ਇਲਾਵਾ ਦਿੱਲੀ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ’ਚ ਡੇਢ ਦਰਜਨ ਦੇ ਲਗਭਗ ਕੇਸ ਦਰਜ ਹਨ।

ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਪੰਨੂ ਵਿਰੁੱਧ ਪਹਿਲਾ ਮਾਮਲਾ 2019 ’ਚ ਦਰਜ ਕੀਤਾ ਸੀ ਅਤੇ 3 ਫਰਵਰੀ, 2021 ਨੂੰ ਐੱਨ.ਆਈ.ਏ. ਦੀ ਇਕ ਵਿਸ਼ੇਸ਼ ਅਦਾਲਤ ਨੇ ਪੰਨੂ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਅਤੇ ਬੀਤੇ ਸਾਲ 29 ਨਵੰਬਰ ਨੂੰ ‘ਐਲਾਨਿਆ ਅਪਰਾਧੀ’ ਕਰਾਰ ਦਿੱਤੇ ਜਾਣ ਪਿੱਛੋਂ ਉਹ ਇਸ ਦੇ ਰਾਡਾਰ ’ਤੇ ਹੈ।

ਉਸ ਵਿਰੁੱਧ ਪੰਜਾਬ ਅਤੇ ਭਾਰਤ ਦੇ ਹੋਰ ਹਿੱਸਿਆਂ ’ਚ ਲੋਕਾਂ ਨੂੰ ਧਮਕੀਆਂ ਨਾਲ ਅੱਤਵਾਦ ਫੈਲਾਉਣ ਅਤੇ ਅੱਤਵਾਦ ਅਤੇ ਅੱਤਵਾਦੀ ਸਰਗਰਮੀਆਂ ਨੂੰ ਵਧਾਉਣ ਤੋਂ ਇਲਾਵਾ ਇਨ੍ਹਾਂ ਨੂੰ ਚਲਾਉਣ ’ਚ ਮੁੱਖ ਭੂਮਿਕਾ ਨਿਭਾਉਣ ਦੇ ਦੋਸ਼ ਹਨ।

ਆਪਣੇ ਬਿਆਨਾਂ ਕਾਰਨ ਵਿਵਾਦਾਂ ’ਚ ਰਹਿਣ ਵਾਲੇ ਪੰਨੂ ਨੇ 4 ਨਵੰਬਰ, 2023 ਨੂੰ ‘ਏਅਰ ਇੰਡੀਆ’ ਦੀ ਫਲਾਈਟ ਉਡਾਉਣ ਦੀ ਧਮਕੀ ਦਿੰਦੇ ਹੋਏ ਚਿਤਾਵਨੀ ਦਿੱਤੀ ਸੀ ਕਿ ‘‘ਕੋਈ ਵੀ ਸਿੱਖ 19 ਨਵੰਬਰ ਨੂੰ ‘ਏਅਰ ਇੰਡੀਆ’ ਦੀ ਫਲਾਈਟ ’ਚ ਸਫਰ ਨਾ ਕਰੇ, ਨਹੀਂ ਤਾਂ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਉਸ ਦਿਨ ‘ਵਿਸ਼ਵ ਭਰ ’ਚ ਨਾਕਾਬੰਦੀ’ ਹੋਵੇਗੀ ਅਤੇ ਅਸੀਂ ‘ਏਅਰ ਇੰਡੀਆ’ ਨੂੰ ਚੱਲਣ ਨਹੀਂ ਦੇਵਾਂਗੇ।’’

ਉਸੇ ਦਿਨ ਉਸ ਨੇ ‘ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ’ ਨੂੰ ਵੀ ਬੰਦ ਕਰਨ ਦੀ ਧਮਕੀ ਦਿੱਤੀ ਅਤੇ ਇਹ ਵੀ ਕਿਹਾ ਕਿ 19 ਨਵੰਬਰ ਨੂੰ ਹੀ ‘ਕ੍ਰਿਕਟ ਵਰਲਡ ਕੱਪ’ ਦਾ ਫਾਈਨਲ ਵੀ ਹੈ। ਪੰਨੂ ਨੇ ਇਸ ਨੂੰ ‘ਵਰਲਡ ਟੈਰਰ ਕੱਪ’ ਕਰਾਰ ਦਿੱਤਾ।

