ਲਾਤੂਰ ਜ਼ਿਲ੍ਹਾ ਪ੍ਰੀਸ਼ਦ ਨੇ ਮਾਤਾ-ਪਿਤਾ ਦੀ ਦੇਖਭਾਲ ਨਾ ਕਰਨ ਵਾਲੇ ਕਰਮਚਾਰੀਆਂ ਦੀ 30 ਫੀਸਦੀ ਤਨਖਾਹ ਕੱਟੀ
Tuesday, Feb 16, 2021 - 02:48 AM (IST)

ਜੋ ਮਾਤਾ-ਪਿਤਾ ਬੜੇ ਲਾਡ-ਪਿਆਰ ਨਾਲ ਬੱਚਿਆਂ ਨੂੰ ਪਾਲ-ਪੋਸ ਅਤੇ ਪੜ੍ਹਾ-ਲਿਖਾ ਕੇ ਵੱਡਾ ਕਰਦੇ ਅਤੇ ਉਨ੍ਹਾਂ ਦੀ ਜ਼ਿੰਦਗੀ ਜਿਊਣ ਦੇ ਯੋਗ ਬਣਾਉਂਦੇ ਹਨ, ਅੱਜ ਉਹੀ ਬੱਚੇ ਉਨ੍ਹਾਂ ਦੀ ਧਨ-ਜਾਇਦਾਦ ਹਥਿਆਉਣ ਦੇ ਲਈ ਉਨ੍ਹਾਂ ਦੇ ਦੁਸ਼ਮਣ ਬਣਦੇ ਜਾ ਰਹੇ ਹਨ। ਮਾਤਾ-ਪਿਤਾ ਦੀ ਸੇਵਾ ਕਰਨ ਦੀ ਬਜਾਏ ਉਨ੍ਹਾਂ ’ਤੇ ਜ਼ੁਲਮ ਕਰਨ ਵਾਲੀਆਂ ਔਲਾਦਾਂ ਦੇ ਕਾਰਨ ਅੱਜ ਪਤਾ ਨਹੀਂ ਕਿੰਨੇ ਬਜ਼ੁਰਗ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹਨ।
ਆਮ ਤੌਰ ’ਤੇ ਵਿਆਹ ਤੋਂ ਬਾਅਦ ਕੁਝ ਔਲਾਦਾਂ ਦਾ ਇਕੋ-ਇਕ ਮਕਸਦ ਕਿਸੇ ਵੀ ਤਰ੍ਹਾਂ ਮਾਤਾ-ਪਿਤਾ ਦੀ ਜਾਇਦਾਦ ’ਤੇ ਕਬਜ਼ਾ ਕਰਨਾ ਹੀ ਰਹਿ ਜਾਂਦਾ ਹੈ, ਜਿਸ ਦੇ ਲਈ ਔਲਾਦਾਂ ਤਾਂ ਉਨ੍ਹਾਂ ’ਤੇ ਜ਼ੁਲਮ ਕਰਨ, ਉਨ੍ਹਾਂ ਨੂੰ ਘਰੋਂ ਕੱਢਣ ਅਤੇ ਉਨ੍ਹਾਂ ਦੀ ਹੱਤਿਆ ਤਕ ਕਰਨ ਤੋਂ ਵੀ ਸੰਕੋਚ ਨਹੀਂ ਕਰਦੀਆਂ, ਜਿਸ ਦੀਆਂ ਇਸ ਸਾਲ ਦੇ ਸੱਤ ਦਿਨਾਂ ਦੀਆਂ ਉਦਾਹਰਣ ਹੇਠਾਂ ਦਰਜ ਹਨ :
* 21 ਜਨਵਰੀ ਨੂੰ ਅਲਵਰ ਦੇ ਬਹਿਰੋਡ ਪੁਲਸ ਥਾਣੇ ’ਚ ਇਕ 64 ਸਾਲਾ ਔਰਤ ਰਾਮਰਤੀ ਦੇਵੀ ਨੇ ਪੁਲਸ ’ਚ ਰਿਪੋਰਟ ਦਰਜ ਕਰਵਾਈ ਕਿ ਮਕਾਨ ਨੂੰ ਲੈ ਕੇ ਪੁੱਤਰਾਂ ਨਾਲ ਚਲ ਰਹੇ ਵਿਵਾਦ ਕਾਰਨ ਪੁੱਤਰਾਂ ਨੇ ਉਸ ਨੂੰ ਅਤੇ ਉਸ ਦੇ ਪਤੀ ਨੂੰ ਘਰੋਂ ਕੱਢ ਦਿੱਤਾ ਹੈ।
