ਮਹਿਲਾ T20 ਵਿਸ਼ਵ ਕੱਪ 'ਚ ਭਾਰਤ ਦੀ ਜੇਤੂ ਸ਼ੁਰੂਆਤ, ਚੈਂਪੀਅਨ ਆਸਟਰੇਲੀਆ ਨੂੰ 17 ਦੌੜਾਂ ਨਾਲ ਹਰਾਇਆ

02/21/2020 4:46:22 PM

ਸਪੋਰਟਸ ਡੈਸਕ— ਸਿਡਨੀ ਦੇ ਮੈਦਾਨ 'ਤੇ ਅੱਜ (21 ਫਰਵਰੀ) ਨੂੰ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਦਾ ਪਹਿਲਾ ਮੈਚ ਆਸਟਰੇਲੀਆ ਅਤੇ ਭਾਰਤ ਦੇ ਵਿਚਾਲੇ ਖੇਡਿਆ ਗਿਆ ਹੈ। ਜਿੱਥੇ ਭਾਰਤ ਨੇ ਚਾਰ ਵਾਰ ਦੀ ਚੈਂਪੀਅਨ ਆਸਟਰੇਲੀਆ ਨੂੰ 17 ਦੌੜਾਂ ਨਾਲ ਹਰਾ ਦਿੱਤਾ ਅਤੇ ਜਿੱਤ ਨਾਲ ਵਰਲਡ ਕੱਪ ਦਾ ਆਗਾਜ਼ ਕੀਤਾ।

ਟਾਸ ਹਾਰ ਕੇ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਸਾਹਮਣੇ 133 ਦੌੜਾਂ ਦਾ ਟੀਚਾ ਰੱਖਿਆ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆਈ ਟੀਮ ਨੇ ਸੰਭਲੀ ਹੋਈ ਪਾਰੀ ਨਾਲ ਸ਼ੁਰੂਆਤ ਕੀਤੀ ਪਰ ਸਲਾਮੀ ਬੱਲੇਬਾਜ਼ ਮੂਨੀ 12 ਗੇਂਦਾਂ 'ਤੇ ਸਿਰਫ 6 ਦੌੜਾਂ ਬਣਾ ਕੇ ਸ਼ਿਖਾ ਪਾਂਡੇ ਦੀ ਗੇਂਦ 'ਤੇ ਆਊਟ ਹੋ ਗਈ। ਇਸ ਤੋਂ ਬਾਅਦ ਕਪਤਾਨ ਮੇਗ ਲੈਨਿੰਗ 5 ਦੌੜਾਂ ਦੇ ਨਿੱਜੀ ਸਕੋਰ 'ਤੇ  ਗਾਇਕਵਾੜ ਦੀ ਗੇਂਦ 'ਤੇ ਕੈਚ ਫੜਾ ਕੇ ਆਊਟ ਹੋਈ। ਇਸ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਐਲਿਸਾ ਹੀਲੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਆਰਧ ਸੈਂਕੜੇ ਵਾਲੀ ਪਾਰੀ ਖੇਡੀ। ਇਸ ਦੌਰਾਨ ਉਸ ਨੇ 35 ਗੇਂਦਾਂ 'ਚ 6 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 51 ਦੌੜਾਂ ਬਣਾਈਆਂ। ਆਸਟਰੇਲੀਆ ਦਾ ਚੌਥਾ ਵਿਕਟ ਰੈਸ਼ੇਲ ਹੇਂਸ ਦੇ ਰੂਪ 'ਚ ਡਿੱਗਿਆ। ਹੇਂਸ ਸਿਰਫ 6 ਦੌੜਾਂ ਦੇ ਨਿੱਜੀ ਸਕੋਰ 'ਤੇ ਪੂਨਮ ਦੀ ਗੇਂਦ 'ਤੇ ਕੈਚ ਕਰਾ ਕੇ ਆਊਟ ਹੋ ਗਈ। ਇਸ ਤੋਂ ਬਾਅਦ ਆਸਟਰੇਲੀਆ ਦਾ ਪੰਜਵਾਂ ਵਿਕਟ ਐਲੀਸੇ ਪੈਰੀ ਦੇ ਰੂਪ 'ਚ ਡਿੱਗਿਆ। ਐਲਿਸੇ ਆਪਣਾ ਖਾਤਾ ਵੀ ਨਾ ਖੋਲ੍ਹ ਸਕੀ ਅਤੇ 0 ਦੇ ਨਿੱਜੀ ਸਕੋਰ 'ਤੇ ਪੂਨਮ ਯਾਦਵ ਵੱਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਈ।

