ਬਾਸਮਤੀ ਦੀ ਕੁਆਲਿਟੀ ਪੈਦਾਵਾਰ ਲਈ ਖੇਤੀਬਾੜੀ ਵਿਭਾਗ ਵੱਲੋਂ ਵੈਬੀਨਾਰ ਦਾ ਆਯੋਜਨ

Thursday, Jul 23, 2020 - 05:07 PM (IST)

ਬਾਸਮਤੀ ਦੀ ਕੁਆਲਿਟੀ ਪੈਦਾਵਾਰ ਲਈ ਖੇਤੀਬਾੜੀ ਵਿਭਾਗ ਵੱਲੋਂ ਵੈਬੀਨਾਰ ਦਾ ਆਯੋਜਨ

ਜ਼ਿਲ੍ਹਾ ਜਲੰਧਰ ਵਿੱਚ ਬਾਸਮਤੀ ਦੀ ਫਸਲ ਹੇਠ ਤਕਰੀਬਨ 22000 ਹੈਕ: ਰਕਬਾ ਬੀਜਿਆ ਜਾਂਦਾ ਹੈ। ਬਾਸਮਤੀ ਦੀ ਫਸਲ ਜਿੱਥੇ ਪਰਮਲ ਦੇ ਮੁਕਾਬਲੇ ਘੱਟ ਪਾਣੀ ਨਾਲ ਪਾਲੀ ਜਾ ਸਕਦੀ ਹੈ, ਉਥੇ ਬਾਸਮਤੀ ਨੂੰ ਐਕਸਪੋਰਟ ਵੀ ਕੀਤਾ ਜਾਂਦਾ ਹੈ। ਭਾਰਤ ਵੱਲੋਂ ਬਾਸਮਤੀ ਇਰਾਕ, ਸਾਊਦੀਅਰਬ, ਯੂ.ਏ.ਈ, ਕੂਵੈਤ, ਉਮਾਨ, ਕੈਨੇਡਾ, ਯੂ.ਕੇ ਆਦਿ ਵਰਗੇ ਦੇਸ਼ਾਂ ਨੂੰ ਭੇਜੀ ਜਾਂਦੀ ਹੈ ਤੇ ਦੇਸ਼ ਦੀ ਕੁੱਲ ਬਾਸਮਤੀ ਐਕਸਪੋਰਟ ਵਿੱਚ ਪੰਜਾਬ ਸੂਬੇ ਦੀ ਹਿੱਸੇਦਾਰੀ 40% ਦੇ ਕਰੀਬ ਹੈ। ਇਕ ਹੋਰ ਅਨੁਮਾਨ ਅਨੁਸਾਰ ਸੂਬੇ ਦੀ ਕੁੱਲ਼ ਬਾਸਮਤੀ ਪੈਦਾਵਾਰ ਵਿੱਚੋ 90% ਬਾਸਮਤੀ ਐਕਸਪੋਰਟ ਹੁੰਦੀ ਹੈ।

ਬਾਸਮਤੀ ਦੀ ਫਸਲ ਵਿੱਚ ਵਧੇਰੇ ਐਕਸਪੋਰਟ ਦੇ ਮੌਕੇ ਹੋਣ ਕਰਕੇ ਇਸ ਫਸਲ ਦੀ ਮਿਆਰੀ ਪੈਦਾਵਾਰ ਹਾਸਿਲ ਕਰਨੀ ਬੜੀ ਜ਼ਰੂਰੀ ਹੈ। ਬਾਸਮਤੀ ਦੀ ਐਕਸਪੋਰਟ ਨਾਲ ਜੁੜੇ ਹੋਏ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਫਸਲ ’ਤੇ ਝੋਨੇ ਦੇ ਮੁਕਾਬਲੇ ਜ਼ਿਆਦਾ ਜ਼ਹਿਰਾ ਦਾ ਇਸਤੇਮਾਲ ਹੋਣ ਕਰਕੇ ਪਿਛਲੇ ਕੁੱਝ ਸਾਲਾਂ ਵਿੱਚ ਐਕਸਪੋਰਟ ਨਾਲ ਸਬੰਧਤ ਤਕਰੀਬਨ 400 ਸੌਦੇ ਜ਼ਹਿਰਾਂ ਦੇ ਵਧੇਰੇ ਅੰਸ਼ ਹੋਣ ਕਾਰਨ ਰੱਦ ਹੋ ਚੁੱਕੇ ਹਨ। ਪੰਜਾਬ ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਲਾਹ ਅਨੁਸਾਰ ਅਜਿਹੀਆਂ 09 ਜਹਿਰਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਕਰਕੇ ਬਾਸਮਤੀ ਦੇ ਉਤਪਾਦਨ ਵਿੱਚ ਜ਼ਹਿਰਾਂ ਦੇ ਅੰਸ਼ ਰਹਿ ਜਾਂਦੇ ਹਨ।

