ਬਾਸਮਤੀ ਦੀ ਫਸਲ ਦਾ ਸਭ ਤੋਂ ਵੱਡਾ ਦੁਸ਼ਮਣ ਖਤਰਨਾਕ ਉੱਲੀ ਤੋਂ ਫੈਲਣ ਵਾਲਾ ‘ਝੰਡਾ ਰੋਗ’

Monday, Jul 06, 2020 - 12:34 PM (IST)

ਬਾਸਮਤੀ ਦੀ ਫਸਲ ਦਾ ਸਭ ਤੋਂ ਵੱਡਾ ਦੁਸ਼ਮਣ ਖਤਰਨਾਕ ਉੱਲੀ ਤੋਂ ਫੈਲਣ ਵਾਲਾ ‘ਝੰਡਾ ਰੋਗ’

ਗੁਰਦਾਸਪੁਰ (ਹਰਮਨਪ੍ਰੀਤ) - ਤਕਰੀਬਨ ਹਰੇਕ ਸਾਲ ਹੀ ਉੱਲੀ ਤੋਂ ਫੈਲਣ ਵਾਲੇ ਕਈ ਭਿਆਨਕ ਰੋਗ ਬਾਸਮਤੀ ਦੀ ਫਸਲ ਨੂੰ ਲਪੇਟ ਵਿਚ ਲੈ ਕੇ ਨਾ ਸਿਰਫ ਫਸਲ ਦੀ ਪੈਦਾਵਾਰ ਨੂੰ ਪ੍ਰਭਾਵਿਤ ਕਰਦੇ ਹਨ ਸਗੋਂ ਇਨ੍ਹਾਂ ਹਰੇਕ ਸਾਲ ਅਜਿਹੇ ਰੋਗਾਂ ਦੇ ਹੁੰਦੇ ਆ ਰਹੇ ਹਮਲੇ ਕਾਰਣ ਕਈ ਕਿਸਾਨ ਬਾਸਮਤੀ ਦੀ ਕਾਸ਼ਤ ਤੋਂ ਮੂੰਹ ਮੋੜ ਲੈਂਦੇ ਹਨ। ਖਾਸ ਤੌਰ ’ਤੇ ਬਾਸਮਤੀ ਦੀ ਫਸਲ ਦੇ ਸਭ ਤੋਂ ਵੱਡੇ ਦੁਸ਼ਮਣ ਝੰਡੇ ਰੋਗ ਨੇ ਇਹ ਹਾਲਾਤ ਪੈਦਾ ਕੀਤੇ ਹੋਏ ਹਨ ਕਿ ਖੜੀ ਫਸਲ ’ਤੇ ਹਮਲਾ ਹੋਣ ਦੀ ਸੂਰਤ ਵਿਚ ਕਈ ਵਾਰ ਬਾਸਮਤੀ ਦੀ ਪੈਦਾਵਾਰ 50 ਫੀਸਦੀ ਤੱਕ ਘੱਟ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ ਕਿਸਾਨ ਮੁੜ ਬਾਸਮਤੀ ਦੀ ਕਾਸ਼ਤ ਕਰਨ ਦੀ ਹਿੰਮਤ ਨਹੀਂ ਕਰਦੇ। ਪਰ ਦੂਜੇ ਪਾਸੇ ਖੇਤੀ ਮਾਹਿਰਾਂ ਇਹ ਦਾਅਵਾ ਕਰਦੇ ਆ ਰਹੇ ਹਨ ਕਿ ਜੇਕਰ ਕਿਸਾਨ ਬਾਸਮਤੀ ਦੀ ਬਿਜਾਈ ਅਤੇ ਲਵਾਈ ਤੋਂ ਪਹਿਲਾਂ ਥੋੜ੍ਹਾ ਜਿਹਾ ਧਿਆਨ ਦੇਣ ਤਾਂ ਨਾ ਸਿਰਫ ਝੰਡੇ ਰੋਗ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਸਗੋਂ ਖੇਤੀ ਖਰਚੇ ਘਟਾਉਣ ਦੇ ਨਾਲ-ਨਾਲ ਉੱਲੀ ਤੋਂ ਫੈਲਣ ਵਾਲੀਆਂ ਹੋਰ ਕਈ ਸਮੱਸਿਆਵਾਂ ਤੋਂ ਵੀ ਰਾਹਤ ਪ੍ਰਾਪਤ ਕੀਤੀ ਜਾ ਸਕਦੀ ਹੈ।

