ਜ਼ਿੰਦਗੀ-ਮੌਤ ਦੀ ਖੇਡ ਖੇਡਦੀ ਕੁਦਰਤੀ ਆਫ਼ਤ ਸਾਹਮਣੇ ਡਟੀ ਸਾਕਸ਼ੀ ਸਾਹਨੀ
Friday, Aug 29, 2025 - 05:17 PM (IST)

ਅਜਨਾਲਾ/ਚਮਿਆਰੀ, (ਸੰਧੂ) : ਜ਼ਿਲ੍ਹਾ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜ਼ਿੰਦਗੀ-ਮੌਤ ਦੀ ਖੇਡ ਖੇਡਦੀ ਵੱਡੀ ਕੁਦਰਤੀ ਆਫ਼ਤ ਵਿਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਦਿਨ-ਰਾਤ ਬਿਨਾਂ ਕਿਸੇ ਥਕਾਵਟ ਤੇ ਅਕੇਵੇਂ ਦੇ ਉਨ੍ਹਾਂ ਦੇ ਕੰਮ ਕਰਨ ਦੇ ਨਿਵੇਕਲੇ ਅੰਦਾਜ਼ ਨੇ ਹਰੇਕ ਦਾ ਮਨ ਮੋਹਿਆ ਹੈ। ਵੇਖਿਆ ਜਾਵੇ ਤਾਂ ਰਾਵੀ ਦਰਿਆ ਵਿਚ ਪਾਣੀ ਦਾ ਜਦੋਂ ਪੱਧਰ ਵੱਧਦਾ ਹੈ ਤਾਂ ਡੀਸੀ ਫ਼ੌਰਨ ਮੌਕੇ 'ਤੇ ਪਹੁੰਚ ਕੇ ਨਿਰੀਖਣ ਕਰਦੀ ਹੈ, ਜੇਕਰ ਧੁੱਸੀ ਬੰਨ੍ਹ ਨੂੰ ਖ਼ਤਰਾ ਬਣਦਾ ਜਾਪਦਾ ਹੈ ਤਾਂ ਉਹ ਅੱਧੀ ਰਾਤ ਨੂੰ ਵੀ ਆਪਣੇ ਪੋਂਚੇ ਟੰਗ ਕੇ ਗੋਡੇ-ਗੋਡੇ ਪਾਣੀ ਵਿਚ ਖੜੋਤੀ ਹੁੰਦੀ ਹੈ ਅਤੇ ਜਦੋਂ ਮਨੁੱਖੀ ਪ੍ਰਸ਼ਾਸ਼ਨ ਦੇ ਸਾਰੇ ਪ੍ਰਬੰਧ ਕੁਦਰਤ ਦੇ ਸ਼ਾਸ਼ਨ ਸਾਹਮਣੇ ਬੇਅਰਥ ਹੋ ਜਾਂਦੇ ਹਨ ਤਾਂ ਵੀ ਡੀਸੀ ਸਾਕਸ਼ੀ ਸਾਹਨੀ ਜ਼ਿਲ੍ਹਾ ਪ੍ਰਸ਼ਾਸਨ ਦੀ ਪੂਰੀ ਸਮਰੱਥਾ ਅਨੁਸਾਰ ਲੋਕਾਂ ਦੀ ਬਣਦੀ-ਸਰਦੀ ਮਦਦ ਕਰਨ ਲਈ ਫਿਰ ਵੀ ਸਭ ਤੋਂ ਅੱਗੇ ਦਿਖਾਈ ਦਿੰਦੀ ਹੈ।
ਪਿਛਲੇ ਤਿੰਨ ਕੁ ਦਿਨਾਂ ਤੋਂ ਸਰਹੱਦੀ ਖੇਤਰਾਂ ਤੋਂ ਨਸ਼ਰ ਹੋ ਰਹੀਆਂ ਫ਼ੋਟੋਆਂ ਤੇ ਵੀਡੀਓ ਦੱਸ ਰਹੀਆਂ ਹਨ ਕਿ ਸਾਕਸ਼ੀ ਸਾਹਨੀ ਕੇਵਲ ਡੀਸੀ ਬਣ ਕੇ ਹੀ ਨਹੀਂ ਸਗੋਂ ਲੋਕਾਂ ਦੇ ਪਰਿਵਾਰਿਕ ਮੈਂਬਰਾਂ ਵਾਂਗ ਵਿਚਰ ਕੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਡੀਸੀ ਸਾਕਸ਼ੀ ਸਾਹਨੀ ਦੀਆਂ ਰਾਹਤ ਕਾਰਜਾਂ ਦੌਰਾਨ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਉਪਰੰਤ ਉਨ੍ਹਾਂ ਦੇ ਜਜ਼ਬੇ ਤੇ ਕੰਮ ਕਰਨ ਦੇ ਵਿਲੱਖਣ ਅੰਦਾਜ਼ ਦੀ ਤਾਰੀਫ਼ ਹਰ ਪਾਸੇ ਹੋ ਰਹੀ ਹੈ।