ਮਹਿਲਾ T20 WC : ਭਾਰਤ ਨੇ ਬੰਗਲਾਦੇਸ਼ ਨੂੰ 18 ਦੌਡ਼ਾਂ ਨਾਲ ਹਰਾਇਆ

02/25/2020 12:43:53 PM

ਪਰਥ :16 ਸਾਲ ਦੀ ਨੌਜਵਾਨ ਓਪਨਰ ਸ਼ੈਫਾਲੀ ਵਰਮਾ ਦੀ 39 ਦੌੜਾਂ ਦੀ ਧਮਾਕੇਦਾਰ ਪਾਰੀ ਅਤੇ ਲੈੱਗ ਸਪਿਨਰ ਪੂਨਮ ਯਾਦਵ (18 ਦੌੜਾਂ 'ਤੇ 3 ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਦੇ ਦਮ 'ਤੇ ਭਾਰਤੀ ਮਹਿਲਾ ਟੀਮ ਨੇ ਆਪਣੀ ਸ਼ਾਨਦਾਰ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਵਿਚ ਸੋਮਵਾਰ ਨੂੰ ਬੰਗਲਾਦੇਸ਼ ਨੂੰ 18 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਭਾਰਤ ਨੇ ਆਪਣੇ ਪਹਿਲੇ ਮੈਚ ਵਿਚ ਸਾਬਕਾ ਚੈਂਪੀਅਨ ਆਸਟਰੇਲੀਆ ਨੂੰ ਹਰਾਇਆ ਸੀ ਅਤੇ ਹੁਣ ਉਸ ਨੇ ਬੰਗਲਾਦੇਸ਼ ਨੂੰ ਹਰਾਇਆ ਹੈ। ਭਾਰਤ ਨੇ 20 ਓਵਰਾਂ ਵਿਚ 6 ਵਿਕਟਾਂ 'ਤੇ 142 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਤੋਂ ਬਾਅਦ ਬੰਗਲਾਦੇਸ਼ ਦੀ ਚੁਣੌਤੀ ਨੂੰ 8 ਵਿਕਟਾਂ 'ਤੇ 124 ਦੌੜਾਂ 'ਤੇ ਰੋਕ ਲਿਆ। ਵੱਡੀਆਂ ਸ਼ਾਟਾਂ ਖੇਡਣ ਲਈ ਮਸ਼ਹੂਰ ਸ਼ੈਫਾਲੀ ਨੇ ਸਿਰਫ 17 ਗੇਂਦਾਂ 'ਤੇ 2 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 39  ਦੌੜਾਂ ਬਣਾਈਆਂ। ਉਸ ਨੇ ਤਾਨੀਆ ਭਾਟੀਆ (2) ਦੇ ਨਾਲ ਪਹਿਲੀ ਵਿਕਟ ਲਈ 16 ਦੌੜਾਂ ਤੇ ਜੇਮਿਮਾ ਰੋਡ੍ਰਿਗੇਜ਼ (34) ਦੇ ਨਾਲ ਦੂਜੀ ਵਿਕਟ ਲਈ 37 ਦੌੜਾਂ ਦੀ ਸਾਂਝੇਦਾਰੀ ਕੀਤੀ।