ਇਸੇ ਬਿਆਨ ’ਚ ਉਸ ਨੇ ਕਿਹਾ ਕਿ ‘‘ਉਸ ਦਿਨ ਸਿੱਖਾਂ ’ਤੇ ਅੱਤਿਆਚਾਰ ਨੂੰ ਦੁਨੀਆ ਦੇਖੇਗੀ ਅਤੇ ਪੰਜਾਬ ਦੇ ਆਜ਼ਾਦ ਹੋਣ ਪਿੱਛੋਂ ‘ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ’ ਦਾ ਨਾਂ ਵੀ ਬਦਲ ਕੇ ਇਸ ਦਾ ਨਾਂ ਬੇਅੰਤ ਸਿੰਘ ਅਤੇ ਸਤਨਾਮ ਸਿੰਘ ਦੇ ਨਾਂ ’ਤੇ ਰੱਖਿਆ ਜਾਵੇਗਾ।’’ (ਇਹ ਦੋਵੇਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਅੰਗ ਰੱਖਿਅਕ ਸਨ, ਜਿਨ੍ਹਾਂ ਨੇ 31 ਅਕਤੂਬਰ, 1984 ਨੂੰ ਉਨ੍ਹਾਂ ਦੀ ਹੱਤਿਆ ਕੀਤੀ ਸੀ।)

ਕੈਨੇਡਾ ’ਚ ਪੰਨੂ ਦੀ ਉਕਤ ਧਮਕੀ ਨੂੰ ਲੈ ਕੇ ਜਾਂਚ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੂੰ ਕੀਤੀ ਗਈ ਸ਼ਿਕਾਇਤ ’ਚ ਸ਼ਿਕਾਇਤਕਰਤਾ ਨੇ ਮੰਗ ਕੀਤੀ ਹੈ ਕਿ ਪੰਨੂ ਵਰਗੇ ਲੋਕਾਂ ਦੀ ਕੈਨੇਡਾ ’ਚ ਐਂਟਰੀ ’ਤੇ ਰੋਕ ਲਾਈ ਜਾਵੇ।

ਇਸ ਤੋਂ ਪਹਿਲਾਂ 10 ਅਕਤੂਬਰ ਨੂੰ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਜ਼ਰਾਈਲ-ਹਮਾਸ ਯੁੱਧ ਤੋਂ ਸਬਕ ਲੈਣ ਦੀ ਗੱਲ ਕਹੀ ਸੀ ਅਤੇ ਕਿਹਾ ਸੀ ਕਿ ‘‘ਸਾਡਾ ਸੰਗਠਨ ਬੈਲਟ ਅਤੇ ਵੋਟ ’ਚ ਵਿਸ਼ਵਾਸ ਰੱਖਦਾ ਹੈ। ਪੰਜਾਬ ਦੀ ਮੁਕਤੀ ਯਕੀਨੀ ਹੈ। ‘ਇੰਡੀਆ, ਚੁਆਇਸ ਇਜ਼ ਯੂਅਰਜ਼, ਬੈਲਟ ਔਰ ਬੁਲੇਟ’।’’

ਪੰਨੂ ਵੱਲੋਂ ‘ਏਅਰ ਇੰਡੀਆ’ ਦੀ ਫਲਾਈਟ ਉਡਾਉਣ ਦੀ ਧਮਕੀ ਦੇ ਜਵਾਬ ’ਚ 19 ਨਵੰਬਰ ਨੂੰ ਏਅਰ ਇੰਡੀਆ ਦੇ ਜਹਾਜ਼ ’ਚ ਸ੍ਰੀ ਹਰਿਮੰਦਰ ਸਾਹਿਬ ’ਚ ਨਤਮਸਤਕ ਹੋਣ ਅੰਮ੍ਰਿਤਸਰ ਪਹੁੰਚੇ ਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਦੇ ਪ੍ਰਤੀਨਿਧੀ ਰਵੀ ਰੰਜਨ ਸਿੰਘ ਨੇ ਅੰਮ੍ਰਿਤਸਰ ’ਚ ਇਕ ਪੱਤਰਕਾਰ ਸੰਮੇਲਨ ’ਚ ਕਿਹਾ, ‘‘ਪੰਨੂ ਨਾ ਤਾਂ ਸਿੱਖ ਹੈ ਅਤੇ ਨਾ ਹੀ ਉਸ ਨੂੰ ਸਿੱਖ ਸਿਧਾਂਤਾਂ ਦੀ ਜਾਣਕਾਰੀ ਹੈ। ਉਸ ਨੂੰ ਤਾਂ ਪਹਿਲਾਂ ਸਿੱਖੀ ਦੀ ਟਿਊਸ਼ਨ ਲੈਣੀ ਚਾਹੀਦੀ ਹੈ ਅਤੇ ਫਿਰ ਕੋਈ ਗੱਲ ਕਰਨੀ ਚਾਹੀਦੀ ਹੈ।’’

ਪੰਨੂ ਨੂੰ ਚੁਣੌਤੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ, ‘‘ਮਿਸਟਰ ਪੰਨੂ ਤੁਸੀਂ ਜੋ ਕਰਨਾ ਹੈ ਕਰ ਲਓ, ਤੁਸੀਂ ਹੁੰਦੇ ਕੌਣ ਹੋ ਸਿੱਖਾਂ ਨੂੰ ਫਰਮਾਨ ਦੇਣ ਵਾਲੇ?’’

