ਸਬਜ਼ੀਆਂ ਵਾਲੀਆਂ ਫਸਲਾਂ ਲਈ ਆਫਤ ਬਣ ਕੇ ਆਉਂਦੈ ਬਰਸਾਤ ਦਾ ਮੌਸਮ

08/09/2020 9:54:22 AM

ਗੁਰਦਾਸਪੁਰ (ਹਰਮਨਪ੍ਰੀਤ) - ਬਰਸਾਤ ਦਾ ਮੌਸਮ ਬੇਸ਼ੱਕ ਵੱਖ-ਵੱਖ ਫਸਲਾਂ ਤੇ ਬਨਸਪਤੀ ਦੀ ਹਰਿਆਲੀ ਲੈ ਕੇ ਆਉਂਦਾ ਹੈ ਪਰ ਇਸ ਮੌਸਮ ਦੌਰਾਨ ਵਾਤਾਵਰਣ ਵਿਚ ਵਧੀ ਨਮੀ ਦੀ ਮਾਤਰਾ ਸਬਜ਼ੀਆਂ ਵਾਲੀਆਂ ਫਸਲਾਂ ਲਈ ਆਫਤ ਬਣ ਕੇ ਆਉਂਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਰਾਂ ਅਨੁਸਾਰ ਬਰਸਾਤ ਦੇ ਮੌਸਮ ਵਿਚ ਮਿਰਚ ਅਤੇ ਬੈਂਗਣਾਂ ਦਾ ਗਾਲ਼ਾ, ਸਬਜ਼ੀਆਂ ਦਾ ਉਖੇੜਾ ਰੋਗ, ਜੜ੍ਹ ਗੰਢ ਰੋਗ, ਭਿੰਡੀ ਦਾ ਪੀਲੀਆ ਰੋਗ, ਟਮਾਟਰ ਅਤੇ ਮਿਰਚਾਂ ਦਾ ਪੱਤਾ ਮਰੋੜ ਰੋਗ ਅਤੇ ਚਿੱਤਕਬਰਾ ਰੋਗ ਇਸ ਮੌਸਮ ਵਿਚ ਜ਼ਿਆਦਾ ਹਮਲੇ ਕਰਦੇ ਹਨ। ਇਸ ਦੇ ਨਾਲ ਹੀ ਇਸ ਮੌਸਮ ਦੌਰਾਨ ਉੱਲੀ ਨਾਲ ਫੈਲਣ ਵਾਲੀਆਂ ਕਈ ਬੀਮਾਰੀਆਂ ਵੀ ਖੜ੍ਹੀ ਫ਼ਸਲ ’ਤੇ ਹਮਲਾ ਕਰਦੀਆਂ ਹਨ। ਇਸ ਲਈ ਇਨ੍ਹਾਂ ਦਿਨਾਂ ਵਿਚ ਸਬਜ਼ੀਆਂ ਦੇ ਕਾਸ਼ਤਕਾਰ ਕਿਸਾਨਾਂ ਨੂੰ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੁੰਦੀ ਹੈ।

ਪੜ੍ਹੋ ਇਹ ਵੀ ਖਬਰ - ਜਾਣੋ ਆਖਰ ਕੀ ਕਾਰਨ ਰਿਹਾ ਲੇਬਨਾਨ ਦੀ ਰਾਜਧਾਨੀ ਬੇਰੂਤ ’ਚ ਹੋਏ ਧਮਾਕੇ ਦਾ (ਵੀਡੀਓ) 

