ਕੋਲੰਬੋ ਟੈਸਟ ਡਰਾਅ ਹੋਣ 'ਤੇ ਬਦਲ ਜਾਵੇਗਾ WTC ਫਾਈਨਲ ਦਾ ਸਮੀਕਰਨ, ਜਾਣੋ SL ਵਿਰੁੱਧ ਕਿੰਨੇ ਮੈਚ ਜਿੱਤਣੇ ਜ਼ਰੂਰੀ?
Wednesday, Aug 26, 2026 - 01:36 PM (IST)
ਸਪੋਰਟਸ ਡੈਸਕ- ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਕੋਲੰਬੋ ਵਿਖੇ ਦੂਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ, ਜਿੱਥੇ ਪਹਿਲੇ ਤਿੰਨ ਦਿਨ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਟੀਮ ਦੇ ਨਾਂ ਰਹੇ ਹਨ। ਭਾਰਤ ਨੇ ਆਪਣੀ ਪਹਿਲੀ ਪਾਰੀ 503 ਦੌੜਾਂ 'ਤੇ ਘੋਸ਼ਿਤ ਕੀਤੀ, ਜਿਸ ਵਿੱਚ ਦੇਵਦੱਤ ਪਡਿੱਕਲ ਨੇ 117 ਦੌੜਾਂ ਅਤੇ ਧਰੁਵ ਜੁਰੇਲ ਨੇ ਨਾਬਾਦ 115 ਦੌੜਾਂ ਬਣਾ ਕੇ ਆਪਣੇ-ਆਪਣੇ ਟੈਸਟ ਕਰੀਅਰ ਦਾ ਦੂਜਾ ਸੈਂਕੜਾ ਜੜਿਆ। ਗੇਂਦਬਾਜ਼ੀ ਵਿੱਚ ਪ੍ਰਸਿੱਧ ਕ੍ਰਿਸ਼ਨਾ ਅਤੇ ਮਾਨਸ ਸੁਥਾਰ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਸ਼੍ਰੀਲੰਕਾ ਨੇ ਆਪਣੀ ਪਹਿਲੀ ਪਾਰੀ ਵਿੱਚ 8 ਵਿਕਟਾਂ ਦੇ ਨੁਕਸਾਨ 'ਤੇ 265 ਦੌੜਾਂ ਬਣਾ ਲਈਆਂ ਸਨ ਤੇ ਸ਼੍ਰੀਲੰਕਾਈ ਟੀਮ ਭਾਰਤ ਤੋਂ 238 ਦੌੜਾਂ ਪਿੱਛੇ ਸੀ। ਚੌਥੇ ਦਿਨ ਸ਼੍ਰੀਲੰਕਾ ਨੂੰ ਫਾਲੋਆਨ ਮਿਲਿਆ ਤੇ ਵਰਤਮਾਨ ਸਮੇਂ ਤਕ ਉਸ ਨੇ ਆਪਣੀ ਦੂਜੀ ਪਾਰੀ ਵਿਚ 2 ਵਿਕਟਾਂ ਗੁਆ ਕੇ 116 ਦੌੜਾਂ ਬਣਾ ਲਈਆਂ ਹਨ ਤੇ ਭਾਰਤ ਤੋਂ ਅੱਜੇ ਵੀ 97 ਦੌੜਾਂ ਪਿੱਛੇ ਹੈ।
ਭਾਰਤ ਇਸ ਮੈਚ ਵਿੱਚ ਬਹੁਤ ਮਜ਼ਬੂਤ ਸਥਿਤੀ ਵਿੱਚ ਹੈ, ਪਰ ਲਗਾਤਾਰ ਪੈ ਰਹੇ ਮੀਂਹ ਨੇ ਟੀਮ ਇੰਡੀਆ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ. ਮੈਚ ਦੇ ਤਿੰਨੋਂ ਦਿਨ ਮੀਂਹ ਨੇ ਖਲਲ ਪਾਇਆ ਹੈ ਅਤੇ ਚੌਥੇ ਤੇ ਪੰਜਵੇਂ ਦਿਨ ਵੀ ਮੀਂਹ ਪੈਣ ਦਾ ਖ਼ਤਰਾ ਬਣਿਆ ਹੋਇਆ ਹੈ। ਵਰਲਡ ਟੈਸਟ ਚੈਂਪੀਅਨਸ਼ਿਪ (WTC) ਦੀ ਅੰਕ ਸੂਚੀ ਵਿੱਚ ਭਾਰਤੀ ਟੀਮ ਫਿਲਹਾਲ ਪੰਜਵੇਂ ਸਥਾਨ 'ਤੇ ਹੈ। ਜੇਕਰ ਇਹ ਮੈਚ ਮੀਂਹ ਕਾਰਨ ਡਰਾਅ ਹੁੰਦਾ ਹੈ, ਤਾਂ ਭਾਰਤ ਦੇ ਫਾਈਨਲ ਵਿੱਚ ਪਹੁੰਚਣ ਦੇ ਸਮੀਕਰਨ ਵਿਗੜ ਸਕਦੇ ਹਨ। ਜੇਕਰ ਭਾਰਤ ਕੋਲੰਬੋ ਟੈਸਟ ਜਿੱਤ ਜਾਂਦਾ ਹੈ, ਤਾਂ ਉਸ ਦੀ ਰਾਹ ਸੌਖੀ ਹੋ ਜਾਵੇਗੀ ਅਤੇ ਉਸ ਨੂੰ ਅਗਲੇ 7 ਮੈਚਾਂ (ਨਿਊਜ਼ੀਲੈਂਡ ਵਿਰੁੱਧ 2 ਅਤੇ ਆਸਟ੍ਰੇਲੀਆ ਵਿਰੁੱਧ 5) ਵਿੱਚੋਂ ਸਿਰਫ਼ 5 ਜਿੱਤਣੇ ਪੈਣਗੇ ਪਰ ਮੈਚ ਡਰਾਅ ਹੋਣ ਦੀ ਸਥਿਤੀ ਵਿੱਚ ਭਾਰਤ ਨੂੰ ਹਰ ਹਾਲ ਵਿੱਚ ਅਗਲੇ 6 ਮੈਚ ਜਿੱਤਣੇ ਹੋਣਗੇ ਅਤੇ ਹੋਰਨਾਂ ਟੀਮਾਂ ਦੇ ਨਤੀਜਿਆਂ 'ਤੇ ਵੀ ਨਿਰਭਰ ਰਹਿਣਾ ਪਵੇਗਾ।
