ਕੋਵਿਡ 19 : ਇਹ ਸਮਾਂ ਹੈ ਸਾਰੇ ਧਾਰਮਿਕ ਤੇ ਸਮਾਜਿਕ ਸੰਗਠਨਾਂ ਦੇ ਅੱਗੇ ਆਉਣ ਦਾ

03/31/2020 1:57:03 AM

ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦੇਣ ਵਾਲੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਲੱਗਭਗ 15ਵੀਂ ਸਦੀ ’ਚ ਸ਼ੁਰੂ ਕੀਤੀ ਗਈ ਲੰਗਰ ਦੀ ਪ੍ਰਥਾ ਅੱਜ ਸਾਰੇ ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਉਣ ਦੀ ਇਕ ਬਹੁਤ ਵੱਡੀ ਮੁਹਿੰਮ ਬਣ ਚੁੱਕੀ ਹੈ। ਕੋਰੋਨਾ ਇਨਫੈਕਸ਼ਨ ਦੀ ਇਸ ਘੜੀ ’ਚ ਜਦੋਂ ਦੇਸ਼-ਵਿਦੇਸ਼ ’ਚ ਲੱਖਾਂ ਲੋਕਾਂ ਨੂੰ ਭੋਜਨ ਦੇ ਲਾਲੇ ਪਏ ਹੋਏ ਹਨ, ਗੁਰਦੁਆਰੇ ਅਤੇ ਕੁਝ ਹੋਰ ਧਾਰਮਿਕ-ਸਵੈਮ ਸੇਵੀ ਸੰਗਠਨ ਲੰਗਰਾਂ ਦਾ ਆਯੋਜਨ ਕਰ ਕੇ ਲੋੜਵੰਦਾਂ ਨੂੰ ਰਾਹਤ ਪਹੁੰਚਾ ਰਹੇ ਹਨ।

* ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਸੋਸਾਇਟੀ, ਸੇਵਾ ਸਥਾਨ ਪੁਰਹੀਰਾਂ ਵਲੋਂ ਅਤਿ-ਆਧੁਨਿਕ ਤਕਨੀਕਾਂ ਨਾਲ ਤਿਆਰ ਕਰ ਕੇ ਆਪਣੇ ਵਾਹਨਾਂ ਰਾਹੀਂ 50,000 ਲੋੜਵੰਦ ਲੋਕਾਂ ਨੂੰ ਲੰਗਰ ਪਹੁੰਚਾਇਆ ਜਾ ਰਿਹਾ ਹੈ।

* ਰਾਧਾ ਸੁਆਮੀ ਡੇਰਾ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਿਰਦੇਸ਼ ’ਤੇ ਇਸ ਦੇ 21 ਸਤਿਸੰਗ ਘਰਾਂ ’ਚ ਸੇਵਾਦਾਰਾਂ ਵਲੋਂ ਬਣਾਏ ਗਏ ਭੋਜਨ ਦੇ 2 ਲੱਖ ਪੈਕੇਟ ਲੋੜਵੰਦਾਂ ਨੂੰ ਵੰਡਣ ਦੀ ਵਿਵਸਥਾ ਕੀਤੀ ਗਈ ਹੈ।

* ਗੁਰੂ ਕਾ ਲੰਗਰ ਚੈਰੀਟੇਬਲ ਆਈ ਹਾਸਪਿਟਲ, ਚੰਡੀਗੜ੍ਹ ਨੇ ਸੈਕਟਰ-21 ਦੇ ਘਰਾਂ ’ਚ ਫਸੇ ਹੋਏ 35 ਹੈਂਡੀਕੈਪਡ ਲੋਕਾਂ ਨੂੰ ਭੋਜਨ ਪਹੁੰਚਾਉਣ ਲਈ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ। ਇਸ ਤੋਂ ਇਲਾਵਾ ਹਸਪਤਾਲ ਵਲੋਂ 27 ਮਾਰਚ ਨੂੰ ਵੱਖ-ਵੱਖ ਇਲਾਕਿਆਂ ’ਚ ਪੰਜ ਹਜ਼ਾਰ ਲੋੜਵੰਦ ਲੋਕਾਂ ਨੂੰ ਭੋਜਨ ਵੰਡਿਆ ਗਿਆ।

* ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਜਲੰਧਰ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਮਹਾਰਾਜ ਦੀ ਅਗਵਾਈ ’ਚ ਰੋਜ਼ਾਨਾ 4000 ਲੋਕਾਂ ਨੂੰ ਗੁਰੂ ਕਾ ਲੰਗਰ ਘਰ-ਘਰ ਪਹੁੰਚਾਇਆ ਜਾ ਰਿਹਾ ਹੈ।

* ਲੋਕ ਸੇਵਾ ਸੋਸਾਇਟੀ, ਲੁਧਿਆਣਾ ਨੇ 28 ਅਤੇ 29 ਮਾਰਚ ਨੂੰ 1000 ਲੋੜਵੰਦ ਮਜ਼ਦੂਰਾਂ ਨੂੰ ਭੋਜਨ ਕਰਵਾਇਆ।

