ਕੀ ਅਸੀਂ ਪ੍ਰੀਖਿਆਵਾਂ ’ਚ ਨਕਲ ਨੂੰ ਨਹੀਂ ਰੋਕ ਸਕਦੇ?

Monday, Mar 20, 2023 - 03:16 AM (IST)

ਕੀ ਅਸੀਂ ਪ੍ਰੀਖਿਆਵਾਂ ’ਚ ਨਕਲ ਨੂੰ ਨਹੀਂ ਰੋਕ ਸਕਦੇ?

ਭਾਰਤ ’ਚ ਵਾਰ-ਵਾਰ ਪ੍ਰੀਖਿਆਵਾਂ ’ਚ ਵੱਡੇ ਪੱਧਰ ’ਤੇ ਧੋਖਾਦੇਹੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਜਾ ਰਹੀਆਂ ਹਨ। ਵੱਡੇ ਪੱਧਰ ’ਤੇ ਪ੍ਰੀਖਿਆਵਾਂ ’ਚ ਨਕਲ ਦਾ ਸਿਲਸਿਲਾ 2014-15 ’ਚ ਬਿਹਾਰ ’ਚ ਸ਼ੁਰੂ ਹੋਇਆ।

ਇਸ ਤੋਂ ਪਹਿਲਾਂ ਦੁਨੀਆ ’ਚ ਕਿਤੇ ਵੀ ਇੰਨੇ ਵੱਡੇ ਪੱਧਰ ’ਤੇ ਪ੍ਰੀਖਿਆਵਾਂ ’ਚ ਨਕਲ ਦੇ ਮਾਮਲੇ ਸਾਹਮਣੇ ਨਹੀਂ ਆਏ ਸਨ ਜਿਸ ਦੀ ਦੁਨੀਆ ਭਰ ਦੀਆਂ ਅਖਬਾਰਾਂ ’ਚ ਚਰਚਾ ਹੋਈ ਸੀ। ਉੱਥੋਂ ਸ਼ੁਰੂ ਹੋਏ ਇਸ ਸਿਲਸਿਲੇ ਦੇ ਬਾਅਦ ਤਾਂ ਪ੍ਰੀਖਿਆਵਾਂ ’ਚ ਭਾਰੀ ਰਕਮਾਂ ਦੇ ਬਦਲੇ ’ਚ ਬਾਕਾਇਦਾ ਨਕਲ ਕਰਵਾਉਣ ਵਾਲੇ ਮਾਫੀਆ ਕਾਇਮ ਹੋ ਗਏ ਹਨ।

ਇਨ੍ਹਾਂ ’ਚ ਸਿੱਖਿਆ ਸੰਸਥਾਨਾਂ ਦੇ ਪ੍ਰਿੰਸੀਪਲ, ਅਧਿਆਪਕ ਅਤੇ ਪ੍ਰੀਖਿਆਵਾਂ ਦੇ ਸੰਚਾਲਨ ਨਾਲ ਜੁੜੇ ਹੋਰ ਲੋਕ ਸ਼ਾਮਲ ਪਾਏ ਜਾ ਰਹੇ ਹਨ। ਇਨ੍ਹਾਂ ਲੋਕਾਂ ਨੇ ਪ੍ਰੀਖਿਆਵਾਂ ’ਚ ਨਕਲ ਕਰਵਾਉਣ ਦਾ ਸਿਸਟਮ ਬਣਾ ਰੱਖਿਆ ਹੈ ਜਿਸ ਦੇ ਬਦਲੇ ’ਚ ਉਹ ਮੋਟੀਆਂ ਰਕਮਾਂ ਵਸੂਲ ਕਰਦੇ ਹਨ।

ਪਹਿਲਾਂ ਤਾਂ ਸਿਰਫ ਬਿਹਾਰ ਜਾਂ ਉੱਤਰ ਪ੍ਰਦੇਸ਼ ਆਦਿ ਕੁਝ ਸੂਬਿਆਂ ’ਚ ਹੀ ਪ੍ਰੀਖਿਆਵਾਂ ’ਚ ਨਕਲ ਦੇ ਮਾਮਲੇ ਸੁਣਾਈ ਦਿੰਦੇ ਸਨ ਪਰ ਹੁਣ ਤਾਂ ਇਹ ਬੁਰਾਈ ਸਮੁੱਚੇ ਦੇਸ਼ ’ਚ ਫੈਲ ਚੁੱਕੀ ਹੈ। ਇੱਥੋਂ ਤੱਕ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ’ਚ ਇਹ ਬੁਰਾਈ ਪਹੁੰਚ ਗਈ ਹੈ।

