ਗੁਲਾਮ ਭਾਰਤ ਦੀ ਅਜ਼ਾਦੀ ਲਈ ਜੂਝਣ ਵਾਲੀ ਸੂਰਬੀਰ ਤੇ ਨਿਰਭੈ ਬੀਬੀ ਗੁਲਾਬ ਕੌਰ ਜੀ
Wednesday, Jun 23, 2021 - 06:09 PM (IST)
ਬੀਬੀ ਗੁਲਾਬ ਕੌਰ ਉਹ ਸੂਰਬੀਰ ਤੇ ਨਿਰਭੈ ਬੀਬੀ ਹੋਈ ਹੈ ਜਿਸ ਨੇ ਭਾਰਤ ਦੀ ਗੁਲਾਮੀ ਦੀਆਂ ਜੰਜ਼ੀਰਾਂ ਕੱਟਣ ਲਈ ਬਣੀ ਗਦਰ ਪਾਰਟੀ ਵਿੱਚ ਰਹਿ ਕੇ ਮਹਾਨ ਯੋਗਦਾਨ ਪਾਇਆ। ਆਪਣੇ ਪਤੀ , ਮਾਨ ਸਿੰਘ ਵਾਂਗ ਆਪ ਵੀ ਗਦਰ ਲਹਿਰ ਵਿੱਚ ਸਰਗਰਮ ਵਰਕਰ ਬਣੀ ਰਹੀ ਹੈ । ਬੜੀ ਧੜੱਲੇਦਾਰ ਤੇ ਨਿਧੱੜਕ ਬੀਬੀ ਸੀ । ਗੁਰੂ ਘਰਾਂ ਵਿਚ ਜਾ ਕੇ ਬੀਬੀਆਂ ਨੂੰ ਪ੍ਰੇਰਦੀ ਕਿ ਉਹ ਆਪਣੇ ਘਰਵਾਲਿਆਂ ਨੂੰ ਦੇਸ਼ ਦੀ ਅਜ਼ਾਦੀ ਵਿਚ ਯੋਗਦਾਨ ਪਾਉਣ ਲਈ ਤੋਰਨ । ਬੀਬੀ ਨੂੰ ਭੇਸ ਬਦਲ ਕਦੀ ਕਿਸੇ ਦੀ ਧੀ, ਕਦੇ ਭੈਣ, ਕਦੀ ਪਤਨੀ ਬਣ ਕੇ ਯੋਧਿਆਂ ਨੂੰ ਬਚਾਉਣਾ ਤੇ ਟਿਕਾਣੇ 'ਤੇ ਛੱਡਕੇ ਆਉਂਣਾ ਪੈਂਦਾ। ਦੂਜਾ ਮਹਾਨ ਕੰਮ ਗਦਰੀਆਂ ਦੀ ਡਾਕ ਤੇ ਗਦਰ ਅਖ਼ਬਾਰ ਇਕ ਥਾਂ ਤੋਂ ਦੂਜੀ ਥਾਂ 'ਤੇ ਛੱਡ ਕੇ ਆਉਂਦੀ। ਜਦੋਂ ਮਾਈ ਗੁਲਾਬ ਕੌਰ ਪੁਲਸ ਨੇ ਪਕੜ ਲਈ ਤਾਂ ਕਠਨ ਤਸੀਹੇ ਝੱਲਕੇ ਵੀ ਕਿਸੇ ਗਦਰੀ ਦਾ ਥਾਂ ਟਿਕਾਣਾ ਨਾ ਦੱਸਿਆ। ਹਾਰ ਕੇ ਆਪ ਨੂੰ ਪੰਜ ਸਾਲ ਜੇਲ੍ਹ ਦੀ ਸਖ਼ਤ ਸਜ਼ਾ ਝੱਲਣੀ ਪਈ । ਕਈ ਭੁਲੜ 1857 ਦੇ ਗਦਰ ਨੂੰ ਆਜ਼ਾਦੀ ਦਾ ਮੁੱਢ ਦੱਸਦੇ ਹਨ । ਉਨ੍ਹਾਂ ਭੁੱਲਿਆਂ ਲੋਕਾਂ ਨੂੰ ਕੀ ਪਤਾ ਕਿ ਉਹ ਆਪਣੇ ਨਿੱਜੀ ਕੰਮ, ਆਪਣੇ ਖੁੱਸੇ ਹੋਏ ਅਧਿਕਾਰਾਂ ਨੂੰ ਪ੍ਰਾਪਤ ਕਰਨ ਲਈ ਕੁਝ ਸ਼ਾਸ਼ਕਾਂ ਦਾ ਇਕ ਵਿਦਰੋਹ ਸੀ। ਉਹ ਆਪ ਪਰਜਾ ਲਈ ਜਾ ਪਰਜਾ ਦੀ ਖੁਸ਼ਹਾਲੀ ਲਈ ਇਕ ਲਾਮਬੰਦ ਯਤਨ ਨਹੀਂ ਸੀ। ਪਰ ਜਿਹੜਾ ਗਦਰ ਅਮਰੀਕਾ ਤੇ ਵਿਦੇਸ਼ਾਂ ਵਿਚੋਂ ਪੈਦਾ ਹੋ ਕੇ ਭਾਰਤ ਆਇਆ ਇਸ ਦਾ ਇਤਿਹਾਸਕਾਰਾਂ ਬਹੁਤ ਘੱਟ ਜ਼ਿਕਰ ਕੀਤਾ ਹੈ ।