ਹਰ ਸਾਲ ਨਜ਼ਰ ਆਉਂਦਾ ਹੈ ਝੰਡਾ ਰੋਗ
ਬਾਸਮਤੀ ਦੀ ਫਸਲ ਵਿਚ ਝੰਡਾ ਰੋਗ ਦਾ ਹਮਲਾ ਹਰ ਸਾਲ ਹੀ ਨਜ਼ਰ ਆਉਂਦਾ ਹੈ। ਪਿਛਲੇ ਕੁਝ ਸਾਲਾਂ ਦੌਰਾਨ ਅਬੋਹਰ, ਫਾਜ਼ਿਲਕਾ, ਫਰੀਦਕੋਟ, ਕਪੂਰਥਲਾ, ਗੁਰਦਾਸਪੁਰ ਅਤੇ ਅੰਮ੍ਰਿਤਸਰ ਨਾਲ ਸਬੰਧਤ ਪਿੰਡਾਂ ਵਿਚ ਪੂਸਾ ਬਾਸਮਤੀ 1121 ਅਤੇ ਪੂਸਾ ਬਾਸਮਤੀ 1509 ਵਿਚ ਝੰਡਾ ਰੋਗ ਦਾ ਹਮਲਾ ਕਾਫੀ ਦੇਖਣ ਨੂੰ ਮਿਲਿਆ ਸੀ। ਬਾਸਮਤੀ ਦੀ ਅਗੇਤੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਖੇਤਾਂ ਵਿਚ ਇਸ ਦਾ ਹਮਲਾ ਵਧੇਰੇ ਵੇਖਿਆ ਗਿਆ।

ਗੰਭੀਰ ਚੁਣੌਤੀਆਂ ਦੇ ਬਾਵਜੂਦ ਸਫਲਤਾ ਦੇ ਝੰਡੇ ਬੁਲੰਦ ਕਰਨ ਵਾਲਾ ਮਹਾਯੋਧਾ ਹੈ 'ਗੁਰਬਿੰਦਰ ਸਿੰਘ ਬਾਜਵਾ' 