* 22 ਜਨਵਰੀ ਨੂੰ ਝਾਂਸੀ ਦੇ ਐੱਸ. ਪੀ. ਸਿਟੀ ਨੇ ਕਿਹਾ ਕਿ ਕੁਝ ਹੀ ਦਿਨਾਂ ’ਚ ਉਨ੍ਹਾਂ ਦੇ ਕੋਲ ਔਲਾਦਾਂ ਵਲੋਂ ਮਾਤਾ-ਪਿਤਾ ਦੀ ਅਣਦੇਖੀ ਦੀਆਂ 3 ਬਜ਼ੁਰਗਾਂ ਦੀਆਂ ਸ਼ਿਕਾਇਤਾਂ ਆਈਆਂ ਜੋ ਘਰੋਂ ਕੱਢ ਦਿੱਤੇ ਜਾਣ ਕਾਰਨ ਕਿਰਾਏ ਦੇ ਮਕਾਨਾਂ ’ਚ ਰਹਿਣ ਨੂੰ ਮਜਬੂਰ ਹਨ।
* 30 ਜਨਵਰੀ ਨੂੰ ਝਾਰਖੰਡ ’ਚ ਪੱਛਮੀ ਸਿੰਘਭੂਮ ਜ਼ਿਲੇ ਦੇ ‘ਜੋਜੋਗੁਟ’ ਪਿੰਡ ’ਚ ‘ਪ੍ਰਧਾਨ ਸੋਯ’ ਨਾਂ ਦੇ ਨੌਜਵਾਨ ਨੇ ਜਾਇਦਾਦ ਅਤੇ ਹੋਰ ਵਿਵਾਦ ਕਾਰਨ ਕੁੱਟ-ਕੁੱਟ ਕੇ ਆਪਣੀ ਮਾਂ ‘ਸੁਮੀ ਸੋਯ’ ਦੀ ਹੱਤਿਆ ਕਰ ਦਿੱਤੀ।
* 31 ਜਨਵਰੀ ਨੂੰ ਯੂ.ਪੀ. ਦੇ ਉੱਨਾਵ ’ਚ ਜ਼ਮੀਨ ਦੇ ਲਾਲਚੀ 2 ਬੇਟਿਆਂ ਨੇ ਆਪਣੀ 80 ਸਾਲਾ ਬੀਮਾਰ ਬਜ਼ੁਰਗ ਮਾਂ ਨੂੰ ਘਰੋਂ ਕੱਢ ਦਿੱਤਾ।
* 2 ਫਰਵਰੀ ਨੂੰ ਗੋਂਡਾ ਦੇ ‘ਵਿਸੇਨ ਪਿੰਡ’ ਵਿਚ ਇਕ ਨੌਜਵਾਨ ਨੇ ਪਿਤਾ ਵਲੋਂ ਰੁਪਿਆਂ ਦੀ ਮੰਗ ਪੂਰੀ ਨਾ ਕਰਨ ’ਤੇ ਉਸ ਦੀ ਹੱਤਿਆ ਕਰ ਦਿੱਤੀ।
* 2 ਫਰਵਰੀ ਵਾਲੇ ਦਿਨ ਹੀ ਗੋਂਡਾ ਦਿਹਾਤ ਕੋਤਵਾਲੀ ਦੇ ਪਿੰਡ ’ਚ ਇਕ ਨੌਜਵਾਨ ਨੇ ਪਿਤਾ ਵਲੋਂ ਪੈਨਸ਼ਨ ਦੀ ਰਕਮ ਨਾ ਦੇਣ ’ਤੇ ਕੁੱਟ-ਮਾਰ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ।
