ਵਿਸ਼ਵ ਖੇਡ : ਵਰਮਾ ਤੇ ਜੋਤੀ ਦੀ ਮਿਕਸਡ ਟੀਮ ਨੂੰ ਕਾਂਸੀ ਤਮਗ਼ਾ

Sunday, Jul 10, 2022 - 04:02 PM (IST)

ਵਿਸ਼ਵ ਖੇਡ : ਵਰਮਾ ਤੇ ਜੋਤੀ ਦੀ ਮਿਕਸਡ ਟੀਮ ਨੂੰ ਕਾਂਸੀ ਤਮਗ਼ਾ

ਸਪੋਰਟਸ ਡੈਸਕ- ਅਭਿਸ਼ੇਕ ਵਰਮਾ ਤੇ ਜੋਤੀ ਸੁਰੇਖਾ ਵੇਨਾਮ ਦੀ ਭਾਰਤੀ ਕੰਪਾਊਂਡ ਮਿਕਸਡ ਟੀਮ ਨੇ ਵਿਸ਼ਵ ਖੇਡਾਂ 'ਚ ਮੈਕਸਿਕੋ ਦੇ ਆਪਣੇ ਮੁਕਾਬਲੇਬਾਜ਼ ਨੂੰ ਇਕ ਅੰਕ ਨਾਲ ਪੜਾੜਦੇ ਹੋਏ ਕਾਂਸੀ ਦਾ ਤਮਗ਼ਾ ਜਿੱਤਿਆ। ਭਾਰਤੀ ਜੋੜੀ ਨੇ ਪਰਫੈਕਟ ਸ਼ੁਰੂਆਤ ਕਰਦੇ ਹੋਏ ਪਹਿਲੇ ਦੌਰ 'ਚ ਬੜ੍ਹਤ ਬਣਾਈ ਪਰ ਆਂਦ੍ਰੀਆ ਬੇਕੇਰਾ ਤੇ ਮਿਗੁਏਲ ਬੇਕੇਰਾ ਦੀ ਜੋੜੀ ਨੇ ਦੂਜੇ ਦੌਰ 'ਚ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਸਕੋਰ ਬਰਾਬਰ ਕਰ ਦਿੱਤਾ।

ਵਰਮਾ ਤੇ ਜੋਤੀ ਨੇ ਤੀਜੇ ਦੌਰ 'ਚ ਵਾਪਸੀ ਕੀਤੀ ਤੇ ਆਖ਼ਰੀ ਦੌਰ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਤਮਗ਼ੇ ਦੇ ਪਲੇਅ ਆਫ਼ ਮੁਕਾਬਲੇ ਨੂੰ 157-156 ਨਾਲ ਜਿੱਤ ਲਿਆ। ਭਾਰਤੀ ਤੀਰ ਅੰਦਾਜ਼ੀ ਸੰਘ (ਏ. ਏ. ਆਈ.) ਦੇ ਬਿਆਨ ਦੇ ਮੁਤਾਬਕ ਇਹ ਵਿਸ਼ਵ ਖੇਡਾਂ 'ਚ ਭਾਰਤ ਦਾ ਅਜੇ ਤਕ ਦਾ ਪਹਿਲਾ ਤਮਗ਼ਾ ਤੇ ਵਿਸ਼ਵ ਕੱਪ ਦੇ ਸਾਬਕਾ ਤਮਗ਼ਾ ਜੇਤੂ ਵਰਮਾ ਦਾ ਕੌਮਾਂਤਰੀ ਪੱਧਰ 'ਤੇ 50ਵਾਂ ਤਮਗ਼ਾ ਹੈ। ਵਰਮਾ ਕੰਪਾਊਂਡ ਤੀਰਅੰਦਾਜ਼ੀ 'ਚ ਸਾਰੇ ਪੱਧਰਾਂ 'ਤੇ ਤਮਗ਼ਾ ਜਿੱਤਣ ਵਾਲੇ ਇਕਮਾਤਰ ਭਾਰਤੀ ਤੀਰਅੰਦਾਜ਼ ਹਨ। ਉਨ੍ਹਾਂ ਨੇ ਵਿਸ਼ਵ ਖੇਡਾਂ, ਵਿਸ਼ਵ ਚੈਂਪੀਅਨਸ਼ਿਪ, ਵਿਸ਼ਵ ਕੱਪ ਫਾਈਨਲ, ਵਿਸ਼ਵ ਕੱਪ, ਏਸ਼ੀਆਈ ਖੇਡ ਤੇ ਏਸ਼ੀਆਈ ਚੈਂਪੀਅਨਸ਼ਿਪ 'ਚ ਤਮਗ਼ੇ ਜਿੱਤੇ ਹਨ।

ਨਿੱਜੀ ਵਰਗ 'ਚ ਹਾਲਾਂਕਿ ਵਰਮਾ ਨੇ ਨਿਰਾਸ਼ ਕੀਤਾ। ਦੁਨੀਆ ਦੇ ਨੰਬਰ ਇਕ ਖਿਡਾਰੀ ਵਿਸ਼ਵ ਚੈਂਪੀਅਨ ਅਮਰੀਕਾ ਦੇ ਮਾਈਕ ਸ਼ਲੋਸਰ ਨੂੰ ਕੁਆਰਟਰ ਫਾਈਨਲ 'ਚ ਹਰਾਉਣ ਵਾਲੇ ਵਰਮਾ ਸੈਮੀਫਾਈਨਲ ਦੀ ਰੁਕਾਵਟ ਨੂੰ ਪਾਰ ਕਰਨ 'ਚ ਅਸਫਲ ਰਹੇ। ਉਨ੍ਹਾਂ ਨੂੰ ਵਿਸ਼ਵ ਰੈਂਕਿੰਗ 'ਚ ਆਪਣੇ ਤੋਂ ਇਕ ਸਥਾਨ ਬਿਹਤਰ ਚੌਥੇ ਸਥਾਨ 'ਤੇ ਮੌਜੂਦ ਫਰਾਂਸ ਦੇ ਜੀਨ ਫਿਲਿਪ ਬੋਲਚ ਦੇ ਖ਼ਿਲਾਫ਼ 141-143 ਨਾਲ ਹਾਰ ਝੱਲਣੀ ਪਈ। ਵਰਮਾ ਇਸ ਤੋਂ ਬਾਅਦ ਕਾਂਸੀ ਤਮਗ਼ੇ ਦੇ ਪਲੇਅ ਆਫ਼ ਮੁਕਾਬਲੇ 'ਚ ਆਪਣੇ ਤੋਂ ਘੱਟ ਰੈਂਕਿੰਗ ਵਾਲੇ ਕੈਨੇਡਾ ਦੇ ਕ੍ਰਿਸਟੋਫਰ ਪਾਰਕਿੰਸ ਤੋਂ 145-148 ਨਾਲ ਹਾਰ ਗਏ।


author

Tarsem Singh

Content Editor

Related News