ਇਹ ਵੀ ਪੜ੍ਹੋ :'ਆਪ' 'ਚ ਸ਼ਾਮਿਲ ਹੋਏ ਕੁੰਵਰ ਵਿਜੇ ਪ੍ਰਤਾਪ, ਕੀ ਬਦਲਣਗੇ ਪੰਜਾਬ ਦੀ ਸਿਆਸਤ ਦੇ ਸਮੀਕਰਣ? ਪੜ੍ਹੋ ਖ਼ਾਸ ਰਿਪੋਰਟ
ਕਾਂਗਰਸ ਨਹੀਂ ਸੀ ਚਾਹੁੰਦੀ ਕਿ ਹੋਰ ਕਿਸੇ ਲਹਿਰ ਦਾ ਭਾਰਤ ਦੀ ਆਜ਼ਾਦੀ ਵਿੱਚ ਅਦਾ ਕੀਤਾ ਭਾਗ ਦੱਸਿਆ ਜਾਵੇ। ਜਿਹੜਾ ਭਾਰਤ ਦੀ ਆਜ਼ਾਦੀ ਦਾ ਇਤਿਹਾਸ ਕਾਂਗਰਸ ਨੇ ਲਿਖਾਇਆ ਹੈ ਉਹ ਬਿਲਕੁੱਲ ਇਕ ਪੱਖੀ ਇਤਿਹਾਸ ਹੈ। ਕਿਸੇ ਕੌਮੀ ਲਹਿਰ, ਗਦਰ ਲਹਿਰ , ਕਿਸਾਨ ਲਹਿਰ , ਅਕਾਲੀ ਲਹਿਰ ਜਾਂ ਬੱਬਰ ਅਕਾਲੀ ਜਾਂ ਕਮਿਊਨਿਸਟ ਲਹਿਰ ਨੂੰ ਬਿਲਕੁਲ ਅੱਖੋਂ ਪ੍ਰੋਖੇ ਕਰ ਛੱਡਿਆ। ਸਾਰੇ ਅਜ਼ਾਦੀ ਦੇ ਘੋਲ ਨੂੰ ਗਾਂਧੀ ਦੇ ਚਰਖੇ ਦੁਆਲੇ ਘੁਮਾ ਛੱਡਿਆ ਹੈ । ਜਿਵੇਂ ਇਹ ਚਰਖਾ ਕੋਈ ਮਜ਼ਾਇਲ ਸੀ ਜਿਸ ਤੋਂ ਡਰ ਕੇ ਅੰਗਰੇਜ਼ ਭਾਰਤ ਛੱਡ ਗਏ । ਇਨ੍ਹਾਂ ਸਿੱਖਾਂ ਨੇ ਅਜ਼ਾਦੀ ਵਿਚ 93 % ਕੁਰਬਾਨੀਆਂ ਕੀਤੀਆਂ ਹਨ, ਜਦੋਂਕਿ ਸਿੱਖਾਂ ਦੀ ਆਬਾਦੀ ਸਾਰੇ ਭਾਰਤ ਵਿੱਚ 2 % ਸੀ । ਸੋ ਇਤਿਹਾਸਕਾਰੀ ਜਿਵੇਂ ਡਾ . ਜਸਵੰਤ ਸਿੰਘ ਜੱਸ , ਸ੍ਰੀ ਗੁਰਚਰਨ ਸਿੰਘ , ਸ . ਸੋਹਨ ਸਿੰਘ ਜੋਸ਼ ਹੋਰਾਂ ਗਦਰੀਆਂ ਬਾਰੇ ਲਿਖਣ ਦਾ ਚੰਗਾ ਉਪਰਾਲਾ ਕੀਤਾ ਹੈ। ਸੋ ਹੁਣ ਜਾ ਕੇ ਲੋਕਾਂ ਨੂੰ ਗਦਰੀਆਂ ਦਾ ਭਾਰਤ ਵਿਚ ਯੋਗਦਾਨ ਪਾਉਣ ਦਾ ਪਤਾ ਲੱਗਾ ਹੈ। ਸੋ ਗਦਰੀ ਬਾਬੇ ਚਲਾਣੇ ਕਰਨ ਉਪਰੰਤ ਉਨ੍ਹਾਂ ਦਾ ਆਮ ਲੋਕਾਂ ਨੂੰ ਪਤਾ ਲੱਗਾ ਤੇ ਗਦਰ ਵਿੱਚ ਕੰਮ ਕਰਨ ਵਾਲੀਆਂ ਬੀਬੀਆਂ ਬਾਰੇ ਕੀ ਪਤਾ ਲੱਗਣਾ ਸੀ। ਉਹ ਮਾਈ ਗੁਲਾਬ ਕੌਰ ਦਾ ਲੋਕਾਂ ਨੂੰ ਕੀ ਪਤਾ ਲੱਗਣਾ ਸੀ। ਸੋ ਇਹ ਮਾੜਾ ਜਿਹਾ ਜਤਨ ਹੈ ਮਾਈ ਦੇ ਜੀਵਨ ਬਾਰੇ ਜਿਹੜਾ ਗਦਰੀ ਇਤਿਹਾਸ ਤੋਂ ਕੁਝ ਥਾਵਾਂ ਤੋਂ ਪ੍ਰਾਪਤ ਹੋਇਆ ਹੈ।