* 2 ਫਰਵਰੀ ਨੂੰ ਹੀ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ’ਚ ਇਕ ਨੌਜਵਾਨ ਨੇ ਆਪਣੇ ਹੀ ਘਰ ਦਾ ਝਗੜਾ ਨਿਪਟਾ ਰਹੇ ਆਪਣੇ ਪਿਤਾ ਮਾਇਆਰਾਮ ਅਤੇ ਮਾਤਾ ਮੁੰਨੀ ਦੇਵੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।
* 14 ਫਰਵਰੀ ਨੂੰ ਐੱਮ. ਪੀ. ਦੇ ‘ਬੀਨਾ’ ਵਿਚ ਬਜ਼ੁਰਗ ਗਿਰਜਾ ਬਾਈ ਦੇ ਪਤੀ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦਾ ਪੁੱਤਰ ਮਹੇਸ਼ ਉਨ੍ਹਾਂ ਦੋਵਾਂ ਨੂੰ ਬਹੁਤ ਤੰਗ ਕਰਦਾ ਹੈ ਅਤੇ ਆਪਣੀ ਮਾਂ ਨਾਲ ਕੁੱਟ-ਮਾਰ ਅਤੇ ਗਾਲੀ-ਗਲੋਚ ਕਰਦਾ ਹੈ। ਘਟਨਾ ਵਾਲੇ ਦਿਨ ਮਹੇਸ਼ ਨੇ ਮਾਂ ਕੋਲੋਂ ਪੈਸੇ ਨਾ ਮਿਲਣ ’ਤੇ ਲੱਤਾਂ-ਜੁੱਤੀਆਂ ਨਾਲ ਕੁੱਟਣ ਤੋਂ ਬਾਅਦ ਉਸ ਦਾ ਗਲਾ ਦਬਾਉਣ ਦਾ ਯਤਨ ਕੀਤਾ, ਜਿਸ ਤੋਂ ਤੰਗ ਆ ਕੇ ਉਸ ਨੇ ਚੂਹੇ ਮਾਰਨ ਵਾਲੀ ਦਵਾਈ ਖਾ ਲਈ।
* 15 ਫਰਵਰੀ ਨੂੰ ਰਾਜਸਥਾਨ ਦੇ ਉਦੇਪੁਰ ਦੇ ਰੋਬੀਆ ਪਿੰਡ ਦੇ ਮਕਾਨ ’ਚੋਂ ਬਰਾਮਦ ਬਜ਼ੁਰਗ ਦੀ ਲਾਸ਼ ਦੇ ਸਬੰਧ ’ਚ ਜਾਂਚ ਤੋਂ ਬਾਅਦ ਪੁਲਸ ਨੇ ਖੁਲਾਸਾ ਕੀਤਾ ਹੈ ਕਿ ਬਜ਼ੁਰਗ ਦੀ ਹੱਤਿਆ ਉਸ ਦੇ 2 ਪੁੱਤਰਾਂ ਨੇ ਕਿਸੇ ਵਿਵਾਦ ਕਾਰਨ ਹੀ ਕੀਤੀ ਸੀ।
