ਟਿੱਡੀ ਦਲ ਦੇ ਹਮਲੇ ਪ੍ਰਤੀ ਅਗਾਊ ਪ੍ਰਬੰਧਾਂ ਲਈ ਕੀਤੀ ਗਈ ਮੀਟਿੰਗ

05/21/2020 12:51:36 PM

ਜਲੰਧਰ - ਪੰਜਾਬ ਸੂਬੇ ਵਿੱਚ ਟਿੱਡੀ ਦਲ ਦੇ ਹਮਲੇ ਲਈ ਲੋੜੀਦੇ ਰੋਕਥਾਮ ਦੇ ਉਪਰਾਲੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕੀਤੇ ਜਾ ਰਹੇ ਹਨ। ਡਾ. ਸੁਤੰਤਰ ਕੁਮਾਰ ਐਰੀ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੇ ਜਲੰਧਰ ਵਿਖੇ ਕੀਤੀ ਗਈ ਮੀਟਿੰਗ ਵਿੱਚ ਟਿੱਡੀ ਦਲ ਦਾ ਹਮਲਾ ਰੋਕਣ ਲਈ ਕੀਤੇ ਗਏ ਅਗਾਂਊ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਹਦਾਇਤ ਕੀਤੀ ਹੈ ਕਿ ਟਿੱਡੀ ਦਲ ਬਾਰੇ ਪਿੰਡਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਲੋੜੀਂਦੇ ਸਪਰੇ ਪੰਪਾਂ ਅਤੇ ਦਵਾਈਆਂ ਆਦਿ ਦਾ ਪ੍ਰਬੰਧ ਵੀ ਅਗਾਊ ਹੀ ਕਰਨ ਦੀ ਜਰੂਰਤ ਹੈ। ਡਾ. ਐਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਟਿੱਡੀ ਦਲ ਦੇ ਹਮਲੇ ਨੂੰ ਨਜਿਠੱਣ ਲਈ 1 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਪੰਜਾਬ ਸੂਬੇ ਦੇ ਸਰਹੱਦੀ ਜ਼ਿਲਿਆਂ ਵਿੱਚ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰਾਲੇ ਅਤੇ ਪੀ.ਏ.ਯੂ ਦੀਆਂ ਟੀਮਾਂ ਵੱਲੋਂ ਰੈਗੂਲਰ ਤੌਰ ’ਤੇ ਨਿਰੀਖਣ ਕੀਤਾ ਜਾ ਰਿਹਾ ਹੈ।

ਇਸ ਦੇ ਸਬੰਧ ਵਿੱਚ ਜ਼ਿਲਾ ਫਾਜ਼ਿਲਕਾ ਦੇ ਕੁੱਝ ਪਿੰਡਾਂ ਵਿੱਚ ਹੋਏ ਟਿੱਡੀ ਦਲ ਦੇ ਹਮਲੇ ਲਈ ਪਿੰਡ ਦੇ ਕਿਸਾਨਾਂ ਨੂੰ ਨਾਲ ਸ਼ਾਮਲ ਕਰਦੇ ਹੋਏ ਰੋਕਥਾਮ ਕੀਤੀ ਗਈ ਸੀ। ਡਾ. ਐਰੀ ਨੇ ਸਮੂਹ ਆਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਜਿੱਥੇ ਪਿੰਡਾਂ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਉਥੇ ਰੋਜ਼ਾਨਾ ਸਰਵੇ ਕਰਦੇ ਹੋਏ ਆਪਣੀ ਰਿਪੋਰਟ ਭੇਜਣ ਤਾਂ ਜੋ ਇਸ ਮਹਤੱਵਪੂਰਨ ਕੀੜੇ ਦੀ ਵੇਲੇ ਸਿਰ ਰੋਕਥਾਮ ਕੀਤੀ ਜਾ ਸਕੇ। ਉਨ੍ਹਾਂ ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦ, ਜ਼ਿਲਿਆਂ ਅਤੇ ਪਿੰਡਾਂ ਵਿੱਚ ਜ਼ਿਆਦਾ ਸੁਚੇਤ ਹੋਣ ਬਾਰੇ ਕਿਹਾ।

