ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋ ਜਾਣ ਦੇ ਬਾਵਜੂਦ ''ਸੁੰਨੇ'' ਅਤੇ ''ਖਾਲੀ'' ਰਹੇ ਪੰਜਾਬ ਦੇ ਖੇਤ
Saturday, Jun 13, 2020 - 07:06 PM (IST)
ਗੁਰਦਾਸਪੁਰ (ਹਰਮਨ) - ਧਰਤੀ ਹੇਠਲਾ ਪਾਣੀ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਸਾਲ 2009 ਦੌਰਾਨ ਬਣਾਏ ਗਏ ਐਕਟ ਤਹਿਤ ਬੇਸ਼ੱਕ ਅੱਜ ਤੋਂ ਸੂਬੇ ਅੰਦਰ ਝੋਨੇ ਦੀ ਲਵਾਈ ਦਾ ਕੰਮ ਰਸਮੀ ਤੌਰ 'ਤੇ ਸ਼ੁਰੂ ਹੋ ਗਿਆ ਹੈ। ਪਰ ਲੇਬਰ ਦੀ ਘਾਟ ਸਮੇਤ ਹੋਰ ਕਈ ਕਾਰਨਾਂ ਦੇ ਚਲਦਿਆਂ ਅੱਜ ਵੀ ਪੰਜਾਬ ਦੇ ਬਹੁਤੇ ਇਲਾਕਿਆਂ ਅੰਦਰ ਝੋਨੇ ਦੀ ਲਵਾਈ ਦਾ ਕੰਮ ਤੇਜੀ ਨਹੀਂ ਫੜ ਸਕਿਆ। ਅੱਜ ਵੀ ਵੱਖ-ਵੱਖ ਜ਼ਿਲਿਆਂ ਅੰਦਰ ਦੂਰ-ਦੂਰ ਤੱਕ ਖੇਤ ਖਾਲੀ ਅਤੇ ਸੁੰਨੇ ਹੀ ਦਿਖਾਈ ਦਿੱਤੇ, ਜਿਥੇ ਝੋਨੇ ਦੀ ਲਵਾਈ ਸ਼ੁਰੂ ਕਰਨ ਦੀ ਅਜੇ ਕੋਈ ਵੀ ਤਿਆਰੀ ਨਜ਼ਰ ਨਹੀਂ ਆ ਰਹੀ ਸੀ।
ਪੜ੍ਹੋ ਇਹ ਵੀ - ਨਿਊਜ਼ੀਲੈਂਡ ਸੰਸਦ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਪਾਏ ਯੋਗਦਾਨ ਸਦਕਾ ਸਿੱਖ ਕੌਮ ਦਾ ਧੰਨਵਾਦ !
ਬਿਜਲੀ-ਪਾਣੀ ਮਿਲਣ ਦੇ ਬਾਵਜੂਦ ਪ੍ਰੇਸ਼ਾਨ ਹਨ ਕਿਸਾਨ
ਭਾਵੇਂ ਪਾਵਰਕਾਮ ਨੇ ਆਪਣੇ ਕੀਤੇ ਐਲਾਨ ਮੁਤਾਬਕ ਕਿਸਾਨਾਂ ਨੂੰ ਤਿੰਨ ਫੇਜ ਬਿਜਲੀ ਸਪਲਾਈ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਪੰਜਾਬ ਦੇ ਵੱਖ-ਵੱਖ ਹਿਸਿਆਂ ਅੰਦਰ ਹੋਈ ਬਾਰਿਸ਼ ਕਾਰਨ ਹੁਣ ਜ਼ਿਆਦਾਤਰ ਖੇਤਾਂ ਵਿਚ ਪਾਣੀ ਦੀ ਕਿੱਲਤ ਵੀ ਨਹੀਂ ਹੈ। ਪਰ ਫਿਰ ਵੀ ਕਿਸਾਨ ਪ੍ਰੇਸ਼ਾਨ ਹਨ। ਜ਼ਿਲਾ ਗੁਰਦਾਸਪੁਰ ਦੇ ਕਈ ਕਿਸਾਨ ਰਣਜੀਤ ਸਿੰਘ, ਹਰਪਾਲ ਸਿੰਘ, ਗੁਰਦੇਵ ਸਿੰਘ ਸਮੇਤ ਕਈ ਕਿਸਾਨਾਂ ਨੇ ਦੱਸਿਆ ਕਿ ਸਰਕਾਰ ਨੇ ਪਨੀਰੀ ਦੀ ਬਿਜਾਈ ਕਰਨ ਲਈ ਬਹੁਤ ਘੱਟ ਸਮਾਂ ਦਿੱਤਾ ਹੈ, ਜਿਸ ਦੇ ਚਲਦਿਆਂ ਜਿਹੜੇ ਕਿਸਾਨਾਂ ਨੇ ਸਰਕਾਰ ਦੀ ਹਦਾਇਤ ਅਨੁਸਾਰ 1 ਮਈ ਤੋਂ ਬਾਅਦ ਪਨੀਰੀ ਬੀਜੀ ਸੀ, ਉਨ੍ਹਾਂ ਵਿਚੋਂ ਕਈ ਕਿਸਾਨਾਂ ਦੀ ਪਨੀਰੀ ਵੀ ਅਜੇ ਤੱਕ ਚੰਗੀ ਤਰਾਂ ਤਿਆਰ ਨਹੀਂ ਹੋਈ।
ਪੜ੍ਹੋ ਇਹ ਵੀ - ਕੋਰੋਨਾ ਦੌਰ ’ਚ ਤੰਦਰੁਸਤ ਬਣੇ ਰਹਿਣ ਲਈ ਅਪਣਾਓ ਇਹ ਆਸਾਨ ਤਰੀਕੇ
ਸੂਬੇ ਅੰਦਰ 15 ਲੱਖ ਖੇਤੀ ਮਜ਼ਦੂਰ ਹੋਣ ਦੇ ਬਾਵਜੂਦ ਨਹੀਂ ਲੱਭ ਰਹੇ ਮਜ਼ਦੂਰ
ਇਕ ਅਨੁਮਾਨ ਅਨੁਸਾਰ ਪੰਜਾਬ ਅੰਦਰ ਕਰੀਬ 15 ਲੱਖ ਲੋਕਲ ਖੇਤੀ ਮਜ਼ਦੂਰ ਹੋਣ ਦੇ ਬਾਵਜੂਦ ਪੰਜਾਬ ਦੇ ਕਿਸਾਨ ਖੇਤੀਬਾੜੀ ਦੇ ਕੰਮਾਂ ਲਈ ਪ੍ਰਵਾਸੀ ਮਜ਼ਦੂਰਾਂ 'ਤੇ ਨਿਰਭਰ ਹੋ ਚੁੱਕੇ ਹਨ। ਪਰ ਇਸ ਸਾਲ ਜਦੋਂ ਪ੍ਰਵਾਸੀ ਮਜ਼ਦੂਰ ਕਰੋਨਾ ਵਾਇਰਸ ਕਾਰਨ ਪੰਜਾਬ 'ਚ ਵਾਪਸ ਨਹੀਂ ਆ ਸਕੇ ਤਾਂ ਝੋਨੇ ਦੀ ਲਵਾਈ ਨੂੰ ਲੈ ਕੇ ਪਿੰਡਾਂ ਅੰਦਰ ਕਿਸਾਨ ਤੇ ਲਵਾਈ ਕਰਨ ਵਾਲੇ ਲੋਕਲ ਮਜ਼ਦੂਰਾਂ ਦਰਮਿਆਨ ਆਹਮਣੇ ਸਾਹਮਣੇ ਵਾਲੀ ਸਥਿਤੀ ਬਣੀ ਹੋਈ ਹੈ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਸੂਬੇ ਅੰਦਰ ਮੌਜੂਦ ਲੱਖਾਂ ਮਜ਼ਦੂਰਾਂ ਵਿਚੋਂ ਕਰੀਬ 35 ਫੀਸਦੀ ਮਜ਼ਦੂਰ ਹੀ ਖੇਤੀ ਦਾ ਕੰਮ ਕਰਦੇ ਹਨ ਜਦੋਂ ਕਿ ਬਾਕੀ ਦੇ ਮਜ਼ਦੂਰ ਹੁਣ ਖੇਤੀ ਦਾ ਕੰਮ ਕਰਕੇ ਹੋਰ ਕੰਮਾਂ ਨੂੰ ਤਰਜੀਹ ਦੇਣ ਲੱਗ ਪਏ ਹਨ। ਇਹੀ ਕਾਰਨ ਮੰਨਿਆ ਜਾ ਰਿਹਾ ਹੈ ਹੁਣ ਜਦੋਂ ਪੰਜਾਬ ਅੰਦਰ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਪੈਦਾ ਹੋਈ ਹੈ ਤਾਂ ਸੂਬੇ ਅੰਦਰ 15 ਲੱਖ ਮਜ਼ਦੂਰ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਮਜ਼ਦੂਰ ਨਹੀਂ ਲੱਭ ਰਹੇ।
ਪੜ੍ਹੋ ਇਹ ਵੀ - ਆਓ ਆਪਣੇ ਚਿਹਰੇ ਦੀ ਮੁਸਕਰਾਹਟ ਨੂੰ ਸਦਾ ਬਰਕਰਾਰ ਰੱਖੀਏ...