ਮਾਤਾ ਗੁਲਾਬ ਕੌਰ ਦਾ ਜਨਮ ਪਿੰਡ ਬਖਸ਼ੀ ਵਾਲ ਸੰਗਰੂਰ ਦੱਸਿਆ ਹੈ। ਇਸ ਦੇ ਮਾਂ-ਪਿਉ ਦਾ ਨਾਂ ਕੋਈ ਪਤਾ ਨਹੀਂ ਹੈ। ਇਸ ਦਾ ਜਨਮ ਮਾਲਵੇ ਵਿਚ ਹੋਇਆ| ਖੁੱਲੀਆਂ ਜੂਹਾਂ ਤੇ ਦਲੇਰ ਸੁਭਾ ਹੋਣਾ ਅਵਸ਼ ਸੀ। ਖੁੱਲੀਆਂ ਜ਼ਮੀਨਾਂ, ਖੁੱਲੇ ਵਾਤਾਵਰਨ ਵਿੱਚ ਪਲਣ ਕਰਕੇ ਨਿਰਭੈ ਤੇ ਦਲੇਰੀ ਤੇ ਜੁਰੱਅਤ ਵਾਲ ਸੁਭਾ ਬਣ ਗਿਆ। ਸਿੱਖ ਘਰਾਣੇ ਵਿੱਚ ਜਨਮ ਧਾਰਨ ਕਰਕੇ ਕੌਮ ਪ੍ਰਤੀ ਪਿਆਰ , ਕਿਸੇ ਦੇ ਕੰਮ ਆਉਣਾ ਇਕ ਗੁਣ ਬਣ ਗਿਆ। ਮਾਲਵੇ ਵਿੱਚ ਛੇਵੇਂ , ਸੱਤਵੇਂ, ਨਾਵੇਂ ਤੇ ਦਸਮੇਸ਼ ਪਿਤਾ ਗੁਰੂ ਸਾਹਿਬਾਨ ਨੇ ਸਿੱਖੀ ਪ੍ਰਚਾਰ ਕਰਕੇ ਮਾਲਵੇ ਦੀ ਧਰਤੀ ਨੂੰ ਭਾਗ ਲਾਏ ।
ਇਹ ਵੀ ਪੜ੍ਹੋ : 1984 ਦੇ ਘਟਨਾਕ੍ਰਮ 'ਤੇ ਬਣੀ ਵੈੱਬ ਸੀਰੀਜ਼ ‘ਗ੍ਰਹਿਣ’ 'ਤੇ ਐੱਸ. ਜੀ. ਪੀ. ਸੀ. ਨੇ ਚੁੱਕੇ ਸਵਾਲ, ਕਿਹਾ ਲੱਗੇ ਰੋਕ
ਬੀਬੀ ਗੁਲਾਬ ਕੌਰ ਦਾ ਵਿਆਹ ਮਾਨ ਸਿੰਘ ਨਾਲ ਕਰ ਦਿੱਤਾ। ਕੁਝ ਚਿਰ ਬਾਦ ਦੋਵੇਂ ਜੀਅ ਮਨੀਲਾ ਚਲੇ ਗਏ। ਉੱਥੋਂ ਜਾ ਕੇ ਗਦਰ ਪਾਰਟੀ ਵਿਚ ਸ਼ਾਮਲ ਹੋ ਗਏ। ਬੀਬੀ ਗੁਲਾਬ ਤੇ ਮਾਨ ਸਿੰਘ ਅਮਰੀਕਾ ਜਾਣ ਲਈ ਤਿਆਰੀ ਕਰ ਰਹੇ ਸਨ ਕਿ ਉਪਰੋਂ ਦੂਜੀ ਮਹਾਨ ਜੰਗ ਸ਼ੁਰੂ ਹੋ ਗਈ। ਇਸ ਲਈ ਦੂਜੇ ਗਦਰੀ ਭਾਰਤ ਵਾਪਸ ਪੁੱਜਣੇ ਆਰੰਭ ਹੋ ਗਏ ਤਾਂ ਕਿ ਹੁਣ ਮਾੜੇ ਵੇਲੇ ਦੇਸ਼ ਵਿਚ ਇਨਕਲਾਬ ਲਿਆਂਦਾ ਜਾ ਸਕੇ ।ਬੀਬੀ ਗੁਲਾਬ ਨੇ ਵੀ ਆਪਣੇ ਪਤੀ ਨੂੰ ਭਾਰਤ ਜਾ ਕੇ ਗਦਰ ਵਿੱਚ ਭਾਗ ਲੈਣ ਲਈ ਪ੍ਰੇਰਿਆ। ਉਧਰੋਂ ਅਮਰੀਕਾ ਤੋਂ ਸਾਰੇ ਗਦਰੀ ਜਿਵੇਂ ਬਾਬਾ ਸੋਹਨ ਸਿੰਘ ਭਕਨਾ, ਪ੍ਰਧਾਨ ਗਦਰ ਪਾਰਟੀ ਹਰਿ ਦਿਆਲ ਐਮ . ਏ . ਜਨਰਲ ਸੈਕਟਰੀ , ਪਰਮਾਨੰਦ , ਕਾਂਸ਼ੀ ਰਾਮ , ਪਿਆਰਾ ਸਿੰਘ ਲੰਗੇਰੀ , ਕਰਤਾਰ ਸਿੰਘ ਲਤਾਲਾ , ਹਰਨਾਮ ਸਿੰਘ ਟੁੰਡੀ ਲਾਟ , ਊਧਮ ਸਿੰਘ ਕਸੇਲ , ਭਾ. ਸੰਤੋਖ ਸਿੰਘ ਧਰਦਿਓ , ਭਾਈ ਰੂੜ ਸਿੰਘ , ਗ੍ਰੰਥੀ ਬਲਵੰਤ ਸਿੰਘ ਆਦਿ ਆਦਿ। ਉੱਘੇ ਮੈਂਬਰ ਪਾਰਟੀ ਵਿੱਚ ਬਹੁ ਗਿਣਤੀ ਸਿੱਖਾਂ ਦੀ ਹੋਣ ਦੇ ਬਾਵਜੂਦ ਇਹ ਲਹਿਰ ਗੈਰ ਫਿਰਕੂ ਸੀ। ਪਾਰਟੀ ਵਿੱਚ ਹਰ ਕਿਸਮ ਦੇ ਧਾਰਮਿਕ ਪ੍ਰਚਾਰ ਦੀ ਮਨਾਹੀ ਸੀ । ਇਹ 'ਗਦਰ' ਨਾਂ ਦਾ ਸਪਤਾਹਿਕ ਰਸਾਲਾ ਗੁਪਤ ਥਾਂ ਪੰਜਾਬੀ, ਹਿੰਦੀ ਤੇ ਉਰਦੂ ਵਿੱਚ ਕੱਢਦੇ। ਇਸ ਵਿਚ ਬੜੀਆਂ ਭੜਕਾਊ ਤੇ ਜੋਸ਼ੀਲੀਆਂ ਕਵਿਤਾਵਾਂ, ਲੇਖ ਨੌਜੁਆਨ ਕਰਤਾਰ ਸਿੰਘ ਆਦਿ ਦੇ ਛਪਦੇ ਜਿਵੇਂ :
ਮੇਘ ਦਾ ਰੂਪ ਧਾਰ ਗਜੀਏ ਮੈਦਾਨ ਵਿਚ ,
ਕਢੀਏ ਬਥਾੜ ਮਾਰੂ ਬਾਂਦਰਾਂ ਦੀ ਧਾੜ ਨੂੰ ।
ਚੂੰਡਿਆਂ ਨਾ ਲੱਭੇ ਗੋਰਿਆਂ ਦਾ ਖੁਰਾ ਖੋਜ ,
ਕੱਢਾਂਗੇ ਮਿਆਨ ਵਿਚੋਂ ਜਦੋਂ ਤਲਵਾਰ ਨੂੰ ।
ਹੋਰ ਇਵੇਂ ਲਿਖਿਆ ਹੈ ਕਿ ਗੋਰੇ ਕੀ ਕਰਦੇ ਹਨ ਭਾਰਤ ਵਿੱਚ
ਲੱਖਾਂ ਹੀ ਪੰਜਾਬਣਾਂ ਨੂੰ ਕੀਤਾ ਰੰਡੀਆਂ
ਖਾ ਲਿਆ ਲੁੱਟ ਕੇ ਮੁਲਕ ਫਰੰਗੀਆਂ ।
ਹੀਰੇ ਪੰਨੇ ਧੂਹ ਕੇ ਵਲੈਤ ਲੈ ਗਏ
ਪਛਮੀ ਲੁਟੇਰੇ ਸਾਡੇ ਪੇਸ਼ ਪੈ ਗਏ ।
ਛਡਿਆ ਨਾ ਕਖ ਦਗੇ ਬਾਜਾਂ ਫਰੰਗੀਆਂ ਖਾ ਲਿਆ ...
ਹਿੰਦੀਓ ਜੁਆਨੋ ਹੌਸਲਾ ਵਿਖਾ ਦਿਓ ।
ਵੱਢ ਵੱਢ ਗੋਰਿਆਂ ਦੇ ਢੇਰ ਲਾ ਦਿਓ
ਚਾਰ ਚਾਰ ਇਕੋ ਦੀਆਂ ਪਾਓ ਵੰਡੀਆਂ ।
ਖਾ ਲਿਆ ਉਠੋ ਹਿੰਦੂ , ਮੋਮਨੇ ਤੇ ਸਿੱਖ ਸੂਰਮੇ ।
ਕੁਟ ਕੇ ਬਣਾਉ ਗੋਰਿਆ ਦੇ ਚੂਰਮੇਂ ।
ਫੜ ਕੇ ਸ਼ਿਤਾਬ ਹਥੀ ਤੇਗਾਂ ਨੰਗੀਆਂ ਖਾ ਲਿਆ . ..।
ਪੰਜਾਬੀਆਂ ਨੇ ਪੰਜਾਬ ਪੁੱਜ ਪ੍ਰਚਾਰ ਸ਼ੁਰੂ ਕਰ ਦਿੱਤਾ । ਇਧਰ ਇਥੇ ਮਨੀਲਾ , ਜਾਪਾਨ , ਸ਼ਿੰਗਾਈ , ਹਾਂਗ - ਕਾਂਗ ਤੇ ਫਿਲਪਾਈਨ ਵਿਚ ਰਹਿੰਦੇ ਭਾਰਤੀਆਂ ਵਿੱਚ ਭਾਈ ਮਾਨ ਸਿੰਘ ਦੀ ਡਿਊਟੀ ਲੱਗੀ। ਭਾਰਤੀਆਂ ਵਿੱਚ ਜ਼ਿਆਦਾ ਗਿਣਤੀ ਸਿੱਖਾਂ ਦੀ ਹੁੰਦੀ। ਸਿੱਖ ਅਕਸਰ ਗੁਰੂ ਘਰਾਂ ਵਿੱਚ ਇਕੱਤਰ ਹੁੰਦੇ ਤੇ ਧੜੱਲੇਦਾਰ ਭਾਸ਼ਨ ਹੁੰਦੇ। ਹੁਣ ਬੀਬੀ ਗੁਲਾਬ ਨੇ ਵੀ ਗੁਰੂ ਘਰ ਭਾਸ਼ਨ ਕਰਨਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਤਗੜੇ ਪ੍ਰਚਾਰਕ ਬਣ ਗਏ। ਭਾਸ਼ਨ ਦੇਂਦੇ ਕਈ ਵਾਰ ਏਨੇ ਜੋਸ਼ ਵਿਚ ਆ ਜਾਂਦੇ ਕੇ ਚੂੜੀਆਂ ਹੱਥਾਂ ਵਿਚ ਫੜ ਵੀਰਾਂ ਨੂੰ ਵੰਗਾਰਦਿਆਂ ਕਹਿ ਦੇਂਦੇ ਕਿ ਜਿਹੜੇ ਦੇਸ਼ ਲਈ ਕੁਝ ਨਹੀਂ ਕਰ ਸਕਦੇ ਉਹ ਇਹ ਚੂੜੀਆਂ ਪਾ ਛੱਡਣ ਤੇ ਘਰ ਦਾ ਕੰਮ ਆਦਿ ਕਰਨ ਤੇ ਬੀਬੀਆਂ ਮੇਰੇ ਨਾਲ ਭਾਰਤ ਜਾਣ ਲਈ ਤਿਆਰ ਹੋ ਜਾਣ। ਜਦੋਂ ਬੀਬੀ ਜੀ ਗਦਰੀਆਂ ਦਾ ਭਾਰਤ ਪਰਤਣ ਦਾ ਸੁਣਿਆ ਤਾਂ ਬੀਬੀ ਨੇ ਦੋਵਾਂ ਜੀਆਂ ਦਾ ਨਾਂ ਭਾਰਤ ਵਾਪਿਸ ਜਾਣ ਲਈ ਲਿਖਾ ਦਿੱਤਾ। ਜਦੋਂ ਜਹਾਜ਼ ਤਿਆਰ ਹੋ ਗਿਆ ਤਾਂ ਇਸ ਦੇ ਪਤੀ ਨੇ ਭੈ ਭੀਤ ਹੋ ਕੇ ਬੀਬੀ ਦੇ ਜਾਣੋ ਇਨਕਾਰ ਕਰ ਦਿੱਤਾ। ਬੜੀ ਦੁਖੀ ਹੋਈ ਪਰ ਬਹਾਦਰ ਸਿੰਘਣੀ ਨੇ ਸਿਦਕ ਤੇ ਹੌਂਸਲਾ ਰੱਖ ਅਕਾਲ ਪੁਰਖ ਦਾ ਨਾਂ ਲੈ ਅਰਦਾਸ ਕਰ ਜਹਾਜ਼ ਵਿੱਚ ਸਵਾਰ ਹੋ ਗਈ। ਕਿੰਨੀ ਜ਼ੁਰੱਅਤ ਤੇ ਸੂਰਬੀਰਤਾ ਦਾ ਪ੍ਰਗਟਾਵਾ ਹੈ ਦੂਜੇ ਪਾਸੇ ਇਕ ਮਰਦ ਡਰਪੋਕ ਤੇ ਬੁਜ਼ਦਿਲ ਬਣ ਪਿਛੇ ਰਹਿ ਗਿਆ । ਮੌਤ ਨੇ ਇਕ ਵਾਰ ਹੀ ਆਉਣਾ ਹੁੰਦਾ ਹੈ । ਬਹਾਦਰ ਇਕੋ ਵਾਰ ਅਣਖ ਦੀ ਮੌਤ ਮਰਦੇ ਹਨ ਪਰ ਬੁਜ਼ਦਿਲ ਪਹਿਲਾਂ ਕਈ ਵਾਰੀ ਮਰ ਚੁੱਕੇ ਹੁੰਦੇ ਹਨ ।
ਮਨੀਲਾ ਤੋਂ ਚਲ ਜਹਾਜ਼ ਹਾਂਗ ਕਾਂਗ ਆਇਆ ਇਥੋਂ ਹੀ ਪ੍ਰਸਿੱਧ ਗਦਰੀ ਹਾਫ਼ਿਜ਼ ਅਬਦੁੱਲਾ , ਭਾਈ ਬਖਸ਼ੀਸ਼ ਸਿੰਘ , ਭਾਈ ਜੀਵਨ ਸਿੰਘ , ਰਹਿਮਾਨ ਅਲੀ , ਭਾਈ ਲਾਲ ਸਿੰਘ , ਬਾਬਾ ਸ਼ੇਰ ਸਿੰਘ ਵੇਈ ਪੂਈਂ ਬਾਬਾ ਜਵਾਲਾ ਸਿੰਘ, ਬਾਬਾ ਕੇਸਰ ਸਿੰਘ ਠਠਗੜ ਆਦਿ ਬੀਬੀ ਦੇ ਨਾਲ ਆਏ। ਰਾਹ ਵਿਚ ਬੜੇ ਭਖਵੇਂ ਤੇ ਜੋਸ਼ੀਲੇ ਭਾਸ਼ਨ ਹੁੰਦੇ ਤਾਂ ਬੀਬੀ ਗੁਲਾਬ ਨੇ ਜਹਾਜ਼ ਵਿੱਚ ਬੜੇ ਜੋਸ਼ ਨਾਲ ਗਦਰ ਗੂੰਜਾਂ ਵਿੱਚੋਂ ਹੇਠ ਲਿਖੀਆਂ ਸਤਰਾਂ ਪੜ੍ਹਨੀਆਂ।
ਹਿੰਮਤ ਕੌਰ ਸਮਝਾਉਣ ਦੀ ਲੋੜ ਕੀ ਏ ।
ਚਲ ਮੁਲਕ ਅੰਦਰ ਚਲ ਗਦਰ ਕਰੀਏ ।
ਹੁਣ ਗੁਲਾਮ ਕਹਾਉਣ ਦੀ ਲੋੜ ਕੀ ਏ ।