ਸ਼ੈਫਾਲੀ 6ਵੇਂ ਓਵਰ ਵਿਚ ਟੀਮ ਦੀਆਂ 53 ਦੌੜਾਂ 'ਤੇ ਆਊਟ ਹੋਈ। ਸ਼ੈਫਾਲੀ ਨੇ ਪਾਰੀ ਦੇ ਪਹਿਲੇ ਹੀ ਓਵਰ ਵਿਚ ਜਹਾਂਆਰਾ ਆਲਮ ਦੀ 5ਵੀਂ ਗੇਂਦ 'ਤੇ ਛੱਕਾ ਲਾ ਦਿੱਤਾ। ਉਸ ਨੇ ਦੂਜੇ ਓਵਰ ਵਿਚ ਸਲਮਾ ਖਾਤੂਨ 'ਤੇ ਵੀ ਛੱਕਾ ਲਾਇਆ ਹਾਲਾਂਕਿ ਇਸ ਓਵਰ ਵਿਚ ਤਾਨੀਆ ਭਾਟੀਆ ਆਊਟ ਹੋ ਗਈ ਪਰ ਸ਼ੈਫਾਲੀ 'ਤੇ ਇਸਦਾ ਕੋਈ ਅਸਰ ਨਹੀਂ ਪਿਆ। ਉਸ ਨੇ ਤੀਜੇ ਓਵਰ ਵਿਚ ਜਹਾਂਆਰਾ ਦੀਆਂ ਗੇਂਦਾਂ 'ਤੇ 2 ਚੌਕੇ ਤੇ 1 ਛੱਕਾ ਲਾਇਆ। ਸ਼ੈਫਾਲੀ ਨੇ ਛੇਵੇਂ ਓਵਰ ਵਿਚ ਪੰਨਾ ਘੋਸ਼ 'ਤੇ ਛੱਕਾ ਲਾਇਆ ਤੇ ਇਸੇ ਓਵਰ ਦੀ   ਤੀਜੀ ਗੇਂਦ 'ਤੇ ਉਹ ਆਊਟ ਹੋ ਗਈ। ਕਪਤਾਨ ਹਰਮਨਪ੍ਰੀਤ ਕੌਰ ਨੇ 11 ਗੇਂਦਾਂ ਵਿਚ 8 ਦੌੜਾਂ ਬਣਾਈਆਂ। ਉਸ ਦੀ ਵਿਕਟ 78 ਦੇ ਸਕੋਰ 'ਤੇ ਡਿੱਗੀ। ਜੇਮਿਮਾ 37 ਗੇਂਦਾਂ ਵਿਚ 2 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 34 ਦੌੜਾਂ ਬਣਾ ਕੇ ਚੌਥੇ ਬੱਲੇਬਾਜ਼ ਦੇ ਰੂਪ ਵਿਚ 92 ਦੇ ਸਕੋਰ 'ਤੇ ਪਵੇਲੀਅਨ ਪਰਤੀ। ਬੰਗਲਾਦੇਸ਼ ਦੇ ਗੇਂਦਬਾਜ਼ਾਂ ਨੇ ਭਾਰਤ ਦੀ ਤੂਫਾਨੀ ਸ਼ੁਰੂਆਤ ਤੋਂ ਬਾਅਦ ਚੰਗੀ ਵਾਪਸੀ ਕੀਤੀ ਅਤੇ ਭਾਰਤ ਨੂੰ 20 ਓਵਰਾਂ ਵਿਚ 142 ਦੌੜਾਂ 'ਤੇ ਰੋਕ ਦਿੱਤਾ। ਰਿਚਾ ਘੋਸ਼ ਨੇ 14 ਗੇਂਦਾਂ ਵਿਚ 2 ਚੌਕਿਆਂ ਦੀ ਮਦਦ ਨਾਲ 14 ਦੌੜਾਂ ਤੇ ਵੇਦਾ ਕ੍ਰਿਸ਼ਣਾਮੂਰਤੀ ਨੇ 11 ਗੇਂਦਾਂ ਵਿਚ 4 ਚੌਕਿਆਂ ਦੇ ਸਹਾਰੇ ਅਜੇਤੂ 20 ਦੌੜਾਂ ਬਣਾਈਆਂ। ਕ੍ਰਿਸ਼ਣਾਮੂਰਤੀ ਨੇ 18ਵੇਂ ਓਵਰ ਵਿਚ ਨਾਹਿਦਾ ਅਖਤਰ ਦੀਆਂ ਗੇਂਦਾਂ 'ਤੇ 3 ਚੌਕੇ ਲਾਏ। ਇਸ ਓਵਰ ਵਿਚ 15 ਦੌੜਾਂ ਪਈਆਂ ਤੇ ਭਾਰਤ ਦੇ ਸਕੋਰ ਨੂੰ ਗਤੀ ਮਿਲ ਗਈ ਨਹੀਂ ਤਾਂ 17 ਓਵਰਾਂ ਦੀ ਸਮਾਪਤੀ ਤਕ ਭਾਰਤ ਦਾ ਸਕੋਰ 114 ਦੌੜਾਂ ਸੀ। ਸ਼ਿਖਾ ਪਾਂਡੇ 7 ਦੌੜਾਂ 'ਤੇ ਅਜੇਤੂ ਰਹੀ।