ਕੀ ਹੈ ਝੰਡਾ ਰੋਗ?
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮਾਹਿਰ ਅਮਰਜੀਤ ਸਿੰਘ, ਦਲਜੀਤ ਸਿੰਘ ਬੁੱਟਰ ਅਤੇ ਨਰਿੰਦਰ ਸਿੰਘ ਨੇ ਦੱਸਿਆ ਕਿ ਝੰਡਾ ਰੋਗ ਇਕ ਉੱਲੀ ਰਾਹੀਂ ਲੱਗਣ ਵਾਲੀ ਬੀਮਾਰੀ ਹੈ। ਆਮ ਤੌਰ ’ਤੇ ਜੇਕਰ ਕਿਸਾਨ ਇਸ ਰੋਗ ਤੋਂ ਪ੍ਰਭਾਵਿਤ ਫਸਲ ਵਾਲੇ ਬੀਜ ਦੀ ਵਰਤੋਂ ਕਰਨ ਤਾਂ ਅਗਲੀ ਫਸਲ ਵਿਚ ਇਸ ਦਾ ਹਮਲਾ ਹੋ ਜਾਂਦਾ ਹੈ। ਪੰਜਾਬ ਵਿਚ ਕਾਸ਼ਤ ਹੋਣ ਵਾਲੀਆਂ ਪੂਸਾ ਬਾਸਮਤੀ 1121 ਅਤੇ ਪੂਸਾ ਬਾਸਮਤੀ 1509 ਆਦਿ ਇਸ ਰੋਗ ਦਾ ਟਾਕਰਾ ਨਹੀਂ ਕਰ ਸਕਦੀਆਂ। ਇਸ ਰੋਗ ਦੀ ਉੱਲੀ ਦੇ ਕਣ ਬੀਜ ਅਤੇ ਮਿੱਟੀ ਰਾਹੀਂ ਫੈਲਦੇ ਹਨ। ਇਹ ਕਣ ਪਨੀਰੀ ਲਾਉਣ ਵੇਲੇ ਬੀਜ ਦੇ ਪੁੰਗਰਣ ਸਮੇਂ ਜੜ੍ਹਾਂ ਜਾਂ ਧਰਤੀ ਨਾਲ ਲੱਗਦੇ ਤਣੇ ਦੇ ਹਿੱਸੇ ਰਾਹੀਂ ਸਾਰੇ ਬੂਟੇ ’ਤੇ ਹਮਲਾ ਕਰ ਦਿੰਦੇ ਹਨ। ਇਸ ਕਾਰਨ ਸ਼ੁਰੂ ਵਿਚ ਬੂਟੇ ਪੀਲੇ ਪੈ ਜਾਂਦੇ ਹਨ ਅਤੇ ਦੂਜਿਆਂ ਬੂਟਿਆਂ ਨਾਲੋਂ ਜਿਆਦਾ ਉਚੇ ਅਤੇ ਲੰਬੇ ਹੋ ਜਾਂਦੇ ਹਨ। ਬਾਅਦ ਵਿੱਚ ਇਹ ਬੂਟੇ ਥੱਲੇ ਤੋਂ ਉੱਪਰ ਵੱਲ ਮੁਰਝਾ ਕੇ ਸੁੱਕ ਜਾਂਦੇ ਹਨ। ਬੀਮਾਰੀ ਵਾਲੇ ਬੂਟੇ ਜ਼ਮੀਨ ਉਪਰਲੀਆਂ ਪੋਰੀਆਂ ਤੋਂ ਜੜ੍ਹਾਂ ਬਣਾ ਲੈਂਦੇ ਹਨ। ਰੋਗੀ ਪੌਦੇ ਦੇ ਤਣੇ ’ਤੇ ਗੁਲਾਬੀ ਰੰਗ ਦੀ ਉੱਲੀ ਵੀ ਵੇਖੀ ਜਾ ਸਕਦੀ ਹੈ। ਕਈ ਵਾਰੀ ਬੀਮਾਰੀ ਵਾਲੇ ਬੂਟੇ ਪਨੀਰੀ ਵਿਚ ਹੀ ਛੋਟੇ ਰਹਿ ਜਾਂਦੇ ਹਨ ਅਤੇ ਬਾਅਦ ਵਿਚ ਸੁੱਕ ਜਾਂਦੇ ਹਨ। ਇਸ ਰੋਗ ਦੇ ਜੀਵਾਣੂ ਫਸਲ ਦਾ ਝਾੜ ਘਟਾਉਣ ਤੋਂ ਇਲਾਵਾ ਇਕ ਜ਼ਹਿਰੀਲਾ ਮਾਦਾ (ਮਾਈਕੋਟੋਕਸਿਨ) ਪੈਦਾ ਕਰਦੇ ਹਨ ਜੋ ਕਿ ਮਨੁੱਖਾਂ ਅਤੇ ਜਾਨਵਰਾਂ ਦੀ ਸਿਹਤ ਲਈ ਇਕ ਵੱਡਾ ਖਤਰਾ ਹੈ।

ਖੇਡ ਰਤਨ ਪੰਜਾਬ ਦੇ : ਭਾਰਤੀ ਅਥਲੈਟਿਕਸ ਦੀ ਗੋਲਡਨ ਗਰਲ ‘ਮਨਜੀਤ ਕੌਰ’    