ਔਲਾਦਾਂ ਵਲੋਂ ਬਜ਼ੁਰਗਾਂ ਦੀ ਇਸ ਤਰ੍ਹਾਂ ਦੀ ਅਣਦੇਖੀ ਅਤੇ ਨਿਰਾਦਰ ਦੇ ਕਾਰਨ ਹੀ ਸਾਡਾ ਸੁਝਾਅ ਹੈ ਕਿ ਮਾਤਾ-ਪਿਤਾ ਆਪਣੀ ਜਾਇਦਾਦ ਦੀ ਵਸੀਅਤ ਤਾਂ ਔਲਾਦ ਦੇ ਨਾਂ ਜ਼ਰੂਰ ਕਰ ਦੇਣ ਪਰ ਉਨ੍ਹਾਂ ਨੂੰ ਟ੍ਰਾਂਸਫਰ ਨਾ ਕਰਨ ਅਤੇ ਬਿਨਾਂ ਸੰਤੁਸ਼ਟੀ ਕੀਤੇ ਕਿਸੇ ਕਾਗਜ਼ ਜਾਂ ਦਸਤਾਵੇਜ਼ ’ਤੇ ਅੰਗੂਠੇ ਦਾ ਨਿਸ਼ਾਨ ਜਾਂ ਦਸਤਖਤ ਵੀ ਨਾ ਦੇਣ।
ਜੇਕਰ ਉਹ ਚਾਹੁਣ ਤਾਂ ਆਪਣੀ ਜਮ੍ਹਾ ਪੂੰਜੀ ਦਾ ਬੈਂਕ ’ਚ ਫਿਕਸ ਡਿਪਾਜ਼ਿਟ ਕਰਵਾ ਕੇ ਉਸ ’ਤੇ ਮਿਲਣ ਵਾਲੇ ਵਿਆਜ ਦੀ ਰਾਸ਼ੀ ਦੀ ਪੈਨਸ਼ਨ ਵਾਂਗ ਵਰਤੋਂ ਕਰ ਸਕਦੇ ਹਨ ਅਤੇ ਅਜਿਹਾ ਕਰਕੇ ਕਈ ਪ੍ਰੇਸ਼ਾਨੀਆਂ ਤੋਂ ਬਚ ਸਕਦੇ ਹਨ ਪਰ ਆਮ ਤੌਰ ’ਤੇ ਬਜ਼ੁਰਗ ਇਹ ਭੁੱਲ ਕਰ ਬੈਠਦੇ ਹਨ, ਜਿਸ ਦੀ ਸਜ਼ਾ ਉਨ੍ਹਾਂ ਨੂੰ ਬਾਕੀ ਜ਼ਿੰਦਗੀ ’ਚ ਭੁਗਤਣੀ ਪੈਂਦੀ ਹੈ।
ਅਜਿਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਔਲਾਦਾਂ ਵਲੋਂ ਆਪਣੇ ਬਜ਼ੁਰਗਾਂ ਦੀ ਅਣਦੇਖੀ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਹਿਮਾਚਲ ਸਰਕਾਰ ਨੇ 2002 ’ਚ ‘ਬਜ਼ੁਰਗ ਮਾਤਾ-ਪਿਤਾ ਅਤੇ ਆਸ਼ਰਿਤ ਪਾਲਣ-ਪੋਸ਼ਣ ਕਾਨੂੰਨ’ ਬਣਾਇਆ ਸੀ।
ਇਸੇ ਦਿਸ਼ਾ ’ਚ ਮਹਾਰਾਸ਼ਟਰ ’ਚ ਅਹਿਮਦਨਗਰ ਅਤੇ ‘ਲਾਤੂਰ’ ਦੀਆਂ ਜ਼ਿਲਾ ਪ੍ਰੀਸ਼ਦਾਂ ਨੇ ਬਜ਼ੁਰਗ ਮਾਤਾ-ਪਿਤਾ ਦੀ ਦੇਖਭਾਲ ਨਾ ਕਰਨ ਵਾਲੇ ਕਰਮਚਾਰੀਆਂ ਦੇ ਵਿਰੁੱਧ ਸਖਤ ਰਵੱਈਆ ਅਪਣਾਉਂਦੇ ਹੋਏ ਉਨ੍ਹਾਂ ਦੀ ਤਨਖਾਹ ’ਚੋਂ 30 ਫੀਸਦੀ ਰਕਮ ਕੱਟ ਕੇ ਹਰ ਮਹੀਨੇ ਉਨ੍ਹਾਂ ਦੇ ਮਾਤਾ-ਪਿਤਾ ਦੇ ਬੈਂਕ ਖਾਤਿਆਂ ’ਚ ਭੇਜਣ ਦਾ ਫੈਸਲਾ ਕੀਤਾ ਹੈ, ਜਿਸ ਦੇ ਲਈ ਇਹ ਧੰਨਵਾਦ ਦੀਆਂ ਪਾਤਰ ਹਨ।
