ਪ੍ਰਿੰਸੀਪਲ ਸਾਹਿਬ ਦਾ ਭਾਸ਼ਣ

11/25/2017 3:27:57 PM

ਸਰਟੀਫਿਕੇਟ ਦੀਆਂ ਨਕਲਾਂ ਤਸਦੀਕ ਕਰਵਾਉਣ ਲਈ ਮੈਨੂੰ ਸ਼ਹਿਰ ਦੇ ਇਕ ਨਾਮੀ ਸਕੂਲ ਵਿਚ ਜਾਣਾ ਪੈ ਗਿਆ।ਸਵੇਰ ਦੀ ਸਭਾ ਅਜੇ ਚੱਲ ਰਹੀ ਸੀ ਅਤੇ ਪ੍ਰਿੰਸੀਪਲ ਸਾਹਿਬ ਵਿਦਿਆਰਥੀਆਂ ਨੂੰ ਸੰਬੋਧਿਤ ਹੋ ਕਿ ਕਹਿ ਰਹੇ ਸਨ:- “ਬੱਚਿਓ! ਬਿਜਲੀ ਸਾਡੇ ਰੋਜ਼-ਮਰਾ ਦੇ ਜੀਵਨ ਦਾ ਇੱਕ ਅਹਿਮ ਹਿੱਸਾ ਬਣ ਚੁੱਕੀ ਹੈ।ਸਾਡੇ ਬਹੁਤ ਸਾਰੇ ਕੰਮ ਅਜਿਹੇ ਹਨ ਜਿਹੜੇ ਇਸ ਤੋਂ ਬਗ਼ੈਰ ਨੇਪਰ੍ਹੇ ਚਾੜ੍ਹਨੇ ਜੇਕਰ ਅਸੰਭਵ ਨਹੀਂ ਤਾਂ ਔਖਿਆਲੇ ਜ਼ਰੂਰ ਹੋ ਜਾਂਦੇ ਹਨ।ਗਰਮੀ ਦੇ ਮੌਸਮ ਵਿਚ ਸਾਡੇ ਪ੍ਰਦੇਸ਼ ਵਿਚ ਇਸ ਦੀ ਅਕਸਰ ਘਾਟ ਮਹਿਸੂਸ ਕੀਤੀ ਜਾਂਦੀ ਹੈ।ਇਸ ਦਾ ਇਕ ਕਾਰਨ ਬਿਜਲੀ ਦੀ ਖਪਤ ਅਤੇ ਪੂਰਤੀ ਵਿਚਲਾ ਪਾੜਾ ਹੈ ਅਤੇ ਦੂਸਰਾ ਕੁਝ ਲੋਕਾਂ ਵੱਲੋਂ ਇਸ ਦੀ ਬੇਲੋੜੀ ਵਰਤੋਂ ਹੈ।ਬਿਨਾਂ ਸੋਚੇ ਸਮਝੇ ਕੀਤੀ ਜਾਂਦੀ ਇਸ ਦੀ ਵਰਤੋਂ ਵੀ ਬਿਜਲੀ ਸੰਕਟ ਨੂੰ ਪੈਦਾ ਕਰਦੀ ਹੈ।                        ਸੋ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਬਿਜਲੀ ਦੀ ਵਰਤੋਂ ਸੰਜਮ ਨਾਲ ਕਰੀਏ। ਜਿਥੇ ਇੱਕ ਪੱਖੇ ਜਾਂ ਟਿਊਬ ਨਾਲ ਕੰਮ ਸਰਦਾ ਹੈ ਤਾਂ ਉਥੇ ਦੋ ਜਾਂ ਤਿੰਨ ਨਾ ਚਲਾਈਏ“।                               ਪ੍ਰਿੰਸੀਪਲ ਸਾਹਿਬ ਦੇ ਭਾਸ਼ਣ ਤੋਂ ਬਾਅਦ ਹਾਲ ਤਾੜੀਆਂ ਨਾਲ ਗੂੰਝ ਪਿਐ।ਸਭਾ ਦੀ ਸਮਾਪਤੀ ਤੋਂ ਬਾਅਦ ਪ੍ਰਿੰਸੀਪਲ ਸਾਹਿਬ ਆਪਣੇ ਦਫ਼ਤਰ ਵੱਲ ਨੂੰ ਚੱਲ ਪਏ।ਸਤਿ ਸ੍ਰੀ ਅਕਾਲ ਬੁਲਾ ਕੇ ਮੈਂ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਤੁਰ ਪਿਆ।ਜਦੋਂ ਮੈਂ ਉਨ੍ਹਾਂ ਦੇ ਦਫ਼ਤਰ ਵਿਚ ਪ੍ਰਵੇਸ਼ ਕੀਤਾ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਦੋ ਪੱਖੇ ਅਤੇ ਇੱਕ ਕੂਲਰ ਪੂਰੀ ਸਪੀਡ ਨਾਲ ਚੱਲ ਰਹੇ ਸਨ। 
- ਰਮੇਸ਼ ਬੱਗਾ ਚੋਹਲਾ              
- ਮੋਬਾਈਲ— 9463132719


Related News