‘ਨਸ਼ਿਆਂ ਦੀ ਸਮੱਗਲਿੰਗ ਅਤੇ ਚੋਰੀ-ਚਕਾਰੀ ਵਿਚ’ ਵਧ ਰਹੀ ਔਰਤਾਂ ਦੀ ਹਿੱਸੇਦਾਰੀ

07/29/2020 3:26:35 AM

ਆਮ ਤੌਰ ’ਤੇ ਨਸ਼ਾ ਸਮੱਗਲਿੰਗ ਅਤੇ ਚੋਰੀ-ਚਕਾਰੀ ਵਰਗੇ ਨਾਜਾਇਜ਼ ਧੰਦਿਅਾਂ ਨੂੰ ਮਰਦ ਪ੍ਰਧਾਨ ਧੰਦਾ ਹੀ ਮੰਨਿਆ ਜਾਂਦਾ ਸੀ ਪਰ ਹੁਣ ਨਸ਼ਾ ਸਮੱਗਲਰ ਅਤੇ ਹੋਰ ਅਪਰਾਧੀ ਤੱਤ ਆਪਣੇ ਇਸ ਧੰਦੇ ’ਚ ਵੱਡੀ ਗਿਣਤੀ ’ਚ ਔਰਤਾਂ ਨੂੰ ਵੀ ਸ਼ਾਮਿਲ ਕਰਨ ਲੱਗੇ ਹਨ ਤਾਂ ਕਿ ਉਹ ਫੜੇ ਨਾ ਜਾ ਸਕਣ ਅਤੇ ਉਨ੍ਹਾਂ ਦਾ ਧੰਦਾ ਚਲਦਾ ਰਹੇ, ਜਿਸ ਦੀਆਂ ਸਿਰਫ ਪਿਛਲੇ 21 ਦਿਨਾਂ ਦੀਆਂ ਚੰਦ ਮਿਸਾਲਾਂ ਹੇਠਾਂ ਦਰਜ ਹਨ :

* 07 ਜੁਲਾਈ ਨੂੰ ਲੁਧਿਆਣਾ ’ਚ 15-20 ਸਾਲਾਂ ਤੋਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਨਸ਼ਾ ਸਮੱਗਲਰ ਬਿਰਜੂ ਦੀਅਾਂ 2 ਬੇਟੀਅਾਂ ਨੂੰ ਟਾਸਕ ਫੋਰਸ ਲੁਧਿਅਾਣਾ ਦੀ ਟੀਮ ਨੇ 5 ਕਰੋੜ 10 ਲੱਖ ਰੁਪਏ ਦੀ ਹੈਰੋਇਨ ਦੀ ਖੇਪ ਨਾਲ ਫੜਿਆ।

* 14 ਜੁਲਾਈ ਨੂੰ ਜਲੰਧਰ ’ਚ ਪੁਲਸ ਥਾਣਾ ਆਦਮਪੁਰ ਦੇ ਤਹਿਤ ਪੁਲਸ ਚੌਕੀ ਅਲਾਵਲਪੁਰ ਦੇ ਸਟਾਫ ਨੇ 2 ਗ੍ਰਾਮ ਹੈਰੋਇਨ ਅਤੇ 240 ਨਸ਼ੇ ਵਾਲੀਆਂ ਗੋਲੀਅਾਂ ਦੇ ਨਾਲ ਦੇਬੋ ਨਾਂ ਦੀ ਇਕ ਔਰਤ ਨੂੰ ਕਾਬੂ ਕੀਤਾ।

* 19 ਜੁਲਾਈ ਨੂੰ ਹਰਿਆਣਾ ’ਚ ਯਮੁਨਾਨਗਰ ਦੇ ਸੁਲਤਾਨਪੁਰ ਪਿੰਡ ’ਚ ਸਰੋਜ ਨਾਂ ਦੀ ਇਕ ਔਰਤ ਦੇ ਕਬਜ਼ੇ ’ਚੋਂ ਪੁਲਸ ਨੇ 43 ਗ੍ਰਾਮ ਹੈਰੋਇਨ ਜ਼ਬਤ ਕੀਤੀ।

