ਰਾਜਪਾਲ ਸੱਤਿਆਪਾਲ ਮਲਿਕ ਦਾ ਕਸ਼ਮੀਰੀ ਪੰਡਿਤਾਂ ਬਾਰੇ ਸਹੀ ਬਿਆਨ

07/16/2019 6:38:34 AM

ਪਾਕਿਸਤਾਨ ਵਲੋਂ ਸ਼ੁਰੂ ਕੀਤੇ ਗਏ ਅੱਤਵਾਦ ਦੇ ਕਾਰਨ ਸਦੀਆਂ ਤੋਂ ਕਸ਼ਮੀਰ ਵਿਚ ਰਹਿ ਰਹੇ ਲਗਭਗ 3 ਲੱਖ ਕਸ਼ਮੀਰੀ ਪੰਡਿਤਾਂ ਨੂੰ 1990 ਦੇ ਦਹਾਕੇ ’ਚ ਕਸ਼ਮੀਰ ਘਾਟੀ ਛੱਡਣੀ ਪਈ। ਉਦੋਂ ਤੋਂ ਉਹ ਦੇਸ਼ ਦੇ ਦੂਜੇ ਹਿੱਸਿਆਂ ਵਿਚ ਰਹਿ ਰਹੇ ਹਨ ਅਤੇ ਉਨ੍ਹਾਂ ਦੀ ਵਾਪਸੀ ਦੀਆਂ ਸਾਰੀਆਂ ਗੱਲਾਂ ਅਜੇ ਤਕ ਹਵਾ ਵਿਚ ਹੀ ਹਨ। ਇਸ ਸਮੇਂ ਜਦਕਿ ਭਾਜਪਾ ਜੰਮੂ-ਕਸ਼ਮੀਰ ’ਚ ਚੋਣ ਲੜ ਕੇ ਆਪਣੇ ਦਮ ’ਤੇ ਸਰਕਾਰ ਬਣਾਉਣ ਦੀ ਕੋਸ਼ਿਸ਼ ’ਚ ਹੈ, ਇਸ ਦੇ ਕੌਮੀ ਜਨਰਲ ਸਕੱਤਰ ਅਤੇ ਜੰਮੂ-ਕਸ਼ਮੀਰ ਭਾਜਪਾ ਦੇ ਇੰਚਾਰਜ ਰਾਮ ਮਾਧਵ ਨੇ ਇਕ ਇੰਟਰਵਿਊ ’ਚ ਕਿਹਾ ਹੈ ਕਿ : ‘‘ਕਸ਼ਮੀਰ ਘਾਟੀ ਦੇ ਮੁਸਲਿਮ ਬਹੁਲ ਇਲਾਕਿਆਂ ’ਚ ਕਸ਼ਮੀਰੀ ਪੰਡਿਤਾਂ ਨੂੰ ਫਿਰ ਤੋਂ ਵਸਾਇਆ ਜਾਵੇਗਾ। ਸਰਕਾਰ ਇਨ੍ਹਾਂ ਦੇ ਮੁੜ-ਵਸੇਬੇ ਦੀ ਤਿਆਰੀ ਕਰ ਰਹੀ ਹੈ ਅਤੇ ਇਸ ਪ੍ਰਸਤਾਵ ਨੂੰ ਭਾਜਪਾ ਦੀ ਹਾਈਕਮਾਨ ਦੀ ਮਨਜ਼ੂਰੀ ਲਗਭਗ ਮਿਲ ਚੁੱਕੀ ਹੈ।’’

ਰਾਮ ਮਾਧਵ ਦਾ ਇਹ ਵੀ ਕਹਿਣਾ ਹੈ ਕਿ ‘‘ਕਸ਼ਮੀਰੀ ਪੰਡਿਤਾਂ ਨੂੰ ਵਾਪਿਸ ਕਸ਼ਮੀਰ ਵਿਚ ਵਸਾਉਣ ਲਈ ਭਾਜਪਾ ਸੰਕਲਪਬੱਧ ਹੈ ਅਤੇ ਇਸ ਲਈ ਲੰਮੇ ਸਮੇਂ ਤੋਂ ਇਕ ਯੋਜਨਾ ’ਤੇ ਕੰਮ ਕਰ ਰਹੀ ਹੈ। ਮੈਨੂੰ ਪੂਰਾ ਯਕੀਨ ਹੈ ਕਿ ਜਦ ਅਸੀਂ (ਜੰਮੂ-ਕਸ਼ਮੀਰ ਵਿਚ) ਸੱਤਾ ਵਿਚ ਆਵਾਂਗੇ ਤਾਂ ਇਸ ਮੁੱਦੇ ’ਤੇ ਹੋਰ ਅੱਗੇ ਵਧਾਂਗੇ।’’ ਜਿੱਥੇ ਗ੍ਰਹਿ ਮੰਤਰਾਲਾ ਨੇ ਰਾਮ ਮਾਧਵ ਦੇ ਉਕਤ ਬਿਆਨ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਉਥੇ ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਇਸ ਦੇ ਅਗਲੇ ਹੀ ਦਿਨ ਇਕ ਇੰਟਰਵਿਊ ’ਚ ਕਸ਼ਮੀਰ ਤੋਂ ਹਿਜਰਤ ਕਰ ਗਏ ਕਸ਼ਮੀਰੀ ਪੰਡਿਤਾਂ ਦੀ ਵਾਪਸੀ ਲਈ ਵੱਖਰਾ ਟਾਊਨਸ਼ਿਪ ਬਣਾਉਣ ਦੀ ਵਕਾਲਤ ਕੀਤੀ।

