ਕਮਾਦ ’ਚ ਅੰਤਰ-ਫ਼ਸਲਾਂ ਦੀ ਕਾਸ਼ਤ ‘ਕਿਸਾਨਾਂ ਲਈ ਲਾਹੇਵੰਦ’

Thursday, Sep 26, 2024 - 05:17 PM (IST)

ਕਮਾਦ ’ਚ ਅੰਤਰ-ਫ਼ਸਲਾਂ ਦੀ ਕਾਸ਼ਤ ‘ਕਿਸਾਨਾਂ ਲਈ ਲਾਹੇਵੰਦ’

ਖੇਤੀਬਾੜੀ ਅਧੀਨ ਜ਼ਮੀਨ ਦੀ ਉਪਲਬਧਤਾ ਸੀਮਤ ਹੋਣ ਕਾਰਨ ਇਨ੍ਹਾਂ ਫ਼ਸਲਾਂ ਹੇਠ ਰਕਬਾ ਵਧਾਉਣਾ ਹੁਣ ਸੰਭਵ ਨਹੀਂ ਹੈ। ਇਸ ਲਈ ਸਾਡੇ ਕੋਲ ਇਕ ਬਦਲ ਇਹ ਬਚਦਾ ਹੈ ਕਿ ਉਪਲਬਧ ਜ਼ਮੀਨ ’ਤੇ ਹੀ ਮੁੱਖ ਫ਼ਸਲਾਂ ਵਿਚਕਾਰ ਖਾਲੀ ਬਚੀ ਹੋਈ ਜਗ੍ਹਾ ਵਿਚ ਅੰਤਰ-ਫ਼ਸਲੀ ਕਾਸ਼ਤ ਕਰਕੇ ਉਤਪਾਦਨ ਵਧਾਇਆ ਜਾਵੇ।
ਅੰਤਰ-ਫ਼ਸਲੀ ਕਾਸ਼ਤ ਕਰਨਾ ਕਾਸ਼ਤਕਾਰੀ ਦਾ ਅਜਿਹਾ ਢੰਗ ਹੈ, ਜਿਸ ਵਿਚ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਨੂੰ ਇਕ ਨਿਰਧਾਰਿਤ ਫ਼ਾਸਲੇ ’ਤੇ ਇਕੱਠਿਆਂ ਹੀ ਖੇਤ ਵਿਚ ਬੀਜ ਦਿੱਤਾ ਜਾਂਦਾ ਹੈ। ਕਮਾਦ ਇਕ ਲੰਬੇ ਸਮੇਂ ਵਿਚ ਹੋਣ ਵਾਲੀ ਫ਼ਸਲ ਹੈ, ਜੋ ਸ਼ੁਰੂ ਵਿਚ ਬਹੁਤ ਹੌਲੀ ਹੌਲੀ ਵਧਦੀ ਹੈ ਅਤੇ ਸਾਲ ਵਿਚ ਸਿਰਫ਼ ਇਕ ਵਾਰ ਹੀ ਕਿਸਾਨ ਨੂੰ ਆਮਦਨ ਦਿੰਦੀ ਹੈ। ਇਸ ਤੋਂ ਇਲਾਵਾ ਇਸ ਦੀਆਂ ਕਤਾਰਾਂ ਵਿਚ ਫ਼ਾਸਲਾ ਵੀ ਬਹੁਤ ਹੁੰਦਾ ਹੈ, ਇਸ ਲਈ ਇਹ ਫ਼ਸਲ ਥੋੜੇ ਸਮੇਂ ਵਿਚ ਹੋਣ ਵਾਲੀਆਂ ਬਹੁ-ਕੀਮਤੀ ਫ਼ਸਲਾਂ ਦੀ ਅੰਤਰ-ਫ਼ਸਲੀ ਕਾਸ਼ਤ ਲਈ ਢੁਕਵੀਂ ਸਿੱਧ ਹੁੰਦੀ ਹੈ।

