ਖੇਤੀਬਾੜੀ ਵਿਭਾਗ ਨੇ ਜਨਾਨੀਆਂ ਵਾਸਤੇ ਲਾਇਆ ਖੇਤੀ ਉਪਜ ਤੋਂ ਪਦਾਰਥ ਬਣਾਉਣ ਦਾ ਸਿਖਲਾਈ ਕੋਰਸ

07/20/2022 3:39:02 PM

ਅਜ਼ਾਦੀ ਦੇ 75ਵੇਂ ਅਮ੍ਰਿਤ ਮਹਾਂਉਤਸਵ ਦੇ ਸਬੰਧ ਵਿੱਚ ਅਤੇ ਪੈਂਡੂ ਜਨਾਨੀਆਂ ਦੇ ਸਸ਼ਕਤੀਕਰਨ ਦੇ ਮੰਤਵ ਨਾਲ ਪਿੰਡ ਕਰਾਰੀ ਬਲਾਕ ਜਲੰਧਰ ਪੱਛਮੀ ਵਿਖੇ ਕਿਸਾਨ ਬੀਬੀਆਂ ਲਈ 5 ਦਿਨਾ ਸਿਖਲਾਈ ਪ੍ਰੋਗਰਾਮ ਲਗਾਇਆ ਗਿਆ। ਡਾ.ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਜਨਾਨੀਆਂ ਦੇ ਸਰਵਪੱਖੀ ਵਿਕਾਸ ਵਿੱਚ ਉਨ੍ਹਾਂ ਦੀ ਸਕਿੱਲ ਨੂੰ ਨਿਖਾਰਣ ਦੀ ਅਹਿਮ ਜ਼ਰੂਰਤ ਹੈ। ਇਸ ਮਕਸਦ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਤਮਾ ਸਕੀਮ ਤਹਿਤ 25 ਜਨਾਨੀਆਂ ਲਈ ਸਿਖਲਾਈ ਪ੍ਰੋਗਰਾਮ ਲਗਾਇਆ ਗਿਆ। ਇਹ ਸਿਖਲਾਈ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਲਗਾਈ ਗਈ।

ਡਾ.ਸਿੰਘ ਨੇ ਕਿਹਾ ਕਿ ਪਿੰਡਾਂ ਵਿੱਚ ਜਨਾਨੀਆਂ ਦੀ ਇਸ ਤਰਾਂ ਦੀ ਸਿਖਲਾਈ ਰਾਹੀਂ ਜਿਥੇ ਉਨ੍ਹਾਂ ਦੀ ਪਰਿਵਾਰਕ ਆਮਦਨ ਵਧਾਈ ਜਾ ਸਕਦੀ ਹੈ, ਉਥੇ ਜਨਾਨੀਆਂ ਵਿੱਚ ਸਵੈ ਵਿਸ਼ਵਾਸ਼ ਅਤੇ ਉਨ੍ਹਾਂ ਦੇ ਘਰੇਲੂ ਕੰਮ ਵਿੱਚ ਹੋਰ ਨਿਖਾਰ ਲਿਆਂਦਾ ਜਾ ਸਕਦਾ ਹੈ। ਡਿਪਟੀ ਪ੍ਰਾਜੈਕਟ ਡਾਇਰੈਕਟਰ ਆਤਮਾ ਜਲੰਧਰ ਡਾ.ਰਮਨਦੀਪ ਕੌਰ ਨੇ ਜਾਣਕਾਰੀ ਦਿੱਤੀ ਕਿ ਇਸ ਸਿਖਲਾਈ ਦੌਰਾਨ ਜਨਾਨੀਆਂ ਨੂੰ ਗਰਮੀਆਂ ਦੀਆਂ ਸਬਜ਼ੀਆਂ ਅਤੇ ਅੰਬਾਂ ਤੋਂ ਵੱਖ-ਵੱਖ ਪਦਾਰਥ ਬਣਾਉਣ, ਆਚਾਰ, ਚਟਨੀਆਂ, ਸੁਕੈਸ਼, ਮੁਰੱਬਾ ਆਦਿ ਬਣਾਉਣਾ ਸਿਖਾਇਆ ਗਿਆ ਹੈ।  ਇਸ ਸਿਖਲਾਈ ਦੌਰਾਨ ਫਲਾਂ ਅਤੇ ਸਬਜ਼ੀਆਂ ਤੋਂ ਪਦਾਰਥ ਬਣਾਉਣ ਲਈ ਵੱਡੇ ਪੱਧਰ ’ਤੇ ਕੰਮ ਕਰਨ ਅਤੇ ਇਨ੍ਹਾਂ ਦੀ ਮੰਡੀਕਾਰੀ ਲਈ ਪੈਕਿੰਗ / ਲੈਬਲਿੰਗ ਆਦਿ ਕਰਨ ਲਈ ਜਾਣਕਾਰੀ ਵੀ ਦਿੱਤੀ ਗਈ।

