ਸਮਾਜ ’ਚ ਸਭ ਦਾ ਸਨਮਾਨ ਹੁਣ ਜ਼ਰੂਰੀ ਅਤੇ ਲੋੜੀਂਦਾ

Monday, Nov 14, 2022 - 01:12 AM (IST)

ਸਮਾਜ ’ਚ ਸਭ ਦਾ ਸਨਮਾਨ ਹੁਣ ਜ਼ਰੂਰੀ ਅਤੇ ਲੋੜੀਂਦਾ

ਦੇਸ਼ ’ਚ ਪਹਿਲਾਂ ਹੀ ਬੇਰੋਜ਼ਗਾਰੀ ਦੀ ਸਮੱਸਿਆ ਵਧੇਰੇ ਹੈ ਅਤੇ ਉੱਚ ਸਿੱਖਿਆ ਪ੍ਰਾਪਤ ਨੌਜਵਾਨਾਂ ਨੂੰ ਵੀ ਆਪਣੀ ਯੋਗਤਾ ਮੁਤਾਬਕ ਨੌਕਰੀ ਕਰਨ ਦੀ ਬਜਾਏ ਉਸ ਤੋਂ ਕਿਤੇ ਘੱਟ ਯੋਗਤਾ ਵਾਲੀਆਂ ਨੌਕਰੀਆਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਤ੍ਰਾਸਦੀ ਇਹ ਹੈ ਕਿ ਸਮਾਜ ਹਾਲਾਤ ਦੇ ਹੱਥੋਂ ਮਜਬੂਰ ਅਜਿਹੇ ਲੋਕਾਂ ਨਾਲ ਸਨਮਾਨਜਨਕ ਵਤੀਰਾ ਨਹੀਂ ਕਰਦਾ ਅਤੇ ਉਨ੍ਹਾਂ ਨੂੰ ਸਮਾਜ ’ਚ ਖੁਦ ਨੂੰ ਪ੍ਰਭਾਵਸ਼ਾਲੀ ਸਮਝਣ ਵਾਲੇ ਲੋਕਾਂ ਹੱਥੋਂ ਅਪਮਾਨਿਤ ਹੋਣਾ ਅਤੇ ਹੇਠੀ ਕਰਵਾਉਣੀ ਪੈਂਦੀ ਹੈ।

ਹੁਣੇ ਜਿਹੇ ਹੀ ਨੋਇਡਾ ਦੀ ਇਕ ਆਲੀਸ਼ਾਨ ਹਾਊਸਿੰਗ ਸੋਸਾਇਟੀ ’ਚ ਮਜਬੂਰੀ ਕਾਰਨ ਇਕ ਸੁਰੱਖਿਆ ਗਾਰਡ ਵਜੋਂ ਨੌਕਰੀ ਕਰ ਰਹੇ ਉਜਵਲ ਨੂੰ ਅਤਿਅੰਤ ਮਾੜੇ ਤਜਰਬੇ ’ਚੋਂ ਲੰਘਣਾ ਪਿਆ। ਉਹ ਉਨ੍ਹਾਂ ਗਾਰਡਾਂ ’ਚੋਂ ਇਕ ਸੀ ਜਿਨ੍ਹਾਂ ’ਤੇ 8 ਅਕਤੂਬਰ ਨੂੰ ਸੁਸਾਇਟੀ ਦੀਆਂ 3 ਔਰਤਾਂ ਨੇ ਹਮਲਾ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਸੀ। ਇਕ ਔਰਤ, ਜੋ ਨਸ਼ੇ ’ਚ ਸੀ, ਨੇ ਉਜਵਲ ਨੂੰ ਕਾਲਰ ਤੋਂ ਫੜ ਲਿਆ ਅਤੇ ਉਨ੍ਹਾਂ ਦੀ ਟੋਪੀ ਸੁੱਟ ਦਿੱਤੀ। ਔਰਤਾਂ ਵਿਰੁੱਧ ਐੱਫ. ਆਈ. ਆਰ. ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਅਗਲੇ ਹੀ ਦਿਨ ਉਨ੍ਹਾਂ ਨੂੰ ਜ਼ਮਾਨਤ ’ਤੇ ਛੱਡ ਦਿੱਤਾ ਗਿਆ। 