ਸਿੱਧੀ ਲਵਾਈ ਹੇਠ ਰਕਬੇ ਨੇ ਤੋੜਿਆ ਰਿਕਾਰਡ
ਮਜ਼ਦੂਰਾਂ ਵੱਲੋਂ ਪ੍ਰਤੀ ਏਕੜ ਝੋਨੇ ਦੀ ਲਵਾਈ ਲਈ 6 ਤੋਂ 7 ਹਜ਼ਾਰ ਰੁਪਏ ਦੀ ਮੰਗ ਕੀਤੇ ਜਾਣ ਕਾਰਨ ਪਿੰਡਾਂ ਅੰਦਰ ਕਈ ਕਿਸਾਨਾਂ ਜਥੇਬੰਦੀਆਂ ਦੇ ਆਗੂਆਂ ਨੇ ਪਿਛਲੇ ਸਾਲ ਦੇ ਆਸ ਪਾਸ ਹੀ ਰੇਟ ਦੇਣ ਦੀਆਂ ਅਰਦਾਸਾਂ ਕੀਤੀਆਂ ਹੋਈਆਂ ਹਨ। ਗੁਰੂ ਘਰਾਂ ਵਿਚ ਜਾ ਕੇ ਬਕਾਇਦਾ ਐਲਾਨ ਕੀਤਾ ਹੈ ਕਿ ਉਹ ਇਸ ਤੋਂ ਜ਼ਿਆਦਾ ਪੈਸੇ ਨਹੀਂ ਦੇਣਗੇ। ਅਜਿਹੀ ਸਥਿਤੀ ਵਿਚ ਕਈ ਪਿੰਡਾਂ ਅੰਦਰ ਮਜ਼ਦੂਰ ਵੀ ਘੱਟ ਪੈਸੇ ਲੈ ਕੇ ਲਵਾਈ ਨਾ ਕਰਨ ਦੀ ਜਿੱਦ 'ਤੇ ਅੜੇ ਹੋਏ ਹਨ। ਇਸ ਕਾਰਨ ਕਿਸਾਨਾਂ ਨੇ ਇਸ ਸਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦਿੱਤੀ ਹੈ, ਜਿਸ ਦੇ ਚਲਦਿਆਂ ਸੂਬੇ ਅੰਦਰ ਲੱਗਣ ਵਾਲੇ ਕਰੀਬ 27 ਲੱਖ ਹੈਕਟੇਅਰਬ ਰਕਬੇ ਝੋਨੇ ਤੇ ਬਾਸਮਤੀ ਵਿਚੋਂ ਹੁਣ ਤੱਕ ਕਿਸਾਨਾਂ ਨੇ ਕਰੀਬ 2 ਲੱਖ ਹੈਕਟੇਅਰ ਰਕਬੇ ਵਿਚ ਸਿੱਧੀ ਬਿਜਾਈ ਕਰ ਲਈ ਹੈ। ਸਿੱਧੀ ਬਿਜਾਈ ਹੇਠ ਵਧਿਆ ਇਹ ਰਕਬਾ ਪਿਛਲੇ ਸਾਲ ਦੇ ਮੁਕਾਬਲੇ ਕਰੀਬ 9 ਗੁਣਾ ਹੈ। ਜੇਕਰ ਦੂਸਰੇ ਪੱਖ ਤੋਂ ਦੇਖਿਆ ਜਾਵੇ ਤਾਂ ਇਸ ਸਾਲ ਝੋਨੇ ਹੇਠ ਆਇਆ 2 ਲੱਖ ਹੈਕਟੇਅਰ ਰਕਬਾ ਪਿਛਲੇ ਪੰਜ ਸਾਲਾਂ ਦੌਰਾਨ ਸਿੱਧੀ ਬਿਜਾਈ ਦੇ ਕੁੱਲ ਰਕਬੇ ਦੇ ਜੋੜ ਤੋਂ ਵੀ ਜਿਆਦਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਜਦੋਂ ਸਾਲ 2009-10 'ਚ ਪਹਿਲੀ ਵਾਰ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਹੋਈ ਸੀ ਤਾਂ ਉਸ ਤੋਂ ਬਾਅਦ ਹੁਣ ਤੱਕ ਕਦੇ ਵੀ ਸਿੱਧੀ ਬਿਜਾਈ ਹੇਠ ਏਨਾ ਜ਼ਿਆਦਾ ਰਕਬਾ ਨਹੀਂ ਆਇਆ।
ਪੜ੍ਹੋ ਇਹ ਵੀ - ਸਿਰਦਰਦ ਤੋਂ ਛੁਟਕਾਰਾ ਪਾਉਣ ਲਈ ਪੀਓ ‘ਕਰੇਲੇ ਦਾ ਜੂਸ’, ਵਾਲਾਂ ਲਈ ਵੀ ਹੈ ਫਾਇਦੇਮੰਦ