ਡਾ.ਕੰਚਨ ਸੰਧੂ ਸਹਾਇਕ ਪ੍ਰੋਫ਼ੈਸਰ ਕੇ.ਵੀ.ਕੇ ਨੂਰਮਹਿਲ ਵੱਲੋਂ ਕਿਸਾਨ ਬੀਬੀਆਂ ਨੂੰ ਸਿਖਿਅਕ ਕੀਤਾ ਗਿਆ। ਵੱਖ-ਵੱਖ ਪਦਾਰਥ ਬਣਾਉਣ ਦੀ ਪ੍ਰੈਕਟੀਕਲ ਸਿਖਲਾਈ ਦਿੱਤੀ ਗਈ। ਡਾ. ਸੰਧੂ ਨੇ ਕਿਹਾ ਕਿ ਭਵਿੱਖ ਵਿੱਚ ਫੂਡ ਇੰਡਸਟਰੀ ਵਿੱਚ ਬਹੁਤ ਸਕੋਪ ਹੈ। ਸਾਡੇ ਪਿੰਡਾਂ ਵਿੱਚ ਕਿਸਾਨ ਜਨਾਨੀਆਂ ਆਪਣੇ ਪਿੰਡਾਂ ਵਿੱਚ ਉਪਲਬਧ ਵਸੀਲਿਆਂ ਦੀ ਵਰਤੋਂ ਕਰਦੇ ਹੋਏ ਖੇਤੀ ਵਿੱਚ ਆਮਦਨ ਵਧਾਉਣ ਦੇ ਕਈ ਉਪਰਾਲੇ ਕਰ ਸਕਦੀਆਂ ਹਨ। ਇਸ ਮੌਕੇ ਆਤਮਾ ਸਕੀਮ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਭਾਗ ਲੈਣ ਵਾਲਿਆਂ ਜਨਾਨੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਇਸ ਸਿਖਲਾਈ ਪ੍ਰੋਗਰਾਮ ਦੌਰਾਨ ਸ਼੍ਰੀ ਕਿਸ਼ਨ ਦੇਵ ਬਰਾਂਚ ਮੈਨੇਜਰ ਐੱਸ.ਬੀ. ਆਈ. ਬੈਂਕ ਨੇ ਕਿਸਾਨ ਬੀਬੀਆਂ ਨੂੰ ਸਵੈ ਸਹਾਇਤਾ ਗਰੁੱਪ ਬਣਾਉਣ ਅਤੇ ਬੈਂਕ ਵੱਲੋਂ ਕੰਮ ਦੀ  ਸ਼ੁਰੂਆਤ ਵਾਸਤੇ ਦਿੱਤੇ ਜਾਣ ਵਾਲੀ ਕਰਜ਼ੇ ਦੀ ਸਹੂਲਤ ਬਾਰੇ ਜਾਣਕਾਰੀ ਦਿੱਤੀ।

ਸਿਖਲਾਈ ਵਿੱਚ ਬਲਾਕ ਟੈਕਨੌਲਜ਼ੀ ਮੈਨੇਜ਼ਰ ਮੈਡਮ ਹਰਪ੍ਰੀਤ ਕੌਰ ਨੇ ਕਿਸਾਨ ਬੀਬੀਆਂ ਦੀ ਸਿਖਲਾਈ ਵਾਸਤੇ ਆਪਣਾ ਯੋਗਦਾਨ ਦਿੱਤਾ। ਇਸ ਸਿਖਲਾਈ ਪ੍ਰੋਗਰਾਮ ਵਿੱਚ ਭਾਗ ਲੈਣ ਵਾਲਿਆਂ ਜਨਾਨੀਆਂ ਵਿੱਚੋਂ ਮੈਡਮ ਪੂਜਾ, ਸੀਮਾ, ਬਲਵਿੰਦਰ ਕੌਰ, ਰਵਿੰਦਰ ਕੌਰ, ਮੀਨਾਕਸ਼ੀ ਅਤੇ ਪਿੰਡ ਦੀ ਸਰਪੰਚ ਮੈਡਮ ਬਲਜਿੰਦਰ ਕੌਰ ਨੇ ਖੇਤੀਬਾੜੀ ਵਿਭਾਗ ਅਤੇ ਕੇ.ਵੀ.ਕੇ. ਨੂਰਮਹਿਲ ਦਾ ਧੰਨਵਾਦ ਕੀਤਾ।

ਡਾ.ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫ਼ਸਰ ਕਮ ਸੰਪਰਕ ਅਫ਼ਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ।


rajwinder kaur

Content Editor

Related News