ਉਠੇ ਨਾਲ ਤਲਵਾਰ ਦੇ ਹੱਕ ਲਈਏ ।
ਹਾਲ ਬੁਰੇ ਕਰਾਉਣ ਦੀ ਲੋੜ ਕੀ ਏ ।
ਪਾਸ ਜੋ ਹੈ ਦੇਸ਼ ਤੋਂ ਵਾਰ ਦਈਏ ।
ਪਿਛੋਂ ਰੱਖ ਰਖਾਉਣ ਦੀ ਲੋੜ ਕੀ ਏ ।
ਗਦਰ ਸ਼ੁਰੂ ਹੈ ਵੀਰਨੋਂ ਚਲੋ ਜਲਦੀ
ਬੈਠੇ ਤਕਾਂ ਤੁਕਾਉਣ ਦੀ ਲੋੜ ਕੀ ਏ ।
ਤੁਰੋ ਕਰੇ ਹਿੰਮਤ ਜਲਦੀ ਗਦਰ ਕਰੀਏ ।
ਬਾਰ ਬਾਰ ਦੁਹਰਾਉਣ ਦੀ ਲੋੜ ਕੀ ਏ ।
ਇਹ ਸਤਰਾਂ ਮੁਰਦੇ ਦਿਲਾਂ ਵਿੱਚ ਵੀ ਬਲ ਭਰ ਬਲਵਾਨ ਕਰ ਦੇਂਦੀਆਂ । ਰਾਹ ਵਿੱਚ ਹੱਸਦੇ ਖੇਡਦੇ ਕਲਕੱਤੇ ਪੁੱਜੇ। ਉਥੇ ਇਨ੍ਹਾਂ ਦੀ ਮੁਖਬਰੀ ਹੋ ਚੁੱਕੀ ਸੀ ਜਦੋਂ ਪੁਲਿਸ ਨੂੰ ਸ਼ੱਕ ਪੈ ਗਿਆ ਤਾਂ ਆਪ ਨੇ ਦੌਲੇ ਸਿੰਘ ਵਾਲੇ ਭਾਈ ਜੀਵਨ ਸਿੰਘ ਨੂੰ ਆਪਣਾ ਪਤੀ ਦਸ ਦੋਵੇਂ ਬਚ ਕੇ ਨਿਕਲ ਗਏ । ਬਾਹਰੋਂ ਆਇਆਂ ਵਿਚੋਂ ਇਕ ਸੌ ਦੇ ਕਰੀਬ ਪੁਰਸ਼ਾਂ ਨੂੰ ਕਲਕੱਤੇ ਹੀ ਠਹਿਰਾ ਲਿਆ ਗਿਆ । 73 ਕੁ ਨੂੰ ਪੰਜਾਬ ਵੱਲ ਭੇਜ ਦਿੱਤਾ । ਇਨ੍ਹਾਂ ਨੂੰ ਪਿਛੋਂ ਮੁਖਬਰੀ ਪੁੱਜਣ ਕਰਕੇ ਲੁਧਿਆਣੇ ਗੁਪਤ ਪੜਤਾਲ ਲਈ ਭੇਜ ਦਿੱਤਾ ਪਰ ਇਹ ਅਫ਼ਸਰਾਂ ਨਾਲ ਚਲਾਕੀ ਕਰ ਇਥੋਂ ਬਚ ਆਪਣੇ ਪਿੰਡਾਂ ਨੂੰ ਚਲੇ ਗਏ ਪਰ ਬੀਬੀ ਗੁਲਾਬ ਕੌਰ ਬਾਬਾ ਹਰਨਾਮ ਸਿੰਘ ਟੁੰਡੀ ਲਾਟ ਨਾਲ ਉਸ ਦੇ ਪਿੰਡ ਹੀ ਆ ਗਈ। ਭਾਈ ਜੀਵਨ ਸਿੰਘ ਦੌਲੇ ਸਿੰਘ ਵਾਲੇ ਨੂੰ ਫਿਰੋਜ਼ਪੁਰ ਪਰਚਾਰਕ ਲਾ ਦਿੱਤਾ ਤੇ ਬੀਬੀ ਗੁਲਾਬ ਕੌਰ ਬਾਬਾ ਟੁੰਡੀ ਲਾਟ ਨਾਲ ਹੁਸ਼ਿਆਰਪੁਰ ਪ੍ਰਚਾਰ ਕਰਨ ਲਗ ਪਈ । ਫਿਰ ਪਾਰਟੀ ਦੇ ਆਦੇਸ਼ ਅਨੁਸਾਰ ਅੰਮ੍ਰਿਤਸਰ ਬੀਬੀ ਜੀ ਦੀ ਡਿਊਟੀ ਲਾ ਦਿੱਤੀ । ਉਸ ਤੋਂ ਪਿਛੋਂ ਲਾਹੌਰ ਭੇਜ ਦਿੱਤਾ ਗਿਆ । ਬੀਬੀ ਜੀ ਜ਼ਿੰਮੇ ਤਿੰਨ ਕੰਮ ਲਾਏ ਗਏ ਜਿਹੜੇ ਆਪ ਨੇ ਬੜੇ ਸੁਚੱਜੇ ਤੇ ਸਿਆਣੇ ਢੰਗ ਨਾਲ ਬੜੀ ਫੁਰਤੀ ਤੇ ਚਲਾਕੀ ਨਾਲ ਨਿਭਾਏ । ਪਹਿਲਾ ਕੰਮ ਸੀ ਲਾਹੌਰ ਵਿਚ ਕ੍ਰਾਂਤੀਕਾਰਾਂ ਲਈ ਮਕਾਨ ਲੱਭਣੇ । ਕਿਉਂਕਿ ਇਕੱਲੇ ਪੁਰਸ਼ ਨੂੰ ਕੋਈ ਮਕਾਨ ਕਰਾਏ 'ਤੇ ਨਹੀਂ ਸੀ ਦੇਂਦਾ। ਸੋ ਬੀਬੀ ਗੁਲਾਬ ਕੌਰ ਨੇ ਕਿਸੇ ਨੂੰ ਭਰਾ, ਕਿਸੇ ਨੂੰ ਪਤੀ, ਕਿਸੇ ਬਾਬੇ ਨੂੰ ਪਿਉ ਬਣਾ ਮਕਾਨ ਲੈ ਕੇ ਦਿੱਤਾ। ਇਸੇ ਤਰ੍ਹਾਂ ਅੰਮ੍ਰਿਤਸਰ ਵੀ ਇਹੋ ਹੀ ਰੋਲ ਅਦਾ ਕੀਤਾ।