ਮਿਰਚਾਂ ਦਾ ਟਾਹਣੀਆਂ ਸੁੱਕਣ ਅਤੇ ਗਲਣ ਦਾ ਰੋਗ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਬਜ਼ੀ ਵਿਗਿਆਨ ਵਿਭਾਗ ਦੇ ਮਾਹਿਰ ਰੂਪੀਤ ਗਿੱਲ, ਅਭਿਸ਼ੇਕ ਸ਼ਰਮਾ ਅਤੇ ਹਰਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਕਈ ਵਾਰ ਮਿਰਚਾਂ ਦੇ ਬੂਟੇ ਦੀਆਂ ਫਲ਼ਾਂ ਵਾਲੀਆਂ ਟਾਹਣੀਆਂ ਸਿਰੇ ਤੋਂ ਸੁੱਕਣੀਆਂ ਅਤੇ ਸਲੇਟੀ ਰੰਗ ਦੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਮਿਰਚਾਂ ’ਤੇ ਧੱਸੇ ਹੋਏ ਲੰਬੂਤਰੇ ਘਸਮੈਲੇ ਰੰਗ ਦੇ ਧੱਬੇ ਪੈ ਜਾਂਦੇ ਹਨ ਜਿਨ੍ਹਾਂ ਉੱਪਰ ਬਾਅਦ ਵਿਚ ਬਹੁਤ ਸਾਰੇ ਕਾਲੇ ਰੰਗ ਦੇ ਟਿਮਕਣੇ ਦਿਖਾਈ ਦਿੰਦੇ ਹਨ। ਇਹ ਉੱਲੀ ਬੀਜ ’ਤੇ ਪਲਦੀ ਰਹਿੰਦੀ ਹੈ ਅਤੇ ਬਾਅਦ ਵਿਚ ਹਵਾ ਰਾਹੀਂ ਅੱਗੇ ਫੈਲ ਜਾਂਦੀ ਹੈ। ਇਸ ਲਈ ਬੀਜ ਹਮੇਸ਼ਾ ਰੋਗ ਰਹਿਤ ਮਿਰਚਾਂ ਤੋਂ ਲੈਣਾ ਚਾਹੀਦਾ ਹੈ ਅਤੇ 2 ਗ੍ਰਾਮ ਥੀਰਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਬਿਜਾਈ ਕਰਨੀ ਚਾਹੀਦੀ ਹੈ। ਬੀਮਾਰੀ ਦੀ ਸਮੱਸਿਆ ਰੋਕਣ ਲਈ 250 ਮਿ. ਲੀ. ਫੋਲੀਕਰ ਜਾਂ 750 ਗ੍ਰਾਮ ਇੰਡੋਫਿਲ ਐੱਮ-45 ਜਾਂ ਬਲਾਈਟੌਕਸ ਨੂੰ 250 ਲਿਟਰ ਪਾਣੀ ’ਚ ਘੋਲ ਕੇ ਜੁਲਾਈ ਦੇ ਪਹਿਲੇ ਹਫਤੇ ਤੋਂ ਸ਼ੁਰੂ ਕਰ ਕੇ 10 ਦਿਨਾਂ ਦੇ ਵਕਫੇ ’ਤੇ 3-4 ਛਿੜਕਾਅ ਕਰਨੇ ਚਾਹੀਦੇ ਹਨ। ਇਹ ਬੀਮਾਰੀ ਸਿੱਲ੍ਹੇ ਮੌਸਮ ਦੌਰਾਨ ਜ਼ਿਆਦਾ ਹਮਲਾ ਕਰਦੀ ਹੈ ਜੋ ਨਵੀਆਂ ਟਾਹਣੀਆਂ, ਫੁੱਲਾਂ ਅਤੇ ਫਲ਼ਾਂ ਨੂੰ ਜਿਆਦਾ ਨਿਸ਼ਾਨਾ ਬਣਾਉਂਦੀ ਹੈ ਤੇ ਉਹ ਗਲਣੇ ਸ਼ੁਰੂ ਹੋ ਜਾਂਦੇ ਹਨ।

ਪੜ੍ਹੋ ਇਹ ਵੀ ਖਬਰ - ਵਿਦਿਆਰਥੀਆਂ ਨੂੰ ਕੈਨੇਡਾ ‘ਚ ਆਰਥਿਕ ਬੇਫਿਕਰੀ ਦਿੰਦਾ ਹੈ GIC ਪ੍ਰੋਗਰਾਮ, ਜਾਣੋ ਕਿਵੇਂ