* 20 ਜੁਲਾਈ ਨੂੰ ਬਠਿੰਡਾ ਜ਼ਿਲਾ ਪੁਲਸ ਨੇ ਨਸ਼ਾ ਸਮੱਗਲਿੰਗ ਦੇ ਦੋਸ਼ ’ਚ ਇਕ ਔਰਤ ਸਮੱਗਲਰ ਸਮੇਤ 6 ਲੋਕਾਂ ਨੂੰ ਨਾਮਜ਼ਦ ਕੀਤਾ।

* 23 ਜੁਲਾਈ ਨੂੰ ਆਗਰਾ ’ਚ ਦਿੱਲੀ ਦੇ ਇਕ ਸਕੂਲ ਦੀ 12ਵੀਂ ਸ਼੍ਰੇਣੀ ਦੀ ਵਿਦਿਆਰਥਣ ਅਤੇ ਇਕ 21 ਸਾਲਾ ਔਰਤ ਸਮੇਤ 3 ਲੋਕਾਂ ਨੂੰ 20 ਕਿਲੋ ਗਾਂਜੇ ਸਮੇਤ ਗ੍ਰਿਫਤਾਰ ਕੀਤਾ ਗਿਆ, ਜਿਸ ਨੂੰ ਉਹ ਆਂਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੋਂ ਲਿਆਏ ਸਨ।

ਵਿਦਿਆਰਥਣ ਨੇ ਦੱਸਿਆ ਕਿ ਉਸ ਨੂੰ ਇਸ ਕੰਮ ਲਈ 5000 ਰੁਪਏ ਦਿੱਤੇ ਗਏ ਸਨ। ਵਿਦਿਆਰਥਣ ਨੇ ਇਹ ਵੀ ਕਿਹਾ ਕਿ ਉਸ ਨੂੰ ਪਤਾ ਨਹੀਂ ਹੈ ਕਿ ਉਨ੍ਹਾਂ ਦੇ ਗਿਰੋਹ ਦਾ ਸਰਗਣਾ ਕੌਣ ਹੈ।

* 25 ਜੁਲਾਈ ਨੂੰ ਜਲੰਧਰ ਦੇ ਥਾਣਾ ਲਾਂਬੜਾ ਦੀ ਪੁਲਸ ਨੇ 94 ਗ੍ਰਾਮ ਹੈਰੋਇਨ ਸਮੇਤ 2 ਔਰਤਾਂ ਨਿਰਮਲ ਕੌਰ ਉਰਫ ਨਿੰਮੋ ਅਤੇ ਜਸਵਿੰਦਰ ਕੌਰ ਨੂੰ ਫੜਿਅਾ।

* 25 ਜੁਲਾਈ ਨੂੰ ਗੁਰਦਾਸਪੁਰ ਦੇ ਦੀਨਾਨਗਰ ’ਚ ਇਕ ਔਰਤ ਅਤੇ ਉਸ ਦਾ ਬੇਟਾ ਇਕ ਕਿਲੋ ਹੈਰੋਇਨ ਦੇ ਨਾਲ ਫੜੇ ਗਏ। ਦੋਵਾਂ ਦੀ ਸ਼ਨਾਖਤ ਸਿੰਬਲ ਕੁੱਲੀਅਾਂ ਪਿੰਡ ਦੇ ਰਹਿਣ ਵਾਲੇ ਰਵਿੰਦਰ ਸਿੰਘ ਅਤੇ ਸੁਰਜੀਤ ਕੌਰ ਦੇ ਰੂਪ ’ਚ ਹੋਈ।