ਪੱਤਝੜ ਰੁੱਤ ਵਿਚ ਬੀਜਿਆ ਹੋਇਆ ਕਮਾਦ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਪੁੰਗਰ ਪੈਂਦਾ ਹੈ ਪਰ ਬਸੰਤ ਰੁੱਤ ਆਉਣ ਤੱਕ ਇਸ ਦਾ ਵਾਧਾ ਬਹੁਤ ਘੱਟ ਹੁੰਦਾ ਹੈ। ਇਸ ਸਮੇਂ ਦੌਰਾਨ ਗੰਨੇ ਨੂੰ ਵਾਧੇ ਲਈ ਜ਼ਿਆਦਾ ਘਟਕਾਂ ਦੀ ਲੋੜ ਨਹੀਂ ਪੈਂਦੀ। ਇਸ ਲਈ ਇਸ ਰੁੱਤ ਵਿਚ ਬੀਜੇ ਗਏ ਕਮਾਦ ਤੋਂ ਵਧੇਰੇ ਮੁਨਾਫ਼ਾ ਲੈਣ ਲਈ ਇਸ ਦੇ ਨਾਲ ਬਹੁਤ ਸਾਰੀਆਂ ਹਾੜ੍ਹੀ ਦੀਆਂ ਫ਼ਸਲਾਂ ਦੀ ਅੰਤਰ-ਫ਼ਸਲੀ ਕਾਸ਼ਤ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਪੱਤਝੜ ਦੇ ਕਮਾਦ ਦੀ ਫ਼ਸਲ ਅਤੇ ਇਸ ਵਿਚ ਬੀਜੀਆਂ ਜਾਂਦੀਆਂ ਫ਼ਸਲਾਂ ਦੀ ਕਾਸ਼ਤ ਲਈ ਹੇਠਾਂ ਦੱਸੇ ਹੋਏ ਨੁਕਤਿਆਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।

ਕਮਾਦ ਦੀ ਕਾਸ਼ਤ

ਕਿਸਮਾਂ ਦੀ ਚੋਣ : ਪਤਝੜ ਰੁੱਤ ਵਿਚ ਕਮਾਦ ਦੀਆਂ ‘ਸੀ ਓ ਪੀ ਬੀ 92, ਸੀ ਓ 118, ਸੀ ਓ ਜੇ 85 ਅਤੇ ਸੀ ਓ ਜੇ 64’ ਕਿਸਮਾਂ ਦੀ ਚੋਣ ਕਰਨੀ ਚਾਹੀਦੀ ਹੈ।

ਬਿਜਾਈ ਦਾ ਸਮਾਂ ਅਤੇ ਢੰਗ : ਤਿੰਨ ਅੱਖਾਂ ਵਾਲੀਆਂ 20 ਹਜ਼ਾਰ ਜਾਂ ਚਾਰ ਅੱਖਾਂ ਵਾਲੀਆਂ 15 ਹਜ਼ਾਰ ਜਾਂ ਪੰਜ ਅੱਖਾਂ ਵਾਲੀਆਂ 12 ਹਜ਼ਾਰ ਗੁੱਲੀਆਂ ਪ੍ਰਤੀ ਏਕੜ ਵਰਤਦੇ ਹੋਏ ਪੱਤਝੜ ਰੁੱਤ ਦੇ ਕਮਾਦ ਦੀ ਬਿਜਾਈ 20 ਸਤੰਬਰ ਤੋਂ 20 ਅਕਤੂਬਰ ਤੱਕ 90 ਸੈਂਟੀਮੀਟਰ ਵਿਥ ਦੀਆਂ ਕਤਾਰਾਂ ਵਿਚ ਕਰਨੀ ਚਾਹੀਦੀ ਹੈ। ਦੋ ਕਤਾਰੀ ਖ਼ਾਲੀ ਵਿਧੀ ਰਾਹੀਂ ਬਿਜਾਈ ਕਰਨ ਲਈ ਫ਼ਸਲ ਦੀ ਬਿਜਾਈ 2 ਕਤਾਰਾਂ ਵਿਚ ਇਕ ਫੁੱਟ ਚੌੜੀਆਂ ਅਤੇ 20-25 ਸੈਂਟੀਮੀਟਰ ਡੂੰਘੀਆਂ ਖਾਲ਼ੀਆਂ, ਜੋ ਕਿ ਆਪਸ ਵਿਚ 3 ਫ਼ੁੱਟ ਦੇ ਫ਼ਾਸਲੇ ’ਤੇ ਬਣਾਈਆਂ ਹੋਣ, ਵਿਚ ਕੀਤੀ ਜਾਂਦੀ ਹੈ।  
ਬਰੋਟੇ (ਗੁੱਲੀਆਂ) ਖਾਲ਼ੀਆਂ ਵਿਚ ਰੱਖਣ ਤੋਂ ਬਾਅਦ ਦੋ ਖਾਲ਼ੀਆਂ  ਵਿਚਕਾਰਲੀ ਮਿੱਟੀ ਨਾਲ ਢਕ ਦਿੱਤੇ ਜਾਂਦੇ ਹਨ। ਕਮਾਦ ਦੀ ਫ਼ਸਲ ਦੀ ਬਿਜਾਈ ਬੈੱਡ ਪਲਾਂਟਰ ਦੁਆਰਾ ਬੀਜੀ ਗਈ ਕਣਕ ਦੀ ਖੜ੍ਹੀ ਫ਼ਸਲ ਵਿਚ ਵੀ ਕੀਤੀ ਜਾ ਸਕਦੀ ਹੈ। ਇਸ ਦੇ  ਲਈ ਬਿਜਾਈ ਤੋਂ ਇਕ  ਦਿਨ ਪਹਿਲਾਂ ਸ਼ਾਮ ਵੇਲੇ ਪਾਣੀ ਲਗਾਉਣ ਤੋਂ ਬਾਅਦ ਅਗਲੇ ਦਿਨ ਸਿਫ਼ਾਰਿਸ਼ ਅਨੁਸਾਰ ਸੋਧੀਆਂ ਹੋਈਆਂਗੁੱਲੀਆਂ ਸਿਆੜਾਂ ਵਿਚ ਰੱਖਣ ਉਪਰੰਤ ਪੈਰਾਂ ਨਾਲ ਦਬਾਅ ਦੇਣੀਆਂ ਚਾਹੀਦੀਆਂ ਹਨ।