ਇਸ ਸਬੰਧੀ ਜ਼ਿਲ੍ਹਾ ਜਲੰਧਰ ਦੇ ਦਵਾਈ ਵਿਕਰੇਤਾਵਾਂ ਨੂੰ ਜਾਗਰੂਕ ਕਰਨ ਵਾਸਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ ਵੱਲੋਂ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵੈਬੀਨਾਰ ਵਿੱਚ ਜ਼ਿਲ੍ਹੇ ਦੇ ਪੰਜ ਬਲਾਕਾਂ ਨਕੋਦਰ, ਸ਼ਾਹਕੋਟ, ਲੋਹੀਆਂ ਖਾਸ, ਨੂਰਮਹਿਲ ਅਤੇ ਰੁੜਕਾਂ ਕਲਾਂ ਦੇ ਤਕਰੀਬਨ 50 ਕੀੜੇਮਾਰ ਦਵਾਈ ਵਿਕਰੇਤਾਵਾਂ ਨੂੰ ਸੰਬੋਧਨ ਕਰਦੇ ਹੋਏ ਡਾ.ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਸਮਤੀ ਦਾ ਚੰਗਾ ਭਾਅ ਕਿਸਾਨਾਂ ਨੂੰ ਦਿਵਾਉਣ ਲਈ ਮਿਆਰੀ ਪੈਦਾਵਾਰ ਕਰਨੀ ਬਹੁਤ ਜ਼ਰੂਰੀ ਹੈ। ਇਸ ਲਈ ਸਾਡੇ ਸਾਇੰਸਦਾਨਾਂ/ਐਕਸਪੋਰਟ ਮਾਹਿਰਾਂ ਨੇ 09 ਵੱਖ-ਵੱਖ ਜ਼ਹਿਰਾਂ ਜਿਵੇਂ ਐਸੀਫੇਟ, ਟ੍ਰਾਈਜੋਫਾਸ, ਥਾਇਆਮਿਥੋਕਸਮ, ਕਾਰਬੈਨਡਾਜ਼ਿਮ, ਟ੍ਰਾਈਸਾਈਕਲਾਜੋਲ, ਬੁਪੋਰਫੇਜਿਨ, ਕਾਰਬੋਫਿਉਰੋਨ, ਪ੍ਰੋਪੀਕੋਨਾਜੋਲ, ਥਾਇਉਫਿਨੇਟ ਮਿਥਾਇਲ ਨੂੰ ਨਾ ਵਰਤਨ ਦੀ ਸਲਾਹ ਦਿੱਤੀ ਹੈ।

PunjabKesari

ਡਾ.ਸੁਰਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਖੁਸ਼ਹਾਲੀ ਅਤੇ ਬਾਸਮਤੀ ਦੀ ਬਿਹਤਰੀ ਲਈ ਕੀੜੇਮਾਰ ਜ਼ਹਿਰਾਂ ਦੇ ਵਿਕਰੇਤਾਵਾਂ ਨੂੰ ਇਨ੍ਹਾਂ ਜ਼ਹਿਰਾਂ ਦਾ ਨਾ ਤੇ ਸਟਾਕ ਕਰਨਾ ਚਾਹੀਦਾ ਹੈ ਅਤੇ ਨਾ ਹੀ ਬਾਸਮਤੀ ਦੀ ਫਸਲ ਲਈ ਕਿਸਾਨਾਂ ਨੂੰ ਇਹ ਜ਼ਹਿਰਾਂ ਵੇਚਣੀਆਂ ਚਾਹੀਦੀਆਂ ਹਨ। ਵੈਬੀਨਾਰ ਵਿੱਚ ਸ਼ਾਮਲ 5 ਬਲਾਕਾਂ ਦੇ ਕੀੜੇਮਾਰ ਜ਼ਹਿਰਾਂ ਦੇ ਵਿਕਰੇਤਾਵਾਂ ਨੂੰ ਮੌਕੇ ਤੇ ਪਾਵਰ ਪੁਆਇੰਟ ਪ੍ਰੀਜ਼ਨਟੇਸ਼ਨ ਰਾਂਹੀ ਇਨ੍ਹਾਂ ਦਰਸਾਈਆਂ ਨੌ ਦਵਾਈਆਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਇਹ ਵੀ ਦੱਸਿਆ ਕਿ ਇਨ੍ਹਾਂ ਦਵਾਈਆਂ ਦੇ ਬਦਲ ਦੇ ਤੌਰ ’ਤੇ ਕਿਹੜੀਆਂ ਜ਼ਹਿਰਾਂ ਵਰਤੀਆਂ ਜਾ ਸਕਦੀਆਂ ਹਨ।