* 25 ਜੁਲਾਈ ਨੂੰ ਪਟਿਆਲਾ ਪੁਲਸ ਨੇ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਅਤੇ ਰਾਜਸਥਾਨ ’ਚ ਵੱਖ-ਵੱਖ ਵਾਰਦਾਤਾਂ ’ਚ ਲੋੜੀਂਦੇ ਇਕ ਔਰਤ ਚੋਰ ਗਿਰੋਹ ਦੀਆਂ 3 ਮੈਂਬਰਾਂ ਲਕਸ਼ਮੀ ਉਰਫ ਲੱਛੋ (ਪਿੰਡ ਲੰਗਰੋਈ), ਕਰਮਜੀਤ ਕੌਰ (ਪਿੰਡ ਜੋਲੀਅਾਂ) ਅਤੇ ਰੂਪੋ (ਪਿੰਡ ਮੁਰਾਦਪੁਰਾ) ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਵਿਰੁੱਧ ਉਕਤ ਸੂਬਿਅਾਂ ’ਚ 100 ਤੋਂ ਵੱਧ ਕੇਸ ਦਰਜ ਹਨ। ਇਸ ਗਿਰੋਹ ’ਚ ਚੋਰੀ ਦੇ ਕੰਮ ’ਚ ਸਹਾਇਤਾ ਲਈ ਲੱਗਭਗ 25 ਲੜਕੀਅਾਂ ਨੂੰ ਕੰਮ ’ਤੇ ਰੱਖਿਆ ਹੋਇਆ ਸੀ।

* 26 ਜੁਲਾਈ ਨੂੰ ਥਾਣਾ ਸਰਦੂਲਗੜ੍ਹ ਦੀ ਪੁਲਸ ਨੇ ਸੰਗਾ ਪਿੰਡ ਦੀ ਰਹਿਣ ਵਾਲੀ ਇਕ ਔਰਤ ਅਤੇ ਉਸ ਦੇ ਸਾਥੀ ਨੂੰ 35 ਕਿਲੋ ਚੂਰਾ-ਪੋਸਤ ਨਾਲ ਫੜਿਆ।

* 27 ਜੁਲਾਈ ਨੂੰ ਉੱਤਰ ਪ੍ਰਦੇਸ਼ ’ਚ ਸ਼ਾਹਜਹਾਂਪੁਰ ਦੇ ਤਿਲਹਰ ’ਚ ਪੁਲਸ ਨੇ ਇਕ ਸਮੈਕ ਸਮੱਗਲਰ ਗਿਰੋਹ ਦੀ ਔਰਤ ਸਰਗਣਾ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਲੱਖਾਂ ਰੁਪਏ ਮੁੱਲ ਦੀ ਸਮੈਕ ਬਰਾਮਦ ਕੀਤੀ। ਪਤੀ ਦੇ ਜੇਲ ਜਾਣ ਤੋਂ ਬਾਅਦ ਪਤਨੀ ਇਸ ਗਿਰੋਹ ਨੂੰ ਚਲਾ ਰਹੀ ਸੀ।

* 28 ਜੁਲਾਈ ਨੂੰ ਥਾਣਾ ਸੈਕਟਰ 8 ਫਰੀਦਾਬਾਦ ਦੀ ਪੁਲਸ ਨੇ ਇਕ ਚੋਰ ਗਿਰੋਹ ਦਾ ਭਾਂਡਾ ਭੰਨ ਕੇ ਇਕ ਔਰਤ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਲੱਗਭਗ 8 ਲੱਖ ਰੁਪਏ ਦੇ ਗਹਿਣੇ ਅਤੇ 1.20 ਲੱਖ ਰੁਪਏ ਨਕਦ ਫੜੇ।

* 28 ਜੁਲਾਈ ਨੂੰ ਕੁਰਾਲੀ ਪੁਲਸ ਨੇ ਇਕ ਨਾਕੇ ਦੌਰਾਨ 2 ਸਮੱਗਲਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 25 ਨਸ਼ੇ ਵਾਲੇ ਟੀਕੇ ਜ਼ਬਤ ਕੀਤੇ।

