ਬ੍ਰੈਗਜ਼ਿਟ : ਬ੍ਰਿਟੇਨ ਦੇ ਗਲੇ ਦੀ ਹੱਡੀ

05/27/2019 5:54:20 AM

ਨਮ ਅੱਖਾਂ ਨਾਲ ਇਕ ਭਾਵੁਕ ਭਾਸ਼ਣ ਦਿੰਦਿਆਂ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੇ ਕੰਜ਼ਰਵੇਟਿਵ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਹ 7 ਜੂਨ ਨੂੰ ਪ੍ਰਧਾਨ ਮੰਤਰੀ ਦਫਤਰ ਛੱਡ ਦੇਵੇਗੀ, ਜਿਸ ਨਾਲ ਬ੍ਰਿਟੇਨ ਦੇ ਨਵਾਂ ਪ੍ਰਧਾਨ ਮੰਤਰੀ ਚੁਣਨ ਦਾ ਰਾਹ ਸਾਫ ਹੋ ਜਾਵੇਗਾ। 10, ਡਾਊਨਿੰਗ ਸਟ੍ਰੀਟ ’ਚ ਆਪਣੇ ਨਿਵਾਸ ਦੇ ਬਾਹਰ ਖੜ੍ਹੀ ਥੈਰੇਸਾ ਨੇ ਕਿਹਾ ਕਿ ਉਨ੍ਹਾਂ ਨੇ ਬ੍ਰੈਗਜ਼ਿਟ ਲਾਗੂ ਕਰਵਾਉਣ ਲਈ ਤਿੰਨ ਵਾਰ ਹਰ ਸੰਭਵ ਯਤਨ ਕੀਤੇ ਪਰ ਇਹ ਬੇਹੱਦ ‘ਦੁੱਖ’ ਦੀ ਗੱਲ ਹੈ ਕਿ ਉਹ ਸਫਲ ਨਹੀਂ ਹੋ ਸਕੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਮਾਰਗ੍ਰੇਟ ਥੈਚਰ ਤੋਂ ਬਾਅਦ ਬ੍ਰਿਟੇਨ ਦੀ ਦੂਜੀ ਮਹਿਲਾ ਪ੍ਰਧਾਨ ਮੰਤਰੀ ਹੈ ਪਰ ਆਖਰੀ ਨਹੀਂ। ਉਹ ਬ੍ਰੈਗਜ਼ਿਟ ਦੀ ਭੇਟ ਚੜ੍ਹੀ ਦੂਜੀ ਪ੍ਰਧਾਨ ਮੰਤਰੀ ਹੈ। ਪਹਿਲੇ ਡੇਵਿਡ ਕੈਮਰੂਨ ਸਨ। ਹਾਲਾਂਕਿ ਥੈਰੇਸਾ ਨੇ ਯੂਰਪੀਅਨ ਯੂਨੀਅਨ ਪਾਰਲੀਮੈਂਟ ਦੇ ਨਾਲ ਸਮਝੌਤੇ ਦਾ ਖਰੜਾ ਤਿਆਰ ਕਰਨ, ਉਸ ਨੂੰ ਹਾਊਸ ਆਫ ਕਾਮਨਜ਼ ਤਕ ਲਿਆਉਣ ਅਤੇ ਅਸਫਲ ਹੋਣ ਤੋਂ ਬਾਅਦ ਫਿਰ ਤੋਂ ਸ਼ੁਰੂਆਤ ਕਰਨ ’ਚ ਮੁਕੰਮਲ ਮਰਿਆਦਾ ਅਤੇ ਸੰਜਮ ਦਾ ਸਬੂਤ ਦਿੱਤਾ।

