ਸ੍ਰੀ ਦਰਬਾਰ ਸਾਹਿਬ ਵਿਖੇ ਕਾਰਸੇਵਾ ਦੌਰਾਨ ਮਿਲੀ ਇਮਾਰਤ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਸਪੱਸ਼ਟ ਕੀਤੀ ਸਥਿਤੀ

Friday, Jul 16, 2021 - 05:27 PM (IST)

ਸ੍ਰੀ ਦਰਬਾਰ ਸਾਹਿਬ ਵਿਖੇ ਕਾਰਸੇਵਾ ਦੌਰਾਨ ਮਿਲੀ ਇਮਾਰਤ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਸਪੱਸ਼ਟ ਕੀਤੀ ਸਥਿਤੀ

ਅੰਮ੍ਰਿਤਸਰ (ਬਿਊਰੋ) : ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੇੜੇ ਚੱਲ ਰਹੀ ਜੋੜਾ ਘਰ ਦੇ ਨਿਰਮਾਣ ਦੀ ਸੇਵਾ ਦੌਰਾਨ ਖੁਦਾਈ ਕਰਦਿਆਂ ਸਾਹਮਣੇ ਆਏ ਇਮਾਰਤ ਦੇ ਪੁਰਾਣੇ ਢਾਂਚੇ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਇਹ ਇਮਾਰਤੀ ਢਾਂਚਾ ਇਤਿਹਾਸ ਅਤੇ ਵਿਰਾਸਤ ਨਾਲ ਸਬੰਧਿਤ ਹੋਇਆ ਤਾਂ ਇਸ ਨੂੰ ਜ਼ਰੂਰ ਸੁਰੱਖਿਅਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੀਤੇ ਦਿਨ ਖੁਦਾਈ ਕਰਦਿਆਂ ਪੁਰਾਤਨ ਦਿੱਖ ਵਾਲੇ ਕੁਝ ਕਮਰੇ ਸਾਹਮਣੇ ਆਏ ਹਨ, ਜੋ ਨਿੱਕੀ ਇੱਟ ਦੇ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਦੀ ਪੁਰਾਤਨਤਾ ਅਤੇ ਇਤਿਹਾਸਕਤਾ ਸਬੰਧੀ ਮਾਹਿਰਾਂ ਦੀ ਰਾਇ ਲਈ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਬਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਹਿਰਾਂ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਹੋਰ ਮਾਹਿਰਾਂ ਅਤੇ ਇਤਿਹਾਸਕਾਰਾਂ ਦੀਆਂ ਵੀ ਸੇਵਾਵਾਂ ਲਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਪੁਰਾਤਤਵ ਵਿਭਾਗ ਰਾਹੀਂ ਪਤਾ ਲਗਾਉਣ ਲਈ ਵੀ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਸਖ਼ਤ ਚਿਤਾਵਨੀ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕਾਰਸੇਵਾ ਦੌਰਾਨ ਸਾਹਮਣੇ ਆਈ ਇਮਾਰਤ ਦੇ ਢਾਂਚੇ ਬਾਰੇ ਕੁਝ ਲੋਕ ਜਾਣਬੁੱਝ ਕੇ ਮੁੱਦਾ ਬਣਾ ਰਹੇ ਹਨ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜਦੀਆਂ ਸੰਗਤਾਂ ਲਈ ਸੇਵਾਵਾਂ ਕਰ ਰਹੀ ਹੈ। ਸਮੇਂ ਦੀ ਲੋੜ ਅਨੁਸਾਰ ਸੰਗਤਾਂ ਦੀ ਸਹੂਲਤ ਲਈ ਕਾਰਜ ਕਰਨੇ ਸ਼੍ਰੋਮਣੀ ਕਮੇਟੀ ਦਾ ਫ਼ਰਜ਼ ਹੈ। ਇਸੇ ਤਹਿਤ ਹੀ ਇਸ ਜੋੜਾ ਘਰ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਜੇਕਰ ਕਾਰਸੇਵਾ ਦੌਰਾਨ ਕੋਈ ਪੁਰਾਣੀ ਇਮਾਰਤ ਦਿਖਾਈ ਦਿੱਤੀ ਹੈ ਤਾਂ ਇਸ ਦਾ ਮੰਤਵ ਹਰਗਿਜ ਇਹ ਨਹੀਂ ਹੈ ਕਿ ਉਸ ਨੂੰ ਢਾਹ ਦਿੱਤਾ ਜਾਵੇਗਾ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ।

ਇਹ ਵੀ ਪੜ੍ਹੋ : ਅੰਮ੍ਰਿਤਧਾਰੀ ਸਿੱਖ ਦੇ ਕੇਸ ਕੱਟਣ ਅਤੇ ਮੂੰਹ ’ਚ ਸ਼ਰਾਬ ਪਾਉਣ ਦਾ ਜਥੇਦਾਰ ਹਰਪ੍ਰੀਤ ਸਿੰਘ ਨੇ ਲਿਆ ਸਖ਼ਤ ਨੋਟਿਸ

ਨੋਟ : ਸ੍ਰੀ ਦਰਬਾਰ ਸਾਹਿਬ ਵਿਖੇ ਕਾਰਸੇਵਾ ਦੌਰਾਨ ਮਿਲੀ ਇਮਾਰਤ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਆਪਣੀ ਜੁਆਬ


author

Harnek Seechewal

Content Editor

Related News