ਦੂਜਾ ਮਹਾਨ ਕੰਮ ਗਦਰੀਆਂ ਦੀ ਡਾਕ ਇਕ ਥਾਂ ਤੋਂ ਦੂਜੇ ਥਾਂ ਪਹੁੰਚਾਉਣੀ । ਇਹ ਵੀ ਬੜਾ ਕਠਿਨ ਤੇ ਚਤੁਰਤਾ ਦਾ ਤੇ ਜ਼ੁਰੱਅਤ ਦਾ ਕੰਮ ਸੀ। ਕਈ ਵਾਰੀ ਸਰਕਾਰੀ ਅਫ਼ਸਰਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਆਪਣੀ ਜਾਣ ਤਲੀ 'ਤੇ ਰੱਖ ਗਦਰੀਆਂ ਦੀਆਂ ਅਖ਼ਬਾਰਾਂ (ਇਹ ਅਖ਼ਬਾਰ ਜਿਸ ਪਾਸੋਂ ਮਿਲ ਜਾਵੇ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਸੀ) ਥਾਂ ਪੁਰ ਥਾਂ ਪਹੁੰਚਾਉਂਦੀ। ਇਹ ਆਪ ਲਾਹੌਰ ਵਿਚ ਮੂਲ ਚੰਦ ਦੀ ਸਰਾਂ ਵਿੱਚ ਜਾਂ ਬੰਸੀ ਲਾਲ ਦੇ ਮੰਦਰ ਵਿੱਚ ਕਮਰੇ ਲੈ ਕੇ ਰਹਿੰਦੀ ਸੀ। ਜਿਹੜਾ ਲਾਹੌਰ ਰੇਲਵੇ ਸਟੇਸ਼ਨ ਦੇ ਬਿਲਕੁਲ ਲਾਗੇ ਸੀ। ਸਾਹਮਣੇ ਬਰਾਂਡੇ ਵਿੱਚ ਚਰਖਾ ਡਾਹ ਕੇ ਹਰ ਵਕਤ ਕਦੀ ਸਰਕਾਰ ਦੀਆਂ ਅੱਖਾਂ ਵਿੱਚ ਘੱਟਾ ਪਾਈ ਆਏ ਗਏ ਗਦਰੀ ਨਾਲ ਸੰਪਰਕ ਰੱਖਦੀ।
ਤੀਸਰਾ ਬਹੁਤ ਕਠਿਨ ਕੰਮ ਸੀ ਗਦਰੀ ਡੇਰਿਆਂ ਦੀ ਰਾਖੀ ਕਰਨਾ ਤੇ ਇਕ ਦੂਜੇ ਨੂੰ ਆਪਸ ਵਿੱਚ ਮਿਲਾਉਣਾ। ਗੁਪਤ ਮੀਟਿੰਗਾਂ ਕਰਾਉਣੀਆਂ, ਬਾਹਰ ਚਰਖਾ ਕੱਤ ਕੇ ਪਹਿਰਾ ਦੇਣਾ। ਸਾਰੇ ਦਿਨ ਦੀ ਰਿਪੋਰਟ ਤੇ ਸਾਰੇ ਹਾਲਾਤ ਤੋਂ ਜਾਣੂ ਹੋ ਕੇ (ਕੇਂਦਰੀ ਗਦਰੀ ਘਰ) ਆਪ ਸਭ ਕੁਝ ਦੱਸ ਕੇ ਆਉਣਾ ਤੇ ਅਗਲੇ ਦਿਨ ਦਾ ਸਾਰਾ ਪ੍ਰੋਗਰਾਮ ਲੈ ਕੇ ਥਾਂ ਪੁਰ ਥਾਂ ਪੁਚਾਉਣਾ। ਇਨ੍ਹਾਂ ਕੰਮਾਂ ਲਈ ਬੀਬੀ ਜੀ ਨੂੰ ਇਕ ਮੰਗਤੀ ਤੋਂ ਚੂੜੀਆਂ ਵੇਚਣ ਵਾਲੀ ਤੇ ਕਦੀ ਹੋਰ ਭੇਸ ਤੇ ਰੂਪ ਵਟਾਉਣੇ ਪੈਂਦੇ ਜਿਸ ਨਾਲ ਇਸ ਦੀ ਪਛਾਣ ਨਾ ਹੋ ਸਕੇ। ਕਈ ਵਾਰ ਅੰਨ੍ਹੀ ਬਣ ਹੱਥ ਵਿਚ ਡੰਡੀ ਫੜ੍ਹ ਟਟੋਲ ਤੁਰਨ ਦਾ ਵੀ ਸਾਂਗ ਕਰਨਾ ਪਿਆ। ਜਦੋਂ ਮੁਖਬਰੀਆਂ ਨੇ 1915 ਵਿੱਚ ਗਦਰ ਅਸਫਲ ਬਣਾ ਦਿੱਤਾ ਪਰ ਆਪ ਫਿਰ ਵੀ ਗਦਰੀਆਂ ਨੂੰ ਇਕ ਮੁੱਠ ਹੋਣ ਲਈ ਲੱਗੇ ਰਹੇ। ਜਦੋਂ ਲਾਹੌਰੋਂ ਬੀਬੀ ਦੇ ਵਾਰੰਟ ਨਿਕਲੇ ਤੇ ਇਨ੍ਹਾਂ ਨੂੰ ਫੜ੍ਹਾਉਣ ਵਾਲੇ ਲਈ ਇਨਾਮ ਦਾ ਐਲਾਨ ਕੀਤਾ ਗਿਆ ਤਾਂ ਆਪ ਆਪਣੇ ਭਰਾ ਅਮਰ ਸਿੰਘ ਗਦਰੀ ਪਾਸ ਹੁਸ਼ਿਆਰਪੁਰ ਚਲੇ ਗਏ ਤੇ ਗਦਰ ਪਾਰਟੀ ਦਾ ਪ੍ਰਚਾਰ ਆ ਆਰੰਭਿਆ। ਪੁਲਿਸ ਨੂੰ ਇਸ ਦੀ ਸੂਚਨਾ ਮਿਲਣ 'ਤੇ ਇਸ ਦਾ ਭਰਾ ਅਮਰ ਸਿੰਘ ਫੜ੍ਹ ਲਿਆ। ਇਸ ਨੂੰ ਦੋ ਸਾਲ ਕੈਦ ਸੁਣਾਈ ਪਰ ਬੀਬੀ ਗੁਲਾਬ ਕੌਰ ਨੂੰ ਬਿਨਾਂ ਮੁਕੱਦਮਾ ਚਲਾਏ ਡੀਫੈਂਸ ਆਫ ਇੰਡੀਆ ਦੇ ਨਜ਼ਰ ਬੰਦੀ ਕਾਨੂੰਨ ਹੇਠ ਪੰਜ ਸਾਲ ਦੀ ਕੈਦ ਸੁਣਾ ਕੈਦ ਕਰ ਬਹੁਤ ਤਸੀਹੇ ਦਿੱਤੇ ਪਰ ਇਸ ਸ਼ੇਰ ਦੀ ਬੱਚੀ ਨੇ ਕਿਸੇ ਇਕ ਗਦਰੀ ਦਾ ਟਿਕਾਣਾ ਜਾਂ ਗਦਰੀ ਨੂੰ ਨਹੀਂ ਫੜਾਇਆ। ਸਗੋਂ ਕਸ਼ਟ ਤੇ ਦੁੱਖ ਸਰੀਰ 'ਤੇ ਝੱਲ ਲਏ। ਕੈਦ ਭੁਗਤਣ ਬਾਦ ਜੇਲ੍ਹੋਂ ਬਾਹਰ ਆਈ ਤਾਂ ਬੜੀ ਮਾਯੂਸ ਹੋਈ। ਜਦੋਂ ਸੁਣਿਆ ਕਿ ਗਦਰੀ ਬਾਬਿਆਂ ਨੂੰ ਲਾਹੌਰ ਕੌਸੰਪਰੇਸੀ ਕੇਸ ਰਾਹੀਂ ਪ੍ਰਮੁੱਖ ਗਦਰੀ ਫਾਸੀਆਂ 'ਤੇ ਝੂਟੇ ਲੈ ਚੁੱਕੇ ਸਨ। ਕੁਝ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਸਨ ਤੇ ਬਾਕੀ ਕਾਲੇ ਪਾਣੀ ਕੈਦ ਭੁਗਤ ਰਹੇ ਸਨ। ਜਦੋਂ ਕੋਈ ਟਿਕਾਣਾ ਨਾ ਮਿਲਿਆ ਬੀਬੀ ਗੁਲਾਬ ਕੌਰ ਆਪਣੇ ਭਰਾ ਅਮਰ ਸਿੰਘ ਪਾਸ ਕੋਟਲਾ ਨੌਧ ਸਿੰਘ ਆ ਗਏ । ਬੀਬੀ ਜੀ ਸਾਰੀ ਜੁਆਨੀ ਉਮਰੇ ਗੁਲਾਬ ਦੀ ਨਿਆਈ ਹਰ ਇਕ ਨੂੰ ਹੰਸੂ ਹੰਸੂ ਕਰ , ਆਪਣਾ ਸਰੀਰ ਆਜ਼ਾਦੀ ਦਾ ਜੂਲਾ ਲਾਹੁਣ ਖ਼ਾਤਰ ਤਸੀਹੇ ਸਹਿ ਕੇ ਕਮਜ਼ੋਰ ਹੋਣ ਕਾਰਨ ਮਹਾਨ ਸੁਤੰਤਰਤਾ ਸੰਗਰਾਮਨ 1941 ਨੂੰ ਚਲਾਣਾ ਕਰ ਗਏ ।
ਜੋਰਾਵਰ ਸਿੰਘ ਤਰਸਿੱਕਾ