ਆਸਟਰੇਲੀਆ ਦੀ ਜੇਸ ਜੋਨਾਸੇਨ 2 ਦੌੜਾਂ ਬਣਾ ਕੇ ਪੂਨਮ ਦੀ ਗੇਂਦ 'ਤੇ ਆਊਟ ਹੋ ਗਈ। ਇਸ ਤੋਂ ਬਾਅਦ ਬੱਲੇਬਾਜ਼ੀ ਕਰ ਰਹੀ ਸੁਦਰਲੈਂਡ ਜ਼ਿਆਦ ਸਮਾਂ ਪਿੱਚ 'ਤੇ ਨਹੀਂ ਟਿੱਕ ਸਕੀ ਅਤੇ ਸ਼ਿਖਾ ਪਾਂਡੇ ਦੀ ਗੇਂਦ 'ਤੇ 2 ਦੌੜਾਂ ਬਣਾ ਕੇ ਆਊਟ ਹੋ ਗਈ। 7 ਵਿਕਟਾਂ ਡਿੱਗਣ ਮਗਰੋਂ ਆਸਟਰੇਲੀਆ ਪੂਰੀ ਤਰਾਂ ਨਾਲ ਬੈਕਫੁੱਟ 'ਤੇ ਆ ਗਈ। ਡੇਲਿਸਾ ਕਿਮਿੰਸ 5 ਗੇਂਦਾਂ 'ਚ 4 ਦੌੜਾਂ ਅਤੇ ਮੌਲੀ ਸਟਰਾਨੋ 3 ਗੇਂਦਾਂ 'ਚ 2 ਦੌੜਾਂ ਬਣਾ ਕੇ ਰਨ ਆਊਟ ਹੋ ਗਈਆਂ। ਦੂਜੇ ਪਾਸੇ ਗਾਰਡਨਰ ਕੁਝ ਹੱਦ ਤਕ ਸੰਘਰਸ਼ ਕੀਤਾ ਅਤੇ 36 ਗੇਂਦਾਂ 'ਚ 34 ਦੌੜਾਂ ਬਣਾ ਕੇ ਸ਼ਿਖਾ ਦੀ ਗੇਂਦ 'ਤੇ ਆਊਟ ਹੋ ਗਈ। ਆਖਰ 'ਚ ਸ਼ੁੱਟ 1 ਦੌੜ ਬਣਾ ਕੇ ਅਜੇਤੂ ਰਹੀ। ਭਾਰਤ ਵਲੋਂ ਪੂਨਵ ਯਾਦਵ ਅਤੇ ਸ਼ਿਖਾ ਪਾਂਡੇ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਪੂਨਮ ਨੇ ਆਪਣੇ 4 ਓਵਰਾਂ 'ਚ 19 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਅਤੇ ਸ਼ਿਖਾ ਨੇ 3.5 ਓਵਰਾਂ 'ਚ 14 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।

ਇਸ ਤੋਂ ਪਹਿਲਾ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਅਤੇ ਮੰਧਾਨਾ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ 4 ਓਵਰਾਂ 'ਚ ਹੀ ਸਕੋਰ 40 ਦੌੜਾਂ ਕਰ ਦਿੱਤਾ। ਇਸ ਦੌਰਾਨ ਸਲਾਮੀ ਬੱਲੇਬਾਜ਼ ਮੰਧਾਨਾ ਆਊਟ ਹੋ ਗਈ। ਮੰਧਾਨਾ ਨੇ 11 ਗੇਂਦਾਂ ਖੇਡ ਸਿਰਫ 10 ਦੌੜਾਂ ਹੀ ਬਣਾ ਸਕੀ ਅਤੇ ਜੌਨਸਸਨ ਦਾ ਸ਼ਿਕਾਰ ਬਣ ਗਈ। ਇਸ ਤੋਂ ਬਾਅਦ ਸ਼ੈਫਾਲੀ ਵਰਮਾ ਵੀ ਅਗਲੇ ਹੀ ਓਵਰ ਆਊਟ ਹੋ ਕੇ ਪਵੇਲੀਅਨ ਪਰਤ ਗਈ। ਸ਼ੈਫਾਲੀ ਨੇ 5 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 15 ਗੇਂਦਾਂ 'ਚ 29 ਦੌੜਾਂ ਬਣਾਈਆਂ।