ਪਰ ਰਾਜਨੀਤੀ ’ਚ ਅਸਫਲਤਾ ਦੇ ਨਾਲ ਕੋਈ ਹਮਦਰਦੀ ਨਹੀਂ ਹੁੰਦੀ। ਹੁਣ ਸਾਰਾ ਧਿਆਨ ਇਸ ਗੱਲ ’ਤੇ ਹੈ ਕਿ ‘ਬ੍ਰਿਟੇਨ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ?’। ਬ੍ਰਿਟੇਨ ਕੋਲ ਦੋ ਬਦਲ ਹਨ। ਪਹਿਲਾ, ਨਵੇਂ ਸਿਰੇ ਤੋਂ ਚੋਣਾਂ ਕਰਵਾਈਆਂ ਜਾਣ, ਜਿਸ ’ਚ ਕੰਜ਼ਰਵੇਟਿਵ ਪਾਰਟੀ ਆਪਣੀਆਂ ਸੀਟਾਂ ਗੁਆ ਸਕਦੀ ਹੈ ਕਿਉਂਕਿ ਨਿਗੇਲ ਫਰਾਜ ਦੀ ਬ੍ਰੈਗਜ਼ਿਟ ਪਾਰਟੀ ਟੋਰੀ ਪਾਰਟੀ ਦੀਆਂ ਸੀਟਾਂ ਖੋਹ ਲਵੇਗੀ। ਦੂਜਾ ਬਦਲ ਹੈ ਕਿ ਕੰਜ਼ਰਵੇਟਿਵ ਪਾਰਟੀ ਇਕ ਨਵਾਂ ਨੇਤਾ ਚੁਣੇ। ਬ੍ਰੈਗਜ਼ਿਟ ਮੁੱਦੇ ਦੀ ਸ਼ੁਰੂਆਤ ਕਰਨ ਅਤੇ ਲੰਮੇ ਸਮੇਂ ਤੋਂ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਰੱਖਣ ਵਾਲੇ ਬੋਰਿਸ ਜਾਨਸਨ ਨੂੰ ਕਈ ਲੋਕ ਪ੍ਰਧਾਨ ਮੰਤਰੀ ਅਹੁਦੇ ਦਾ ਸੁਭਾਵਿਕ ਉੱਤਰਾਧਿਕਾਰੀ ਮੰਨ ਰਹੇ ਹਨ ਪਰ ਦਰਜਨ ਤੋਂ ਵੱਧ ਸੰਸਦ ਮੈਂਬਰ ਚੋਣ ਲੜਨ ’ਤੇ ਵੀ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਫਾਰੇਨ ਸੈਕਟਰੀ ਜੇਰੇਮੀ ਹੰਟ, ਸਾਬਕਾ ਵਰਕ ਐਂਡ ਪੈਨਸ਼ਨ ਸੈਕਟਰੀ ਇਸਥਰ ਮੋਨੀ ਅਤੇ ਇੰਟਰਨੈਸ਼ਨਲ ਡਿਵੈੱਲਪਮੈਂਟ ਸੈਕਟਰੀ ਰੋਜ਼ੀ ਸਟੀਵਰਟ ਦੇ ਨਾਲ ਹੀ ਹੋਮ ਸੈਕਟਰੀ ਸਾਜਿਦ ਜਾਵੇਦ ਵੀ ਇਨ੍ਹਾਂ ’ਚ ਸ਼ਾਮਿਲ ਹਨ। ਪਿਛਲੀ ਇਕ ਸਦੀ ’ਚ 12 ਪ੍ਰਧਾਨ ਮੰਤਰੀ ਬਗੈਰ ਆਮ ਚੋਣਾਂ ਜਿੱਤੇ ਸੱਤਾ ’ਚ ਆਏ, ਜਿਨ੍ਹਾਂ ਵਿਚ ਥੈਰੇਸਾ, ਗੋਰਡਨ ਬ੍ਰਾਊਨ, ਇਥੋਂ ਤਕ ਕਿ 1940 ਵਿਚ ਵਿੰਸਟਨ ਚਰਚਿਲ ਵੀ ਸ਼ਾਮਿਲ ਹਨ ਪਰ ਇਸ ਦੀ ਵੀ ਇਕ ਪ੍ਰਕਿਰਿਆ ਹੈ।