ਸ਼੍ਰੀ ਮਲਿਕ ਦਾ ਕਹਿਣਾ ਹੈ ਕਿ ‘‘ਅਜਿਹੀਆਂ ਟਾਊਨਸ਼ਿਪਾਂ ਲਈ ਇਲਾਕਿਆਂ ਦੀ ਸ਼ਨਾਖਤ ਕਰ ਲਈ ਗਈ ਹੈ ਅਤੇ ਉਨ੍ਹਾਂ ਦੇ ਵਿਕਾਸ ਦੀ ਦਿਸ਼ਾ ’ਚ ਕੰਮ ਜਾਰੀ ਹੈ। ਵੱਖਰਾ ਟਾਊਨਸ਼ਿਪ ਕਸ਼ਮੀਰੀ ਪੰਡਿਤਾਂ ਦੀ ਇੱਛਾ ਦੀ ਗੱਲ ਨਹੀਂ, ਸਗੋਂ ਜ਼ਰੂਰਤ ਹੈ। ਸਾਨੂੰ ਉਨ੍ਹਾਂ ਦੇ ਰਹਿਣ ਲਈ ਉਨ੍ਹਾਂ ਦੀ ਪਸੰਦ ਦੀ ਚੰਗੀ ਜਗ੍ਹਾ ਦੇਣੀ ਪਵੇਗੀ।’’ ਉਨ੍ਹਾਂ ਇਹ ਵੀ ਕਿਹਾ ਕਿ ‘‘ਉਨ੍ਹਾਂ ਸਾਰੇ ਲੋਕਾਂ ਨੂੰ, ਜੋ ਖ਼ੁਦ ਨੂੰ ਪ੍ਰਮੁੱਖ (ਕਸ਼ਮੀਰੀ) ਨੇਤਾ ਹੋਣ ਦਾ ਦਾਅਵਾ ਕਰਦੇ ਹਨ, ਪੁਲਸ ਅਤੇ ਫੌਜ ਦੀ ਸੁਰੱਖਿਆ ਮਿਲੀ ਹੋਈ ਹੈ। ਕੀ ਅਸੀਂ ਉਨ੍ਹਾਂ ਦੀ ਸੁਰੱਖਿਆ ਨਹੀਂ ਕਰ ਰਹੇ? ਸਾਨੂੰ ਅਜਿਹਾ ਹੀ ਪੰਡਿਤਾਂ ਲਈ ਵੀ ਕਰਨਾ ਪਵੇਗਾ। ਇਸ ਲਈ ਵਧੀਆ ਰਸਤਾ ਇਹੀ ਹੋਵੇਗਾ ਕਿ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਦੇ ਘਰ ਖੋਹੇ ਹਨ, ਉਹੀ ਉਨ੍ਹਾਂ ਨੂੰ ਮੁੜਨ ਲਈ ਸੱਦਾ ਦੇਣ। ਇਸ ਲਈ ਮਹਿਬੂਬਾ ਅਤੇ ਉਮਰ, ਫਾਰੂਕ ਅਤੇ ਹੁਰੀਅਤ ਦੇ ਨੇਤਾਵਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ।’’ ਆਪਣਾ ਘਰ-ਬਾਰ ਛੱਡਣ ਲਈ ਮਜਬੂਰ ਕਸ਼ਮੀਰੀ ਪੰਡਿਤ ਪਰਿਵਾਰਾਂ ਦੀ ਵਾਪਸੀ ਦੀਆਂ ਕੋਸ਼ਿਸ਼ਾਂ ਦੀ ਸ਼ੁਰੂਆਤ ਇਕ ਚੰਗਾ ਸੰਕੇਤ ਜ਼ਰੂਰ ਹੈ ਪਰ ਇਸ ਸਬੰਧ ’ਚ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਇਕ ਸਰਵਪ੍ਰਵਾਣਿਤ ਨੀਤੀ ਬਣਾਉਣ ਦੀ ਲੋੜ ਹੈ। ਜਿੱਥੇ ਰਾਮ ਮਾਧਵ ਦਾ ਬਿਆਨ ਸਿਆਸਤ ਤੋਂ ਪ੍ਰੇਰਿਤ ਲੱਗਦਾ ਹੈ, ਉਥੇ ਰਾਜਪਾਲ ਸੱਤਿਆਪਾਲ ਮਲਿਕ ਦਾ ਬਿਆਨ ਹਕੀਕਤ ਦੇ ਜ਼ਿਆਦਾ ਨੇੜੇ ਲੱਗਦਾ ਹੈ। ਇਸ ਬਾਰੇ ਕੇਂਦਰ ਸਰਕਾਰ ਨੂੰ ਮਜ਼ਬੂਤੀ ਨਾਲ ਕੰਮ ਕਰਨਾ ਚਾਹੀਦਾ।

–ਵਿਜੇ ਕੁਮਾਰ
 


Bharat Thapa

Content Editor

Related News