16 ਮਾਰਚ ਨੂੰ ਤੇਲੰਗਾਨਾ ਰਾਜ ਲੋਕ ਸੇਵਾ ਕਮਿਸ਼ਨ (ਟੀ.ਐੱਸ.ਪੀ.ਐੱਸ.ਸੀ.) ਨੇ ਪੇਪਰ ਲੀਕ ਸਕੈਂਡਲ ਸਾਹਮਣੇ ਆਉਣ ਦੇ ਬਾਅਦ ਗਰੁੱਪ-1, ਮੰਡਲੀ ਰੇਖਾ ਅਧਿਕਾਰੀ (ਡੀ.ਏ.ਓ.) ਅਤੇ ਸਹਾਇਕ ਕਾਰਜਪਾਲਕ ਇੰਜੀਨੀਅਰ (ਏ.ਈ.ਈ.) ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ। ਹੁਣ ਗਰੁੱਪ-1 ਮੁੱਢਲੀ ਪ੍ਰੀਖਿਆ 11 ਜੂਨ ਨੂੰ ਆਯੋਜਿਤ ਕੀਤੀ ਜਾਵੇਗੀ ਤੇ ਹੋਰਨਾਂ 2 ਪ੍ਰੀਖਿਆਵਾਂ ਦੀਆਂ ਮਿਤੀਆਂ ਬਾਅਦ ’ਚ ਐਲਾਨੀਆਂ ਜਾਣਗੀਆਂ।

ਉਕਤ ਪੇਪਰ ਲੀਕ ਸਕੈਂਡਲ ਟੀ.ਐੱਸ.ਪੀ.ਐੱਸ.ਸੀ. ਦੇ ਮੁਲਾਜ਼ਮ ਪ੍ਰਵੀਣ ਦੀ ਗ੍ਰਿਫਤਾਰੀ ਦੇ ਬਾਅਦ ਸਾਹਮਣੇ ਆਇਆ ਜਿਸ ਨੇ ਕਥਿਤ ਤੌਰ ’ਤੇ ਏ. ਈ. ਦਾ ਪੇਪਰ ਪੈਸਿਆਂ ਲਈ ਲੀਕ ਕੀਤਾ ਸੀ ਅਤੇ ਇਸ ਨੂੰ ਰੇਣੁਕਾ ਨਾਂ ਦੀ ਲੜਕੀ ਨੂੰ ਵੇਚਿਆ ਗਿਆ ਸੀ। ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁੱਛਗਿੱਛ ਦੇ ਦੌਰਾਨ ਰੇਣੁਕਾ ਨੇ ਦੱਸਿਆ ਕਿ ਉਸ ਨੇ ਪੇਪਰ ਨੂੰ ਅੱਗੇ 10-10 ਲੱਖ ਰੁਪਏ ’ਚ ਆਪਣੇ ਦੋ ਜਾਣ-ਪਛਾਣ ਵਾਲਿਆਂ ਨੂੰ ਵੇਚ ਦਿੱਤਾ।

ਇਸੇ ਤਰ੍ਹਾਂ 13 ਮਾਰਚ ਨੂੰ ਹੋਣ ਵਾਲੀ 10ਵੀਂ ਜਮਾਤ ਦੇ ਆਮ ਗਿਆਨ ਅਤੇ ਅਸਾਮੀ ਭਾਸ਼ਾ ਦੇ ਪ੍ਰਸ਼ਨ ਪੱਤਰ ਲੀਕ ਮਾਮਲੇ ’ਚ ਅਸਾਮ ਪੁਲਸ ਨੇ 2 ਸੂਤਰਧਾਰਾਂ ਨੂੰ ਗ੍ਰਿਫਤਾਰ ਕੀਤਾ ਹੈ। ਸੈਕੰਡਰੀ ਐਜੂਕੇਸ਼ਨ ਬੋਰਡ ਅਸਾਮ (ਐੱਸ. ਈ.ਆਰ.ਏ.) ਨੇ ਪੇਪਰ ਲੀਕ ਹੋਣ ਦੇ ਬਾਅਦ ਵਿਗਿਆਨ ਦੀ ਪ੍ਰੀਖਿਆ ਦੀ ਮਿਤੀ ਮੁੜ ਤੈਅ ਕੀਤੀ ਹੈ।

ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਰੇ ਐੱਮ.ਆਈ.ਐੱਲ. (ਪ੍ਰਮੁੱਖ ਭਾਰਤੀ ਭਾਸ਼ਾਵਾਂ) ਪ੍ਰਸ਼ਨ ਪੱਤਰ ਵੀ ਲੀਕ ਹੋ ਜਾਣ ਦੇ ਕਾਰਨ ਦੁਬਾਰਾ ਤੈਅ ਕੀਤੇ ਗਏ ਸਨ ਕਿਉਂਕਿ ਪ੍ਰਣਵ ਦੱਤਾ ਨਾਂ ਦੇ ਇਕ ਅਧਿਆਪਕ ਨੇ ਇਹ ਮੰਨਿਆ ਸੀ ਕਿ ਅਸਾਮੀ ਪ੍ਰਸ਼ਨ ਪੱਤਰ ਵੀ ਲੀਕ ਹੋਏ ਸਨ। ਇਸ ਸਬੰਧ ’ਚ ਸੂਬਾ ਪੁਲਸ ਮਹਾਨਿਰਦੇਸ਼ਕ ਜੀ.ਪੀ. ਸਿੰਘ ਦੇ ਅਨੁਸਾਰ ਇਸ ਮਾਮਲੇ ’ਚ 14 ਬਾਲਗਾਂ ਸਮੇਤ 27 ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ।

ਇਹ ਤਾਂ ਸਿਰਫ 2 ਸੂਬਿਆਂ ਦੀਆਂ ਉਦਾਹਰਣਾਂ ਹਨ ਇਸ ਦੇ ਇਲਾਵਾ ਅਜੇ ਹਾਲ-ਫਿਲਹਾਲ ’ਚ ਹੀ ਪੰਜਾਬ, ਹਿਮਾਚਲ, ਰਾਜਸਥਾਨ ਆਦਿ ਸੂਬਿਆਂ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਸਮੇਤ ਵੱਖ-ਵੱਖ ਜਮਾਤਾਂ ਦੀਆਂ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਲੀਕ ਹੋ ਚੁੱਕੇ ਹਨ।

ਸਾਡੀ ਸਭ ਤੋਂ ਵੱਡੀ ਲਗਭਗ 26 ਕਰੋੜ ਆਬਾਦੀ 16 ਤੋਂ 19 ਸਾਲ ਉਮਰ ਦੇ ਦਰਮਿਆਨ ਦੀਆਂ ਵੱਖ-ਵੱਖ ਜਮਾਤਾਂ, ਬੋਰਡਾਂ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ’ਚ ਬੈਠਣ ਵਾਲੇ ਬੱਚਿਆਂ ਅਤੇ ਅੱਲ੍ਹੜਾਂ ਦੀ ਹੈ।

ਇਕ ਤਾਂ ਇਨ੍ਹਾਂ ਬੱਚਿਆਂ ਅਤੇ ਅੱਲ੍ਹੜਾਂ ’ਤੇ ਮਾਪਿਆਂ ਵੱਲੋਂ ਬੜੀਆਂ ਆਸਾਂ ਹੋਣ ਦੇ ਕਾਰਨ ਪਹਿਲਾਂ ਹੀ ਤਣਾਅ ਬੜਾ ਵੱਧ ਹੈ। ਦੂਜਾ ਕਾਲਜ ਘੱਟ ਹੋਣ ਦੇ ਕਾਰਨ ਬੱਚਿਆਂ ਨੂੰ ਚਿੰਤਾ ਰਹਿੰਦੀ ਹੈ ਕਿ ਉਨ੍ਹਾਂ ਨੂੰ ਕਾਲਜ ’ਚ ਦਾਖਲਾ ਮਿਲ ਵੀ ਸਕੇਗਾ ਜਾਂ ਨਹੀਂ।

ਇਸ ਲਈ ਇਸ ਸਮੱਸਿਆ ਦਾ ਹੱਲ ਕਰਨ ਲਈ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਅਪਗ੍ਰੇਡ ਕਰਨ ਅਤੇ ਵੱਧ ਸਕੂਲ ਅਤੇ ਕਾਲਜ ਖੋਲ੍ਹਣ ਦੀ ਲੋੜ ਹੈ। ਅਧਿਆਪਕਾਂ ਦੀ ਕਮੀ ਅਤੇ ਇਕ-ਇਕ ਜਮਾਤ ’ਚ 40-40, 60-60 ਬੱਚਿਆਂ ਦੇ ਕਾਰਨ ਅਧਿਆਪਕ ਸਾਰੇ ਬੱਚਿਆਂ ’ਤੇ ਇਕੋ ਜਿਹਾ ਧਿਆਨ ਹੀ ਨਹੀਂ ਦੇ ਸਕਦੇ।