ਖਾਦ ਪ੍ਰਬੰਧਨ : ਖਾਦਾਂ ਦੀ ਵਰਤੋਂ ਆਮ ਤੌਰ ਮਿੱਟੀ ਪਰਖ ਦੇ ਆਧਾਰ ’ਤੇ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਮਿੱਟੀ  ਪਰਖ ਨਾ ਕਰਾਉਣ ਦੀ ਸੂਰਤ ਵਿਚ ਦਰਮਿਆਨੀਆਂ ਉਪਜਾਊ ਜ਼ਮੀਨਾਂ ਵਿਚ 195 ਕਿਲੋ ਯੂਰੀਆ ਪ੍ਰਤੀ ਏਕੜ (ਤੀਜਾ ਹਿੱਸਾ ਬਿਜਾਈ ਵੇਲੇ, ਤੀਜਾ ਹਿੱਸਾ ਮਾਰਚ ਦੇ ਅਖੀਰ ਵਿਚ ਅਤੇ ਬਾਕੀ ਦਾ ਤੀਜਾ ਹਿੱਸਾ ਅਪ੍ਰੈਲ ਦੇ ਅਖੀਰ ਵਿਚ) ਪਾਉਣੀ ਚਾਹੀਦੀ ਹੈ। ਫ਼ਾਸਫ਼ੋਰਸ ਤੱਤ ਦੀ ਵਰਤੋਂ ਸਿਰਫ਼ ਘਾਟ ਵਾਲੀਆਂ ਜ਼ਮੀਨਾਂ ਵਿਚ 75 ਕਿੱਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨੀ ਚਾਹੀਦੀ ਹੈ। ਪੰਜਾਬ ਵਿਚ ਕਮਾਦ ਦੀ ਫ਼ਸਲ ਨੂੰ ਪੋਟਾਸ਼ ਤੱਤ ਦੀ ਲੋੜ  ਨਹੀਂ ਪੈਂਦੀ। 

ਨਦੀਨਾਂ ਦੀ ਰੋਕਥਾਮ : ਕਮਾਦ ਵਿਚ ਅੰਤਰ ਫ਼ਸਲ ਦੇ ਤੌਰ ਤੇ ਬੀਜੀ ਕਣਕ ਵਿਚ ਗੁੱਲੀ-ਡੰਡੇ ਜਾਂ ਕਣਕ ਵਾਲੇ ਹੋਰ ਨਦੀਨਾਂ ਦੀ ਸਮੱਸਿਆ ਆ ਜਾਂਦੀ ਹੈ। ਇਸ ਲਈ ਨਿਰੋਲ ਕਣਕ ਦੀ ਫ਼ਸਲ ਲਈ ਸਿਫ਼ਾਰਸ਼ ਕੀਤੇ ਨਦੀਨ ਨਾਸ਼ਕਾਂ ਨੂੰ ਵਰਤ ਕੇ ਕਮਾਦ ਵਿਚ ਬੀਜੀ ਕਣਕ ਵਿਚੋਂ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। 

