ਜਾਇਦਾਦ ਦੀ ਭਾਲ ਦਰਿੱਦਰ ਦਾ ਲੱਛਣ ਹੈ

1/19/2017 1:01:01 PM

ਅਸਲ ਵਿਚ ਜਿਹੜਾ ਵਿਅਕਤੀ ਜਿੰਨਾ ਦਰਿੱਦਰ ਹੋਵੇਗਾ, ਓਨੀ ਹੀ ਜਾਇਦਾਦ ਦੀ ਭਾਲ ਕਰਦਾ ਹੈ। ਜਾਇਦਾਦ ਦੀ ਭਾਲ ਦਰਿੱਦਰ ਦਾ ਲੱਛਣ ਹੈ। ਜੋ ਵਿਅਕਤੀ ਬੀਮਾਰ ਹੋਵੇਗਾ, ਉਹ ਸਿਹਤ ਦੀ ਭਾਲ ਕਰੇਗਾ। ਸਿਹਤ ਦੀ ਭਾਲ ਬੀਮਾਰ ਦਾ ਲੱਛਣ ਹੈ। ਜੋ ਵਿਅਕਤੀ ਹਨੇਰੇ ਵਿਚ ਹੋਵੇਗਾ, ਉਹ ਰੌਸ਼ਨੀ ਦੀ ਭਾਲ ਕਰੇਗਾ। ਰੌਸ਼ਨੀ ਦੀ ਭਾਲ ਹਨੇਰੇ ਵਿਚ ਹੋਣ ਦਾ ਲੱਛਣ ਹੈ।
ਪ੍ਰਸਿੱਧੀ ਦੀ ਭਾਲ ਹੀਣ ਹੋਣ ਦਾ ਲੱਛਣ ਹੈ। ਹੀਣਤਾ ਦੀ ਭਾਵਨਾ ਨੂੰ ਮਨੋਵਿਗਿਆਨੀ ਇਨਫੀਰਿਓਰਿਟੀ ਕੰਪਲੈਕਸ ਕਹਿੰਦੇ ਹਨ। ਜਿਸ ਵਿਅਕਤੀ ਵਿਚ ਜਿੰਨੀ ਹੀਣਤਾ ਦੀ ਭਾਵਨਾ ਹੋਵੇਗੀ, ਉਸ ਵਿਚ ਵੱਡੇ ਅਹੁਦਿਆਂ ''ਤੇ ਹੋਣ ਦੀ ਓਨੀ ਹੀ ਜ਼ਿਆਦਾ ਇੱਛਾ ਪੈਦਾ ਹੋਵੇਗੀ ਕਿਉਂਕਿ ਆਪਣੀ ਹੀਣਤਾ ਦੀ ਭਾਵਨਾ ਨੂੰ ਭੁਲਾਉਣ ਦਾ ਹੋਰ ਕੋਈ ਤਰੀਕਾ ਨਹੀਂ, ਸਿਵਾਏ ਇਸ ਦੇ ਕਿ ਵੱਡੀ ਤੋਂ ਵੱਡੀ ਕੁਰਸੀ ਅਤੇ ਵੱਡੇ ਤੋਂ ਵੱਡੇ ਅਹੁਦੇ ''ਤੇ ਬੈਠਿਆ ਜਾਵੇ।
ਪਰ ਯਾਦ ਰੱਖੋ ਕਿ ਭਾਵੇਂ ਕਿੰਨਾ ਹੀ ਪੈਸਾ ਇਕੱਠਾ ਹੋ ਜਾਵੇ, ਦਰਿੱਦਰਤਾ ਨਹੀਂ ਮਿਟਦੀ। ਕਿੰਨੇ ਹੀ ਵੱਡੇ ਅਹੁਦੇ ''ਤੇ ਪਹੁੰਚ ਜਾਈਏ, ਹੀਣ ਭਾਵਨਾ ਖਤਮ ਨਹੀਂ ਹੁੰਦੀ। ਇਸ ਲਈ ਦਰਿੱਦਰਤਾ ਅੰਦਰ ਹੈ ਅਤੇ ਪੈਸਾ ਬਾਹਰ। ਦੋਵਾਂ ਦਾ ਕੋਈ ਸੰਬੰਧ ਨਹੀਂ। ਹੀਣ ਭਾਵਨਾ ਅੰਦਰ ਹੈ ਅਤੇ ਅਹੁਦਾ ਬਾਹਰ, ਇਸੇ ਲਈ ਤਾਂ ਇਹ ਹੁੰਦਾ ਹੈ ਕਿ ਇਕ ਅਹੁਦਾ ਮਿਲੇ ਤਾਂ ਉਸ ਨਾਲੋਂ ਵੱਡੇ ਅਹੁਦੇ ਦੀ ਇੱਛਾ ਪੈਦਾ ਹੋ ਜਾਂਦੀ ਹੈ। ਉਹ ਅਹੁਦਾ ਮਿਲ ਜਾਵੇ ਤਾਂ ਹੋਰ ਵੱਡੇ ਅਹੁਦੇ ਦੀ ਇੱਛਾ ਪੈਦਾ ਹੁੰਦੀ ਹੈ। ਇਹ ਉਪਰ ਪਹੁੰਚ ਜਾਣ ਦੀ ਕੋਸ਼ਿਸ਼ ਇਸ ਗੱਲ ਦਾ ਸਬੂਤ ਹੈ ਕਿ ਸਾਨੂੰ ਇਹ ਅਹਿਸਾਸ ਹੈ ਕਿ ਅਸੀਂ ਬਹੁਤ ਹੀਣ ਹਾਂ, ਅਸੀਂ ਸਾਬਿਤ ਕਰਨਾ ਹੈ।
ਇਸ ਲਈ ਦੁਨੀਆ ਵਿਚ ਜਿਨ੍ਹਾਂ ਲੋਕਾਂ ਵਿਚ ਹੀਣਤਾ ਦੀ ਭਾਵਨਾ ਸਭ ਤੋਂ ਜ਼ਿਆਦਾ ਹੁੰਦੀ ਹੈ, ਉਹ ਵੱਡੇ-ਵੱਡੇ ਕੰਮ ਕਰ ਲੈਂਦੇ ਹਨ। ਵੱਡੇ ਕੰਮ ਉਨ੍ਹਾਂ ਕੋਲੋਂ ਹੋ ਜਾਂਦੇ ਹਨ। ਵੱਡੇ ਕੰਮ ਤੋਂ ਭਾਵ ਹੈ ਜਿਨ੍ਹਾਂ ਨੂੰ ਦੁਨੀਆ ਵੱਡਾ ਕਹਿੰਦੀ ਹੈ। ਵੱਡੇ ਕੰਮ, ਵੱਡੀਆਂ ਜੰਗਾਂ। ਹਿਟਲਰ, ਸਟਾਲਿਨ ਜਾਂ ਮੁਸੋਲਿਨੀ ਵਰਗੇ ਲੋਕ ਬਹੁਤ ਹੀਣਤਾ ਦੀ ਭਾਵਨਾ ਨਾਲ ਪੀੜਤ ਹੁੰਦੇ ਹਨ। ਸਿਕੰਦਰ ਜਾਂ ਚੰਗੇਜ਼ ਖਾਂ, ਤੈਮੂਰਲੰਗ ਵਰਗੇ ਲੋਕ ਬਹੁਤ ਹੀਣਤਾ ਦੀ ਭਾਵਨਾ ਨਾਲ ਪੀੜਤ ਸਨ।
ਇਨ੍ਹਾਂ ਨੂੰ ਉਸ ਵੇਲੇ ਤੱਕ ਚੈਨ ਨਹੀਂ ਸੀ ਜਦੋਂ ਤੱਕ ਇਨ੍ਹਾਂ ਨੇ ਇਹ ਨਾ ਦਿਖਾ ਦਿੱਤਾ ਕਿ ਲੱਖਾਂ ਲੋਕ ਸਾਡੇ ਕਬਜ਼ੇ ਵਿਚ ਹਨ। ਅਸੀਂ ਉਨ੍ਹਾਂ ਦੀ ਧੌਣ ਜਦੋਂ ਚਾਹੀਏ ਮਰੋੜ ਦੇਈਏ। ਜਦੋਂ ਤੱਕ ਉਨ੍ਹਾਂ ਨੂੰ ਇਹ ਵਿਸ਼ਵਾਸ ਨਾ ਆ ਗਿਆ ਕਿ ਅਸੀਂ ਸ਼ਕਤੀਸ਼ਾਲੀ ਹਾਂ, ਉਸ ਵੇਲੇ ਤੱਕ ਉਹ ਭੱਜਦੇ ਗਏ ਅਤੇ ਇਹ ਵਿਸ਼ਵਾਸ ਕਦੇ ਨਹੀਂ ਆਉਂਦਾ। ਆਖਿਰ ਤੱਕ ਨਹੀਂ ਆਉਂਦਾ। ਇਸ ਲਈ ਜਿੰਨਾ ਜੋ ਵਿਅਕਤੀ ਸ਼ਕਤੀਸ਼ਾਲੀ ਬਣ ਜਾਂਦਾ ਹੈ, ਸ਼ਕਤੀ ਇਕੱਠੀ ਕਰਦਾ ਜਾਂਦਾ ਹੈ, ਓਨੀ ਹੀ ਕਮਜ਼ੋਰੀ ਉਸ ਨੂੰ ਫੜਨ ਲਗਦੀ ਹੈ। ਓਨਾ ਹੀ ਉਸ ਨੂੰ ਆਪਣੀ ਸੁਰੱਖਿਆ ਦਾ ਪ੍ਰਬੰਧ ਕਰਨਾ ਪੈਂਦਾ ਹੈ।