ਰੋਕਥਾਮ ਲਈ ਸਹੀ ਸਮੇਂ ’ਤੇ ਕਦਮ ਚੁੱਕਣ ਦੀ ਲੋੜ
ਖੇਤੀ ਮਾਹਿਰਾਂ ਨੇ ਦੱਸਿਆ ਕਿ ਝੰਡਾ ਰੋਗ ਦੀ ਸੁਚੱਜੀ ਰੋਕਥਾਮ ਲਈ ਬਾਸਮਤੀ ਬੀਜਣ ਦੇ ਸਮੇਂ ਤੋਂ ਹੀ ਕੁਝ ਜ਼ਰੂਰੀ ਨੁਕਤੇ ਅਪਣਾਉਣੇ ਚਾਹੀਦੇ ਹਨ। ਇਸ ਤਹਿਤ ਹਮੇਸ਼ਾਂ ਰੋਗ ਰਹਿਤ ਬੀਜ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਅਤੇ 8 ਕਿੱਲੋ ਸਿਹਤਮੰਦ ਅਤੇ ਨਰੋਏ ਬੀਜ ਦੀ ਚੋਣ ਕਰਕੇ ਪਨੀਰੀ ਬੀਜਣ ਤੋਂ ਪਹਿਲਾਂ ਜਾਂ ਬਾਸਮਤੀ ਦੀ ਸਿੱਧੀ ਬਿਜਾਈ ਕਰਨ ਤੋਂ ਪਹਿਲਾਂ ਬੀਜ ਨੂੰ 10 ਲਿਟਰ ਪਾਣੀ ਵਿਚ 10-12 ਘੰਟੇ ਲਈ ਡੁਬੋ ਲੈਣਾ ਚਾਹੀਦਾ ਹੈ। ਬਾਅਦ ਵਿਚ ਟਰਾਈਕੋਡਰਮਾ ਹਾਰਜ਼ੀਐਨਮ ਨਾਂਅ ਦੀ ਦਵਾਈ 15 ਗ੍ਰਾਮ ਪ੍ਰਤੀ ਕਿੱਲੋ ਨਾਲ ਬੀਜ ਨੂੰ ਸੋਧ ਲੈਣਾ ਚਾਹੀਦਾ ਹੈ।

ਬੀਤੇ ਤੇ ਆਉਣ ਵਾਲੇ ਸਮੇਂ ਦਾ ਵਿਸ਼ਾਲ ਸ਼ੀਸ਼ਾ ਹੁੰਦੇ ਨੇ 'ਸਾਡੇ ਬਜ਼ੁਰਗ'

ਲਵਾਈ ਤੋਂ ਪਹਿਲਾਂ ਜ਼ਰੂਰੀ ਹੈ ਪਨੀਰੀ ਦੀ ਸੁਧਾਈ
ਉਨ੍ਹਾਂ ਦੱਸਿਆ ਕਿ ਪਨੀਰੀ ਨੂੰ ਖੇਤ ਵਿਚ ਲਾਉਣ ਤੋਂ ਪਹਿਲਾਂ ਉਸ ਦੀਆਂ ਜੜ੍ਹਾਂ ਨੂੰ ਵੀ ਟਰਾਈਕੋਡਰਮਾ ਹਾਰਜ਼ੀਐਨਮ (15 ਗ੍ਰਾਮ ਪ੍ਰਤੀ ਲਿਟਰ ਪਾਣੀ) ਦੇ ਘੋਲ ਵਿਚ 6 ਘੰਟੇ ਲਈ ਡੁਬੋ ਕੇ ਸੋਧਣਾ ਬਹੁਤ ਜ਼ਰੂਰੀ ਹੈ। ਅਕਸਰ ਕਿਸਾਨ ਬੀਜ ਦੀ ਸੋਧ ਤਾਂ ਕਰ ਲੈਂਦੇ ਹਨ। ਪਰ ਪਨੀਰੀ ਦੀਆਂ ਜੜ੍ਹਾਂ ਦੀ ਸੋਧ ਨਹੀਂ ਕਰਦੇ ਜਿਸ ਕਰਕੇ ਇਸ ਰੋਗ ਤੇ ਚੰਗੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਦਾ। ਪਰ ਕਿਸਾਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਝੰਡਾ ਰੋਗ ਨੂੰ ਚੰਗੀ ਤਰ੍ਹਾਂ ਕਾਬੂ ਕਰਨ ਲਈ ਬੀਜ ਦੀ ਸੋਧ ਕਰਨ ਤੋਂ ਇਲਾਵਾ ਪਨੀਰੀ ਦੀਆਂ ਜੜ੍ਹਾਂ ਦੀ ਸੋਧ ਕਰਨੀ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਪਨੀਰੀ ਅਤੇ ਖੇਤ ਵਿਚੋਂ ਝੰਡਾ ਰੋਗ ਵਾਲੇ ਬੂਟੇ ਨਜ਼ਰ ਆਉਣ ਤੇ ਉਨ੍ਹਾਂ ਨੂੰ ਪੁੱਟ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ‘ਮੁਸਲਮਾਨ ਮੁਰੀਦ’

ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’


author

rajwinder kaur

Content Editor

Related News