* ਹਿਮਾਚਲ ਪ੍ਰਦੇਸ਼ ’ਚ ਸਿਰਮੌਰ ਦੇ ਜ਼ਿਲਾ ਪ੍ਰਸ਼ਾਸਨ ਵਲੋਂ ਜ਼ਿਲੇ ਦੇ ਮੰਦਿਰਾਂ ਅਤੇ ਰੈੱਡਕਰਾਸ ਦੇ ਫੰਡ ਦੀ ਵਰਤੋਂ ਕਰ ਕੇ ਲਾਕਡਾਊਨ ਕਾਰਣ ਬੇਰੋਜ਼ਗਾਰ ਹੋਣ ਵਾਲੇ ਮਜ਼ਦੂਰਾਂ ਆਦਿ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ।

* ਹਾਲਾਂਕਿ ਬਾਕੀ ਦੇਸ਼ ਵਾਂਗ ਹੀ ਤਾਮਿਲਨਾਡੂ ’ਚ ਵੀ ਮੰਦਿਰ ਫਿਲਹਾਲ ਸ਼ਰਧਾਲੂਆਂ ਲਈ ਬੰਦ ਕਰ ਦਿੱਤੇ ਗਏ ਹਨ ਪਰ ਸੂਬੇ ਦੇ ਲੱਗਭਗ ਸਾਰੇ ਵੱਡੇ ਮੰਦਿਰਾਂ ’ਚ ਲਾਕਡਾਊਨ ਪ੍ਰਭਾਵਿਤ ਲੋਕਾਂ ਨੂੰ ‘ਆਨੰਦਮ’ (ਮੁਫਤ ਭੋਜਨ ਯੋਜਨਾ) ਦੇ ਅਧੀਨ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ।

* ਨਾਗਪੁਰ ਦੇ ਕਮਾਲ ਚੌਕ ਸਥਿਤ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਲੱਗਭਗ 300 ਲੋੜਵੰਦਾਂ ਲਈ ਦਾਲ-ਚੌਲ ਅਤੇ ਰੋਟੀ ਦੇ ਪੈਕੇਟ ਤਿਆਰ ਕਰ ਕੇ ਸ਼ਹਿਰ ’ਚ ਵੰਡਣ ਦੀ ਸੇਵਾ ਕੀਤੀ।

* ਛੱਤੀਸਗੜ੍ਹ ਸਿੱਖ ਸਮਾਜ ਨੇ ਸੂਬੇ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕੀਤੀ ਹੈ ਕਿ ਕੋਰੋਨਾ ਦੇ ਇਸ ਦੌਰ ’ਚ ਕੋਈ ਭੁੱਖ ਨਾਲ ਨਾ ਮਰੇ। ਇਸੇ ਦੇ ਅਧੀਨ ਰਾਏਪੁਰ ਦੇ ਗੁਰਦੁਆਰੇ ਪੁਲਾਵ ਦੇ ਪੈਕੇਟ ਤਿਆਰ ਕਰ ਕੇ ਵੰਡ ਰਹੇ ਹਨ।

* ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਸਿੱਖ ਭਾਈਚਾਰੇ ਵਲੋਂ ਕੋਰੋਨਾ ਇਨਫੈਕਸ਼ਨ ਨਾਲ ਪ੍ਰਭਾਵਿਤ ਲੋਕਾਂ ਲਈ ਹਜ਼ਾਰਾਂ ਦੀ ਗਿਣਤੀ ’ਚ ਭੋਜਨ ਦੇ ਪੈਕੇਟ ਤਿਆਰ ਕਰ ਕੇ ਭਿਜਵਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਕੋਰੋਨਾ ਇਨਸਾਨ ਨੂੰ ਤਾਂ ਮਾਰ ਸਕਦਾ ਹੈ ਪਰ ਇਨਸਾਨੀਅਤ ਨੂੰ ਨਹੀਂ। ਇਨ੍ਹਾਂ ਤੋਂ ਇਲਾਵਾ ਅਣਗਿਣਤ ਸੰਸਥਾਵਾਂ, ਸਮੂਹ ਅਤੇ ਲੋਕ ਆਪਣੇ ਤੌਰ ’ਤੇ ਲੋੜਵੰਦਾਂ ਦੀ ਸਹਾਇਤਾ ਦੇ ਨੇਕ ਕੰਮ ’ਚ ਲੱਗੇ ਹੋਏ ਹਨ। ਇਸ ਲਈ ਹੋਰ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਲਈ ਵੀ, ਜਿਨ੍ਹਾਂ ਨੂੰ ਦਾਨੀ ਸੱਜਣਾਂ ਤੋਂ ਭਰਪੂਰ ਆਰਥਿਕ ਸਹਾਇਤਾ ਮਿਲਦੀ ਰਹਿੰਦੀ ਹੈ, ਇਹ ਇਕ ਮੌਕਾ ਹੈ ਕਿ ਉਹ ਅੱਗੇ ਆਉਣ ਅਤੇ ਸੰਕਟ ਦੀ ਇਸ ਘੜੀ ’ਚ ਕੋਰੋਨਾ ਅਤੇ ਲਾਕਡਾਊਨ ਨਾਲ ਪ੍ਰਭਾਵਿਤ ਲੋਕਾਂ ਲਈ ਭੋਜਨ ਅਤੇ ਹੋਰ ਜ਼ਰੂਰੀ ਵਸਤੂਆਂ ਦੀ ਵਿਵਸਥਾ ਕਰ ਕੇ ਮਨੁੱਖ ਦੀ ਸੇਵਾ ’ਚ ਯੋਗਦਾਨ ਪਾਉਣ।

–ਵਿਜੇ ਕੁਮਾਰ


Bharat Thapa

Content Editor

Related News