ਵੈਬੀਨਾਰ ਵਿੱਚ ਡਾ.ਸੁਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਕੁਆਲਟੀ ਕੰਟਰੋਲ ਐਕਟ ਬਾਰੇ ਕਿਹਾ ਕਿ ਡੀਲਰ ਸਹਿਬਾਨ ਆਪਣੇ ਲਾਇਸੈਂਸ ਵਿੱਚ ਦਰਜ ਐਡੀਸ਼ਨਾਂ ਅਨੁਸਾਰ ਦਵਾਈਆਂ ਦੀ ਵਿਕਰੀ ਕਰਨ ਅਤੇ ਸਟਾਕ ਬੋਰਡ ਰਾਹੀਂ ਕੀੜੇ ਮਾਰ ਜ਼ਹਿਰਾਂ ਦਾ ਸਟਾਕ ਜਰੂਰ ਦਰਸਾਉਣ। ਵੈਬੀਨਾਰ ਵਿੱਚ ਸ਼ਾਮਲ ਹੁੰਦੇ ਹੋਏ ਡਾ.ਬਲਬੀਰ ਚੰਦ ਸਹਾਇਕ ਗੰਨਾ ਵਿਕਾਸ ਅਫਸਰ ਨੇ ਕਿਹਾ ਕਿ ਗੰਨੇ ਦੀ ਫਸਲ ’ਤੇ ਲੋੜ ਅਨੁਸਾਰ ਜ਼ਹਿਰਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਕਮਾਦ ਦੀ ਕਿਸਮ ਸੀ. ਓ. 238 ਗਰਮੀ ਦੇ ਜ਼ਿਆਦਾ ਪ੍ਰਭਾਵ ਕਾਰਨ ਕਈ ਵਾਰੀ ਫਸਲ ਦੇ ਉਪਰਲੇ ਪੱਤੇ ਸੁੱਕ ਜਾਂਦੇ ਹਨ। ਇਸ ਲਈ ਕਿਸਾਨ ਨੂੰ ਕਿਸੇ ਵੀ ਦਵਾਈ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਹੈ। ਡੀਲਰ ਸਹਿਬਾਨ ਕਿਸਾਨਾਂ ਨੂੰ ਅਜਿਹੀਆਂ ਸਮੱਸਿਆਵਾਂ ਲਈ ਦਵਾਈ ਦੀ ਵਿਕਰੀ ਕਰਦੇ ਹੋਏ ਕਿਸਾਨ ਤੇ ਵਿੱਤੀ ਬੋਝ ਨਾ ਵਧਾਉਣ।

ਡਾ.ਸੁਰਿੰਦਰ ਸਿੰਘ ਨੇ ਅਖੀਰ ਵਿੱਚ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੁਆਲਿਟੀ ਕੰਟਰੋਲ ਐਕਟ ਅਨੁਸਾਰ ਕੰਪਨੀ ਸਿੱਧੇ ਤੌਰ ’ਤੇ ਦਵਾਈ ਕਿਸਾਨਾਂ ਨੂੰ ਪਿੰਡਾਂ ਵਿੱਚ ਜਾ ਕੇ ਨਹੀ ਵੇਚ ਸਕਦੀ। ਉਨ੍ਹਾਂ ਕਿਹਾ ਕਿ ਇਸੇ ਵਿਸ਼ੇ ’ਤੇ ਅਗਲਾ ਵੈਬੀਨਾਰ ਰਹਿੰਦੇ ਪੰਜ ਬਲਾਕਾਂ ਦੇ ਡੀਲਰ ਸਾਹਿਬਾਨਾਂ ਵਾਸਤੇ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਮਹਾਮਾਰੀ ਕਰਕੇ ਡਿਜੀਟਲ ਮੋਡ ਰਾਹੀਂ ਸਮਾਜਿਕ ਦੂਰੀ ਦੇ ਮਾਪਢੰਡਾਂ ਅਨੁਸਾਰ ਅਜਿਹੇ ਵੈਬੀਨਾਰ ਲਗਾਏ ਜਾ ਰਹੇ ਹਨ ਤਾਂ ਜੋ ਕੋਰੋਨਾ ਵਾਇਰਸ ਤੋਂ ਬਚਾਅ ਕਰਦੇ ਹੋਏ ਲੋੜੀਂਦੇ ਤਕਨੀਕੀ ਸੁਨੇਹੇ ਆਮ ਲੋਕਾਂ ਤੱਕ ਪਹੁੰਚਾਏ ਜਾ ਸਕਣ।

ਇਸ ਮੌਕੇ ਜੋਤੀ ਬ੍ਰਦਰਜ ਨੂਰਮਹਿਲ, ਸ਼੍ਰੀ ਪ੍ਰਵੀਨ ਕੁਮਾਰ ਮਾਲਵਾ ਖਾਦ ਸਟੋਰ ਨਕੋਦਰ, ਸ਼੍ਰੀ ਹਰੀਸ਼ ਕੁਮਾਰ ਸਹਿਯੋਗ ਕ੍ਰਿਸ਼ੀ ਕੇਦਰ ਸ਼ਾਹਕੋਟ ਨੇ ਧੰਨਵਾਦ ਕੀਤਾ ਅਤੇ ਯਕੀਨ ਦਵਾਈਆ ਕਿ ਉਹ ਵਿਭਾਗ ਵੱਲੋਂ ਜਾਰੀ ਐਡਵਾਈਜਰੀ ਅਨੁਸਾਰ ਕਿਸਾਨ ਹਿੱਤ ਵਿੱਚ ਉਪਰਾਲੇ ਜ਼ਰੂਰ ਕਰਨਗੇ।

ਡਾ. ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀਅਫਸਰ-ਕਮ-ਸੰਪਰਕ ਅਫਸਰ , 
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ।


author

rajwinder kaur

Content Editor

Related News