ਮਹਿਲਾ ਏਸ਼ੀਆ ਹਾਕੀ ਕੱਪ : ਜਾਪਾਨ ਵਿਰੁੱਧ ਮੌਕਿਆਂ ਦਾ ਫਾਇਦਾ ਚੁੱਕਣਾ ਪਵੇਗਾ ਭਾਰਤ ਨੂੰ
Friday, Sep 12, 2025 - 11:18 PM (IST)

ਹਾਂਗਝੋਊ (ਚੀਨ), (ਭਾਸ਼ਾ)– ਪਿਛਲੇ ਮੈਚ ਵਿਚ ਚੀਨ ਹੱਥੋਂ ਹਾਰ ਦੇ ਕਾਰਨ ਨਿਰਾਸ਼ ਭਾਰਤੀ ਟੀਮ ਨੂੰ ਜੇਕਰ ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰਨੀ ਹੈ ਤਾਂ ਉਸ ਨੂੰ ਸ਼ਨੀਵਾਰ ਨੂੰ ਜਾਪਾਨ ਵਿਰੁੱਧ ਇੱਥੇ ਹੋਣ ਵਾਲੇ ਸੁਪਰ-4 ਪੜਾਅ ਦੇ ਮਹੱਤਵਪੂਰਨ ਮੈਚ ਵਿਚ ਮੌਕਿਆਂ ਦਾ ਪੂਰਾ ਫਾਇਦਾ ਚੁੱਕਣਾ ਪਵੇਗਾ। ਭਾਰਤੀ ਟੀਮ ਨੇ ਪੂਲ ਪੜਾਅ ਵਿਚ ਜਾਪਾਨ ਵਿਰੁੱਧ 2-2 ਨਾਲ ਡਰਾਅ ਖੇਡਿਆ ਸੀ ਤੇ ਉਸ ਨੂੰ ਫਾਈਨਲ ਵਿਚ ਜਗ੍ਹਾ ਬਣਾਉਣ ਲਈ ਇਸ ਮੈਚ ਵਿਚ ਵੀ ਡਰਾਅ ਦੀ ਲੋੜ ਪਵੇਗੀ।
ਵਿਸ਼ਵ ਦੀ ਚੌਥੇ ਨੰਬਰ ਦੀ ਟੀਮ ਚੀਨ ਪਹਿਲਾਂ ਹੀ ਫਾਈਨਲ ਵਿਚ ਜਗ੍ਹਾ ਬਣਾ ਚੁੱਕੀ ਹੈ। ਫਾਈਨਲ ਐਤਵਾਰ ਨੂੰ ਖੇਡਿਆ ਜਾਵੇਗਾ। ਚੀਨ ਵਿਰੁੱਧ ਹੋਏ ਸੁਪਰ-4 ਮੈਚ ਤੋਂ ਪਹਿਲਾਂ ਭਾਰਤੀ ਟੀਮ ਟੂਰਨਾਮੈਂਟ ਵਿਚ ਅਜੇਤੂ ਸੀ, ਜਿਸ ਵਿਚ ਉਸ ਨੂੰ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੈਚ ਵਿਚ ਭਾਰਤ ਨੇ ਕੁਝ ਮੌਕੇ ਗਵਾਏ, ਜਿਨ੍ਹਾਂ ਵਿਚ ਤਿੰਨ ਪੈਨਲਟੀ ਕਾਰਨਰ ਵੀ ਸ਼ਾਮਲ ਸਨ, ਜਿਨ੍ਹਾਂ ਵਿਚ ਉਸ ਨੂੰ ਭਾਰੀ ਕੀਮਤ ਚੁਕਾਉਣੀ ਪਈ। ਭਾਰਤ ਦੇ ਮੁੱਖ ਕੋਚ ਹਰਿੰਦਰ ਸਿੰਘ ਲਈ ਚਿੰਤਾ ਦਾ ਵਿਸ਼ਾ ਖਰਾਬ ਫਿਨਿਸ਼ਿੰਗ ਹੈ ਤੇ ਉਹ ਉਮੀਦ ਕਰੇਗਾ ਕਿ ਉਸਦੀਆਂ ਸਟ੍ਰੀਕਰ ਮੌਕਿਆਂ ਦਾ ਫਾਇਦਾ ਚੁੱਕਣਗੀਆਂ।
ਭਾਰਤ ਮੌਜੂਦਾ ਸਮੇਂ ਵਿਚ ਵਿਸ਼ਵ ਵਿਚ ਨੌਵੇਂ ਸਥਾਨ ’ਤੇ ਹੈ ਤੇ ਉਹ ਚੀਨ ਵਿਰੁੱਧ ਟੂਰਨਾਮੈਂਟ ਵਿਚ ਦੂਜੀ ਸਭ ਤੋਂ ਵੱਡੀ ਰੈਂਕਿੰਗ ਵਾਲੀ ਟੀਮ ਹੈ। ਏਸ਼ੀਆ ਕੱਪ ਖਿਤਾਬ ਜਿੱਤਣ ਵਾਲੀ ਟੀਮ ਅਗਲੇ ਸਾਲ 15 ਤੋਂ 30 ਅਗਸਤ ਤੱਕ ਬੈਲਜੀਅਮ ਤੇ ਨੀਦਰਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ ਲਈ ਸਿੱਧੇ ਕੁਆਲੀਫਾਈ ਕਰੇਗੀ। ਰੈਂਕਿੰਗ ਤੇ ਪ੍ਰਦਰਸ਼ਨ ਦੇ ਆਧਾਰ ’ਤੇ ਮੇਜ਼ਬਾਨ ਚੀਨ ਟੂਰਨਾਮੈਂਟ ਜਿੱਤਣ ਦਾ ਪ੍ਰਮੁੱਖ ਦਾਅਵੇਦਾਰ ਹੈ ਪਰ ਜੇਕਰ ਭਾਰਤ ਨੇ ਆਪਣੇ ਅਗਲੇ ਦੋ ਮੈਚਾਂ ਵਿਚ ਮੌਕਿਆਂ ਦਾ ਫਾਇਦਾ ਚੁੱਕਿਆ ਤੇ ਉਸਦੇ ਕੋਲ ਵੀ ਵਿਸ਼ਵ ਕੱਪ ਵਿਚ ਜਗ੍ਹਾ ਬਣਾਉਣ ਦਾ ਇਹ ਸੁਨਹਿਰੀ ਮੌਕਾ ਹੈ।