PunjabKesari

ਇਸ ਦੇ ਨਾਲ ਡਾ. ਐਰੀ ਵੱਲੋਂ ਕਿਸਾਨਾਂ ਨੂੰ ਸੁਚੇਤ ਕਰਦਿਆ ਕਿਹਾ ਹੈ ਕਿ ਉਹ ਆਪਣੇ ਕੁਦਰਤੀ ਵਸੀਲਿਆਂ ਭਾਵ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਝੋਨੇ ਹੇਠੋਂ ਰਕਬਾ ਘਟਾਉਂਦੇ ਹੋਏ ਮੱਕੀ ਹੇਠ ਰਕਬਾ ਵਧਾਉਣ। ਉਨ੍ਹਾਂ ਦੱਸਿਆ ਕਿ ਇਕ ਕਿਲੋ ਚਾਵਲ ਪੈਦਾ ਕਰਨ ਲਈ ਤਕਰੀਬਨ 4000 ਲੀਟਰ ਪਾਣੀ ਲੱਗਦਾ ਹੈ ਜਦ ਕਿ ਮੱਕੀ ਦੀ ਫਸਲ ਬਹੁਤ ਘੱਟ ਪਾਣੀ ਨਾਲ ਪਾਲੀ ਜਾ ਸਕਦੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕੇ ਵਿਭਾਗ ਵੱਲੋਂ ਵੱਖ-ਵੱਖ ਤਕਰੀਬਨ 14 ਕਿਸਮਾਂ ਦਾ ਹਾਇਬ੍ਰਿਡ ਮੱਕੀ ਬੀਜ ਸੂਬੇ ਦੇ ਬਲਾਕ ਦਫਤਰਾਂ ਪਾਸ ਪੁੱਜਦਾ ਕੀਤਾ ਜਾ ਰਿਹਾ ਹੈ ਅਤੇ ਇਹ ਬੀਜ ਵਿਭਾਗ ਵੱਲੋਂ ਕਿਸਾਨਾ ਲਈ ਪਿੰਡਾਂ ਵਿੱਚ ਪੁੱਜਦਾ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਸਾਲ ਰਾਜ ਵਿੱਚ ਮੱਕੀ ਹੇਠ 1.60 ਲੱਖ ਹੈਕਟੇਅਰ ਰਕਬਾ ਬੀਜਿਆ ਗਿਆ ਸੀ, ਜਿਸਨੂੰ ਇਸ ਸਾਲ 3 ਲੱਖ ਹੈਕਟੇਅਰ ਕਰਨ ਦੀ ਯੋਜਨਾ ਹੈ। ਡਾ. ਐਰੀ ਨੇ ਕੋਵਿਡ-19 ਕਰਕੇ ਮਜ਼ਦੂਰਾਂ ਦੇ ਵੱਡੇ ਪੱਧਰ ’ਤੇ ਹੋ ਰਹੇ ਪਲਾਇਨ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਆਪਣੇ ਝੋਨੇ ਦਾ 20% ਰਕਬਾ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਨਾਲ ਬੀਜਣ ਲਈ ਕਿਹਾ ਜਾ ਰਿਹਾ ਹੈ।