ਫਲ਼ਾਂ ਦਾ ਗਾਲ਼ਾ
ਖੇਤੀ ਮਾਹਿਰਾਂ ਨੇ ਦੱਸਿਆ ਕਿ ਇਸ ਬੀਮਾਰੀ ਨਾਲ ਪੱਤਿਆਂ ’ਤੇ ਛੋਟੇ-ਛੋਟੇ ਕਾਲੇ ਕਿਨਾਰਿਆਂ ਵਾਲੇ ਬੇਢਬੇ ਧੱਬੇ ਪੈ ਜਾਂਦੇ ਹਨ। ਫਲਾਂ ’ਤੇ ਧੱਸੇ ਹੋਏ ਘਸਮੈਲੇ ਦਾਗ ਪੈ ਜਾਂਦੇ ਹਨ, ਜੋ ਬਾਅਦ ’ਚ ਆਪਸ ’ਚ ਮਿਲ ਜਾਂਦੇ ਹਨ ਅਤੇ ਫਲ਼ ਗਲ਼ ਜਾਂਦਾ ਹੈ। ਇਸ ਬੀਮਾਰੀ ਦੀ ਉਲੀ ਜ਼ਮੀਨ, ਬੂਟਿਆਂ ਦੀ ਰਹਿੰਦ-ਖੂੰਹਦ ਅਤੇ ਬੀਜ ’ਤੇ ਪਲਦੀ ਰਹਿੰਦੀ ਹੈ। ਇਸ ਲਈ ਬੀਜ ਹਮੇਸ਼ਾ ਰੋਗ ਰਹਿਤ ਫ਼ਲਾਂ ਤੋਂ ਹੀ ਲੈਣਾ ਚਾਹੀਦਾ ਹੈ ਅਤੇ ਕੈਪਟਾਨ ਜਾਂ ਥੀਰਮ 3 ਗ੍ਰਾਮ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਸੋਧਣਾ ਚਾਹੀਦਾ ਹੈ। ਫ਼ਸਲ ’ਤੇ 200 ਗ੍ਰਾਮ ਇਡੋਫਿਲ ਐੱਮ-45 ਜਾਂ ਇਡੋਫਿਲ ਜ਼ੈੱਡ 78 ਨੂੰ 100 ਲਿਟਰ ਪਾਣੀ ’ਚ ਘੋਲ ਕੇ ਹਫ਼ਤੇ ਦੇ ਵਕਫ਼ੇ ’ਤੇ0 ਛਿੜਕਾਅ ਕਰੋ।

ਪੜ੍ਹੋ ਇਹ ਵੀ ਖਬਰ - ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਜ਼ਰੂਰ ਕਰੋ ਇਹ ਉਪਾਅ, ਜ਼ਿੰਦਗੀ ’ਚ ਹਮੇਸ਼ਾ ਰਹੋਗੇ ਸੁੱਖੀ

ਬੈਂਗਣਾਂ ਦੇ ਛੋਟੇ ਪੱਤਿਆਂ ਦਾ ਰੋਗ (ਲਿਟਲ ਲੀਫ)
ਉਨ੍ਹਾਂ ਦੱਸਿਆ ਕਿ ਇਹ ਫ਼ਾਈਟੋਪਲਾਜ਼ਮਾ ਦਾ ਰੋਗ ਹੈ ਜੋ ਕਿ ਤੇਲੇ ਨਾਲ ਫੈਲਦਾ ਹੈ। ਇਸ ਕਾਰਣ ਬੈਂਗਣਾਂ ਦੇ ਪੱਤੇ ਛੋਟੇ ਆਕਾਰ ਦੇ ਰਹਿ ਜਾਂਦੇ ਹਨ ਅਤੇ ਬੂਟੇ ਝਾੜੀਆਂ ਵਾਂਗ ਲਗਦੇ ਹਨ। ਕਈ ਵਾਰ ਫੁੱਲ ਵੀ ਹਰੇ ਰਹਿ ਜਾਂਦੇ ਹਨ। ਅਜਿਹੇ ਬੂਟੇ ਨੂੰ ਫਲ ਨਹੀਂ ਲੱਗਦੇ ਅਤੇ ਜੇ ਲੱਗਦੇ ਹਨ ਤਾਂ ਛੋਟੇ ਅਤੇ ਬੇਢਵੇ ਹੁੰਦੇ ਹਨ। ਬੀਮਾਰੀ ਵਾਲੇ ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰ ਦਿਓ।

