ਮੁੱਖ ਮੰਤਰੀ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਕੇਂਦਰੀ ਜੇਲ ਫਤਾਹਪੁਰ 'ਚ ਲੱਗ ਰਿਹੈ ਗ੍ਰਹਿਣ
Sunday, Nov 18, 2018 - 02:23 PM (IST)

ਅੰਮ੍ਰਿਤਸਰ (ਦਲਜੀਤ ਸ਼ਰਮਾ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਅਾਂ ਖਿਲਾਫ ਵਿੱਢੀ ਮੁਹਿੰਮ ਨੂੰ ਕੇਂਦਰੀ ਜੇਲ ਫਤਾਹਪੁਰ ਵਿਚ ਗ੍ਰਹਿਣ ਲੱਗ ਰਿਹਾ ਹੈ। ਜੇਲ ਵਿਚ ਪੁਲਸ ਪ੍ਰਸ਼ਾਸਨ ਦੀ ਢਿੱਲਮੱਠ ਕਾਰਨ ਕੈਦੀਅਾਂ ਨੂੰ ਮਹਿੰਗੇ ਭਾਅ ਵਿਚ ਅਾਸਾਨੀ ਨਾਲ ਨਸ਼ਾ ਮਿਲ ਰਿਹਾ ਹੈ। ਇਹ ਖੁਲਾਸਾ ਜੇਲ ਵਿਚੋਂ ਬਾਹਰ ਆਏ ਕੈਦੀਅਾਂ ਵੱਲੋਂ ਨਸ਼ਾ ਵਿਰੋਧੀ ਲਹਿਰ ਦੇ ਮੁੱਖ ਸੰਸਥਾਪਕ ਪੂਰਨ ਸਿੰਘ ਸੰਧੂ ਰਣੀਕੇ ਨਾਲ ਮੁਲਾਕਾਤ ਕਰਨ ਸਮੇਂ ਕੀਤਾ ਗਿਆ। ਸੰਧੂ ਰਣੀਕੇ ਨੇ ਕਿਹਾ ਕਿ ਜੇਲ ਵਿਚੋਂ ਬਾਹਰ ਕੈਦੀਅਾਂ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਜੇਲ ਵਿਚ ਅਾਸਾਨੀ ਨਾਲ ਬੀਡ਼ੀ, ਸਿਗਰਟ, ਤੰਬਾਕੂ, ਗੋਲੀ, ਕੈਪਸੂਲ ਆਦਿ ਮਿਲ ਰਹੇ ਹਨ। ਪੁਲਸ ਦੇ ਕਈ ਮੁਲਾਜ਼ਮ ਇਸ ਧੰਦੇ ਵਿਚ ਸ਼ਾਮਲ ਹੋ ਕੇ ਕੈਦੀਅਾਂ ਤੱਕ ਨਸ਼ਾ ਪਹੁੰਚਾ ਰਹੇ ਹਨ। ਰਣੀਕੇ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦਾ ਦਾਅਵਾ ਕਰ ਰਹੇ ਹਨ ਪਰ ਕੈਪਟਨ ਦੇ ਦਾਅਵਿਆਂ ਦੀ ਫੂਕ ਕਢਦਿਅਾਂ ਪੰਜਾਬ ਪੁਲਸ ਦੇ ਮੁਲਾਜ਼ਮ ਜੇਲਾਂ ਵਿਚ ਨਸ਼ਾ ਵੇਚ ਰਹੇ ਹਨ। ਜੇਲ ਦੇ ਬਾਹਰ ਵੀ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਬਡ਼ੀ ਆਸਾਨੀ ਨਾਲ ਨਸ਼ਾ ਮਿਲ ਰਿਹਾ ਹੈ ਅਤੇ ਹੁਣ ਜੇਲ ਅੰਦਰ ਵੀ ਇਹ ਕੰਮ ਚੱਲ ਰਿਹਾ ਹੈ। ਸੰਧੂ ਰਣੀਕੇ ਨੇ ਕਿਹਾ ਕਿ ਪਹਿਲਾਂ ਹੀ ਨਸ਼ਿਆਂ ਕਾਰਨ ਪੰਜਾਬ ਵਿਚ ਹਜ਼ਾਰਾਂ ਘਰ ਬਰਬਾਦ ਹੋ ਚੁੱਕੇ ਹਨ। ਮਾਵਾਂ ਦੇ ਪੁੱਤਰ ਅਤੇ ਸੁਹਾਗਣਾਂ ਦੇ ਸੁਹਾਗ ਉੱਜਡ਼ ਚੁੱਕੇ ਹਨ। ਨਸ਼ਿਆਂ ਕਰ ਕੇ ਪੰਜਾਬ ਦੀ ਨੌਜਵਾਨ ਪੀਡ਼੍ਹੀ ਖੋਖਲੀ ਹੁੰਦੀ ਜਾ ਰਹੀ ਹੈ। ਪੁਲਸ ਪ੍ਰਸ਼ਾਸਨ ’ਤੇ ਉਮੀਦ ਸੀ ਕਿ ਉਹ ਕੁਰਾਹੇ ਪਈ ਨੌਜਵਾਨੀ ਨੂੰ ਬਚਾਉਣ ਲਈ ਅਹਿਮ ਭੂਮਿਕਾ ਨਿਭਾਏਗਾ ਪਰ ਜੇਲ ਫਤਾਹਪੁਰ ਦੀ ਹਾਲਤ ਵੇਖ ਕੇ ਲੱਗਦਾ ਹੈ ਕਿ ਪੁਲਸ ਪ੍ਰਸ਼ਾਸਨ ਨਸ਼ਿਆਂ ਨੂੰ ਬੰਦ ਕਰਵਾਉਣ ਦੇ ਹੱਕ ਵਿਚ ਹੀ ਨਹੀਂ ਹੈ। ਸੰਧੂ ਰਣੀਕੇ ਨੇ ਕਿਹਾ ਕਿ ਕਈ ਵਾਰ ਮੀਡੀਆ ਵਿਚ ਵੀ ਆ ਚੁੱਕਾ ਹੈ ਕਿ ਜੇਲਾਂ ਵਿਚੋਂ ਨਸ਼ਾ ਬਰਾਮਦ ਕੀਤਾ ਗਿਆ ਹੈ ਪਰ ਇਹ ਦੇ ਬਾਵਜੂਦ ਕੈਪਟਨ ਸਰਕਾਰ ਉਕਤ ਮੁੱਦੇ ਸਬੰਧੀ ਗੰਭੀਰ ਨਹੀਂ। ਜੇਲ ਦੇ ਹਾਲਾਤ ਵੇਖ ਕੇ ਲੱਗਦਾ ਹੈ ਕਿ ਕੈਪਟਨ ਸਰਕਾਰ ਵੀ ਕਿਤੇ ਨਾ ਕਿਤੇ ਇਸ ਗੋਰਖਧੰਦੇ ਵਿਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਜਲਦ ਹੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਜਾ ਰਹੇ ਹਨ। ਕੀ ਕਹਿੰਦੇ ਹਨ ਜੇਲ ਸੁਪਰਡੈਂਟ-ਇਸ ਸਬੰਧੀ ਜਦੋਂ ਕੇਂਦਰੀ ਜੇਲ ਫਤਾਹਪੁਰ ਦੇ ਸੁਪਰਡੈਂਟ ਅਰਸ਼ਦੀਪ ਸਿੰਘ ਨਾਲ ਮੋਬਾਇਲ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਲ ਵਿਚ 600 ਤੋਂ ਵਧੇਰੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਲਈ ਸਰਕਾਰੀ ਓਟ ਸੈਂਟਰ ਰਾਹੀਂ ਦਵਾਈ ਖਵਾਈ ਜਾ ਰਹੀ ਹੈ। ਜੇਲ ਵਿਚ ਨਸ਼ਾ ਵਿਕਣ ਦੀ ਗੱਲ ਸੱਚਾਈ ਤੋਂ ਕੋਹਾਂ ਦੂਰ ਹੈ। ਜੇਕਰ ਅਜਿਹੇ ਮਾਮਲੇ ਵਿਚ ਕਿਸੇ ਪੁਲਸ ਮੁਲਾਜ਼ਮ ਦੀ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਉਸ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਇਕ ਪੁਲਸ ਮੁਲਾਜ਼ਮ ਖਿਲਾਫ ਇਸ ਸਬੰਧੀ ਪਰਚਾ ਦਰਜ ਕਰਵਾਇਆ ਗਿਆ ਸੀ।