ਦੋ ਵਿਕਟਾਂ ਡਿੱਗਣ ਮਗਰੋਂ ਬੱਲੇਬਾਜ਼ੀ ਕਰਨ ਆਈ ਹਰਮਨਪ੍ਰੀਤ ਕੌਰ ਇਸ ਮੁਕਾਬਲੇ 'ਚ ਵੱਡੀ ਪਾਰੀ ਨਹੀਂ ਖੇਡ ਸਕੀ ਅਤੇ ਸਿਰਫ 5 ਗੇਂਦਾਂ 'ਚ 2 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤੋਂ ਬਾਅਦ ਰੋਡਰਿਗਸ ਨੇ ਕੁਝ ਸਮੇਂ ਤਕ ਦੀਪਤੀ ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ ਅਤੇ ਅਤੇ ਭਾਰਤ ਦਾ ਸਕੋਰ 100 ਦੇ ਪਾਰ ਪਹੁੰਚਾ ਦਿੱਤਾ। ਇਸ ਦੌਰਾਨ 33 ਗੇਂਦਾਂ 'ਤੇ 26 ਦੌੜਾਂ ਬਣਾ ਰੋਡਰਿਗਸ ਆਊਟ ਹੋ ਪਵੇਲੀਅਨ ਪਰਤ ਗਈ। ਬੱਲੇਬਾਜ਼ ਦੀਪਤੀ ਸ਼ਰਮਾ ਨੇ ਇਸ ਮੈਚ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਪਰ ਆਪਣਾ ਅਰਧ ਸੈਂਕੜਾ ਪੂਰਾ ਨਾ ਕਰ ਸਕੀ। ਉਹ 46 ਗੇਂਦਾਂ 'ਤੇ 49 ਦੌੜਾਂ ਬਣਾ ਕੇ ਅਜੇਤੂ ਪਵੇਲੀਅਨ ਪਰਤੀ। ਦੂਜੇ ਪਾਸੇ ਕ੍ਰਿਸ਼ਣਮੂਰਤੀ ਨੇ 9 ਦੌੜਾਂ ਦਾ ਯੋਗਦਾਨ ਦਿੱਤਾ ਅਤੇ ਅਜੇਤੂ ਰਹੀ।

ਭਾਰਤ ਪਲੇਇੰਗ ਇਲੈਵਨ :
ਸ਼ੈਫਾਲੀ ਵਰਮਾ, ਸਿਮਰਤੀ ਮੰਧਾਨਾ, ਜੇਮਿਮਾਹ ਰੋਡਰਿਗਸ, ਹਰਮਨਪ੍ਰੀਤ ਕੌਰ (ਕਪਤਾਨ), ਦੀਪਤੀ ਸ਼ਰਮਾ, ਵੇਦਾ ਕ੍ਰਿਸ਼ਣਮੂਰਤੀ, ਸ਼ਿਖਾ ਪੰਡਿਤ,ਤਾਨੀਆ ਭਾਟਿਆ (ਵਿਕਟਕੀਪਰ),ਅਰੁੰਧਤੀ ਰੇੱਡੀ, ਪੂਨਮ ਯਾਦਵ,ਰਾਜੇਸ਼ਵਰੀ ਗਾਇਕਵਾੜ। 

ਆਸਟਰੇਲੀਆ ਪਲੇਇੰਗ ਇਲੈਵਨ :
ਐਲਿਸਾ ਹੀਲੀ (ਵਿਕਟਕੀਪਰ), ਬੇਥ ਮੂਨੀ, ਐਸ਼ਲੀਗ ਗਾਰਡਨ, ਮੇਗ ਲੈਨਿੰਗ (ਕਪਤਾਨ), ਐਲਿਸੇ ਪੈਰੀ, ਰੈਸ਼ੇਲ ਹੇਂਸ, ਐਨਾਬੇਲ ਸੁਦਰਲੈਂਡ,  ਜੇਸ ਜੋਨਾਸੇਨ, ਡੇਲਿਸਾ ਕਿਮਿੰਨ, ਮੌਲੀ ਸਟਰਾਨੋ, ਮੇਗਨ ਸ਼ੁੱਟ।