ਭਿੰਡੀ ਦਾ ਪੀਲੀਆ ਰੋਗ
ਰੂਪੀਤ ਗਿੱਲ, ਅਭਿਸ਼ੇਕ ਸ਼ਰਮਾ ਅਤੇ ਹਰਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਬਰਸਾਤੀ ਮੌਸਮ ਦੀ ਭਿੰਡੀ ਦੀ ਕਾਸ਼ਤ ’ਚ ਚਿੱਟੀ ਮੱਖੀ ਦੁਆਰਾ ਫਲਾਏ ਜਾਣ ਵਾਲੇ ਇਸ ਰੋਗ ਦੀ ਬਹੁਤ ਗੰਭੀਰ ਸਮੱਸਿਆ ਆਉਂਦੀ ਹੈ। ਜੇਕਰ 30 ਦਿਨ ਦੀ ਫ਼ਸਲ ’ਤੇ ਹਮਲਾ ਹੋ ਜਾਵੇ ਤਾਂ ਨੁਕਸਾਨ ਬਹੁਤ ਵਧੇਰੇ ਹੁੰਦਾ ਹੈ। ਇਸ ਨਾਲ ਪੱਤਿਆਂ ਦੀਆਂ ਨਾੜੀਆਂ ਪੀਲੀਆਂ ਅਤੇ ਮੋਟੀਆਂ ਹੋ ਜਾਂਦੀਆਂ ਹਨ ਅਤੇ ਜ਼ਿਆਦਾਤਰ ਪੱਤੇ ਪੀਲੇ ਪੈ ਜਾਂਦੇ ਹਨ, ਜੋ ਬਾਅਦ ਵਿਚ ਸੁੱਕ ਕੇ ਹੇਠਾਂ ਡਿੱਗ ਜਾਂਦੇ ਹਨ। ਅਜਿਹੇ ਬੂਟਿਆਂ ਨੂੰ ਫਲ ਨਹੀਂ ਪੈਂਦਾ, ਜੇਕਰ ਬੀਮਾਰੀ ਦਾ ਹਮਲਾ ਲੇਟ ਸ਼ੁਰੂ ਹੋਵੇ ਤਾਂ ਫਲ ਪੀਲੇ, ਬੇਢਵੇ ਅਤੇ ਸਖ਼ਤ ਹੁੰਦੇ ਹਨ। ਬੀਮਾਰੀ ਵਾਲੇ ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰਨਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - ਦੇਸ਼ ਦੀਆਂ ਸੁਆਣੀਆਂ ਜਾਣੋ ਕਿਵੇਂ ਦੁੱਧ ਅਤੇ ਪਸ਼ੂ ਧਨ ਵਿੱਚ ਬਣਨ ਸਫ਼ਲ ਕਾਰੋਬਾਰੀ

ਠੂਠੀ ਰੋਗ ਜਾਂ ਗੁੱਛਾ-ਮੁੱਛਾ ਰੋਗ
ਉਨ੍ਹਾਂ ਦੱਸਿਆ ਕਿ ਮਿਰਚ ਅਤੇ ਟਮਾਟਰ ਦੀ ਫ਼ਸਲ ’ਤੇ ਇਹ ਵਿਸ਼ਾਣੂ ਰੋਗ ਆਮ ਵੇਖਣ ਨੂੰ ਮਿਲਦਾ ਹੈ ਜੋ ਕਿ ਚਿੱਟੀ ਮੱਖੀ ਨਾਲ ਫੈਲਦਾ ਹੈ। ਪੱਤੇ ਆਕਾਰ ਵਿਚ ਛੋਟੇ ਅਤੇ ਬਾਅਦ ਵਿਚ ਪੀਲੇ ਹੋ ਜਾਂਦੇ ਹਨ। ਬੂਟੇ ਮਧਰੇ ਰਹਿ ਜਾਂਦੇ ਹਨ ਅਤੇ ਫਲ਼ ਵੀ ਘੱਟ ਲਗਦੇ ਹਨ। ਰੋਕਥਾਮ ਲਈ ਬੀਜ ਹਮੇਸ਼ਾ ਰੋਗ ਰਹਿਤ ਫਸਲ ਤੋਂ ਹੀ ਲਵੋ। ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਜਿਵੇਂ ਕਿ ਮਿਰਚ ਦੀਆਂ ਪੰਜਾਬ ਸੰਧੂਰੀ, ਪੰਜਾਬ ਤੇਜ ਅਤੇ ਟਮਾਟਰ ਦੀਆਂ ਪੰਜਾਬ ਵਰਖਾ ਬਹਾਰ-1, ਪੰਜਾਬ ਵਰਖਾ ਬਹਾਰ-2, ਪੰਜਾਬ ਵਰਖਾ ਬਹਾਰ-4 ਦੀ ਕਾਸ਼ਤ ਕਰੋ।

ਪੜ੍ਹੋ ਇਹ ਵੀ ਖਬਰ - ਪੈਸੇ ਦੇ ਮਾਮਲੇ ’ਚ ਕੰਜੂਸ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਚੰਗੀਆਂ ਤੇ ਮਾੜੀਆਂ ਗੱਲਾਂ