ਜੇਕਰ ਸਾਰਿਆਂ ਲਈ ਕਾਲਜ ਹੋਣਗੇ ਤਾਂ ਵਿਦਿਆਰਥੀਆਂ ਨੂੰ ਦਾਖਲੇ ’ਚ ਸਮੱਸਿਆ ਦਾ ਸਾਹਮਣਾ ਕਰਨ ਦੀ ਚਿੰਤਾ ਨਹੀਂ ਰਹੇਗੀ ਅਤੇ ਉਹ ਤਣਅ ਮੁਕਤ ਹੋਣਗੇ ਅਤੇ ਅਧਿਆਪਕ ਵੀ ਜਮਾਤਾਂ ’ਚ ਵਿਦਿਆਰਥੀਆਂ ਦੀ ਘੱਟ ਗਿਣਤੀ ਹੋਣ ਦੇ ਕਾਰਨ ਉਨ੍ਹਾਂ ’ਤੇ ਵੱਧ ਧਿਆਨ ਦੇ ਸਕਣਗੇ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡਾ ਸਾਰਾ ਧਿਆਨ ਇਸ ਗੱਲ ’ਤੇ ਆਧਾਰਿਤ ਹੈ ਕਿ ਕੋਈ ਵਿਦਿਆਰਥੀ ਪ੍ਰੀਖਿਆ ’ਚ ਕਿੰਨੇ ਅੰਕ ਹਾਸਲ ਕਰਦਾ ਹੈ। ਸਾਡਾ ਇਸ ’ਤੇ ਧਿਆਨ ਨਹੀਂ ਹੈ ਕਿ ਉਸ ਦੀ ਸਮਝ ਅਤੇ ਗਿਆਨ ਕਿੰਨਾ ਹੈ। ਜ਼ਰੂਰੀ ਨਹੀਂ ਹੈ ਕਿ ਸਕੂਲ ’ਚ ਚੰਗੇ ਅੰਕ ਹਾਸਲ ਕਰਨ ਵਾਲਾ ਵਿਦਿਆਰਥੀ ਬਾਅਦ ’ਚ ਜ਼ਿੰਦਗੀ ’ਚ ਸਫਲ ਹੋ ਜਾਵੇਗਾ। ਇਹੀ ਕਾਰਨ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਅੱਜ ਗਿਆਨ ਆਧਾਰਿਤ ਨਾ ਰਹਿ ਕੇ ਰੱਟਾ ਮਾਰਨ ਵਾਲੀ ਰਹਿ ਗਈ ਹੈ ਅਤੇ ਇਸੇ ਕਾਰਨ ਪ੍ਰੀਖਿਆਵਾਂ ’ਚ ਨਕਲ ਹੋ ਰਹੀ ਹੈ।

ਇਸ ਲਈ ਸਿੱਖਿਆ ਮਾਹਿਰਾਂ ਦੇ ਅਨੁਸਾਰ ਪ੍ਰੀਖਿਆਵਾਂ ’ਚ ਧੋਖਾਦੇਹੀ ਰੋਕਣ ਦਾ ਇਕ ਮਜ਼ਬੂਤ ਢੰਗ ਇਹ ਹੈ ਕਿ ਪ੍ਰੀਖਿਆਵਾਂ ’ਚ ਪਾਠ-ਪੁਸਤਕਾਂ ’ਚ ਦਿੱਤੀਆਂ ਗਈਆਂ ਮਿਤੀਆਂ ਅਤੇ ਤੱਥਾਂ ਨਾਲ ਜੁੜੇ ਸਵਾਲ ਪੁੱਛਣ ਦੀ ਥਾਂ ’ਤੇ ਪ੍ਰਸ਼ਨ ਪੱਤਰਾਂ ’ਚ ਐਪਲੀਕੇਸ਼ਨ ਆਧਾਰਿਤ ਨਿੱਜੀ ਅਤੇ ‘ਗਿਆਨ ਆਧਾਰਿਤ’ ਸਵਾਲ ਪਾਏ ਜਾਣ।

ਇਸ ਨੂੰ ਰੋਕਣ ਦੇ ਲਈ ਪ੍ਰੀਖਿਆ ਕੇਂਦਰਾਂ ’ਚ ਵੱਧ ਭਰੋਸੇਮੰਦ ਸਟਾਫ ਤਾਇਨਾਤ ਕਰਨ, ਸੀ.ਸੀ.ਟੀ.ਵੀ. ਕੈਮਰੇ ਲਗਾਉਣ ਤੇ ਪ੍ਰੀਖਿਆਵਾਂ ਦੇ ਹਾਵ-ਭਾਵ ’ਤੇ ਤਿੱਖੀ ਨਜ਼ਰ ਰੱਖਣ ਦੀ ਲੋੜ ਹੈ।


author

Anmol Tagra

Content Editor

Related News