* 28 ਜੁਲਾਈ ਨੂੰ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ’ਚ ਔਰਤ ਚੋਰ ਗਿਰੋਹ ਨੇ ਇਕ ਕੱਪੜੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਲੱਖਾਂ ਦਾ ਕੱਪੜਾ ਚੋਰੀ ਕੀਤਾ।

ਜਿਥੇ ਔਰਤਾਂ ਬੇਰੋਜ਼ਗਾਰੀ ਅਤੇ ਆਰਥਿਕ ਮਜਬੂਰੀ ਕਾਰਨ ਨਸ਼ਿਅਾਂ ਦੀ ਸਮੱਗਲਿੰਗ ਅਤੇ ਚੋਰੀ ਵਰਗੇ ਖਤਰਨਾਕ ਨਾਜਾਇਜ਼ ਕੰਮਾਂ ’ਚ ਸ਼ਾਮਲ ਹੋ ਰਹੀਅਾਂ ਹਨ, ਉਥੇ ਹੀ ਇਸ ਦਾ ਇਕ ਕਾਰਣ ਇਹ ਵੀ ਹੈ ਕਿ ਆਮ ਤੌਰ ’ਤੇ ਔਰਤਾਂ ’ਤੇ ਸ਼ੱਕ ਘੱਟ ਕੀਤਾ ਜਾਂਦਾ ਹੈ ਅਤੇ ਔਰਤਾਂ ਰਾਹੀਂ ਨਸ਼ੇ ਦੀ ਸਮੱਗਲਿੰਗ ਅਤੇ ਹੋਰ ਅਪਰਾਧ ਕਰਵਾਉਣਾ ਵਧੇਰੇ ਸੁਰੱਖਿਅਤ ਮੰਨਿਆ ਜਾਂਦਾ ਹੈ। ਇਹ ਤਾਂ ਸਿਰਫ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਆਂਧਰ ਪ੍ਰਦੇਸ਼ ਦੀਆਂ ਉਦਾਹਰਣਾਂ ਹਨ, ਦੇਸ਼ ਦੇ ਹੋਰਨਾਂ ਸੂਬਿਅਾਂ ਦੀ ਸਥਿਤੀ ਦਾ ਅੰਦਾਜ਼ਾ ਇਨ੍ਹਾਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ।

ਕਿਉਂਕਿ ਔਰਤਾਂ ਦਾ ਇਨ੍ਹਾਂ ਧੰਦਿਅਾਂ ’ਚ ਸ਼ਾਮਲ ਹੋਣਾ ਮੁੱਖ ਤੌਰ ’ਤੇ ਆਰਥਿਕ ਮਜਬੂਰੀਅਾਂ ਦਾ ਨਤੀਜਾ ਹੈ, ਇਸ ਲਈ ਜਿਥੇ ਇਸ ਬੁਰਾਈ ਨੂੰ ਰੋਕਣ ਲਈ ਪੁਲਸ ਵਲੋਂ ਜ਼ਿਆਦਾ ਮੁਸਤੈਦੀ ਵਰਤਣ ਦੀ ਲੋੜ ਹੈ, ਉਥੇ ਹੀ ਖਾਸ ਤੌਰ ’ਤੇ ਲੋੜਵੰਦ ਔਰਤਾਂ ਲਈ ਰੋਜ਼ਗਾਰ ਦੇ ਆਸਾਨ ਬਦਲ ਪੈਦਾ ਕਰਨ ਦੀ ਵੀ ਲੋੜ ਹੈ ਤਾਂ ਕਿ ਉਹ ਪੈਸਿਅਾਂ ਦੀ ਮਜਬੂਰੀ ਕਾਰਣ ਨਾਜਾਇਜ਼ ਸਰਗਰਮੀਅਾਂ ’ਚ ਸ਼ਾਮਲ ਨਾ ਹੋਣ।

–ਵਿਜੇ ਕੁਮਾਰ\\\


Bharat Thapa

Content Editor

Related News