10 ਜੂਨ ਤੋਂ ਸ਼ੁਰੂ ਹੋਣ ਵਾਲੀ ਲੀਡਰਸ਼ਿਪ ਦੀ ਨਾਮਜ਼ਦਗੀ ਭਰਨ ਦੀ ਮਿਤੀ ਇਕ ਹਫਤੇ ’ਚ ਖਤਮ ਹੋ ਜਾਵੇਗੀ। ਜੂਨ ਦੇ ਅੰਤ ਤਕ ਸੰਸਦ ਮੈਂਬਰ ਨਾਮਜ਼ਦਗੀਆਂ ਭਰਨ ਵਾਲੇ ਉਮੀਦਵਾਰਾਂ ’ਚੋਂ ਕਿਸੇ 2 ਨੂੰ ਚੁਣਨਗੇ। ਸੰਸਦ ਦੀਆਂ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ 1.24 ਲੱਖ ਮੈਂਬਰ ਵੋਟ ਕਰ ਕੇ ਇਨ੍ਹਾਂ ’ਚੋਂ ਕਿਸੇ ਇਕ ਦੀ ਚੋਣ ਕਰਨਗੇ। ਪਰ ਮੁੱਖ ਮੁੱਦਾ ਅਜੇ ਵੀ ਉਹੀ ਹੈ ਕਿ ਬ੍ਰੈਗਜ਼ਿਟ ਨੂੰ ਕਿਸ ਤਰ੍ਹਾਂ ਸੰਭਾਲਿਆ ਜਾਵੇਗਾ। ਜੇਕਰ ਪ੍ਰਧਾਨ ਮੰਤਰੀ ਦੇ ਰੂਪ ’ਚ ਬੋਰਿਸ ਜਾਨਸਨ ‘ਹਾਰਡ ਬ੍ਰੈਗਜ਼ਿਟ’ ਭਾਵ ਕਿਸੇ ਵੀ ਸਮਝੌਤੇ ਤੋਂ ਬਿਨਾਂ 31 ਅਕਤੂਬਰ ਤਕ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦਾ ਸੱਦਾ ਦਿੰਦੇ ਹਨ ਤਾਂ ਵਿੱਤ, ਵਣਜ, ਉਦਯੋਗ ਤਕ ਹਰ ਪੱਧਰ ’ਤੇ ਪ੍ਰਬੰਧਕੀ ਅਰਾਜਕਤਾ ਫੈਲ ਜਾਵੇਗੀ। ਨਾਲ ਹੀ ਬ੍ਰਿਟੇਨ ਦੀ ਲੀਡਰਸ਼ਿਪ ਵਿਚ ਬਦਲਾਅ ਨਾਲ ਬ੍ਰਸਲਜ਼ ਦੇ ਵਿਚਾਰਾਂ ਵਿਚ ਕੋਈ ਬਦਲਾਅ ਹੋਣ ਵਾਲਾ ਨਹੀਂ। ਆਇਰਿਸ਼ ਉਪ-ਪ੍ਰਧਾਨ ਮੰਤਰੀ ਸਿਮੋਨ ਕੋਵਨੀ ਪਹਿਲਾਂ ਹੀ ਚਿਤਾਵਨੀ ਦੇ ਚੁੱਕੇ ਹਨ ਕਿ ਯੂਰਪੀਅਨ ਯੂਨੀਅਨ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਨੂੰ ਕਿਸੇ ਬਿਹਤਰ ਸੌਦੇ ਦੀ ਪੇਸ਼ਕਸ਼ ਨਹੀਂ ਕਰੇਗੀ। ਭਾਵ ਥੈਰੇਸਾ ਦੇ ਜਾਣ ਨਾਲ ਲੀਡਰਸ਼ਿਪ ਦਾ ਚਿਹਰਾ ਤਾਂ ਬਦਲੇਗਾ ਪਰ ਲਗਾਤਾਰ ਅੜਿੱਕੇ ਵੱਲ ਵਧਦੇ ਬ੍ਰਿਟੇਨ ਨੂੰ ਰੋਕਿਆ ਨਹੀਂ ਜਾ ਸਕੇਗਾ, ਜੋ ਸ਼ਾਇਦ ਦੂਜੀ ਰਾਇਸ਼ੁਮਾਰੀ ਹੀ ਕਰ ਸਕਦੀ ਹੈ। ਇਸ ਦਾ ਕੋਈ ਸੁਖਦਾਈ ਨਤੀਜਾ ਭਾਵੇਂ ਨਾ ਨਿਕਲੇ ਪਰ ਜਿਵੇਂ ਕਿ ਹੋਮਸ ਦਾ ਫਾਰਮੂਲਾ ਕਹਿੰਦਾ ਹੈ ‘ਕਦੇ-ਕਦੇ ਜੀਵਨ ’ਚ ਬਦਲਾਂ ਨੂੰ ਖਤਮ ਕਰਨਾ ਹੀ ਸਭ ਤੋਂ ਉੱਤਮ ਰਹਿੰਦਾ ਹੈ।’
 


Bharat Thapa

Content Editor

Related News