‘ਲਾਤੂਰ’ ਜ਼ਿਲਾ ਪ੍ਰੀਸ਼ਦ ਨੇ ਆਪਣੇ 7 ਕਰਮਚਾਰੀਆਂ ਦੀ ਜਨਵਰੀ ਦੀ ਤਨਖਾਹ ’ਚੋਂ 30 ਫੀਸਦੀ ਰਕਮ ਕੱਟ ਕੇ ਉਨ੍ਹਾਂ ਦੇ ਮਾਤਾ -ਪਿਤਾ ਦੇ ਬੈਂਕ ਖਾਤਿਆਂ ’ਚ ਜਮ੍ਹਾ ਕਰਵਾ ਦਿੱਤੀ ਹੈ ।
ਪ੍ਰੀਸ਼ਦ ਨੇ ਆਪਣੇ ਕਰਮਚਾਰੀਆਂ ਦਾ ਗੁਪਤ ਸਰਵੇ ਕਰਵਾਉਣ ਦਾ ਵੀ ਫੈਸਲਾ ਕੀਤਾ ਹੈ ਤਾਂਕਿ ਹੋਰ ਮਾਤਾ-ਪਿਤਾ ਦੀ ਅਣਦੇਖੀ ਜਾਂ ਉਨ੍ਹਾਂ ਨਾਲ ਘਟੀਆ ਸਲੂਕ ਕਰਨ ਅਤੇ ਉਨ੍ਹਾਂ ਨੂੰ ਬਿਰਧ ਆਸ਼ਰਮਾਂ ’ਚ ਜਾ ਕੇ ਰਹਿਣ ਲਈ ਮਜਬੂਰ ਕਰਨ ਵਾਲੇ ਕਰਮਚਾਰੀਆਂ ਦੀ ਤਨਖਾਹ ’ਚੋਂ 30 ਫੀਸਦੀ ਕਟੌਤੀ ਕਰਕੇ ਉਨ੍ਹਾਂ ਦੇ ਮਾਤਾ-ਪਿਤਾ ਦੇ ਬੈਂਕ ਖਾਤਿਆਂ ’ਚ ਜਮ੍ਹਾ ਕਰਵਾਈ ਜਾ ਸਕੇ।
ਉੱਤਰ ਪ੍ਰਦੇਸ਼ ਸਰਕਾਰ ਵੀ ਔਲਾਦਾਂ ਵਲੋਂ ਬਜ਼ੁਰਗ ਮਾਤਾ-ਪਿਤਾ ਦੀ ਸੇਵਾ ਨਾ ਕਰਨ ਵਾਲੇ ਪੁੱਤਰਾਂ-ਧੀਆਂ ਨੂੰ ਜੱਦੀ ਜਾਇਦਾਦ ’ਚੋਂ ਬੇਦਖਲ ਕਰਨ ਦਾ ਕਾਨੂੰਨ ਲਿਆਉਣ ਜਾ ਰਹੀ ਹੈ।
ਇਨ੍ਹਾਂ ਹਾਲਾਤ ’ਚ ਲੋੜ ਇਸ ਗੱਲ ਦੀ ਹੈ ਕਿ ਜਿਹੜੇ ਸੂਬਿਆਂ ’ਚ ਇਸ ਤਰ੍ਹਾਂ ਦੇ ਕਾਨੂੰਨ ਨਹੀਂ ਹਨ, ਉਥੇ ਅਜਿਹੇ ਕਾਨੂੰਨ ਬਣਾ ਕੇ ਲਾਗੂ ਕੀਤੇ ਜਾਣ ਤਾਂਕਿ ਬਜ਼ੁਰਗਾਂ ਨੂੰ ਆਪਣੀਆਂ ਔਲਾਦਾਂ ਦੇ ਤਸ਼ੱਦਦ ਤੋਂ ਮੁਕਤੀ ਮਿਲ ਸਕੇ ਅਤੇ ਉਹ ਆਪਣੇ ਜ਼ਿੰਦਗੀ ਚੈਨ ਨਾਲ ਬਿਤਾ ਸਕਣ।
–ਵਿਜੇ ਕੁਮਾਰ