ਇਸ ਦੇ ਨਾਲ ਝੋਨੇ ਦੀ ਮਸ਼ੀਨ ਰਾਹੀਂ ਲਵਾਈ ਤਕਨੀਕ ਨੂੰ ਵੀ ਵਿਭਾਗ ਵੱਲੋਂ ਹੱਲਾਸ਼ੇਰੀ ਦੇਣ ਵਾਸਤੇ ਕੋਸ਼ਿਸ਼ਾ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਸੂਬੇ ਦੇ ਕਿਸਾਨਾਂ ਨੂੰ ਖਾਦਾ ਦੀ ਸੰਜਮ ਨਾਲ ਵਰਤੋਂ ਕਰਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਹੈ ਕਿ ਜੇਕਰ ਹਾੜੀ ਰੁੱਤ ਵਿੱਚ ਬੀਜੀ ਕਣਕ ਦੀ ਫਸਲ ਨੂੰ ਡੀ.ਏ.ਪੀ ਖਾਦ ਪੂਰੀ ਪਾਈ ਹੈ ਤਾਂ ਸਬੰਧਤ ਖੇਤਾਂ ਵਿੱਚ ਸਾਊਣੀ ਦੌਰਾਨ ਝੋਨਾ/ਮੱਕੀ ਆਦਿ ਦੀ ਫਸਲ ਨੂੰ ਡੀ.ਏ.ਪੀ ਖਾਦ ਪਾਉਣ ਦੀ ਲੋੜ ਨਹੀਂ ਹੈ। ਮੀਟਿੰਗ ਵਿੱਚ ਡਾ. ਐਰੀ ਵੱਲੋਂ ਜ਼ਿਲਾ ਜਲੰਧਰ ਰਾਹੀ ਕਿਸਾਨ ਹਿੱਤ ਵਿੱਚ ਝੌਨੇ ਦੀ ਸਿੱਧੀ ਬਿਜਾਈ ਅਤੇ ਮਸ਼ੀਨਾਂ ਨਾਲ ਲਵਾਈ ਦਾ ਈ.ਮੈਗਜ਼ੀਨ ਵੀ ਕਿਸਾਨਾ ਲਈ ਜਾਰੀ ਕੀਤਾ। ਮੀਟਿੰਗ ਵਿੱਚ ਮੌਜੂਦ ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਟਿੱਡੀ ਦਲ ਦੇ ਹਮਲੇ ਪ੍ਰਤੀ ਬਲਾਕ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ।

PunjabKesari

ਉਨ੍ਹਾਂ ਦੱਸਿਆ ਕਿ ਟਿੱਡੀ ਦਲ ਦੀ ਰੋਕਥਾਮ ਵਾਸਤੇ ਲੋੜੀਂਦੇ ਸਪਰੇ ਪੰਪ, ਦਵਾਈਆਂ ਆਦਿ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੱਕੀ ਹੇਠਾ ਰਕਬਾ ਵਧਾਊਣ ਲਈ ਹਰੇਕ ਬਲਾਕ ਵਿੱਚ ਹਾਇਬ੍ਰਿਡ ਮੱਕੀ ਦੀਆਂ ਕਿਸਮਾਂ ਦਾ ਬੀਜ ਪੁੱਜ ਚੁੱਕਾ ਹੈ। ਇਸ ਮੀਟਿੰਗ ਵਿੱਚ ਮੌਜੂਦ ਡਾ. ਰਣਜੀਤ ਸਿੰਘ ਚੌਹਾਣ, ਡਾ. ਜੋਗਰਾਜਬੀਰ ਸਿੰਘ, ਡਾ. ਅਰੁਣ ਕੋਹਲੀ, ਡਾ. ਗੁਰਮੁੱਖ ਸਿੰਘ ਬਲਾਕ ਖੇਤੀਬਾੜੀ ਅਫਸਰਾਂ ਨੇ ਯਕੀਨ ਦਵਾਇਆਂ ਕੇ ਉਨ੍ਹਾਂ ਵਲੋਂ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਦੇ ਹੋਏ ਕਿਸਾਨ ਹਿੱਤ ਵਿੱਚ ਉਪਰਾਲੇ ਕੀਤੇ ਜਾਣਗੇ।               

ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫਸਰ ਕਮ ਖੇਤੀਬਾੜੀ ਅਫਸਰ
ਦਫਤਰ ਮੁੱਖ ਖੇਤੀਬਾੜੀ ਅਫਸਰ, ਜਲੰਧਰ 


rajwinder kaur

Content Editor

Related News