ਭਾਰਤ ਨੇ ਸਾਬਕਾ ਚੈਂਪੀਅਨ ਆਸਟਰੇਲੀਆ ਵਿਰੁੱਧ ਆਪਣੇ ਪਿਛਲੇ ਮੁਕਾਬਲੇ ਵਿਚ 132 ਦੌੜਾਂ ਬਣਾਈਆਂ ਸਨ। ਭਾਰਤ ਦੀਆਂ 142 ਦੌੜਾਂ ਇਸ ਟੂਰਨਾਮੈਂਟ ਵਿਚ ਹੁਣ ਤਕ ਕਿਸੇ ਟੀਮ ਦਾ ਸਭ ਤੋਂ ਵੱਧ ਸਕੋਰ ਹੈ। ਬੰਗਲਾਦੇਸ਼ ਵੱਲੋਂ ਕਪਤਾਨ ਸਲਮਾ ਨੇ 25 ਦੌੜਾਂ 'ਤੇ 2 ਵਿਕਟਾਂ ਤੇ ਪੰਨਾ ਘੋਸ਼ ਨੇ 25 ਦੌੜਾਂ 'ਤੇ 2 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਦੀ ਪੂਰੀ ਟੀਮ ਭਾਰਤੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਾਹਮਣੇ ਟਿਕ ਨਹੀਂ ਸਕੀ। ਲੈੱਗ ਸਪਿਨਰ ਪੂਨਮ ਨੇ 4 ਓਵਰਾਂ ਵਿਚ 18 ਦੌੜਾਂ 'ਤੇ 3 ਵਿਕਟਾਂ, ਤੇਜ਼ ਗੇਂਦਬਾਜ਼ ਅਰੁੰਧਤੀ ਰੈੱਡੀ ਨੇ 4 ਓਵਰਾਂ ਵਿਚ 33 ਦੌੜਾਂ 'ਤੇ ਦੋ ਵਿਕਟਾਂ ਤੇ ਸ਼ਿਖਾ ਪਾਂਡੇ ਨੇ 4 ਓਵਰਾਂ ਵਿਚ 14 ਦੌੜਾਂ 'ਤੇ 2 ਵਿਕਟਾਂ ਅਤੇ ਲੈਫਟ ਆਰਮ ਸਪਿਨਰ ਰਾਜੇਸ਼ਵਰੀ ਗਾਇਕਵਾੜ ਨੇ 4 ਓਵਰਾਂ ਵਿਚ 25 ਦੌੜਾਂ 'ਤੇ ਇਕ ਵਿਕਟ ਲੈ ਕੇ ਬੰਗਲਾਦੇਸ਼ ਨੂੰ ਟੀਚੇ ਤਕ ਨਹੀਂ ਪਹੁੰਚ ਦਿੱਤਾ। ਭਾਰਤ ਦੀ ਪਾਰੀ ਵਿਚ ਧਮਾਕੇਦਾਰ 39 ਦੌੜਾਂ ਬਣਾਉਣ ਵਾਲੀ ਸ਼ੈਫਾਲੀ ਨੂੰ ਪਲੇਅਰ ਆਫ ਦਿ ਮੈਚ ਦਾ ਐਵਾਰਡ ਮਿਲਿਆ।

ਟੀਮਾਂ ਇਸ ਤਰ੍ਹਾਂ ਹਨ :
ਭਾਰਤ : 
ਸ਼ੇਫਾਲੀ ਵਰਮਾ, ਤਾਨੀਆ ਭਾਟੀਆ, ਜੈਮਿਮਾਹ ਰੋਡ੍ਰਿਗਜ਼, ਹਰਮਨਪ੍ਰੀਤ ਕੌਰ (ਕਪਤਾਨ), ਦੀਪਤੀ ਸ਼ਰਮਾ, ਰਿਚਾ ਘੋਸ਼, ਵੇਦਾ ਕ੍ਰਿਸ਼ਣਾਮੂਰਤੀ, ਸ਼ਿਖਾ ਪਾਂਡੇ, ਅਰੁੰਧਤੀ ਰੈੱਡੀ, ਪੂਨਮ ਯਾਦਵ, ਰਾਜੇਸ਼ਵਰੀ ਗਾਇਕਵਾਡ਼।

ਬੰਗਲਾਦੇਸ਼ : ਮੁਰਸ਼ਿਦਾ ਖਾਤੂਨ, ਸ਼ਮੀਮਾ ਸੁਲਤਾਨਾ, ਸੰਜਿਦਾ ਇਸਲਾਮ, ਨਿਗਾਰ ਸੁਲਤਾਨਾ, ਫਰਗਾਨਾ ਹੋਕ, ਰੁਮਾਨਾ ਅਹਿਮਦ, ਸਲਮਾ ਖਾਤੂਨ (ਕਪਤਾਨ), ਫਾਹਿਮਾ ਖਾਤੂਨ, ਜਾਹਾਨਾਰਾ ਆਲਮ, ਪੰਨਾ ਘੋਸ਼, ਨਾਹਿਦਾ ਅਖਤਰ।