‘‘ਪੰਨੂ ਦੇ ਸਿੱਖਾਂ ਨੂੰ ਇਸ ਸੱਦੇ ਨਾਲ ਸਮੂਹ ਸਿੱਖਾਂ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਉਸ ਨੂੰ ਪਤਾ ਨਹੀਂ ਕਿ ‘ਏਅਰ ਇੰਡੀਆ’ ਦੇ ਜਹਾਜ਼ਾਂ ’ਚ ਹਿੰਦੂ, ਮੁਸਲਿਮ, ਸਿੱਖ, ਇਸਾਈ ਸਾਰੇ ਧਰਮਾਂ ਦੇ ਲੋਕ ਯਾਤਰਾ ਕਰਦੇ ਹਨ, ਜਦਕਿ ਉਹ ਮਨੁੱਖਤਾ ਦੀ ਹੱਤਿਆ ਦੇ ਮਨਸੂਬੇ ਬਣਾਈ ਬੈਠਾ ਹੈ, ਜੋ ਸਹੀ ਨਹੀਂ ਹੈ।’’

ਉਨ੍ਹਾਂ ਨੇ ਕਿਹਾ, ‘‘ਪੰਨੂ ਨੂੰ ਸ਼ਾਇਦ ਸਿੱਖ ਇਤਿਹਾਸ ਅਤੇ ਕੁਰਬਾਨੀਆਂ ਦੀ ਜਾਣਕਾਰੀ ਨਹੀਂ ਹੈ, ਜਿਸ ਵਿਚ ਜਰਨੈਲ ਹਰੀ ਸਿੰਘ ਨਲਵਾ ਨੇ ਖੈਬਰ ਦੱਰੇ ਨੂੰ ਬੰਦ ਕਰ ਕੇ ਹਮਲਾਵਰਾਂ ਦਾ ਭਾਰਤ ’ਚ ਦਾਖਲਾ ਰੋਕ ਕੇ ਸਾਰੇ ਧਰਮਾਂ ਅਤੇ ਜਾਤੀਆਂ ਦੀ ਰੱਖਿਆ ਕੀਤੀ ਸੀ।’’

‘‘ਇਸੇ ਤਰ੍ਹਾਂ ਬਾਬਾ ਰਾਮ ਸਿੰਘ ਨਾਮਧਾਰੀ, ਬਾਬਾ ਸੋਹਣ ਸਿੰਘ ਭਕਨਾ, ਮਾਸਟਰ ਤਾਰਾ ਸਿੰਘ ਅਤੇ ਮਹਿੰਦਰ ਸਿੰਘ ਰੰਧਾਵਾ ਵਰਗੇ ਆਗੂਆਂ ਨੇ ਆਜ਼ਾਦੀ ਸੰਗਰਾਮ ਅਤੇ ਹੋਰ ਸਰਗਰਮੀਆਂ ’ਚ ਹਿੱਸਾ ਲੈ ਕੇ ਦੇਸ਼ ਅਤੇ ਸਮਾਜ ਦੇ ਵਿਕਾਸ ’ਚ ਆਪਣਾ ਯੋਗਦਾਨ ਪਾਇਆ ਸੀ।’’

ਗੁਰਪਤਵੰਤ ਸਿੰਘ ਪੰਨੂ ਦੀਆਂ ਧਮਕੀਆਂ ’ਤੇ ਮਨੁੱਖੀ ਅਧਿਕਾਰ ਸੰਗਠਨ ਦੇ ਪ੍ਰਤੀਨਿਧੀ ਰਵੀ ਰੰਜਨ ਸਿੰਘ ਨੇ ਪੰਨੂ ਨੂੰ ਸਹੀ ਜਵਾਬ ਦਿੱਤਾ ਹੈ। ਇਸ ਲਈ ਉਸ ਨੂੰ ਹੁਣ ਅਜਿਹੀਆਂ ਗੱਲਾਂ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।

- ਵਿਜੇ ਕੁਮਾਰ


author

Anmol Tagra

Content Editor

Related News