ਸ਼ੇਰ-ਏ-ਪੰਜਾਬ ਐਵੀਨਿਊ ਦੇ ਬੰਦ ਸੀਵਰੇਜ ਤੋਂ ਲੋਕ ਪ੍ਰੇਸ਼ਾਨ

07/23/2017 7:27:04 AM

ਅੰਮ੍ਰਿਤਸਰ,   (ਵੜੈਚ)-  ਵਾਰਡ-14 ਦੇ ਇਲਾਕੇ ਸ਼ੇਰ-ਏ-ਪੰਜਾਬ ਐਵੀਨਿਊ ਸ਼੍ਰੀ ਰਾਮ ਐਵੀਨਿਊ ਦੇ ਬੰਦ ਸੀਵਰੇਜ ਕਰ ਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਸਾਤ ਤੋਂ ਬਾਅਦ ਘਰਾਂ ਦੇ ਗੰਦੇ ਪਾਣੀ ਅਤੇ ਬਰਸਾਤ ਦੇ ਪਾਣੀ ਦੀ ਨਿਕਾਸੀ ਕਈ ਘੰਟੇ ਤੱਕ ਨਹੀਂ ਹੁੰਦੀ। ਸੀਵਰੇਜ ਦੇ ਪਾਈਪ ਇਲਾਕੇ ਦਾ ਪਾਣੀ ਸਮੇਟਣ 'ਚ ਫੇਲ ਹੋ ਰਹੇ ਹਨ, ਜਿਸ ਕਾਰਨ ਪਾਣੀ ਬੈਕ ਮਾਰਦਾ ਹੈ ਤੇ ਪਾਣੀ ਲੋਕਾਂ ਦੇ ਕਮਰਿਆਂ ਤੇ ਵਿਹੜਿਆਂ ਵਿਚ ਖੜ੍ਹਾ ਹੋ ਜਾਂਦਾ ਹੈ।  ਇਲਾਕਾ ਨਿਵਾਸੀ ਅਵਤਾਰ ਸਿੰਘ, ਅਮਨਦੀਪ ਸਿੰਘ, ਗੁਰਜੀਤ ਕੌਰ, ਸੁਖਵਿੰਦਰ ਸਿੰਘ, ਜੱਜ ਤੇ ਅਮਰੀਕ ਸਿੰਘ ਨੇ ਕਿਹਾ ਕਿ ਬੰਦ ਸੀਵਰੇਜ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ਸੀਵਰੇਜ ਅਕਸਰ ਬੰਦ ਰਹਿੰਦੇ ਹਨ। ਬਰਸਾਤ ਤੋਂ ਬਾਅਦ ਪਾਣੀ ਦੀ ਸੀਵਰੇਜ ਵਿਚ ਨਿਕਾਸੀ ਨਾ ਹੋਣ ਕਰ ਕੇ ਗੰਦਾ ਪਾਣੀ ਘਰਾਂ ਦੇ ਕਮਰਿਆਂ ਤੇ ਵਿਹੜਿਆਂ 'ਚ ਖੜ੍ਹਾ ਹੋ ਜਾਂਦਾ ਹੈ। ਬਰਸਾਤ ਆਉਂਦੇ ਹੀ ਲੋਕਾਂ ਵਿਚ ਹਫੜਾ-ਦਫੜੀ ਦਾ ਮਾਹੌਲ ਬਣ ਜਾਂਦਾ ਹੈ ਕਿਉਂਕਿ ਘਰਾਂ 'ਚ ਖੜ੍ਹਾ ਪਾਣੀ ਜਨਤਾ ਨੂੰ ਬਰਤਨਾਂ ਨਾਲ ਕੱਢਣਾ ਪੈਂਦਾ ਹੈ। ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਦੇ ਸੀਵਰੇਜ ਵਿਭਾਗ ਦੇ ਐੱਸ. ਈ. ਅਤੇ ਇਲਾਕੇ ਨਾਲ ਸੰਬੰਧਿਤ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਸ਼ੇਰ-ਏ-ਪੰਜਾਬ ਐਵੀਨਿਊ ਦੇ ਮੁੱਖ ਚੌਰਸਤਿਆਂ 'ਚ ਸੀਵਰੇਜ ਹੋਲ ਸਾਫ ਕਰਵਾਏ ਜਾਣ।  ਸ਼ੇਰ-ਏ-ਪੰਜਾਬ ਐਵੀਨਿਊ ਦੀ ਮੁੱਖ ਸੜਕ 'ਤੇ ਠੇਕੇਦਾਰਾਂ ਵੱਲੋਂ ਕੀਤੇ ਗਏ ਨਿਰਮਾਣ ਕੰਮਾਂ ਨੂੰ ਅਧੂਰੇ ਤਰੀਕੇ ਨਾਲ ਕਰਵਾਇਆ ਗਿਆ ਅਤੇ ਕੰਮ ਵਿਚਾਲੇ ਛੱਡ ਕੇ ਰਫੂਚੱਕਰ ਹੋ ਗਏ। ਟਰੱਸਟ ਜਾਂ ਨਿਗਮ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਅਧੂਰੇ ਕੰਮ ਕਰਨ ਵਾਲੇ ਠੇਕੇਦਾਰਾਂ ਦੇ ਬਣਦੇ ਚੈੱਕ ਦੇਣ ਤੋਂ ਪਹਿਲਾਂ ਕੰਮਾਂ ਪ੍ਰਤੀ ਤਸੱਲੀ ਕੀਤੀ ਜਾਵੇ। ਕੰਮਾਂ ਦੌਰਾਨ ਪਾਣੀ ਦੀ ਨਿਕਾਸੀ ਵਾਲੇ ਚੈਂਬਰ ਤੱਕ ਪਲੱਸਤਰ ਨਹੀਂ ਕੀਤੇ ਅਤੇ ਲੋਕਾਂ ਦੇ ਘਰਾਂ ਦੀਆਂ ਕੰਧਾਂ ਨਾਲ ਖੜ੍ਹੀਆਂ ਇੱਟਾਂ ਦੀ ਰੋਕ ਤੱਕ ਨਹੀਂ ਲਾਈ ਗਈ, ਜਿਸ ਕਰ ਕੇ ਬਰਸਾਤ ਦੇ ਪਾਣੀ ਦੀ ਲੀਕੇਜ ਹੋਣ ਕਰ ਕੇ ਪਾਣੀ ਘਰਾਂ 'ਚ ਦਾਖਲ ਹੋ ਜਾਂਦਾ ਹੈ। 


Related News