ਤਨਖ਼ਾਹੀਆ ਥਮਿੰਦਰ ਸਿੰਘ ਨੇ ਈਮੇਲ ਭੇਜ ਮੰਗੀ ਮੁਆਫ਼ੀ, ਕਿਹਾ- ਸ੍ਰੀ ਅਕਾਲ ਤਖ਼ਤ ਸਾਹਿਬ ਨਹੀਂ ਆ ਸਕਦਾ

05/21/2022 3:42:43 PM

ਅੰਮ੍ਰਿਤਸਰ (ਸਰਬਜੀਤ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਨਾਲ ਛੇੜ-ਛਾੜ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਕਰਾਰ ਦਿੱਤੇ ਗਏ ਕੈਨੇਡਾ ਵਾਸੀ ਥਮਿੰਦਰ ਸਿੰਘ ਨੇ ਈਮੇਲ ਭੇਜ ਕੇ ਪੇਸ਼ ਨਾ ਹੋਣ ਲਈ ਮੁਆਫ਼ੀ ਮੰਗੀ ਹੈ। ਥਮਿੰਦਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਕ ਈਮੇਲ ਰਾਹੀਂ ਆਪਣਾ ਜਵਾਬ ਭੇਜਿਆ ਹੈ। ਇਸ ਈਮੇਲ ਵਿੱਚ ਥਮਿੰਦਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਨਾ ਪਹੁੰਚਣ ਦੇ ਲਈ ਮੁਆਫ਼ੀ ਮੰਗੀ ਹੈ। ਥਮਿੰਦਰ ਸਿੰਘ ਨੇ ਆਪਣੀ ਸਿਹਤ ਦਾ ਹਵਾਲਾ ਦਿੰਦਿਆਂ ਹੋਇਆਂ ਕਿਹਾ ਕਿ ਡਾਕਟਰਾਂ ਨੇ ਉਸ ਨੂੰ ਜ਼ਿਆਦਾ ਸਫ਼ਰ ਕਰਨ ਤੋਂ ਮਨ੍ਹਾ ਕੀਤਾ ਹੈ। 

ਇਹ ਵੀ ਪੜ੍ਹੋ:  IELTS ਲਈ ਫ਼ੀਸਾਂ ਭਰਵਾ ਕੁੜੀ ਨੇ ਵਿਆਹ ਤੋਂ ਕੀਤਾ ਇਨਕਾਰ, ਨੌਜਵਾਨ ਨੇ ਗਲੇ ਲਗਾਈ ਮੌਤ

ਮੁਆਫ਼ੀ ਮੰਗਣ ਦੇ ਨਾਲ-ਨਾਲ ਹੀ ਥਮਿੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕੇ 1952 'ਚ ਪ੍ਰਕਾਸ਼ਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿਚ 700 ਤੋਂ ਵੀ ਜ਼ਿਆਦਾ ਗ਼ਲਤੀਆਂ ਸਨ। ਇਹ ਗ਼ਲਤੀਆਂ ਹੁਣ ਤੱਕ ਵਧ ਕੇ 5000 ਤੋਂ ਵੀ ਜ਼ਿਆਦਾ ਹੋ ਚੁੱਕੀਆਂ ਹਨ। ਇਨ੍ਹਾਂ ਨੂੰ ਸੁਧਾਰਨ ਦੇ ਲਈ ਸਮੇਂ-ਸਮੇਂ 'ਤੇ ਵੱਖ-ਵੱਖ ਕਮੇਟੀਆਂ ਦਾ ਗਠਨ ਵੀ ਕੀਤਾ ਜਾਂਦਾ ਰਿਹਾ ਹੈ। ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਆਪਣੀਆਂ ਇਨ੍ਹਾਂ ਗ਼ਲਤੀਆਂ ਨੂੰ ਕਬੂਲਿਆ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਮਾਨ ਨਾਲ ਬੈਠਕ ਮਗਰੋਂ ਐਕਸ਼ਨ 'ਚ ਸਿੱਖਿਆ ਵਿਭਾਗ, ਸਕੂਲ ਮੁਖੀਆਂ ਨੂੰ ਜਾਰੀ ਕੀਤੇ ਪੱਤਰ

ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਥਮਿੰਦਰ ਸਿੰਘ ਨੂੰ ਟਿੱਪੀ, ਬਿੰਦੀਆਂ ਦਾ ਉਪਯੋਗ ਕਰਕੇ ਅਤੇ ਵਿਸ਼ਰਾਮ ਚਿੰਨ੍ਹਾਂ ਨੂੰ ਬਦਲ ਕੇ ਗੁਰਬਾਣੀ ਨੂੰ ਆਨਲਾਈਨ ਪ੍ਰਕਾਸ਼ਿਤ ਕਰਨ ਦੇ ਦੋਸ਼ 'ਚ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ। ਸਿੰਘ ਸਾਹਿਬਾਨ ਨੇ ਥਮਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਥਮਿੰਦਰ ਸਿੰਘ ਵੱਲੋਂ ਛਾਪੇ ਸਰੂਪਾਂ ਦੀ ਆਨਲਾਈਨ ਤੇ ਆਫਲਾਈਨ ਛਪਾਈ ਬੰਦ ਕਰਨ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਸਨ। ਸਿੰਘ ਸਾਹਿਬਾਨ ਨੇ ਕਿਹਾ ਸੀ ਕਿ ਥਮਿੰਦਰ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਆਪਣੇ ਨਾਲ ਕੰਮ ਕਰ ਰਹੀ ਪੂਰੀ ਟੀਮ ਅਤੇ ਇਸ ਪਿਛਲੀ ਮਨਸ਼ਾ ਬਾਰੇ ਵੀ ਦੱਸੇ। ਜਿੰਨਾ ਚਿਰ ਥਮਿੰਦਰ ਸਿੰਘ ਅਕਾਲ ਤਖ਼ਤ ਸਾਹਿਬ ਪੇਸ਼ ਨਹੀਂ ਹੁੰਦਾ ਤੇ ਸਾਰੇ ਮਾਮਲੇ ਬਾਰੇ ਨਹੀਂ ਦੱਸਦਾ ਉਦੋਂ ਤੱਕ ਤਨਖ਼ਾਹੀਆ ਘੋਸ਼ਿਤ ਕੀਤਾ ਜਾਂਦਾ ਹੈ। ਸਿੰਘ ਸਾਹਿਬਾਨ ਵੱਲੋਂ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਥਮਿੰਦਰ ਸਿੰਘ ਨਾਲ ਕਿਸੇ ਵੀ ਤਰ੍ਹਾਂ ਦੀ ਸਾਂਝ ਨਾ ਰੱਖਣ ਦੀ ਵੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ:  PM ਮੋਦੀ ਨਾਲ ਮੁਲਾਕਾਤ ਕਰਨਗੇ ਸੁਨੀਲ ਜਾਖੜ, ਵੱਡੀ ਜ਼ਿੰਮੇਵਾਰੀ ਸੌਂਪਣ ਦੇ ਮੂਡ ’ਚ ਭਾਜਪਾ  

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ


Harnek Seechewal

Content Editor

Related News