ਜੇਲ੍ਹਾਂ ’ਚ ਬੰਦ ਗੈਂਗਸਟਰਾਂ ਵੱਲੋਂ ਜਾਰੀ ਹੈ ਵਿਦੇਸ਼ਾਂ ਤੋਂ ਨਸ਼ਾ ਸਮੱਗਲਿੰਗ ਦਾ ਧੰਦਾ
Saturday, Sep 17, 2022 - 03:06 AM (IST)
ਇਕ ਪਾਸੇ ਭਾਰਤੀ ਜੇਲ੍ਹਾਂ ’ਚ ਗੈਂਗਵਾਰ ਦੇ ਇਲਾਵਾ ਨਸ਼ਿਆਂ ਆਦਿ ਦੀ ਬਰਾਮਦਗੀ ਜਾਰੀ ਹੈ ਤਾਂ ਦੂਜੇ ਪਾਸੇ ਜੇਲ੍ਹਾਂ ’ਚ ਕੈਦ ਗੈਂਗਸਟਰ ਉੱਥੋਂ ਆਪਣਾ ਧੰਦਾ ਜਾਰੀ ਰੱਖ ਰਹੇ ਹਨ ਅਤੇ ਮੋਬਾਇਲ ਰਾਹੀਂ ਆਪਣੇ ਵਿਦੇਸ਼ੀ ਸੰਪਰਕਾਂ ਤੋਂ ਲਗਾਤਾਰ ਹਥਿਆਰਾਂ ਅਤੇ ਨਸ਼ਿਆਂ ਦੀ ਸਮੱਗਲਿੰਗ ਕਰਵਾ ਰਹੇ ਹਨ। ਅਜਿਹਾ ਹੀ ਇਕ ਮਾਮਲਾ 14 ਸਤੰਬਰ ਨੂੰ ਸਾਹਮਣੇ ਆਇਆ ਜਦੋਂ ‘ਭਾਰਤੀ ਤੱਟ ਰੱਖਿਅਕ ਦਲ’ ਅਤੇ ‘ਗੁਜਰਾਤ ਅੱਤਵਾਦ ਰੋਕੂ ਦਸਤੇ’ (ਏ. ਟੀ. ਐੱਸ.) ਦੀ ਟੀਮ ਨੇ ਇਕ ਪਾਕਿਸਤਾਨੀ ਕਿਸ਼ਤੀ ਨੂੰ ਭਾਰਤੀ ਜਲ ਖੇਤਰ ਦੇ 6 ਕਿ. ਮੀ. ਅੰਦਰ ਫੜ ਕੇ ਉਸ ’ਚੋਂ 200 ਕਰੋੜ ਰੁਪਏ ਮੁੱਲ ਦੀ 40 ਕਿਲੋ ਹੈਰੋਇਨ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ।
ਇਸ ’ਚ ਹੈਰਾਨੀ ਦੀ ਗੱਲ ਇਹ ਸੀ ਕਿ ਹੈਰੋਇਨ ਦੀ ਇਹ ਖੇਪ ਪੰਜਾਬ ਦੀ ਜੇਲ੍ਹ ’ਚ ਬੈਠੇ ਇਕ ਵਿਦੇਸ਼ੀ ਦੇ ਰਾਹੀਂ ਮੰਗਵਾਈ ਗਈ ਅਤੇ ਇਸ ਕਾਂਡ ਨਾਲ ਪੰਜਾਬ ਦੀਆਂ ਜੇਲ੍ਹਾਂ ’ਚ ਪੈਦਾ ਅਵਿਵਸਥਾ ਇਕ ਵਾਰ ਫਿਰ ਉਜਾਗਰ ਹੋ ਗਈ। ਹਾਲਾਂਕਿ ਜੇਲ੍ਹ ਪ੍ਰਸ਼ਾਸਨ 2016 ਤੋਂ ਲਗਾਤਾਰ ਜੇਲ੍ਹਾਂ ’ਚ ਮੋਬਾਇਲ ਦਾ ਸਿਗਨਲ ‘ਬਲਾਕ’ ਕਰਨ ਲਈ ਜੈਮਰ ਲਾਉਣ ਦੀ ਗੱਲ ਕਹਿੰਦਾ ਆ ਰਿਹਾ ਹੈ ਪਰ ਹੁਣ ਤੱਕ ਅਜਿਹਾ ਹੋ ਨਹੀਂ ਸਕਿਆ। ਫਿਲਹਾਲ ਪੰਜਾਬ ਦੀ ਜੇਲ੍ਹ ’ਚ ਬੈਠ ਕੇ ਪਾਕਿਸਤਾਨ ਦੇ ਨਸ਼ਾ ਸਮੱਗਲਰਾਂ ਨਾਲ ਸੰਪਰਕ ਸਾਧ ਕੇ ਇੰਨੀ ਵੱਡੀ ਮਾਤਰਾ ’ਚ ਹੈਰੋਇਨ ਭਾਰਤ ਮੰਗਵਾਉਣਾ ਇਕ ਗੰਭੀਰ ਮਾਮਲਾ ਹੈ, ਜਿਸ ਦੀ ਉੱਚ ਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਜਿਸ ਕਿਸੇ ਵੀ ਜੇਲ੍ਹ ’ਚ ਬੈਠ ਕੇ ਉਕਤ ਵਿਦੇਸ਼ੀ ਨਾਗਰਿਕ ਨੇ ਸਮੱਗਲਿੰਗ ਦਾ ਇਹ ਪਲਾਨ ਬਣਾਇਆ ਹੈ, ਉਸ ਜੇਲ੍ਹ ਦੀ ਸੁਰੱਖਿਆ ਦਾ ਮੁਕੰਮਲ ਆਡਿਟ ਕੀਤਾ ਜਾਣਾ ਚਾਹੀਦਾ ਹੈ ਅਤੇ ਦੋਸ਼ੀ ਪਾਏ ਜਾਣ ’ਤੇ ਜੇਲ੍ਹ ਸਟਾਫ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ।
-ਵਿਜੇ ਕੁਮਾਰ