ਪਹਿਲਵਾਨ ਰਾਹੁਲ ਅਵਾਰੇ ਕੋਰੋਨਾ ਪਾਜ਼ੇਟਿਵ
Sunday, Sep 06, 2020 - 10:07 PM (IST)
ਨਵੀਂ ਦਿੱਲੀ- ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਪਹਿਲਵਾਨ ਰਾਹੁਲ ਅਵਾਰੇ ਨੂੰ ਰਾਸ਼ਟਰੀ ਕੈਂਪ ਦੇ ਲਈ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਸੋਨੀਪਤ ਸਥਿਤ ਕੇਂਦਰ 'ਤੇ ਪਹੁੰਚਣ ਤੋਂ ਬਾਅਦ ਕੋਰੋਨਾ ਵਾਇਰਸ ਦੇ ਟੈਸਟ 'ਚ ਪਾਜ਼ੇਟਿਵ ਪਾਇਆ ਗਿਆ। ਅਵਾਰੇ ਪੰਜਵੇਂ ਭਾਰਤੀ ਪਹਿਲਵਾਨ ਹਨ ਜਿਨ੍ਹਾਂ ਨੂੰ ਮਹਾਮਾਰੀ 'ਚ ਪਾਜ਼ੇਟਿਵ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਵਿਨੇਸ਼ ਫੋਗਾਟ, ਦੀਪਕ ਪੂਨੀਆ, ਨਵੀਨ ਤੇ ਕ੍ਰਿਸ਼ਨ ਦਾ ਟੈਸਟ ਵੀ ਪਾਜ਼ੇਟਿਵ ਆਇਆ ਸੀ। ਅਵਾਰੇ ਨੇ ਪਿਛਲੇ ਸਾਲ ਨੂਰ ਸੁਲਤਾਨ 'ਚ ਵਿਸ਼ਵ ਚੈਂਪੀਅਨਸ਼ਿਪ 'ਚ 61 ਕਿਲੋ. ਗ੍ਰਾ. ਵਰਗ 'ਚ ਕਾਂਸੀ ਤਮਗਾ ਜਿੱਤਿਆ ਸੀ।
ਸਾਈ ਨੇ ਬਿਆਨ 'ਚ ਕਿਹਾ ਕਿ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ ਅਵਾਰੇ ਨੂੰ ਸਾਵਧਾਨੀ ਦੇ ਤੌਰ 'ਤੇ ਅਤੇ ਅੱਗੇ ਦੀ ਨਿਗਰਾਨੀ ਦੇ ਲਈ ਸਾਈ ਦੇ ਪੈਨਲ ਵਾਲੇ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਅਵਾਰੇ ਇੱਥੇ ਪਹੁੰਚਣ ਤੋਂ ਬਾਅਦ ਤੋਂ ਹੀ ਇਕਾਂਤਵਾਸ 'ਤੇ ਸੀ ਤੇ ਕਿਸੇ ਹੋਰ ਖਿਡਾਰੀ ਜਾਂ ਸਟਾਫ ਦੇ ਸੰਪਰਕ 'ਚ ਨਹੀਂ ਆਏ ਸਨ। ਦੀਪਕ ਪੂਨੀਆ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਤੇ ਉਹ ਆਪਣੇ ਘਰ 'ਚ ਇਕਾਂਤਵਾਸ 'ਤੇ ਹੈ ਕਿਉਂਕਿ ਉਨ੍ਹਾਂ 'ਚ ਬੀਮਾਰੀ ਦਾ ਕੋਈ ਲੱਛਣ ਨਹੀਂ ਹੈ। ਵਿਨੇਸ਼ ਵੀ ਬੀਮਾਰੀ ਤੋਂ ਠੀਕ ਹੋ ਗਈ ਹੈ।