ਸਿੰਚਾਈ : ਪਹਿਲਾ ਪਾਣੀ ਬਿਜਾਈ ਤੋਂ ਇਕ ਮਹੀਨਾ ਬਾਅਦ ਅਤੇ ਇਸ ਪਿਛੋਂ  ਫ਼ਰਵਰੀ ਤੱਕ ਤਿੰਨ ਪਾਣੀ ਲਾਉਣੇ ਚਾਹੀਦੇ ਹਨ। ਗਰਮ ਅਤੇ ਖੁਸ਼ਕ ਮੌਸਮ ਕਰਕੇ ਅਪ੍ਰੈਲ ਤੋਂ ਜੂਨ ਵਾਲਾ ਸਮਾਂ ਕਮਾਦ ਦੇ ਵਾਧੇ ਲਈ ਬਹੁਤ ਨਾਜ਼ੁਕ ਸਮਾਂ ਹੈ। ਇਸ ਸਮੇਂ ਫ਼ਸਲ ਨੂੰ 7-12 ਦਿਨਾਂ ਦੇ ਵਕਫ਼ੇ ਅੰਦਰ ਲੋੜ  ਮੁਤਾਬਕ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ। ਬਾਰਿਸ਼ਾਂ ਦੇ ਦਿਨਾਂ ਵਿਚ ਜੇਕਰ ਖੇਤ ਵਿਚ ਬਾਰਿਸ਼ਾਂ ਨਾਲ ਬਹੁਤਾ ਪਾਣੀ ਖੜ੍ਹਾ ਹੋ ਜਾਵੇ ਤਾਂ ਉਸ ਨੂੰ ਬਾਹਰ ਕੱਢਣ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ।

ਅੰਤਰ-ਫ਼ਸਲਾਂ ਦੀ ਕਾਸ਼ਤ :  ਪੱਤਝੜ ਰੁੱਤ ਦੇ ਕਮਾਦ ਤੋਂ ਵਧੇਰੇ ਮੁਨਾਫ਼ਾ ਲੈਣ ਲਈ  ਅੰਤਰ ਫ਼ਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਅੰਤਰ ਫ਼ਸਲਾਂ ਦੀ ਕਾਸ਼ਤ ਕੁੱਲ ਉਪਜ ਅਤੇ ਸ਼ੁੱਧ ਆਮਦਨ ਵਧਾਉਣ ਲਈ, ਮਨੁੱਖੀ ਅਤੇ ਕੁਦਰਤੀ ਸਰੋਤਾਂ ਦੀ ਉਪਯੋਗਤਾ ਵਧਾਉਣ ਲਈ ਅਤੇ ਜ਼ਮੀਨ ਦੀ ਫ਼ਸਲੀ ਵਿਭਿੰਨਤਾ ਨੂੰ  ਪੂਰਾ ਕਰਨ ਲਈ ਬਹੁਤ ਹੀ ਲਾਹੇਵੰਦ ਤਕਨੀਕ ਹੈ। ਇਸ ਲਈ ਕਿਸਾਨ ਭਰਾਵਾਂ ਨੂੰ ਮੁੱਖ ਫ਼ਸਲਾਂ ਵਿਚ ਦੱਸੀਆਂ ਗਈਆਂ ਅੰਤਰ ਫ਼ਸਲ਼ਾਂ ਦੀ ਕਾਸ਼ਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਕਿ ਸੀਮਤ ਸਰੋਤਾਂ ਤੋਂ ਵੱਧ ਤੋਂ ਵੱਧ ਮੁਨਾਫ਼ਾ ਲਿਆ ਜਾ ਸਕੇ।               

 —ਫਤਿਹਜੀਤ ਸਿੰਘ ਸੇਖੋਂ, 
ਵਿਵੇਕ ਕੁਮਾਰ ਅਤੇ ਬਲਕਰਨ ਸਿੰਘ ਸੰਧੂ, ਮੋ.8284800299

 


author

Tarsem Singh

Content Editor

Related News