ਉਜਵਲ ਮੁਤਾਬਕ ਇਸ ਤੋਂ ਪਹਿਲਾਂ ਵੀ 1 ਅਕਤੂਬਰ ਨੂੰ ਜਦੋਂ ਉਹ ਸੁਸਾਇਟੀ ’ਚ ਦਾਖਲ ਹੋਣ ਦੀ ਆਗਿਆ ਦੇਣ ਤੋਂ ਪਹਿਲਾਂ ਹਰ ਮੋਟਰਗੱਡੀ ਦੀ ਜਾਂਚ ਕਰਨ ਦੀ ਆਪਣੀ ਡਿਊਟੀ ਦੇ ਰਹੇ ਸਨ, ਉਕਤ ਤਿੰਨਾਂ ਔਰਤਾਂ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਸਨ। ਜਦੋਂ ਉਜਵਲ ਦੇ ਪਰਿਵਾਰ ਨੇ ਇਸ ਦੀ ਵੀਡੀਓ ਕਲਿਪ ਵੇਖੀ ਤਾਂ ਉਹ ਇੰਨਾ ਪ੍ਰੇਸ਼ਾਨ ਹੋਏ ਕਿ ਉਨ੍ਹਾਂ ਉਜਵਲ ਨੂੰ ਇਹ ਅਪਮਾਨਜਨਕ ਨੌਕਰੀ ਛੱਡਣ ਅਤੇ ਦੂਜੀ ਨੌਕਰੀ ਲੱਭਣ ਲਈ ਕਹਿ ਦਿੱਤਾ। ਇਕ ਹੋਰ ਗਾਰਡ ਸਚਿਨ ਰਾਣਾ ਨੇ ਵੀ ਆਪਣੇ ਨਾਲ ਅਜਿਹੀ ਹੀ ਘਟਨਾ ਵਾਪਰਨ ਪਿੱਛੋਂ ਆਪਣੀ ਨੌਕਰੀ ਛੱਡ ਦਿੱਤੀ। 

ਇਹ ਇਸ ਤਰ੍ਹਾਂ ਦਾ ਕੋਈ ਇਕੱਲਾ ਮਾਮਲਾ ਨਹੀਂ ਹੈ। ਹੋਰ ਥਾਵਾਂ ’ਤੇ ਵੀ ਸੁਰੱਖਿਆ ਗਾਰਡਾਂ ਅਤੇ ਇਸੇ ਤਰ੍ਹਾਂ ਦੇ ਹੋਰ ਕੰਮ ਕਰਨ ਵਾਲਿਆਂ ਨੂੰ ਜ਼ੁਬਾਨੀ ਅਤੇ ਸਰੀਰਕ ਪੱਖੋਂ ਤੰਗ-ਪ੍ਰੇਸ਼ਾਨ ਕਰਨ ਦੀਆਂ ਕਈ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਯਕੀਨੀ ਹੀ ਇਸ ਸਥਿਤੀ ਨੂੰ ਕਿਸੇ ਵੀ ਤਰ੍ਹਾਂ ਨਾਲ ਸਨਮਾਨਜਨਕ ਨਹੀਂ ਕਿਹਾ ਜਾ ਸਕਦਾ, ਇਸ ਲਈ ਸਮਾਜ ’ਚ ਸਭ ਲਈ ਹਮਦਰਦੀ ਅਤੇ ਆਦਰ ਇਕ ਵਿਕਸਿਤ ਸਮਾਜ ਦਾ ਮੂਲ ਆਧਾਰ ਹੈ। ਭਾਵੇਂ ਕੋਈ ਵੀ ਸਮਾਜ ਕਿਸੇ ਵੀ ਧਰਮ, ਜਾਤੀ ਜਾਂ ਫਿਰ ਆਰਥਿਕ ਪੱਧਰ ’ਤੇ ਹੋਵੇ, ਬਰਾਬਰੀ ਅਤੇ ਆਦਰ ਨਾ ਸਿਰਫ ਕਾਨੂੰਨੀ ਅਧਿਕਾਰ ਸਗੋਂ ਇਹ ਇਨਸਾਨੀਅਤ ਦਾ ਤਕਾਜ਼ਾ ਹੈ। ਯਕੀਨੀ ਤੌਰ ’ਤੇ ਇਸ ਮਾਨਸਿਕਤਾ ਨੂੰ ਬਦਲਣਾ ਹੋਵੇਗਾ।


author

Mukesh

Content Editor

Related News