ਜੜ੍ਹ-ਗੰਢ ਨੀਮਾਟੋਡ
ਰੂਪੀਤ ਗਿੱਲ, ਅਭਿਸ਼ੇਕ ਸ਼ਰਮਾ ਅਤੇ ਹਰਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਜੜ੍ਹ ਗੰਢ ਨੀਮਾਟੋਡ ਬੈਂਗਣ, ਭਿੰਡੀ, ਟਮਾਟਰ, ਪੇਠਾ ਆਦਿ ਫਸਲਾਂ ਦਾ ਬਹੁਤ ਨੁਕਸਾਨ ਕਰਦੇ ਹਨ। ਜੜ੍ਹ-ਗੰਢ ਨੀਮਾਟੋਡ ਮਿੱਟੀ ’ਚ ਪਲਦੇ ਰਹਿੰਦੇ ਹਨ ਅਤੇ ਸਬਜ਼ੀਆਂ ਦੀਆਂ ਜੜ੍ਹਾਂ ’ਤੇ ਹਮਲਾ ਕਰ ਕੇ ਗੰਢਾਂ ਬਣਾ ਲੈਂਦੇ ਹਨ। ਜਿਸ ਕਰ ਕੇ ਬੂਟੇ ਦੀਆਂ ਜੜ੍ਹਾਂ ਜ਼ਮੀਨ ਵਿਚੋਂ ਖੁਰਾਕ ਅਤੇ ਪਾਣੀ ਲੈਣ ਤੋਂ ਅਸਮਰੱਥ ਹੋ ਜਾਂਦੀਆਂ ਹਨ। ਬੀਮਾਰੀ ਵਾਲੀ ਫ਼ਸਲ ਦੇ ਪੱਤੇ ਪੀਲੇ ਪੈ ਕੇ ਮਰ ਜਾਂਦੇ ਹਨ ਅਤੇ ਬੂਟਿਆਂ ਦਾ ਵਾਧਾ ਰੁੱਕ ਜਾਂਦਾ ਹੈ। ਟਮਾਟਰਾਂ ਦੇ ਜਿਨ੍ਹਾਂ ਖੇਤਾਂ ਵਿਚ ਇਹ ਬੀਮਾਰੀ ਲੱਗਦੀ ਹੋਵੇ, ਉਥੇ ਰੋਗ ਦਾ ਟਾਕਰਾ ਕਰਨ ਵਾਲੀ ਕਿਸਮ ਪੰਜਾਬ ਐੱਨਆਰ-7 ਦੀ ਕਾਸ਼ਤ ਕਰੋ। ਮਈ-ਜੂਨ ਦੇ ਮਹੀਨੇ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਵਾਲੀ ਜ਼ਮੀਨ ਨੂੰ ਭਰਵਾਂ ਪਾਣੀ ਲਾ ਕੇ 50 ਮਾਈਕ੍ਰੋਨ ਪਲਾਸਟਿਕ ਦੀ ਚਾਦਰ (ਸ਼ੀਟ) ਨਾਲ ਚੰਗੀ ਤਰ੍ਹਾਂ ਢੱਕ ਕੇ 40 ਦਿਨਾਂ ਵਾਸਤੇ ਧੁੱਪ ਲਵਾਓ। ਨੀਮਾਟੋਡ ਪ੍ਰਭਾਵਿਤ ਖੇਤਾਂ ਵਿਚ ਤੋਰੀਆ ਜਾਂ ਤਾਰਾਮੀਰਾ (40 ਦਿਨ) ਜਾਂ ਸਣ (50 ਦਿਨ) ਜਾਂ ਗੇਂਦੇ (60 ਦਿਨ) ਦੀ ਹਰੀ ਖਾਦ ਕਰ ਕੇ ਇਸ ਨੂੰ ਘਟਾਇਆ ਜਾ ਸਕਦਾ ਹੈ। ਇਕ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਜੜ੍ਹ-ਗੰਢ ਨੀਮਾਟੋਡ ਤੋਂ ਪ੍ਰਭਾਵਿਤ ਜ਼ਮੀਨਾਂ ਵਿਚ ਢੈਂਚੇ ਦੀ ਹਰੀ ਖਾਦ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਨੀਮਾਟੋਡ ਦੀ ਮਿਕਦਾਰ ਵਿੱਚ ਵਾਧਾ ਹੋ ਜਾਂਦਾ ਹੈ।
 


rajwinder kaur

Content Editor

Related News